Skip to content
Independent perspectives. Global stories.
BREAKING

ਕਿਸਾਨਾਂ ਦੀ ਲੁੱਟ ਬੰਦ ਹੋਵੇ

Share this story

ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਦੇਸ਼ ਦੀ ਦੋ ਤਿਹਾਈ ਵੱਸੋਂ ਹਾਲੇ ਵੀ ਖੇਤੀ ਉਪਰ ਗੁਜ਼ਾਰਾ ਕਰਦੀ ਹੈ। ਖੇਤੀ ਦੇਸ਼ ਵਿੱਚ ਰੁਜ਼ਗਾਰ ਅਤੇ ਵਪਾਰ ਦਾ ਸਭ ਤੋਂ ਵੱਡਾ ਸਾਧਨ ਹੈ। ਇਸ ਸਭ ਕੁੱਝ ਦੇ ਬਾਵਜੂਦ ਖੇਤੀ ਨੂੰ ਦੇਸ਼ ਦੀਆਂ ਆਰਥਿਕ ਨੀਤੀਆਂ ਵਿੱਚ ਤਰਜੀਹ ਨਹੀਂ ਦਿੱਤੀ ਜਾ ਰਹੀ। ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਖੇਤੀ ਵਿਰੋਧੀ ਨੀਤੀਆਂ ਕਾਰਨ ਹੀ ਕਿਸਾਨ ਲਗਾਤਾਰ ਕਰਜ਼ਾਈ ਹੁੰਦੇ ਜਾ ਰਹੇ ਹਨ। ਖੇਤੀ ਖੇਤਰ ਆਰਥਿਕ ਤੌਰ ’ਤੇ ਪੱਛੜ ਗਿਆ ਹੈ। ਕਿਸਾਨਾਂ ਨੂੰ ਫਸਲਾਂ ਦੇ ਯੋਗ ਅਤੇ ਸਹੀ ਭਾਅ ਨਹੀਂ ਦਿੱਤੇ ਜਾ ਰਹੇ। ਖੇਤੀ ਦੀ ਵਰਤੋਂ ਲਈ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਲਗਾਤਰ ਵੱਧ ਹੀਆਂ ਹਨ। ਖਾਦ, ਦਵਾਈਆਂ, ਬੀਜਾਂ ਅਤੇ ਖੇਤੀ ਸੰਦਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਕਿਸਾਨਾਂ ਉਪਰ ਅਰਬਾਂ ਰੁਪਏ ਦਾ ਬੋਝ ਪੈ ਰਿਹਾ ਹੈ। ਇਸ ਸਥਿਤੀ ਕਾਰਨ ਹੀ ਦੇਸ਼ ਦੀ ਵੱਡੀ ਗਿਣਤੀ ਵਿੱਚ ਵਸੋਂ ਗਰੀਬੀ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਰਹੀ ਹੈ। ਕਿਸਾਨਾਂ ਨੂੰ ਖੇਤੀ ਜਿਣਸਾਂ ਦੇ ਸਰਕਾਰ ਵੱਲੋਂ ਨਿਸ਼ਚਿਤ ਭਾਅ ਵੀ ਨਹੀਂ ਮਿਲ ਰਹੇ। ਮੰਡੀਆਂ ਵਿੱਚ ਕਿਸਾਨਾਂ ਦੀ ਦਹਾਕਿਆਂ ਤੋਂ ਲੁੱਟ ਹੋ ਰਹੀ ਹੈ। ਇਕ ਰਿਪੋਰਟ ਮੁਤਾਬਿਕ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਖਰੀਦ ਮੁਲ ਤੋਂ ਘਟ ਕੀਮਤ ਮਿਲਣ ਕਾਰਨ ਇਸ ਸਾਲ ਕਿਸਾਨਾਂ ਨੂੰ 36 ਹਜ਼ਾਰ ਕਰੋੜ ਰੁਪਏ ਦਾ ਘਾਟਾ ਪੈਣ ਦਾ ਖਦਸ਼ਾ ਹੈ।।