Skip to content
Independent perspectives. Global stories.
BREAKING

ਪ੍ਰਦੂਸ਼ਣ ਅਤੇ ਸਿਆਸਤ ਦੀ ਭੇਂਟ ਚੜ੍ਹ ਰਹੀ ਸਾਫ ਹਵਾ

Share this story

ਮੋਦੀ ਸਰਕਾਰ ਦੇ ਇਕ ਮੰਤਰੀ ਜੋ ਕਿ ਖ਼ੁਦ ਇਕ ਡਾਕਟਰ ਵੀ ਹੈ, ਉਸਨੇ ਇਕ ਅਧਿਕਾਰਤ ਬਿਆਨ ਵਿਚ ਵਿਚ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਨੁਕਸਾਨਦੇਹ ਤਾਂ ਹੈ, ਲੇਕਿਨ ਇਹ ਜਾਨਲੇਵਾ ਨਹੀਂ ਹੈ। ਪਰ ਅਸਲੀਅਤ ਇਸ ਤੋਂ ਬਿਲਕੁਲ ਵਖਰੀ ਹੈ। ਹਵਾ ਪ੍ਰਦੂਸ਼ਣ ਜਾਨਲੇਵਾ ਹੈ, ਇਸਦੇ ਸਬੂਤ ਉਪਲਬਧ ਹਨ। ਸਿਹਤ ਅਤੇ ਪ੍ਰਦੂਸ਼ਣ ਨਾਲ ਸਬੰਧਤ ਲੈਂਸੇਟ ਕਮਿਸ਼ਨ ਦੇ ਅਨੁਸਾਰ, ਹੈਲਥ ਇਫੈਕਟ ਇਨਸਟੀਚੀਊਟ ਇਹ ਗਲ ਕਹਿੰਦੀ ਹੈ ਕਿ 2015 ਵਿਚ ਦੁਨੀਆ ਦੇ ਦਸ ਸਭ ਤੋਂ ਵਡੀ ਅਬਾਦੀ ਵਾਲੇ ਸ਼ਹਿਰਾਂ ਵਿਚ ਪ੍ਰਦੂਸ਼ਨ ਕਾਰਨ ਸਭ ਤੋਂ ਵਧ ਮੌਤਾਂ ਭਾਰਤ ਅਤੇ ਬੰਗਲਾ ਦੇਸ਼ ਵਿਚ ਹੋਈਆਂ ਹਨ। ਲੈਂਸੇਟ ਲੋਕ-ਸਿਹਤ ਉਤੇ ਕੇਂਦਰਤ ਇਕ ਪ੍ਰਮੁਖ ਮੈਗਜ਼ੀਨ ਹੈ। ਕੇਂਦਰ ਦੀ ਸਰਕਾਰ ਦੀ ਸਿਆਸੀ ਪ੍ਰਮੁਖਤਾ ਇਹਨਾ ਦਿਨਾ ‘ਚ ਆਧਾਰ ਅਤੇ ਨਕਦੀਵਿਹੀਣ ਅਰਥ ਵਿਵਸਥਾ ਕਾਇਮ ਕਰਨ ਦੀ ਹੈ। ਜ਼ਹਿਰੀਲੀ ਹਵਾ ਨੇ ਉਤਰੀ ਭਾਰਤ ਦੇ ਲੋਕਾਂ ਦਾ ਜੀਊਣਾ ਦੁਭਰ ਕੀਤਾ ਹੋਇਆ ਹੈ। ਸਿਆਸੀ ਲੋਕ ਆਪੋ ਆਪਣੀਆਂ ਸਿਆਸੀ ਪਾਰਟੀਆਂ ਲਈ ਲਾਹਾ ਲੈਣ ਲਈ ਨਿਤ ਨਵੇਂ ਬਿਆਨ ਦਾਗ ਰਹੇ ਹਨ। ਦਿਲੀ ਅਤੇ ਇਸਦੇ ਆਸ ਪਾਸ ਦੇ ਖੇਤਰਾਂ ‘ਚ ਛਾਈ ਧੁੰਦ ਸਭ ਨੂੰ ਇਕ ਜਿਹਾ ਪ੍ਰਭਾਵਤ ਕਰਦੀ ਹੈ। ਉਹ ਕਿਸੇ ਵੀ ਸਿਆਸੀ ਦਲਾਂ ਦੇ ਸਮਰਥਕਾਂ ਨਾਲ ਭੇਦ-ਭਾਵ ਨਹੀਂ ਕਰਦੀ। ਪਰ ਜੀਵਨ ਅਤੇ ਮੌਤ ਨਾਲ ਜੁੜੇ ਇਸ ਮੁਦੇ ਨਾਲ ਸਿਝਣ ਲਈ ਰਾਜਨੀਤਕ ਇਛਾ ਸ਼ਕਤੀ ਦੀ ਕਮੀ ਦਿਖਾਈ ਦਿੰਦੀ ਹੈ। ਕੋਈ ਵੀ ਸਰਕਾਰ ਇਸ ਜਾਨਲੇਵਾ ਪ੍ਰਦੂਸ਼ਣ ਨਾਲ ਦੋ ਚਾਰ ਹੋਣ ਲਈ ਨਾ ਗੰਭੀਰਤਾ ਵਿਖਾ ਰਹੀ ਹੈ ਅਤੇ ਨਾ ਹੀ ਇਮਾਨਦਾਰੀ ਨਾਲ ਸੋਚ ਰਹੀ ਹੈ। ਧੁੰਦ ਅਤੇ ਪ੍ਰਦੂਸ਼ਿਤ ਹਵਾ ਨੇ ਲੋਕਾਂ ਲਈ ਮੁਸੀਬਤਾਂ ਖੜੀਆਂ ਕੀਤੀਆਂ ਹੋਈਆਂ ਹਨ। ਅਸੀਂ ਸਾਰੇ ਇਸਦਾ ਕਾਰਨ ਵੀ ਜਾਣਦੇ ਹਾਂ ਅਤੇ ਇਹ ਵੀ ਜਾਣਦੇ ਹਾਂ ਕਿ ਇਸ ਤੋਂ ਨਿਜਾਤ ਪਾਉਣ ਲਈ ਕਿਸ ਕਿਸਮ ਦੇ ਕਦਮ ਚੁਕਣ ਦੀ ਲੋੜ ਹੈ। ਪਰ ਸਿਆਸੀ ਲੋਕਾਂ ਦੀ ਪ੍ਰਦੂਸ਼ਣ ਬਾਰੇ ਪ੍ਰੀਕਿਰਿਆ ਹੈਰਾਨ ਕਰਨ ਵਾਲੀ ਹੈ।
ਪ੍ਰਦੂਸ਼ਨ ਕਾਰਨ ਸਿਰਫ ਦਿਲੀ ਹੀ ਪ੍ਰਭਾਵਤ ਨਹੀਂ ਹੈ। ਉਤਰ ਭਾਰਤ ਦੇ ਅਨੇਕਾਂ ਸ਼ਹਿਰਾਂ ਧੁੰਦ ਗੁਬਾਰ ਦਾ ਸ਼ਿਕਾਰ ਹਨ। ਜ਼ਰਾ ਫਰੀਦਾਬਾਦ ਜਾਂ ਗਾਜੀਆਬਾਦ ਦੇ ਨਿਵਾਸੀਆਂ ਦਾ ਵੀ ਹਾਲ ਪੁਛ ਲਉ? ਪੰਜਾਬ ਦੇ ਬਹੁਤੇ ਸ਼ਹਿਰ ਸਮੇਤ ਲੁਧਿਆਣਾ, ਜਲੰਧਰ, ਫਗਵਾੜਾ ਇਕ ਦਿਨ ਪਹਿਲਾਂ ਇਸ ਗੁਬਾਰ ਦੀ ਭੇਂਟ ਚੜ੍ਹੇ। ਲੋਕਾਂ ਨੂੰ ਸਾਹ ਲੈਣਾ ਔਖਾ ਹੋਇਆ। ਅਖਾਂ ਨੂੰ ਇਸ ਧੂੰਏ ਨੇ ਪ੍ਰਭਾਵਤ ਕੀਤਾ। ਪਾਰਕਾਂ ਵਿਚੋਂ ਬਚੇ ਘਰਾਂ ‘ਚ ਦੁਬਕ ਕੇ ਬੈਠ ਗਏ। ਪੰਜਾਬ ਦੇ ਸਕੂਲ ਕਈ ਦਿਨ ਬੰਦ ਰਹੇ। ਪਰ ਸਰਕਾਰਾਂ ਵਲੋਂ ਇਸ ਵਡੀ ਸਮਸਿਆਂ ਦੇ ਹਲ ਲਈ ਕੋਈ ਕਾਰਗਰ ਪ੍ਰਬੰਧ ਕਰਨ ਦਾ ਯਤਨ ਹੀ ਨਹੀਂ ਹੋਇਆ। ਸਾਡੀਆਂ ਸਰਕਾਰਾਂ ਦੀ ਪਹਿਲ ਹੀ ਕੁਝ ਹੋਰ ਹੈ। ਸਾਡੇ ਕੋਲ ਸਾਫ ਸੁਥਰੀ ਹਵਾ ਦੇ ਇੰਤਜ਼ਾਮ ਲਈ ਪੈਸਾ ਨਹੀਂ ਹੈ, ਇਵੇਂ ਲਗਦਾ ਹੈ ਕਿ ਅਸੀਂ ਆਪਣੇ ਬਚਿਆਂ ਦਾ ਭਵਿਖ ਗਿਰਵੀ ਰਖਣਾ ਚਾਹੁੰਦੇ ਹਾਂ। ਇਹੋ ਜਿਹੀ ਗੰਭੀਰ ਪ੍ਰਦੂਸ਼ਤ ਸਥਿਤੀ ਵਿਚ ਦਿਲਚਸਪ ਗਲ ਇਹ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਚੁਪ ਹੈ। ਇਸ ਧੁੰਦ ਗੁਬਾਰ ਤੋਂ ਪ੍ਰਭਾਵਿਤ ਰਾਜ ਦਿਲੀ, ਪੰਜਾਬ ਹਰਿਆਣਾ ਇਕ ਦੂਜੇ ਉਤੇ ਇਲਜ਼ਾਮ ਲਗਾ ਰਹੇ ਹਨ। ਉਤਰ ਪ੍ਰਦੇਸ਼ ਅਤੇ ਰਾਜਸਥਾਨ ਵੀ ਇਸ ਸਮਸਿਆ ਤੋਂ ਪ੍ਰਭਾਵਤ ਹਨ ਪਰ ਇਹ ਰਾਜ ਹਾਲੇ ਇਸ ਟਕਰਾਅ ਤੋਂ ਅਲਗ ਹਨ। ਇਕ ਦੂਜੇ ਦੇ ਕਟੜ ਵਿਰੋਧੀ ਦਿਲੀ ਦੇ ਮੁਖਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁਖਮੰਤਰੀ ਅਮਰਿੰਦਰ ਸਿੰਘ ਨੂੰ ਕੇਂਦਰ ਦੀ ਸਰਕਾਰ ਨੇ ਸਰਵਜਨਕ ਤੌਰ ਤੇ ਭਿੜਨ ਦਾ ਮੌਕਾ ਦੇ ਦਿਤਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਦਿਲੀ ਅਤੇ ਉਸਦੇ ਆਸਪਾਸ ਅਸਮਾਨ ‘ਚ ਛਾਈ ਕਾਲੀ ਧੁੰਦ ਦੇ ਪਿਛੇ ਪਰਾਲੀ ਜਲਾਉਣਾ ਮੁਖ ਕਾਰਨ ਹੈ। ਪਰ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਇਹ ਕਹਿਕੇ ਇਕ ਨਵੀਂ ਚਰਚਾ ਛੇੜ ਦਿਤੀ ਹੈ ਕਿ ਇਹੋ ਜਿਹੀਆਂ ਕਿਹੜੀਆਂ ਹਵਾਵਾਂ ਹਨ ਜੋ ਚਾਰੇ ਪਾਸਿਓਂ ਵਗਕੇ ਸਿਰਫ ਦਿਲੀ ਵਿਚ ਹੀ ਥੰਮ ਜਾਂਦੀਆਂ ਹਨ। ਉਹਨਾ ਨੇ ਸਵਾਲ ਕੀਤਾ ਕਿ ਪਰਾਲੀ ਤਾਂ ਇਕ ਮਹੀਨਾ ਜਲਦੀ ਹੈ, ਪਰ ਦਿਲੀ ਵਿਚ ਬਾਕੀ 11 ਮਹੀਨੇ ਪ੍ਰਦੂਸ਼ਨ ਕਿਥੋਂ ਆਉਂਦਾ ਹੈ? ਇਹ ਠੀਕ ਹੈ ਕਿ ਹਰ ਸਾਲ ਇਸ ਨਵੰਬਰ ਦੇ ਮਹੀਨੇ ਪਰਾਲੀ ਜਲਾਉਣ ਨਾਲ ਧੁੰਦ ਗੁਬਾਰ ਵਧਦਾ ਹੈ। ਇਹ ਨੁਕਸਾਨਦੇਹ ਹੈ। ਕੀ ਅਸੀਂ ਇਸਦਾ ਕੋਈ ਹਲ ਨਹੀਂ ਲਭ ਸਕਦੇ? ਅਸਲ ਵਿਚ ਇਸ ਜ਼ਹਿਰੀਲੀ ਹਵਾ ਨੂੰ ਘਟ ਕੀਤਾ ਜਾ ਸਕਦਾ ਹੈ ਜੇਕਰ ਕੇਂਦਰ ਵਿਤੀ ਪੈਕੇਜ ਅਤੇ ਟੈਕਨੌਲੋਜੀ ਦੇਵੇ, ਜਿਸ ਨਾਲ ਇਸ ਗੰਭੀਰ ਸਮਸਿਆ ਨੂੰ ਪੈਦਾ ਹੋਣ ਤੋਂ ਪਹਿਲਾ ਹੀ ਰੋਕਿਆ ਜਾ ਸਕੇ। ਇਸ ਵਰ੍ਹੇ ਦੇ ਆਰੰਭ ਵਿਚ ਸੀ ਆਈ ਆਈ ਅਤੇ ਨੀਤੀ ਆਯੋਗ ਨੇ ਸਾਫ ਹਵਾ ਦੀ ਪਹਿਲ ਦੇ ਤਹਿਤ ਇਕ ਕਮੇਟੀ ਗਠਿਤ ਕੀਤੀ ਸੀ। ਇਸ ਕਮੇਟੀ ਨੇ 3000 ਕਰੋੜ ਰੁਪਏ ਸਾਫ ਹਵਾ ਪ੍ਰਬੰਧਨ ਲਈ ਖਰਚ ਕਰਨ ਦੀ ਮਨਜੂਰੀ ਮੰਗੀ। ਇਸ ਕਮੇਟੀ ਨੇ ਖੇਤੀ ਸਬੰਧੀ ਕਚਰੇ ਦੇ ਪ੍ਰਬੰਧਨ (ਸਮੇਤ ਪਰਾਲੀ) ਲਈ ਹੋਰ ਉਪਾਅ ਲਭਣ ਵਾਸਤੇ ਕਿਸਾਨਾਂ ਨੂੰ ਵਿਤੀ ਸਹਾਇਤਾ ਦਿਤੇ ਜਾਣਾ ਸੁਝਾਇਆ। ਜੋ ਸੌਖੇ ਤਰੀਕੇ ਇਸ ਕਮੇਟੀ ਨੇ ਸੁਝਾਏ ਸਨ, ਉਸ ਵਿਚ ਇਟਾਂ ਅਤੇ ਮਿਟੀ ਦੇ ਡੋਮ ਬਣਾਕੇ ਪਰਾਲੀ ਸਾੜਨ ਦਾ ਵਿਕਲਪ ਵੀ ਇਕ ਸੀ। ਇਸ ਵਿਚ ਆਕਸੀਜਨ ਦੀ ਗੈਰ ਮੋਜੂਦਗੀ ਵਿਚ ਜੈਵਿਕ ਕੋਇਲਾ ਜਾਂ ਪਰਾਲੀ ਕੋਲਾ ਤਿਆਰ ਹੁੰਦਾ ਜੋ ਕਿ ਮਿਟੀ ਲਈ ਪੌਸ਼ਟਿਕ ਮੰਨਿਆ ਜਾਂਦਾ ਹੈ ਅਤੇ ਇਸਦਾ ਵਪਾਰਕ ਮੁਲ ਵੀ ਹੈ। ਪਰ ਕਿਉਂਕਿ ਕੇਂਦਰ ਅਤੇ ਸੂਬਾ ਸਰਕਾਰਾਂ ਵਿਚ ਇਸ ਵਿਤੀ ਭਾਰ ਨੂੰ ਚੁਕਣ ਲਈ ਕੋਈ ਸਮਝੋਤਾ ਨਹੀਂ ਹੋ ਸਕਿਆ, ਇਸ ਲਈ ਇਹ ਯੋਜਨਾ ਉਤੇ ਕੰਮ ਨਹੀਂ ਹੋ ਸਕਿਆ। ਸੂਬਿਆਂ ‘ਚ ਰਾਜ ਕਰਦੀਆਂ ਧਿਰਾਂ ਉਤੇ ਵਿਰੋਧੀ ਧਿਰਾਂ ਵਲੋਂ ਇਸ ਥੋੜ੍ਹੀ ਜਿਹੀ ਮਿਲੀ ਰਕਮ ਨੂੰ ਗਲਤ ਵਰਤੋਂ ਦੇ ਇਲਜ਼ਾਮ ਤਾਂ ਲਗਾ ਦਿਤੇ ਗਏ, ਹਿਸਾਬ ਵੀ ਮੰਗਿਆ ਗਿਆ, ਇਹ ਜਾਣੇ ਬਿਨਾਂ ਕਿ ਇਹ ਰਕਮ ਕਿਵੇਂ ਤੇ ਕਿਥੇ ਖਰਚਣੀ ਸੀ ਅਤੇ ਇਸ ਨੂੰ ਖਰਚਣ ਲਈ ਜੋ ਯੋਜਨਾ ਦਿਤੀ ਗਈ ਕੀ ਉਹ ਸਮਾਂ ਰਹਿੰਦਿਆਂ ਲਾਗੂ ਹੋਣ ਯੋਗ ਵੀ ਸੀ। ਵਿਰੋਧੀ ਧਿਰ ਨੇ ਪੰਜਾਬ ਨੂੰ ਕੇਂਦਰ ਤੋਂ ਮਿਲੀ ਦੀ ਰਾਸ਼ੀ ਪਰਾਲੀ ਪ੍ਰਬੰਧਨ ਲਈ ਖਰਚ ਕਰਨ ਦਾ ਹਿਸਾਬ ਇਹ ਜਾਣੇ ਬਿਨ੍ਹਾਂ ਹੀ ਮੰਗ ਲਿਆ ਕਿ ਉਹ ਇਹ ਰਾਸ਼ੀ ਪੰਜਾਬ ਸਰਕਾਰ ਨੂੰ ਕਦੋਂ ਮਿਲੀ? ਅਸਲ ਵਿਚ ਸਿਆਸੀ ਧਿਰਾਂ ਪੰਜਾਬ ਵਿਚ ਪਹਿਲਾਂ ਪਾਣੀ ਦੇ ਮਸਲੇ ਉਤੇ ਇਕ ਦੂਜੇ ਨੂੰ ਠਿਬੀ ਲਾਉਣ ਦਾ ਯਤਨ ਕਰਦੀਆਂ ਰਹੀਆਂ, ਹੁਣ ਹਵਾ ਦੇ ਰਾਹ ਤੁਰੀਆਂ ਹੋਈਆਂ ਹਨ। ਉਂਜ ਪੰਜਾਬ ਸਰਕਾਰ ਨੇ ਪਰਾਲੀ ਪ੍ਰਬੰਧਨ ਲਈ ਸੂਬੇ ‘ਚ ਅਗਲੇ 10 ਮਹੀਨਿਆਂ ‘ਚ 400 ਪਲਾਂਟ ਲਾਕੇ ਪਰਾਲੀ ਨੂੰ ਬਾਇਉ ਫਿਊਲ ‘ਚ ਕਨਵਰਟ ਕਰਨ ਲਈ ਚੇਨਈ ਦੀ ਇਕ ਕੰਪਨੀ ਨਾਲ ਸਮਝੋਤਾ ਕੀਤਾ ਹੈ। ਇਹ ਕੰਪਨੀ ਸੂਬੇ ‘ਚ 10000 ਕਰੋੜ ਦਾ ਵਿਨੇਸ਼ ਕਰੇਗੀ। ਅਤੇ ਪਰਾਲੀ ਤੋਂ ਫਿਊਲ ਬਨਾਉਣ ਲਈ ਜੋ ਆਮਦਨ ਹੋਏਗੀ ਉਹ ਕੰਪਨੀ ਰਖੇਗੀ। ਚੀਨ ਦਾ ਸ਼ਹਿਰ ਹੈ ਬੀਜਿੰਗ। ਦਿਲੀ ਵਰਗੀ ਸਥਿਤੀ ਉਥੇ ਵੀ ਬਣੀ ਹੋਈ ਹੈ। ਇਸ ਸ਼ਹਿਰ ਲਈ ਉਥੋਂ ਦੀ ਸਰਕਾਰ ਦੇ ਸਮਾਂ ਬਧ ਯੋਜਨਾ ਤਿਆਰ ਕੀਤੀ ਹੈ ਉਸ ਯੋਜਨਾ ਲਈ ਵਿਤੀ ਸਾਧਨ ਇਕਠੇ ਕੀਤੇ ਹਨ। ਦਿਲੀ ਤੇ ਆਸ ਪਾਸ ਖਰਾਬ ਹੋਈ ਹਵਾ ਇਸ ਸਾਲ ਦਾ ਨਵਾਂ ਮਾਮਲਾ ਨਹੀਂ। ਪਿਛਲੇ ਵਰ੍ਹੇ ਸੁਪਰੀਮ ਕੋਰਟ ਵਲੋਂ ਇਨਵਾਇਰਨਮੈਂਟ ਪੋਲਿਊਸ਼ਨ ਪ੍ਰੋਬੈਨਸ਼ਨ ਐਂਡ ਕੰਟਰੋਲ ਅਥਾਰਟੀ ਰਾਹੀਂ ਇਕ ਐਕਸ਼ਨ ਪਲਾਨ ਤਿਆਰ ਕਰਵਾਇਆ ਗਿਆ। ਪਰ ਇਸ ਨੂੰ ਦਿਲੀ ਸਰਕਾਰ ਵਲੋਂ ਲਾਗੂ ਨਹੀਂ ਕੀਤਾ ਗਿਆ, ਇਸ ਲਈ ਦਿਲੀ ਸਰਕਾਰ ਵਲੋਂ ਹੁਣ ਕੀਤੇ ਜਾ ਰਹੇ ਕਦਮਾਂ ਦਾ ਚਾਹੇ ਉਹ ਜਿਸਤ-ਟਾਂਕ ਵਾਹਨਾ ਦੀ ਆਵਾਜਾਈ ਲਾਗੂ ਕਰਨਾ ਹੋਵੇ ਜਾਂ ਹੋਰ ਢੰਗ, ਉਸਦਾ ਅਸਰ ਨਹੀਂ ਹੋ ਰਿਹਾ। ਅਸਲ ਵਿਚ ਤਾਂ ਹਰਿਆਣਾ ਦੇ ਮੁਖਮੰਤਰੀ ਤੇ ਦਿਲੀ ਦੇ ਮੁਖਮੰਤਰੀ ਪ੍ਰਦੂਸ਼ਨ ਘਟਾਉਣ ਲਈ ਉਦਯੋਗਾਂ ਤੇ ਵਾਹਨਾਂ ਤੋਂ ਪ੍ਰਦੂਸ਼ਣ ਘਟਾਉਣ ਲਈ ,ਪਰਾਲੀ ਜਲਾਉਣਾ ਬੰਦ ਕਰਨ, ਡੀਜ਼ਲ ਪਟਰੋਲ ਦੀ ਥਾਂ ਸੀ ਐਨ ਜੀ ਨੂੰ ਵਾਹਨਾਂ ‘ਚ ਵਰਤਣ ਲਈ ਜੋ ਰਣਨੀਤੀ ਤਿਆਰ ਕੀਤੀ ਗਈ ਹੈ, ਇਸ ਲਈ ਸਮਾਂ-ਬਧ ਯਤਨਾਂ ਦੀ ਲੋੜ ਪਏਗੀ ਤਾਂ ਹੀ ਵਾਯੂ ਪ੍ਰਦੂਸ਼ਨ ਤੋਂ ਕੁਝ ਰਾਹਤ ਮਿਲ ਸਕੇਗੀ। ਸਿਰਫ ਕੇਂਦਰੀ ਸਿਹਤ ਮੰਤਰੀ ਵਲੋਂ ਦਿਲੀ ਐਨ ਸੀ ਆਰ ਵਿਚ ਹਵਾ ਦੀ ਗੁਣਵਤਾ ਸੁਧਾਰਨ ਦੇ ਲਗਾਤਾਰ ਦਾਵਿਆ ਨਾਲ ਕੁਝ ਨਹੀਂ ਸੌਰਨਾ।