ਜ਼ਰੂਰੀ ਚੀਜ਼ਾਂ ਦੀਆਂ ਵਧੀਆਂ ਕੀਮਤਾਂ ਕਾਰਨ ਆਮ ਲੋਕਾਂ ਦਾ ਜੀਵਨ ਮੁਸ਼ਕਿਲ ਬਣਦਾ ਜਾ ਰਿਹਾ ਹੈ। ਸਰਕਾਰ ਵੱਲੋਂ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਜ਼ਰੂਰੀ ਚੀਜ਼ਾਂ ਵਸਤਾਂ ਦੀਆਂ ਕੀਮਤਾਂ ਉ¤ਪਰ ਬਹੁਤ ਮਾੜਾ ਅਸਰ ਪੈ ਰਿਹਾ ਹੈ। ਰਸੋਈ ਗੈਸ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਕੇਂਦਰ ਸਰਕਾਰ ਹੇਠ ਕੰਮ ਕਰਦੀਆਂ ਤੇਲ ਕੰਪਨੀਆਂ ਨੇ ਲੋਕਾਂ ਦਾ ਦਮ ਘੁੱਟ ਰੱਖਿਆ ਹੈ। ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰਾਂ ’ਤੇ ਸਬਸਿਡੀ ਲਗਾਤਾਰ ਘੱਟ ਰਹੀ ਹੈ। ਹੁਣੇ ਜਿਹੇ ਹੀ ਸਿਲੰਡਰਾਂ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਇਹ ਵਾਧਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹੋ ਰਿਹਾ ਹੈ। ਰਸੋਈ ਗੈਸ ਹਰ ਪਰਿਵਾਰ ਦੀ ਇਕ ਮੁੱਢਲੀ ਲੋੜ ਹੈ। ਇਹ ਬੇਹਦ ਚਿੰਤਾਜਨਕ ਗੱਲ ਹੈ ਕਿ ਸਰਕਾਰ ਆਮ ਆਦਮੀ ਦੀਆਂ ਮੁਸ਼ਕਿਲਾਂ ਨੂੰ ਨਹੀਂ ਸਮਝ ਰਹੀ। ਇਸ ਕਾਰਨ ਹੀ ਸਰਕਾਰ ਵੱਲੋਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਹੈ। ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਹੁਣ 800 ਰੁਪਏ ਦੇ ਕਰੀਬ ਹੋ ਗਈ ਹੈ। ਇਸ ਨਾਲ ਗਰੀਬ ਲੋਕਾਂ ਲਈ ਰਸੋਈ ਗੈਸ ਖਰੀਦਣਾ ਹੀ ਮੁਸ਼ਕਿਲ ਹੋ ਗਿਆ ਹੈ। ਦਾਲਾਂ ਦੀਆਂ ਕੀਮਤਾਂ ਵਿੱਚ ਵੀ ਕੋਈ ਕਮੀ ਨਹੀਂ ਆਈ। ਸਬਜ਼ੀਆਂ ਅਤੇ ਖਾਣ ਵਾਲੇ ਤੇਲਾਂ ਦੀ ਕੀਮਤ ਵੀ ਲਗਾਤਾਰ ਵੱਧ ਰਹੀ ਹੈ। ਕਹਿਣ ਦਾ ਭਾਵ ਇਹ ਹੈ ਕਿ ਚੌਤਰਫਾ ਮਹਿੰਗਾਈ ਛਾਲਾਂ ਮਾਰ ਕੇ ਵੱਧ ਰਹੀ ਹੈ। ਕਾਲਬਾਜ਼ਾਰੀ ਦਾ ਵੀ ਬੋਲਬਾਲਾ ਹੈ। ਸਰਕਾਰ ਇਨ੍ਹਾਂ ਮੁੱਦਿਆਂ ਵੱਲ ਬਿਲਕੁੱਲ ਕੋਈ ਧਿਆਨ ਨਹੀਂ ਦੇ ਰਹੀ। ਆਮ ਆਦਮੀ ਦੀਆਂ ਮੁਸ਼ਕਿਲਾਂ ਵਿੱਚ ਹੋ ਰਿਹਾ ਵਾਧਾ ਸਚਮੁੱਚ ਚਿੰਤਾਜਨਕ ਹੈ। ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਸਰਕਾਰ ਨੂੰ ਆਮ ਆਦਮੀ ਦੀ ਕੋਈ ਫਿਕਰ ਹੀ ਨਹੀਂ। ਕੋਈ ਵੀ ਸਿਆਸੀ ਧਿਰ ਆਮ ਆਦਮੀ ਦੀ ਆਵਾਜ਼ ਨਹੀਂ ਉਠਾ ਰਹੀ। ਇਕ ਤਰ੍ਹਾਂ ਨਾਲ ਹੇਠਲੇ ਦਰਜੇ ਦੇ ਲੋਕ ਬਹੁਤ ਹੀ ਔਖੇ ਹਾਲਾਤਾਂ ਵਿੱਚ ਗੁਜ਼ਰ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਹਿੰਗਾਈ ਦੇ ਮੁੱਦੇ ’ਤੇ ਤੁਰੰਤ ਗੌਰ ਕਰੇ। ਘੱਟੋ-ਘੱਟ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਯਤਨ ਕੀਤੇ ਜਾਣ। ਕਾਲਬਾਜ਼ਾਰੀ ਕਰਨ ਵਾਲੇ ਵਪਾਰੀਆਂ ਖਿਲਾਫ ਵੀ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕੰਮਕਾਜ ਦੀ ਵੀ ਸਮੀਖਿਆ ਹੋਵੇ। ਇਹ ਵਿਭਾਗ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਹੋ ਰਿਹਾ ਹੈ। ਜੀ.ਐ¤ਸ.ਟੀ. ਦੇ ਹਊਏ ਹੇਠ ਬਾਜ਼ਾਰ ਵਿੱਚ ਲੋਕਾਂ ਤੋਂ ਚੀਜ਼ਾਂ ਦੀਆਂ ਵਧੇਰੇ ਕੀਮਤਾਂ ਵਸੂਲੀਆਂ ਜਾ ਰਹੀਆਂ ਹਨ। ਸਰਕਾਰ ਨੂੰ ਇਨ੍ਹਾਂ ਸਾਰੇ ਮੁੱਦਿਆਂ ’ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ, ਤਾਂ ਜੋ ਦੇਸ਼ ਵਿੱਚ ਇਕ ਚੰਗਾ ਆਰਥਿਕ ਮਾਹੌਲ ਸਿਰਜਿਆ ਜਾ ਸਕੇ।
– ਬਲਜੀਤ ਸਿੰਘ ਬਰਾੜ