ਕਿਸਾਨਾਂ ਦੇ ਇਕ ਸੰਗਠਨ ਮੁਤਾਬਿਕ ਇਸ ਸਾਲ ਮੋਟੇ ਅਨਾਜ ਅਤੇ ਦਾਲਾਂ ਸਮੇਤ ਸਾਉਣੀ ਦੀਆਂ 7 ਪ੍ਰਮੁਖ ਫਸਲਾਂ- ਝੋਨਾ, ਮਕਾ, ਸੋਇਆਬੀਨ, ਮੂੰਗਫਲੀ ਅਤੇ ਕਪਾਹ ਦੀ ਖੇਤੀ ‘ਚ ਕਿਸਾਨਾਂ ਨੂੰ 35,968 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਵੇਗਾ। ਵਪਾਰੀਆਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਮੰਡੀਆਂ ਵਿੱਚ ਸਰਕਾਰ ਵਲੋਂ ਤੈਅ ਘਟੋ-ਘਟ ਸਮਰਥਨ ਮੁਲ (ਐਮ.ਐਸ.ਪੀ.) ਦੇ ਮੁਕਾਬਲੇ ਕਿਸਾਨਾਂ ਨੂੰ ਜਿਣਸਾਂ ਦੇ ਘੱਟ ਭਾਅ ਦਿੱਤੇ ਜਾ ਰਹੇ ਹਨ। ਕੇਂਦਰ ਦੀ ਪਿਛਲੀ ਕਾਂਗਰਸੀ ਸਰਕਾਰ ਵੇਲੇ 2014 ਦੀਆਂ ਆਮ ਚੋਣਾਂ ’ਚ ਕਿਸਾਨਾਂ ਨੂੰ ਜੋ ਮੁਲ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਸ ਹਿਸਾਬ ਨਾਲ ਇਸ ਸਾਉਣੀ ਸੀਜ਼ਨ ’ਚ ਕਿਸਾਨਾਂ ਦਾ ਘਾਟਾ 2,00,000 ਕਰੋੜ ਰੁਪਏ ਤੋਂ ਜ਼ਿਆਦਾ ਹੋਵੇਗਾ। ਇਸ ’ਚ ਉਪਜ ਦੀ ਅਸਲ ਲਾਗਤ ਅਤੇ ਉਸ ’ਤੇ 50 ਫੀਸਦੀ ਮੁਨਾਫਾ ਸ਼ਾਮਲ ਹੈ। ਇਸ ਘਾਟੇ ਦਾ ਅੰਦਾਜ਼ਾ ਸਾਉਣੀ ਦੀਆਂ 7 ਫਸਲਾਂ ਦੇ ਵਡੇ ਉਤਪਾਦਕ ਸੂਬਿਆਂ ਦੀਆਂ ਮੰਡੀਆਂ ’ਚ ਆਮਦ, ਉਨ੍ਹਾਂ ਦੀ ਕੀਮਤ ਅਤੇ ਸਰਕਾਰ ਵਲੋਂ ਐਲਾਨ ਐਮ. ਐਸ. ਪੀ. ਦੇ ਫਰਕ ਦੇ ਆਧਾਰ ’ਤੇ ਲਗਾਇਆ ਗਿਆ ਹੈ। ਜੇਕਰ ਇਸ ’ਚ ਖਰਾਬ ਹੋਣ ਵਾਲੀਆਂ ਫਸਲਾਂ ਜਿਵੇਂ ਕਿ ਆਲੂ ਅਤੇ ਪਿਆਜ ਨੂੰ ਵੀ ਸ਼ਾਮਲ ਕਰ ਲਈਏ ਤਾਂ ਇਹ ਅੰਕੜਾ ਹੋਰ ਵੱਡਾ ਹੋ ਜਾਵੇਗਾ।।ਕਿਸਾਨਾਂ ਦੀ ਇਹ ਲੁੱਟ ਇਸ ਕਰਕੇ ਵੀ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੀ ਕੋਈ ਆਵਾਜ਼ ਨਹੀਂ ਹੈ। ਕਿਸਾਨਾਂ ਦੇ ਸੰਗਠਨ ਧੜਿਆਂ ਵਿੱਚ ਵੰਡੇ ਹੋਏ ਹਨ। ਸਿਆਸੀ ਪਾਰਟੀਆਂ ਕਾਰਪੋਰੇਟ ਅਦਾਰਿਆਂ ਅਤੇ ਵੱਡੇ ਵਪਾਰਕ ਘਰਾਣਿਆਂ ਦੇ ਹਿੱਤ ਪੂਰਦੀਆਂ ਹਨ। ਕਿਸਾਨਾਂ ਨੂੰ ਇਕਜੁੱਟ ਹੋ ਕੇ ਇਸ ਬੇਇਨਸਾਫੀ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। ਪਾਰਲੀਮੈਂਟ ਵਿੱਚ ਵੀ ਇਸ ਮੁੱਦੇ ’ਤੇ ਚਰਚਾ ਹੋਵੇ ਤਾਂ ਜੋ ਕਿਸਾਨਾਂ ਨੂੰ ਇਨਸਾਫ ਦਿੱਤਾ ਜਾ ਸਕੇ।
– ਬਲਜੀਤ ਸਿੰਘ ਬਰਾੜ

WRITTEN BY