ਦਹਾਕਿਆਂ ਤੋਂ ਪ੍ਰਦੂਸ਼ਨ ਅਤੇ ਇਸਦੇ ਭੈੜੇ ਅਸਰਾਂ ਦਾ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਉਤੇ ਪ੍ਰਭਾਵ ਪ੍ਰਤੀ ਸਰਕਾਰਾਂ ਦੀ ਉਦਾਸੀਨਤਾ ਲਗਾਤਾਰ ਦਿਖਾਈ ਦੇ ਰਹੀ ਹੈ। ਪ੍ਰਦੂਸ਼ਨ ਹੀ ਵਡੀ ਪਧਰ ਉਤੇ ਬਿਮਾਰੀਆਂ ਫੈਲਣ ਦਾ ਮੁਖ ਕਾਰਨ ਹੈ ਅਤ ਦੁਨੀਆ ਦੇ 9 ਮਿਲੀਅਨ ਲੋਕ ਪ੍ਰਦੂਸ਼ਨ ਕਾਰਨ ਮੌਤ ਦੇ ਦਰ ਪੁਜੇ ਹਨ। ਹਵਾ, ਪਾਣੀ ਅਤੇ ਧਰਤੀ ਦਾ ਪ੍ਰਦੂਸ਼ਨ ਸਮੁਚੀ ਕੁਦਰਤ ਲਈ ਇਕ ਖਤਰਾ ਬਣਕੇ ਖੜਾ ਨਜ਼ਰ ਆ ਰਿਹਾ ਹੈ। ਪ੍ਰਦੂਸ਼ਨ, ਘਟ-ਆਮਦਨ ਅਤੇ ਦਰਮਿਆਨੀ ਆਮਦਨ ਦੇ ਲੋਕਾਂ ਦੀ ਆਰਥਿਕਤਾ ਅਤੇ ਸਿਹਤ ਲਈ ਵਡਾ ਭਾਰ ਹੈ। ਪਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪਧਰ ਉਤੇ ਸਰਕਾਰਾਂ ਦਾ ਪ੍ਰਦੂਸ਼ਨ ਪ੍ਰਤੀ ਰਵਈਆ ਸਕਾਰਾਤਮਕ ਨਹੀਂ ਕਿਉਂਕਿ ਸਰਕਾਰਾਂ ਤਾਂ ਸਾਫ ਹਵਾ, ਸਾਫ ਪਾਣੀ, ਸਾਫ ਧਰਤੀ ਦੇ ਅਜੰਡੇ ਤੋਂ ਮੁਖ ਮੋੜੀ ਬੈਠੀਆਂ ਹਨ ਅਤੇ ਰਾਸ਼ਟਰੀ, ਅੰਤਰਰਾਸ਼ਟਰੀ ਪਧਰ ਉਤੇ ਬਸ ਸਿਰਫ ਸਿਆਸਤ ਕਰਨ ਦੇ ਰਾਹ ਪਈਆਂ ਹੋਈਆਂ ਹਨ। ਵਿਸ਼ਵ ਪਧਰ ਉਤੇ ਬਣੀ ਵਾਤਾਵਰਨ ਸੰਭਾਲ ਸਬੰਧੀ 149 ਦੇਸ਼ਾਂ ਦੇ ਮੁਖੀਆਂ ਦੀ ਸੰਸਥਾ ਇਸ ਦੀ ਉਦਾਹਰਨ ਹੈ, ਜਿਸ ਤੋਂ ਅਮਰੀਕਾ ਦੇ ਟਰੰਪ ਪ੍ਰਾਸ਼ਾਸ਼ਨ ਨੇ ਆਪਣਾ ਮੁਖ ਮੋੜਨ ਦਾ ਪਿਛਲੇ ਵਰ੍ਹੇ ਐਲਾਨ ਕਰ ਦਿਤਾ ਸੀ।

WRITTEN BY