Skip to content
Independent perspectives. Global stories.
BREAKING

ਸਿਰੜ੍ਹੀ ਸੁਤੰਤਰਤਾ ਸੰਗਰਾਮੀ ਅਤੇ ਦੇਸ਼ ਭਗਤ : ਰਵੇਲ ਸਿੰਘ ਸੇਠੀ

Share this story

ਦੇਸ਼ ਦੀ ਅਜ਼ਾਦੀ ਦੀ ਲਹਿਰ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲਾ ਅਤੇ ਪੈਪਸੂ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਕਰਨਲ ਰਘਵੀਰ ਸਿੰਘ, ਗਿਆਨ ਸਿੰਘ ਰਾੜੇਵਾਲਾ, ਪ੍ਰਤਾਪ ਸਿੰਘ ਕੈਰੋਂ, ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਬੇਅੰਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਮਹਾਨ ਨੇਤਾਵਾਂ ਦੀ ਸੱਜੀ ਬਾਂਹ ਬਣਕੇ ਵਿਚਰਨ ਵਾਲਾ ਕਾਂਗਰਸੀ ਕਾਰਕੁਨ ਸ. ਰਵੇਲ ਸਿੰਘ ਸੇਠੀ ਦੇਸ਼ ਦੇ ਵਰਤਮਾਨ ਸਿਆਸੀ ਵਾਤਵਰਨ ਤੋਂ ਨਿਰਾਸ਼ ਹੋਇਆ ਬੈਠਾ ਹੈ। ਕਾਂਗਰਸ ਪਾਰਟੀ ਅਤੇ ਇਸਦੇ ਨੇਤਾਵਾਂ ਦੇ ਕਿਰਦਾਰ ਬਾਰੇ 89 ਸਾਲ ਦੀ ਉਮਰ ਵਿਚ ਵੀ ਝੂਰਦਾ ਹੈ। ਅਜ਼ਾਦੀ ਸੁਤੰਤਰਤਾ ਸੰਗਰਾਮੀਆਂ ਨੇ ਅਨੇਕਾਂ ਕੁਰਬਾਨੀਆਂ ਦੇ ਕੇ ਲੋਕਾਂ ਨੂੰ ਬਿਹਤਰ ਜ਼ਿੰਦਗੀ ਜਿਓਣ ਦੇ ਹਾਲਾਤ ਪੈਦਾ ਕਰਨ ਲਈ ਪ੍ਰਾਪਤ ਕੀਤੀ ਸੀ। ਦੇਸ਼ ਦੀ ਅਜ਼ਾਦੀ ਦੀ ਲੜਾਈ ਵਿਚ ਮਹਿਜ 14 ਸਾਲ ਦੀ ਅਲ੍ਹੜ੍ਹ ਉਮਰ ਵਿਚ ਜਦੋਂ ਬੱਚਿਆਂ ਨੂੰ ਅਜੇ ਦੁਨੀਆਂਦਾਰੀ ਦੀ ਸਮਝ ਨਹੀਂ ਹੁੰਦੀ, ਅੱਠਵੀਂ ਕਲਾਸ ਵਿਚ ਪੜ੍ਹਦਿਆਂ ਹਿੱਸਾ ਲੈਣ ਵਾਲਾ ਸੁਤੰਤਰਤਾ ਸੰਗਰਾਮੀ ਅਤੇ ਦੇਸ਼ ਭਗਤ ਰਵੇਲ ਸਿੰਘ ਸੇਠੀ ਅੱਜ ਕਲ੍ਹ ਅਜ਼ਾਦੀ ਦੀਆਂ ਬਰਕਤਾਂ ਦਾ ਲਾਭ ਆਮ ਲੋਕਾਂ ਅਤੇ ਦੇਸ਼ ਭਗਤਾਂ ਨੂੰ ਨਾ ਮਿਲਣ ਕਰਕੇ ਉਦਾਸੀ ਦੇ ਆਲਮ ਵਿਚੋਂ ਗੁਜਰ ਰਿਹਾ ਹੈ। ਸ. ਰਵੇਲ ਸਿੰਘ ਸੇਠੀ ਅੱਠਵੀਂ ਕਲਾਸ ਵਿਚ ਪੜ੍ਹਦਿਆਂ ਮਹਾਤਮਾ ਗਾਂਧੀ ਵੱਲੋਂ ਅੰਗਰੇਜ਼ਾਂ ਵਿਰੁਧ ਚਲਾਈ ਗਈ 1942 ਵਿਚ ਭਾਰਤ ਛੋੜੇ ਮੁਹਿੰਮ ਵਿਚ ਸਕੂਲੀ ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਸ਼ਾਮਲ ਹੋਇਆ ਸੀ। ਰਵੇਲ ਸਿੰਘ ਸੇਠੀ ਦਾ ਜਨਮ 1 ਜਨਵਰੀ 1928 ਨੂੰ ਜਿਹਲਮ ਜਿਲ੍ਹੇ ਦੇ ਢੁਡਿਆਲ ਪਿੰਡ ਵਿਚ ਪਿਤਾ ਸ੍ਰ.ਗੰਡਾ ਸਿੰਘ ਸੇਠੀ ਅਤੇ ਮਾਤਾ ਮੁਰਗਈ ਦੇਵੀ ਸੇਠੀ ਦੇ ਘਰ ਹੋਇਆ। ਉਨ੍ਹਾਂ ਢੁਡਿਆਲ ਵਿਖੇ ਹੀ 1944 ਵਿਚ ਦਸਵੀਂ ਪਾਸ ਕੀਤੀ। ਉਸਦੇ ਪਿਤਾ ਗੰਡਾ ਸਿੰਘ ਦਾ ਦੇਸ਼ ਭਗਤ ਪਰਿਵਾਰ ਸੀ। ਦੇਸ਼ ਭਗਤੀ ਦੀ ਗੁੜ੍ਹਤੀ ਰਵੇਲ ਸਿੰਘ ਨੂੰ ਆਪਣੇ ਪਿਤਾ ਤੋਂ ਹੀ ਮਿਲੀ ਸੀ। ਜਦੋਂ ਉਹ ਅੱਠਵੀਂ ਕਲਾਸ ਵਿਚ ਪੜ੍ਹਦਾ ਸੀ ਤਾਂ ਉਸਦੇ ਪਿਤਾ ਨੇ ਦੱਸਿਆ ਕਿ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦੇ ਖ਼ਿਲਾਫ ਲਾਮਬੰਦ ਢੰਗ ਨਾਲ ਜਦੋਜਹਿਦ ਸ਼ੁਰੂ ਕਰ ਦਿੱਤੀ ਹੈ। ਸ. ਰਵੇਲ ਸਿੰਘ ਸੇਠੀ ਨੇ ਸਕੂਲ ਵਿਚ ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਉਸ ਅੰਦੋਲਨ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। ਸ. ਰਵੇਲ ਸਿੰਘ ਸੇਠੀ ਨੇ ਆਪਣੇ ਸਾਥੀ ਵਿਦਿਆਰਥੀਆਂ ਨਾਲ ਉਸ ਧਰਨੇ ਵਿਚ ਸ਼ਮੂਲੀਅਤ ਕੀਤੀ, ਜਿਸਦੇ ਸਿੱਟੇ ਵਜੋਂ ਉਨ੍ਹਾਂ ਨੂੰ ਪੁਲਿਸ ਨੇ ਪਕੜ ਲਿਆ ਅਤੇ ਥਾਣੇ ਲੈ ਗਏ। ਸ਼ਾਮ ਨੂੰ ਉਨ੍ਹਾਂ ਨੂੰ ਸਾਰੇ ਵਿਦਿਆਰਥੀਆਂ ਨਾਲ ਰਿਹਾ ਕਰ ਦਿੱਤਾ। ਉਸ ਤੋਂ ਬਾਅਦ ਪਰਿਵਾਰ ਨੇ ਸਲਾਹ ਦਿੱਤੀ ਕਿ ਪਹਿਲਾਂ ਆਪਣੀ ਪੜ੍ਹਾਈ ਮੁਕੰਮਲ ਕੀਤੀ ਜਾਵੇ ਫਿਰ ਅਜ਼ਾਦੀ ਦੇ ਸੰਗਰਾਮ ਵਿਚ ਹਿੱਸਾ ਲਿਆ ਜਾਵੇ ਪ੍ਰੰਤੂ ਸ. ਰਵੇਲ ਸਿੰਘ ਆਪਣੇ ਪਰਿਵਾਰ ਤੋਂ ਗਾਹੇ ਵਗਾਹੇ ਲੁਕ ਛਿਪ ਕੇ ਸਮਾਗਮਾਂ ਵਿਚ ਹਿੱਸਾ ਲੈਂਦਾ ਰਿਹਾ। 2 ਸਾਲ ਅੰਦਰਖਾਤੇ ਆਜ਼ਾਦੀ ਦੇ ਸੰਗਰਾਮ ਨਾਲ ਸੰਬੰਧਤ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦਾ ਰਿਹਾ। ਇਸ ਦੌਰਾਨ ਦਸਵੀਂ ਪਾਸ ਕਰ ਲਈ। ਉਸ ਤੋਂ ਬਾਅਦ ਉਹ ਸ਼ਹਿਰ ਵਿਚ ਅਜ਼ਾਦੀ ਦੀ ਲੜਾਈ ਸੰਬੰਧੀ ਹੋਣ ਵਾਲੇ ਜਲਸਿਆਂ ਅਤੇ ਜਲੂਸਾਂ ਵਿਚ ਜੋਸ਼ ਖ਼ਰੋਸ਼ ਨਾਲ ਸ਼ਾਮਲ ਹੁੰਦਾ ਰਿਹਾ। 1946 ਵਿਚ ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿਚ ਅੰਤਰਿਮ ਸਰਕਾਰ ਬਣ ਗਈ। ਅਬਦੁਲ ਕਲਾਮ ਅਜ਼ਾਦ ਉਸ ਸਮੇਂ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਸਨ। ਉਹ ਦੇਸ਼ ਦੀ ਵੰਡ ਦੇ ਵਿਰੁਧ ਸਨ ਪ੍ਰੰਤੂ ਅੰਗਰੇਜ਼ ਭਾਰਤ ਨੂੰ ਦੋਫਾੜ ਕਰਨ ਉਪਰ ਤੁਲੇ ਹੋਏ ਸਨ। ਸ. ਰਵੇਲ ਸਿੰਘ ਸੇਠੀ ਦੇ ਦੱਸਣ ਅਨੁਸਾਰ ਸਿਆਸੀ ਤਾਕਤ ਦੇ ਭੁੱਖੇ ਸਿਆਸਤਦਾਨ ਅੰਗਰੇਜ਼ਾਂ ਨਾਲ ਸਹਿਮਤ ਸਨ, ਜਿਸ ਕਰਕੇ ਦੇਸ਼ ਦੀ ਵੰਡ ਹੋ ਗਈ। ਉਹ ਢੁਡਿਆਲ ਵਿਖੇ ਮੁਸਲਮਾਨ ਦੋਸਤਾਂ ਮਿੱਤਰਾਂ ਵਿਚ ਸਦਭਾਵਨਾ ਦੇ ਮਾਹੌਲ ਵਿਚ ਰਹਿ ਰਹੇ ਸਨ। ਅਚਾਨਕ ਸ. ਰਵੇਲ ਸਿੰਘ ਸੇਠੀ ਦੇ ਇੱਕ ਮੁਸਲਮਾਨ ਦੋਸਤ ਨੇ ਉਸ ਕੋਲ ਆ ਕੇ ਦੱਸਿਆ ਕਿ ਤੁਰੰਤ ਇਥੋਂ ਚਲੇ ਜਾਓ ਕਿਉਂਕਿ ਦੰਗੇ ਫਸਾਦ ਹੋਣ ਦੀ ਸੰਭਾਵਨਾ ਹੈ। ਸ. ਸੇਠੀ ਆਪਣੇ ਪਿਤਾ ਅਤੇ ਸਮੁਚੇ ਪਰਿਵਾਰ ਨਾਲ 11 ਅਗਸਤ ਨੂੰ ਪਟਿਆਲਾ ਆ ਗਏ ਕਿਉਂਕਿ ਮਹਾਰਾਜਾ ਪਟਿਆਲਾ ਯਾਦਵਿੰਦਰਾ ਸਿੰਘ ਨੇ ਉਜੜਕੇ ਆਉਣ ਵਾਲੇ ਰਿਫ਼ਿਊਜੀਆਂ ਨੂੰ ਪਟਿਆਲਾ ਵਿਖੇ ਸੰਭਾਲਣ ਦਾ ਜ਼ਿੰਮਾ ਲਿਆ ਸੀ। ਉਨ੍ਹਾਂ ਦੀ 1948 ਵਿਚ ਈਸ਼ਰ ਸਿੰਘ ਮਝੈਲ ਨਾਲ ਪਟਿਆਲਾ ਵਿਖੇ ਮੁਲਾਕਾਤ ਹੋਈ। ਸ. ਮਝੈਲ ਉਨ੍ਹਾਂ ਦੇ ਪਰਿਵਾਰ ਨੂੰ ਪਹਿਲਾਂ ਵੀ ਜਾਣਦਾ ਸੀ। ਉਸ ਸਮੇਂ ਮਝੈਲ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਸੀ। ਬਾਅਦ ਵਿਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। ਸ. ਮਝੈਲ ਨੂੰ ਸੇਠੀ ਦੀਆਂ ਸਿਆਸੀ ਸਰਗਰਮੀਆਂ ਦਾ ਪਤਾ ਸੀ ਇਸ ਲਈ ਉਸ ਨੇ ਉਸਨੂੰ ਸ. ਗਿਆਨ ਸਿੰਘ ਰਾੜੇਵਾਲਾ ਅਤੇ ਕਰਨਲ ਰਘਵੀਰ ਸਿੰਘ ਨਾਲ ਮਿਲਾਇਆ। ਉਸ ਸਮੇਂ ਪਟਿਆਲਾ ਵਿਚ ਰਵੇਲ ਸਿੰਘ ਸੇਠੀ ਅਤੇ ਹਰਭਜਨ ਸਿੰਘ ਭਸੀਨ ਦੋਵੇਂ ਕਾਂਗਰਸ ਪਾਰਟੀ ਦੇ ਐਕਟਿਵ ਵਰਕਰ ਸਨ। ਸ. ਸੇਠੀ ਦੇ ਕੰਮ ਨੂੰ ਵੇਖਦਿਆਂ 1952 ਵਿਚ ਪਟਿਆਲਾ ਸ਼ਹਿਰੀ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। ਉਹ ਕਾਂਗਰਸ ਪਾਰਟੀ ਲਈ ਸਿਰਤੋੜ ਕੰਮ ਕਰਦੇ ਰਹੇ। ਇੱਕ ਵਾਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰ.ਬਲਦੇਵ ਸਿੰਘ ਨਾਲ ਝਗੜਾ ਹੋ ਗਿਆ, ਜਿਸ ਕਰਕੇ ਆਈ ਜੀ ਪੁਲਿਸ ਤਾਰਾ ਸਿੰਘ ਨੇ ਸ. ਸੇਠੀ ਉਪਰ ਕੇਸ ਬਣਾਕੇ ਜੇਲ੍ਹ ਭੇਜ ਦਿੱਤਾ। ਸ. ਬਲਦੇਵ ਸਿੰਘ ਡਿਪਟੀ ਕਮਿਸ਼ਨਰ ਮੇਨਕਾ ਗਾਂਧੀ ਜੋ ਬਾਅਦ ਵਿਚ ਨਹਿਰੂ ਪਰਿਵਾਰ ਦੀ ਨੂੰਹ ਬਣੀ ਦੇ ਦਾਦਾ ਜੀ ਸਨ। ਸ. ਸੇਠੀ ਅਤੇ ਐਡਵੋਕੇਟ ਭਗਵੰਤ ਸਿੰਘ, ਨਵਜੋਤ ਸਿੰਘ ਸਿੱਧੂ ਸੈਰ ਸਪਾਟਾ ਮੰਤਰੀ ਪੰਜਾਬ ਦੇ ਪਿਤਾ , ਜੋ ਉਸ ਸਮੇਂ ਨਾਭਾ ਵਿਖੇ ਪ੍ਰੈਕਟਿਸ ਕਰਦੇ ਸਨ ਨੂੰ ਜੇਲ੍ਹ ਦੀ ਇੱਕ ਤੰਗ ਕਾਲ ਕੋਠੜੀ ਵਿਚ ਤਸੀਹੇ ਦੇਣ ਲਈ ਬੰਦ ਕਰ ਦਿੱਤਾ। ਉਥੇ ਇਹ ਦੋਵੇਂ ਬਿਮਾਰ ਹੋ ਗਏ। ਜਦੋਂ ਕਰਨਲ ਰਘਵੀਰ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੋਹਾਂ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ। ਸਰਕਾਰ ਦੇ ਜ਼ੋਰ ਪਾਉਣ ਤੇ ਡਿਪਟੀ ਕਮਿਸ਼ਨਰ ਨੇ ਇਸ ਕੇਸ ਨੂੰ ਆਪਣਾ ਨਿੱਜੀ ਕੇਸ ਕਹਿਕੇ ਵਾਪਸ ਲੈ ਲਿਆ। ਟਕਰਾਓ ਦੀ ਸਥਿਤੀ ਟਾਲਣ ਲਈ ਸ. ਮਝੈਲ ਨੇ ਰਵੇਲ ਸਿੰਘ ਸੇਠੀ ਨੂੰ ਕੁਝ ਸਮੇਂ ਲਈ ਬਸੀ ਪਠਾਣਾ ਭੇਜ ਦਿੱਤਾ। ਬਸੀ ਪਠਾਣਾ ਵਿਖੇ ਵੀ ਰਵੇਲ ਸਿੰਘ ਸੇਠੀ ਨੇ ਕਾਂਗਰਸ ਪਾਰਟੀ ਦਾ ਕੰਮ ਸੰਭਾਲ ਲਿਆ। ਸ. ਸੇਠੀ ਦੇ ਦੱਸਣ ਅਨੁਸਾਰ ਉਸਨੇ ਕਾਂਗਰਸ ਪਾਰਟੀ ਦੀ ਇੱਕ ਕਾਨਫ਼ਰੰਸ ਆਯੋਜਤ ਕੀਤੀ ਸੀ, ਜਿਸ ਵਿਚ ਸ. ਮਝੈਲ ਜੋ ਪੈਪਸੂ ਵਿਚ ਮੰਤਰੀ ਸਨ ਨੇ ਪ੍ਰਧਾਨਗੀ ਕੀਤੀ। ਸਥਾਨਕ ਅਕਾਲੀ ਨੇਤਾ ਅੱਛਰਾ ਸਿੰਘ ਐਡਵੋਕੇਟ ਨੇ ਇਸ ਕਾਨਫ਼ਰੰਸ ਵਿਰੁਧ ਮੁਜਾਹਰਾ ਕੀਤਾ। ਰਵੇਲ ਸਿੰਘ ਸੇਠੀ ਅਤੇ ਹੋਰ ਕਾਂਗਰਸੀ ਵਰਕਰਾਂ ਨੇ ਮੁਜਾਹਰਾ ਕਰਨ ਵਾਲਿਆਂ ’ਤੇ ਹਮਲਾ ਕਰਕੇ ਕੁੱਟ ਦਿੱਤਾ। ਅੱਛਰਾ ਸਿੰਘ ਕਿਉਂਕਿ ਸਥਾਨਕ ਪ੍ਰਭਾਵਸ਼ਾਲੀ ਵਕੀਲ ਸੀ ਨੇ ਕੇਸ ਰਜਿਸਟਰ ਕਰਵਾ ਦਿੱਤਾ। ਕਾਂਗਰਸੀਆਂ ਨੂੰ 20-20 ਰੁਪਏ ਜੁਰਮਾਨਾ ਊਧਮ ਸਿੰਘ ਜੱਜ ਨੇ ਕੀਤਾ ਜੋ ਬਾਅਦ ਵਿਚ ਪਟਿਆਲਾ ਵਿਖੇ ਸ਼ੈਸ਼ਨਜ਼ ਜੱਜ ਵੀ ਰਹੇ। ਪੰਡਤ ਜਵਾਹਰ ਲਾਲ ਨਹਿਰੂ ਨੂੰ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ, ਫ਼ਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟਿਕਾਉਣ ਲਈ ਲੈ ਕੇ ਆਏ ਤਾਂ ਅਕਾਲੀਆਂ ਨੇ ਮੁਜਾਹਰਾ ਕੀਤਾ। ਮੁਜਾਹਰਾ ਕਰਨ ਵਾਲਿਆਂ ਵਿਚ ਆਤਮਾ ਸਿੰਘ, ਤਰਲੋਚਨ ਸਿੰਘ, ਗੁਰਸੇਵਕ ਸਿੰਘ ਅਤੇ ਅਮਰਜੀਤ ਸਿੰਘ ਆਹਲੂਵਾਲੀਆ ਮੋਹਰੀ ਸਨ। ਸ. ਸੇਠੀ ਅਤੇ ਪ੍ਰਹਲਾਦ ਸਿੰਘ ਚੰਦੋਕ ਉਨ੍ਹਾਂ ਨੂੰ ਰੋਕਣ ਵਾਲਿਆਂ ਵਿਚ ਸਨ। ਸੇਠੀ ਅਨੁਸਾਰ ਜਿਹੜੇ ਵਿਅਕਤੀ ਜਵਾਹਰਲ ਲਾਲ ਨਹਿਰੂ ਵਿਰੁਧ ਮੁਜਾਹਰਾ ਕਰਦੇ ਸਨ ਬਾਅਦ ਵਿਚ ਉਹੀ ਸ. ਗਿਆਨ ਸਿੰਘ ਰਾੜੇਵਾਲਾ ਪੈਪਸੂ ਦੇ ਮੁੱਖ ਮੰਤਰੀ ਅਤੇ ਗਿਆਨੀ ਜ਼ੈਲ ਸਿੰਘ ਦੇ ਖਾਸਮਖਾਸ ਬਣ ਗਏ ਸਨ। 1953 ਵਿਚ ਸ. ਸੇਠੀ ਵਾਪਸ ਪਟਿਆਲਾ ਆ ਗਏ। ਜਦੋਂ ਕਰਨਲ ਰਘਵੀਰ ਸਿੰਘ ਬਿਮਾਰ ਪੈ ਗਏ ਤਾਂ ਉਨ੍ਹਾਂ ਗਿਆਨ ਸਿੰਘ ਰਾੜੇਵਾਲਾ ਨੂੰ ਉਨ੍ਹਾਂ ਦਾ ਸਾਥ ਦੇਣ ਦੀ ਬੇਨਤੀ ਕੀਤੀ ਪ੍ਰੰਤੂ ਉਹ ਮੰਨੇ ਨਹੀਂ। ਕਰਨਲ ਰਘਵੀਰ ਸਿੰਘ ਦੀ ਮੌਤ ਤੋਂ ਬਾਅਦ ਗੁਰਬਖ਼ਸ਼ ਸਿੰਘ ਵਿਧਾਨਕਾਰ ਬਠਿੰਡੇ ਵਾਲੇ ਦੇ ਮੁੱਖ ਮੰਤਰੀ ਬਣਨ ਦੀ ਪੂਰੀ ਸੰਭਾਵਨਾ ਸੀ ਕਿਉਂਕਿ ਬਹੁਤੇ ਵਿਧਾਨਕਾਰ ਉਸਦੇ ਨਾਲ ਸਨ ਪ੍ਰੰਤੂ ਸਿਆਸੀ ਤਿਕੜਮਬਾਜ਼ੀ ਕਰਕੇ ਬਾਬੂ ਬ੍ਰਿਸ਼ਭਾਨ ਮੁੱਖ ਮੰਤਰੀ ਬਣ ਗਏ। ਇਸ ਸਮੇਂ ਸ. ਮਝੈਲ ਪਟਿਆਲਾ ਜਿਲ੍ਹੇ ਵਿਚ ਅਰਨੋ ਪਿੰਡ ਵਿਖੇ ਜ਼ਮੀਨ ਲੈ ਕੇ ਖੇਤੀ ਕਰਨ ਲੱਗ ਗਏ। 1976 ਵਿਚ ਉਨ੍ਹਾਂ ਦੀ ਮੌਤ ਹੋ ਗਈ। ਜਦੋਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ 1980 ਵਿਚ ਲੋਕ ਸਭਾ ਦੀ ਟਿਕਟ ਲੈਣੀ ਸੀ ਤਾਂ ਸ. ਸੇਠੀ ਆਪਣੇ ਸਾਥੀਆਂ ਨਾਲ ਦਿੱਲੀ ਵਿਖੇ ਜਾ ਇੰਦਰਾ ਗਾਂਧੀ ਨੂੰ ਮਿਲੇ ਅਤੇ ਟਿਕਟ ਲਈ ਬੇਨਤੀ ਕੀਤੀ। ਕੈਪਟਨ ਅਮਰਿੰਦਰ ਸਿੰਘ ਦੀ ਲੋਕ ਸਭਾ ਦੀ ਚੋਣ ਅਤੇ ਉਸ ਤੋਂ ਬਾਅਦ ਜਿਤਨੀਆਂ ਵੀ ਚੋਣਾਂ ਉਨ੍ਹਾਂ ਪਟਿਆਲਾ ਤੋਂ ਲੜੀਆਂ ਤਾਂ ਸ. ਸੇਠੀ ਪਟਿਆਲਾ ਸ਼ਹਿਰ ਵਿਚ ਅਹਿਮ ਭੂਮਿਕਾ ਨਿਭਾਉਂਦੇ ਰਹੇ। ਪਿਛੇ ਜਹੇ ਜਦੋਂ ਮਹਾਰਾਣੀ ਮਹਿੰਦਰ ਕੌਰ ਦੀ ਮੌਤ ਹੋਈ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਜਦੋਂ ਮਾਤਮੀ ਜਲੂਸ ਵਿਚ ਪਟਿਆਲਾ ਸ਼ਹਿਰ ਵਿਚ ਕਾਰ ਵਿਚ ਜਾ ਰਹੇ ਸਨ ਤਾਂ ਕਾਰ ਰੋਕ ਕੇ ਸ. ਸੇਠੀ ਦਾ ਹਾਲ ਚਾਲ ਪੁਛਿਆ। ਸ. ਸੇਠੀ ਕੈਪਟਨ ਸਾਹਿਬ ਦੀ ਤਾਰੀਫ਼ ਕਰਦਿਆਂ ਆਖਦਾ ਹੈ ਕਿ ਉਨ੍ਹਾਂ ਨੂੰ ਵਰਕਰ ਦੀ ਕਦਰ ਹੈ ਪ੍ਰੰਤੂ ਹੋਰ ਲੀਡਰ ਵਰਕਰਾਂ ਨੂੰ ਅਣਡਿਠ ਕਰਦੇ ਹਨ।
ਸ. ਸੇਠੀ ਇਸ ਗੱਲ ਤੋਂ ਵੀ ਨਿਰਾਸ਼ ਹੈ ਕਿ ਕੁਝ ਨੇਤਾ ਸਿਆਸੀ ਤਾਕਤ ਲਈ ਪਾਰਟੀਆਂ ਬਦਲ ਲੈਂਦੇ ਹਨ। ਅੱਜ ਵੀ 89 ਸਾਲ ਦੀ ਉਮਰ ਵਿਚ ਪਾਰਟੀ ਦੀ ਪ੍ਰਫੁਲਤਾ ਦੇ ਸਪਨੇ ਵੇਖਦਾ ਹੈ।

WRITTEN BY