May 22, 2026 12:58 pm

ਮੇਰੀ ਨਿੱਜੀ ਡਾਇਰੀ ਦੇ ਪੰਨਿਆਂ ’ਚੋਂ-2

ਪੰਜਾਬੀ ਯੂਨੀਵਰਸਿਟੀ ਦੀ ਗੈਸਟ ਲੈਕਚਰਾਰਸ਼ਿਪ ਤੋਂ ਮੈਨੂੰ ਫਾਰਗ ਕਰ ਦਿੱਤਾ ਗਿਆ ਕਿਉਂਕਿ ਪੱਤਰਕਾਰੀ ਵਿਭਾਗ ਨੂੰ ਮੇਰੀ ਲੋੜ ਨਹੀਂ ਰਹਿ ਗਈ ਸੀ। ਉਸ ਸਮੇਂ ਪੱਤਰਕਾਰੀ ਵਿਭਾਗ ਵਿੱਚ ਸਿਰਫ ਬੈਚੂਲਰ ਕੋਰਸ ਹੀ ਚਲਦਾ ਸੀ। ਉਸ ਵਿੱਚ ਉਹੀ ਵਿਦਿਆਰਥੀ ਦਾਖਲਾ ਲੈਂਦੇ ਸਨ ਜਿਨ੍ਹਾਂ ਦਾ ਦਿਲ ਯੂਨੀਵਰਸਿਟੀ ਨਾਲ ਲੱਗ ਗਿਆ ਹੁੰਦਾ ਸੀ। ਜੋ ਯੂਨੀਵਰਸਿਟੀ ਨਹੀਂ ਛੱਡਣਾ ਚਾਹੁੰਦੇ ਹੁੰਦੇ ਸਨ ਜਾਂ ਜਿਨ੍ਹਾਂ ਵਿਦਿਆਰਥੀਆਂ ਨੇ ਲੀਡਰੀ ਕਰਨੀ ਹੁੰਦੀ ਸੀ। ਖੱਬੇਪੱਖੀ ਜਥੇਬੰਦੀਆਂ ਦੇ ਸਾਰੇ ਲੀਡਰ ਆਪਣੀ-ਆਪਣੀ ਐਮ.ਏ. ਕਰਨ ਤੋਂ ਬਾਅਦ ਬੀ.ਜੇ. ਐਮ. ਸੀ. ਕੋਰਸ ਵਿੱਚ ਦਾਖਲਾ ਲੈ ਲੈਂਦੇ ਸਨ। ਇਸ ਕੋਰਸ ਲਈ ਦੋ ਤਿੰਨ ਅਧਿਆਪਕ ਬਹੁਤ ਸਨ। ਪ੍ਰੋ. ਨਾਗਪਾਲ ਤਾਂ ਮੇਰੀਆਂ ਸੇਵਾਵਾਂ ਜਾਰੀ ਰੱਖਣ ਦੇ ਹੱਕ ਵਿੱਚ ਸਨ ਪਰ ਉਪਰਲੇ ਹੁਕਮਾਂ ਕਾਰਨ ਮੈਨੂੰ ਪੱਕਾ ਕਰਾਉਣ ’ਚ ਉਹ ਨਾਕਾਮਯਾਬ ਰਹੇ ਸਨ ਅਤੇ ਮੇਰਾ ਮਨ ਉਥੋਂ ਉਚਾਟ ਹੋ ਚੁੱਕਾ ਸੀ। ਮੈਨੂੰ ਇਹ ਬੇਇਨਸਾਫੀ ਲੱਗ ਰਹੀ ਸੀ। ‘ਪੰਜਾਬੀ ਟ੍ਰਿਬਿਊਨ’ ਦੇ ਤਤਕਾਲੀ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਅਤੇ ਡਾ. ਐਸ.ਪੀ. ਸਿੰਘ ਮੈਨੂੰ ਇੰਟਰਵਿਊ ਤੋਂ ਪਹਿਲਾਂ ਕਾਫੀ ਹਾਊਸ ਵਿੱਚ ਮਿਲੇ। ਇੰਟਰਵਿਊ ਵਿੱਚ ਵਿਸ਼ਾ ਮਾਹਿਰ ਦੇ ਤੌਰ ’ਤੇ ਸ਼ਾਮਲ ਹੋਣ ਆਏ ਹਮਦਰਦ ਸਾਹਿਬ ਕਹਿਣ ਲੱਗੇ, ‘‘ਹਰਜਿੰਦਰ ਇਸ ਵਾਰ ਤਾਂ ਤੇਰਾ ਮੁਸ਼ਕਿਲ ਹੈ। ਫਿਰ ਕਦੇ ਮੌਕਾ ਮਿਲਿਆ ਤਾਂ ਵੇਖਾਂਗੇ’’
‘‘ਮੈਂ ਇੰਟਰਵਿਊ ਤਾਂ ਦੇਵਾਂ ਭਾਜੀ’’ ਮੇਰਾ ਸਵਾਲ ਸੀ।
‘‘ਹਾਂ, ਹਾਂ, ਕਿਉਂ ਨਹੀਂ। ਇਹ ਅਭਿਆਸ ਵੀ ਤਾਂ ਜ਼ਰੂਰੀ ਹੈ’’ ਉਨ੍ਹਾਂ ਦਾ ਜਵਾਬ ਸੀ।
ਮੈਨੂੰ ਬੜਾ ਅਜ਼ੀਬ ਲੱਗਾ ਸੀ ਕਿ ਜੇ ਪਹਿਲਾਂ ਹੀ ਪਤਾ ਹੈ ਕਿ ਸਲੈਕਸ਼ਨ ਕਿਸ ਦੀ ਹੋਣੀ ਹੈ ਤਾਂ ਫਿਰ ਅਜਿਹੀਆਂ ਰਸਮੀ ਇੰਟਰਵਿਊ ਦਾ ਕੀ ਫਾਇਦਾ? ਫਿਰ ਮੈਨੂੰ ਯੂਨੀਵਰਸਿਟੀ ਸੇਵਾ ਦੌਰਾਨ ਪਤਾ ਲੱਗਾ ਕਿ ਸਾਡੀਆਂ ਯੂਨੀਵਰਸਿਟੀਆਂ ਵਿੱਚ ਬਹੁਤੀ ਵਾਰ ਬੰਦਾ ਦੇਖਕੇ ਹੀ ਇੰਟਰਵਿਊਆਂ ਕੀਤੀਆਂ ਜਾਂਦੀਆਂ ਹਨ। ਸਲੈਕਸ਼ਨ ਪ੍ਰਕ੍ਰਿਆ ਬਾਰੇ ਹੋਰ ਵੀ ਬੜਾ ਕੁੱਝ ਪਤਾ ਲੱਗਾ, ਜਿਸ ਦਾ ਜ਼ਿਕਰ ਅੱਗੇ ਜਾ ਕੇ ਕਰਾਂਗਾ। ਖ਼ੈਰ, ਇੰਟਰਵਿਊ ਵਿੱਚੋਂ ਰਿਜੈਕਟ ਹੋ ਕੇ ਮੈਂ ਸਿੱਧਾ ਅਹਿਮਦਗੜ੍ਹ ਨੂੰ ਚਲ ਪਿਆ ਸਾਂ। ਬਸ ਵਿੱਚ ਬੈਠੇ-ਬੈਠੇ ਮੈਂ ਮਨ ਵਿੱਚ ਕਈ ਫੈਸਲੇ ਕਰ ਲਏ। ਮਨ ਦੀ ਹਾਥ ਕੌਣ ਪਾ ਸਕਦਾ ਹੈ। ਮੈਂ ਆਪਣੇ ਮਨ ਦੀਆਂ ਪਰਤਾਂ ਫਰੋਲਣ ਲੱਗਾ ਕਿ ਸ਼ਾਇਦ ਕੋਈ ਸਿਰ ਫੜ੍ਹ ਸਕਾਂ। ਮਨ ਦੀਆਂ ਰਮਜਾਂ ਦਾ ਭੇਤ ਤਾਂ ਨਹੀਂ ਸਮਝ ਸਕਿਆ ਪਰ ਕੁੱਝ ਫੈਸਲੇ ਜ਼ਰੂਰ ਕਰ ਲਏ। ਇਕ ਫੈਸਲਾ ਸੀ ਕਿ ਹੁਣ ‘ਮੰਚ’ ਬਾਹਰਲੀ ਪ੍ਰੈ¤ਸ ਤੋਂ ਨਹੀਂ ਛੱਪੇਗਾ ਅਤੇ ‘ਮੰਚ’ ਦੀ ਆਪਣੀ ਪ੍ਰੈ¤ਸ ਹੋਵੇਗੀ। ਮੇਰੇ ਲਈ ਇਹ ਸੌਖਾ ਕੰਮ ਨਹੀਂ ਸੀ। ਥਾਣੇਦਾਰ ਬਾਪੂ ਰਿਟਾਇਰ ਹੋ ਚੁੱਕਾ ਸੀ। ਦੁਨੀਆਂ ਦੀ ਨਜ਼ਰ ਵਿੱਚ ਮੈਂ ਵਿਹਲਾ ਸਾਂ ਕਿਉਂਕਿ ਮੈਂ ਪੰਜਾਬੀ ਟ੍ਰਿਬਿਊਨ ਦਾ ਪੱਤਰ ਪ੍ਰੇਰਕ ਸਾਂ ਜਾਂ ਫਿਰ ‘ਮੰਚ’ ਮਾਸਿਕ ਦਾ ਸੰਪਾਦਕ। ਦੋਵੇਂ ਕੰਮਾਂ ਵਿੱਚ ਆਮਦਨ ਨਹੀਂ ਸਿਰਫ ਖਰਚਾ ਹੀ ਹੁੰਦਾ ਸੀ। ਪ੍ਰੈ¤ਸ ਲਾਉਣ ਲਈ ਪੈਸਾ ਕਿੱਥੋਂ ਆਵੇ। ਇਸ ਸਵਾਲ ਦਾ ਜਵਾਬ ਲੱਭਦਾ-ਲੱਭਦਾ ਮੈਂ ਮੰਡੀ ਅਹਿਮਦਗੜ੍ਹ ਪਹੁੰਚ ਗਿਆ ਸਾਂ। ਮਨ ਹੀ ਮਨ ਵਿੱਚ ਆਹ ਸ਼ੇਅਰ ਗੁਣਗੁਣਾਉਂਦਾ ਜਾ ਰਿਹਾ ਸਾਂ,
ਕੁੱਝ ਕਰਨੇ ਕੇ ਲਿਏ ਮੌਸਮ
ਨਹੀਂ ਮਨ ਚਾਹੀਏ
ਸਾਧਨ ਸਭੀ ਜੁਟ ਜਾਏਂਗੇ
ਸੰਕਲਪ ਕਾ ਧਨ ਚਾਹੀਏ।
ਮੈਂ ਹਮੇਸ਼ਾ ਇਸ ਗੱਲ ਦਾ ਧਾਰਨੀ ਰਿਹਾ ਹਾਂ ਕਿ ਮਨ ਦੇ ਦੀਵਾਨੇ ਸੰਕਲਪਾਂ ਦੇ ਧਨੀ ਹੁੰਦੇ ਹਨ। ਸੰਕਲਪਾਂ ਦੇ ਧਨੀ ਵੱਡੇ-ਵੱਡੇ ਸਿਰਜਣਹਾਰੇ ਬਣਦੇ ਹਨ। ਸੁਪਨੇ ਅਤੇ ਹਕੀਕਤ ਵਿਚਕਾਰ ਪੁੱਲ ਬਣਦੇ ਹਨ ਮਨ ਦੇ ਸੰਕਲਪ। ਅਜਿਹੀ ਸੋਚ ਨੇ ਮਨ ਦੇ ਉਦਾਸ ਮੌਸਮ ਨੂੰ ਬਹਾਰ ਵਿੱਚ ਤਬਦੀਲ ਕਰ ਦਿੱਤਾ। ਕੁੱਝ ਹੀ ਦਿਨਾਂ ਵਿੱਚ ਮੈਂ ਬੈਂਕ ਤੋਂ ਕਰਜ਼ਾ ਲੈ ਕੇ ‘ਮੰਚ ਪ੍ਰਿੰਟਰਜ਼’ ਨਾਮ ਥੱਲੇ ਪ੍ਰਿੰਟਿੰਗ ਪ੍ਰੈ¤ਸ ਲਗਾ ਲਈ ਅਤੇ ‘ਮੰਚ’ ਦੇ ਨਾਲ-ਨਾਲ ‘ਮੰਚ ਪਬਲੀਕੇਸ਼ਨ’ ਸ਼ੁਰੂ ਕਰਨ ਦਾ ਐਲਾਨ ਵੀ ਕਰ ਦਿੱਤਾ। ਇਉਂ ਯੂਨੀਵਰਸਿਟੀ ਦੀ ਪਹਿਲੀ ਸੇਵਾ ਮੁਕਤੀ ਤੋਂ ਅਜ਼ਾਦ ਹੋ ਕੇ ਕੰਮ ਸ਼ੁਰੂ ਕਰ ਦਿੱਤਾ। ਦਹਿਲੀਜ਼ ਰੋਡ ਵਾਲੇ ‘ਮੰਚ’ ਦਫਤਰ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ‘ਮੰਚ’ ਵਿੱਚ ਪ੍ਰੋ. ਅਮਰਜੀਤ ਪਰਾਗ ‘ਕਾਲ ਚੱਕਰ’ ਨਾਮ ਦਾ ਸਿਆਸੀ ਕਾਲਮ ਲਿਖਣ ਲੱਗ ਪਏ ਅਤੇ ਡਾ. ਐ¤ਸ.ਐ¤ਸ. ਦੁਸਾਂਝ ਦੇ ਸਿਆਸੀ ਲੇਖ ਵੀ ‘ਮੰਚ’ ਨੂੰ ਮਿਲਦੇ ਸਨ। ਡਾ. ਆਤਮ ਹਮਰਾਹੀ ਸਾਹਿਤ ਵਾਲਾ ਪੱਖ ਦੇਖਦੇ ਸਨ।
