Skip to content
Independent perspectives. Global stories.
BREAKING

ਪੰਜਾਬ ਸਰਕਾਰ ਦਾ ਅਹਿਮ ਫੈਸਲਾ

Share this story

ਪੰਜਾਬੀ ਮੰਤਰੀ ਮੰਡਲ ਨੇ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਦੀ ਅਗਵਾਈ ਹੇਠ ਵੀਰਵਾਰ ਨੂੰ ਬਹੁਤ ਹੀ ਅਹਿਮ ਫੈਸਲਾ ਲਿਆ ਹੈ ਜਿਸ ਤਹਿਤ ਸਹਿਕਾਰੀ ਸਭਾਵਾਂ ਦੀ ਗੈਰ ਜ਼ਰੂਰੀ ਮੁਕੱਦਮੇਬਾਜ਼ੀ ਨੂੰ ਰੋਕਣ ਲਈ ਸਬੰਧਤ ਪੰਜਾਬ ਰਾਜ ਸਹਿਕਾਰੀ ਸਭਾਵਾਂ ਐਕਟ-1961 ਵਿੱਚ ਕੁਝ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸੋਧਾਂ ਨਾਲ ਸਹਿਕਾਰੀ ਸਭਾਵਾਂ ਦੇ ਕੰਮਕਾਜ ਵਿੱਚ ਕੁਸ਼ਲਤਾ ਤੇ ਪਾਰਦਰਸ਼ਤਾ ਨੂੰ ਹੁਲਾਰਾ ਮਿਲਣ ਦੀ ਸਭਾਵਨਾ ਹੈ। ਐਕਟ ਦੀ ਧਾਰਾ 13 ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤਹਿਤ ਸਹਿਕਾਰੀ ਸਭਾਵਾਂ ਦੀ ਵੰਡ ਅਤੇ ਰਲੇਵੇਂ ਦਾ ਉਪਬੰਧ ਕੀਤਾ ਗਿਆ ਹੈ ਜਿਸ ਅਨੁਸਾਰ ਰਜਿਸਟਰਾਰ ਇਕ ਤੋਂ ਵੱਧ ਸਭਾਵਾਂ ਦੇ ਰਲੇਵੇਂ ਦੇ ਤਜਵੀਜ਼ਤ ਹੁਕਮਾਂ ਦੇ ਸਬੰਧ ਵਿੱਚ ਸਬੰਧਤ ਸਭਾਵਾਂ ਜਾਂ ਦੇਣਦਾਰ ਆਪਣਾ ਇਤਰਾਜ਼ ਦਰਜ ਕਰਵਾ ਸਕਦੇ ਹਨ। ਐਕਟ ਦੀ ਧਾਰਾ 19(2) ਵਿੱਚ ਵੀ ਸੋਧ ਨੂੰ ਪ੍ਰਵਾਨ ਕਰ ਲਿਆ ਹੈ ਜਿਸ ਮੁਤਾਬਕ ਕੋਈ ਸਭਾ ਆਪਣੇ ਕਮੇਟੀ ਮੈਂਬਰ ਨੂੰ ਇਕ ਹੋਰ ਸਭਾ ਜਿਸ ਦੀ ਉਹ ਮੈਂਬਰ ਹੈ, ਦੇ ਕੰਮਕਾਰ ਵਿੱਚ ਵੋਟ ਪਾਉਣ ਲਈ ਨਾਮਜ਼ਦ ਕਰ ਸਕਦੀ ਹੈ। ਮੌਜੂਦਾ ਵਿਵਸਥਾ ਤਹਿਤ ਕਈ ਵਾਰ ਵੋਟ ਪਾਉਣ ਲਈ ਨਾਮਜ਼ਦ ਕਮੇਟੀ ਮੈਂਬਰ ਦੀ ਆਪਣੀ ਸਭਾ ਦੀ ਕਮੇਟੀ ਦੀ ਮਿਆਦ ਪੂਰੀ ਹੋ ਜਾਂਦੀ ਹੈ ਜਿਸ ਨਾਲ ਉਸ ਸਭਾ ਦੀ, ਹੋਰ ਸਭਾ ਜਿਸ ਦੀ ਉਹ ਮੈਂਬਰ ਹੈ, ਦੇ ਕੰਮਕਾਰ ਵਿੱਚ ਨੁਮਾਇੰਦਗੀ ’ਤੇ ਅਸਰ ਪੈਂਦਾ ਹੈ। ਇਸ ਮੁਸ਼ਕਲ ਨੂੰ ਦੂਰ ਕਰਨ ਲਈ ਮੰਤਰੀ ਮੰਡਲ ਨੇ ਐਕਟ ਦੀ ਧਾਰਾ 19 (2) ਵਿੱਚ ਇਹ ਸੋਧ ਪ੍ਰਵਾਨ ਕੀਤੀ ਗਈ ਕਿ ਸਹਿਕਾਰੀ ਸਭਾ ਕਿਸੇ ਹੋਰ ਸਭਾ ਜਿਸ ਦੀ ਉਹ ਮੈਂਬਰ ਹੈ, ਵਿੱਚ ਵੋਟ ਪਾਉਣ ਲਈ ਆਪਣੇ ਕਿਸੇ ਯੋਗਤਾ ਪੂਰੀ ਕਰਦੇ ਮੈਂਬਰ ਨੂੰ ਨਾਮਜ਼ਦ ਕਰ ਸਕੇ। ਐਕਟ ਦੀ ਧਾਰਾ 26(-ਡੀ) ਅਤੇ ਧਾਰਾ 27 ਵਿੱਚ ਕ੍ਰਮਵਾਰ, ਪ੍ਰਬੰਧਕੀ ਕਮੇਟੀ ਦੇ ਹੋਂਦ ਵਿੱਚ ਨਾ ਰਹਿਣ ਕਾਰਨ ਅਤੇ ਪ੍ਰਬੰਧਕੀ ਕਮੇਟੀ ਨੂੰ ਮੁਅੱਤਲ/ਬਰਖ਼ਾਸਤ ਕੀਤੇ ਜਾਣ ਦੀ ਸੂਰਤ ਵਿੱਚ ਪ੍ਰਸ਼ਾਸ਼ਕ ਨਿਯੁਕਤ ਕੀਤਾ ਜਾਂਦਾ ਹੈ ਜਿਸ ਦੀ ਮਿਆਦ ਬੈਕਿੰਗ ਸਭਾਵਾਂ ਲਈ ਵੱਧ ਤੋਂ ਵੱਧ ਇੱਕ ਸਾਲ ਅਤੇ ਬਾਕੀ ਸਭਾਵਾਂ ਲਈ ਵੱਧ ਤੋਂ ਵੱਧ ਛੇ ਮਹੀਨੇ ਹੋ ਸਕਦੀ ਹੈ। ਮੰਤਰੀ ਮੰਡਲ ਦਾ ਇਹ ਫੈਸਲਾ ਕਾਫੀ ਸ਼ਲਾਘਾਯੋਗ ਹੈ ਕਿਉਂਕਿ ਸਹਿਕਾਰੀ ਸਭਾਵਾਂ ਖੇਤੀ ਅਤੇ ਦੂਸਰੇ ਖੇਤਰਾਂ ਵਿੱਚ ਅਹਿਮ ਸੇਵਾਵਾਂ ਦੇ ਰਹੀਆਂ ਹਨ। ਸਹਿਕਾਰੀ ਸਭਾਵਾਂ ਦੇ ਕੰਮਕਾਜ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਲੰਬੇ ਸਮੇਂ ਦੀ ਜ਼ਰੂਰਤ ਸੀ। ਇਹ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਸ ਜ਼ਰੂਰਤ ਵੱਲ ਧਿਆਨ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ’ਤੇ ਇਸ ਲਈ ਵਧਾਈ ਦੇ ਪਾਤਰ ਹਨ। ਉਹ ਵੱਖ-ਵੱਖ ਮੁੱਦਿਆਂ ਵੱਲ ਧਿਆਨ ਦੇ ਰਹੇ ਹਨ ਅਤੇ ਉਨ੍ਹਾਂ ਦਾ ਹੱਲ ਕੱਢਣ ਲਈ ਯਤਨਸ਼ੀਲ ਹਨ। ਸਰਕਾਰ ਦੇ ਯਤਨਾਂ ਕਾਰਨ ਖੇਤੀ, ਵਪਾਰ ਅਤੇ ਕਾਰੋਬਾਰ ਦੇ ਹਾਲਾਤ ਸੁਧਾਰ ਵੱਲ ਵੱਧ ਰਹੇ ਹਨ। ਸਹਿਕਾਰੀ ਸਭਾਵਾਂ ਦੇ ਕੰਮਕਾਜ ਨੂੰ ਹੋਰ ਬੇਹਤਰ ਬਣਾਉਣ ਲਈ ਵੀ ਯਤਨ ਹੋਣੇ ਚਾਹੀਦੇ ਹਨ। ਇਸ ਨਾਲ ਕਿਸਾਨ ਭਾਈਚਾਰੇ ਨੂੰ ਖਾਸ ਤੌਰ ’ਤੇ ਸ਼ਾਹੂਕਾਰੀ ਦੇ ਸ਼ਿਕੰਜੇ ’ਚੋਂ ਬਾਹਰ ਕੱਢਣ ਵਿੱਚ ਮਦਦ ਮਿਲੇਗੀ। ਸਹਿਕਾਰਤਾ ਅੱਜ ਦੇ ਸਮੇਂ ਦੀ ਵੱਡੀ ਜ਼ਰੂਰਤ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਇਹ ਲਹਿਰ ਬਹੁਤ ਮਜ਼ਬੂਤੀ ਨਾਲ ਚੱਲ ਰਹੀ ਹੈ। ਪੰਜਾਬ ਵਿੱਚ ਅਫਸਰਸ਼ਾਹੀ ਦੇ ਬੇਲੋੜੇ ਦਖਲ ਕਾਰਨ ਸਹਿਕਾਰੀ ਲਹਿਰ ਯੋਗ ਤਰੀਕੇ ਨਾਲ ਵੱਧ ਫੁੱਲ ਨਹੀਂ ਰਹੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਹਿਕਾਰਤਾ ਖੇਤਰ ਵਿੱਚ ਅਫਸਰਾਂ ਦੇ ਬੇਲੋੜੇ ਦਖਲ ਨੂੰ ਪੂਰੀ ਤਰ੍ਹਾਂ ਬੰਦ ਕਰੇ।
– ਬਲਜੀਤ ਸਿੰਘ ਬਰਾੜ

WRITTEN BY