ਗੱਲ ਕੀ ਪੈਸੇ ਤੋਂ ਬਿਨਾਂ ਸਭ ਕੁਝ ਠੀਕ ਚਲ ਰਿਹਾ ਸੀ। ਪੈਸਾ ਕਮਾਉਣ ਲਈ ਪ੍ਰੈ¤ਸ ਵਿੱਚ ਜਾਬ ਵਰਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਮੈਂ ਪ੍ਰੈ¤ਸ ਦੇ ਕੰਮਾਂ ਵਿੱਚ ਇੰਨਾ ਰੁਝ ਗਿਆ ਸਾਂ ਕਿ ਯੂਨੀਵਰਸਿਟੀ ਦੀ ਨੌਕਰੀ ਦਾ ਚੇਤਾ ਵੀ ਵਿਸਰ ਗਿਆ ਸੀ। ਅਜਿਹੇ ਹੀ ਦਿਨਾਂ ਵਿੱਚ ਅਚਾਨਕ ਮੇਰੇ ਪੁਰਾਣੇ ਵਿਦਿਆਰਥੀ ਵਿਜੈ ਰਤਨ, ਅਮਰਜੀਤ ਸਿੰਘ ਵੜੈਚ ਅਤੇ ਭੁਪਿੰਦਰ ਸਿੰਘ ਬੱਤਰਾ ਅਹਿਮਦਗੜ੍ਹ ਪ੍ਰੈ¤ਸ ਵਿੱਚ ਪਹੁੰਚ ਗਏ ਅਤੇ ਕਹਿਣ ਲੱਗੇ ‘‘ਸਰ, ਐਮ.ਜੇ.ਐਮ.ਸੀ ਸ਼ੁਰੂ ਕਰਨੀ ਹੈ। ਉਸ ਲਈ ਸ਼ਰਤ ਹੈ ਕਿ ਇਕ ਹੋਰ ਲੈਕਚਰਾਰ ਹੋਵੇ। ਸੋ, ਸਾਡੀ ਬੇਨਤੀ ਸਵੀਕਾਰ ਕਰੋ ਅਤੇ ਇਕ ਵਾਰ ਫਿਰ ਯੂਨੀਵਰਟਿੀ ਦਾ ਪੱਤਰਕਾਰੀ ਵਿਭਾਗ ਜੁਇਆਨ ਕਰੋ। ਇਹ ਸਿਰਫ ਅਸੀਂ ਨਹੀਂ ਕਹਿ ਰਹੇ। ਪ੍ਰੋ. ਨਾਗਪਾਲ ਸਾਹਿਬ ਵੀ ਇਹੀ ਚਾਹੁੰਦੇ ਸਨ।’’
‘‘ਯਾਰ, ਬੜੀ ਮੁਸ਼ਕਿਲ ਨਾਲ ਬਿਜਨਿਸ ਸੈ¤ਟ ਹੋਣ ਲੱਗਾ ਹੈ। ਹੁਣ ਮੈਂ ਰਿਸਕ ਨਹੀਂ ਲੈ ਸਕਦਾ। ਨਾਲੇ 18 ਰੁਪਏ ਪ੍ਰਤੀ ਲੈਕਚਰ ’ਤੇ ਕੰਮ ਕਰਨਾ ਔਖਾ।’’ ਮੇਰਾ ਸਵਾਲ ਸੀ।
‘‘ਤੁਸੀਂ ਇਕ ਵਾਰ ਨਾਗਪਾਲ ਸਾਹਿਬ ਨੂੰ ਮਿਲ ਲਵੋ, ਕੱਲ੍ਹ ਯੂਨੀਵਰਸਿਟੀ ਜ਼ਰੂਰ ਆਉਣਾ। ਦੋ ਦਿਨਾਂ ਬਾਅਦ ਸਿੰਡੀਕੇਟ ਦੀ ਮੀਟਿੰਗ ਹੈ। ਉਸ ਤੋਂ ਪਹਿਲਾਂ ਤੁਸੀਂ ਜੁਇਆਨ ਕਰਨਾ ਹੈ ਤਾਂ ਹੀ ਕੋਰਸ ਸ਼ੁਰੂ ਹੋ ਸਕੇਗਾ।’’ ਤਿੰਨਾਂ ਨੇ ਬਹੁਤ ਜ਼ੋਰ ਨਾਲ ਕਿਹਾ। ਇਹ ਦੂਜਾ ਮੌਕਾ ਸੀ ਜਦੋਂ ਮੈਂ ਫਿਰ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿੱਚ ਗੈਸਟ ਲੈਕਚਰਾਰ ਜਾ ਲੱਗਾ ਸੀ। – ਚਲਦਾ

Send this to a friend