ਪਿੰਡ ਦਾ ਸਰਪੰਚ ਅਤੇ ਪਿੰਡ ਦੀ ਗ੍ਰਾਮ ਸਭਾ, ਦੋਵੇਂ ਹਾਸ਼ੀਏ ’ਤੇ ਚਲੇ ਗਏ ਹਨ। ਪਿੰਡਾਂ ਦੇ ਸਰਪੰਚਾਂ, ਪਿੰਡਾਂ ਦੀਆਂ ਪੰਚਾਇਤਾਂ ਨੂੰ ਕਮਜ਼ੋਰ ਹੀ ਨਹੀਂ ਬਣਾ ਦਿਤਾ ਗਿਆ, ਸਗੋਂ ਇਸ ਹਦ ਤਕ ਉਨ੍ਹਾਂ ਦੇ ਹਥ ਬੰਨ੍ਹ ਦਿਤੇ ਗਏ ਹਨ ਕਿ ਉਨ੍ਹਾਂ ਦਾ ਵਜੂਦ ਹੀ ਦਮਦਾਰ ਨਹੀਂ ਦਿੱਸਦਾ। ਦੇਸ਼ ’ਚ ਤਿੰਨ ਤਰ੍ਹਾਂ ਦੀਆਂ ਸਰਕਾਰਾਂ ਹਨ : ਕੇਂਦਰ ਦੀ ਸਰਕਾਰ, ਸੂਬਿਆਂ ਦੀਆਂ ਸਰਕਾਰਾਂ ਅਤੇ ਸਥਾਨਕ ਸਰਕਾਰਾਂ। ਸਥਾਨਕ ਸਰਕਾਰ ਪੰਚਾਇਤ ਨੂੰ ਕਹਿੰਦੇ ਹਨ, ਪਰ ਕੀ ਪਿੰਡ ਵਿਚ ਕਿਧਰੇ ਇਹ ਸਰਕਾਰ ਦਿੱਸਦੀ ਹੈ? ਪਿੰਡ ਵਿਚ ਜਾਂ ਤਾਂ ਮੋਤੀਆਂ ਵਾਲੀ ਸਰਕਾਰ (ਰਾਜ ਸਰਕਾਰ) ਦਿੱਸਦੀ ਹੈ, ਜਾਂ ਚੌੜੀ ਛਾਤੀ ਵਾਲੀ ਸਰਕਾਰ (ਮੋਦੀ ਸਰਕਾਰ), ਜੋ ਸਥਾਨਕ ਸਰਕਾਰ ਨੂੰ ਗ੍ਰਾਂਟਾਂ ਦੇਣ ਦੇ ਨਾਮ ਉਤੇ ਉਸ ਦੇ ਅਧਿਕਾਰਾਂ ਦਾ ਘਾਣ ਕਰਦੀਆਂ ਹਨ ਅਤੇ ਉਸ ਨੂੰ ਪੰਗੂ ਬਣਾ ਕੇ ਰਖ ਦਿਤਾ ਹੈ।
ਦੇਸ਼ ਵਿਚ ਕੁਝ ਸੂਬੇ ਹੀ ਇਹੋ ਜਿਹੇ ਹਨ, ਜਿੱਥੇ ਪੰਚਾਇਤਾਂ, ਭਾਵ ਸਥਾਨਕ ਸਰਕਾਰਾਂ ਨੂੰ ਸੰਵਿਧਾਨ ਦੀਆਂ 73ਵੀਆਂ ਅਤੇ 74 ਵੀਆਂ ਸੋਧਾਂ ਅਨੁਸਾਰ ਸੁਤੰਤਰਤਾ ਦਿਤੀ ਗਈ ਹੈ। ਕੇਰਲਾ ਅਤੇ ਹਿਮਾਚਲ ਪ੍ਰਦੇਸ਼ ਇਸ ਦੀਆਂ ਉਦਾਹਰਣਾਂ ਹਨ। ਹੋਰਨਾਂ ਸੂਬਿਆਂ ਨੇ ਹਾਲੇ ਤਕ ਇਹਨਾਂ ਸੋਧਾਂ ਨੂੰ ਗੰਭੀਰਤਾ ਨਾਲ ਲਾਗੂ ਕਰਨ ’ਚ ਦਿਲਚਸਪੀ ਨਹੀਂ ਦਿਖਾਈ।
ਭਾਰਤ ਨੂੰ ਦੁਨੀਆ ਦਾ ਸਭ ਤੋਂ ਵਡਾ ਲੋਕਤੰਤਰ ਕਿਹਾ ਜਾਂਦਾ ਹੈ, ਪਰ ਕੀ ਇਸ ਲੋਕਤੰਤਰ ਦੀ ਨੀਂਹ ਪੰਚਾਇਤਾਂ ਮਜ਼ਬੂਤ ਹਨ? ਕੀ ਪੰਚਾਇਤਾਂ, ਪਿੰਡਾਂ, ਪਿੰਡਾਂ ਦੀਆਂ ਗ੍ਰਾਮ ਸਭਾਵਾਂ ਤੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤਾਂ ਬਾਰੇ ਵਿਧਾਨ ਸਭਾਵਾਂ ਵਿਚ ਜਾਂ ਦੇਸ਼ ਦੀ ਲੋਕ ਸਭਾ, ਰਾਜ ਸਭਾ ਵਿਚ ਚਰਚਾ ਹੁੰਦੀ ਹੈ? ਪਿੰਡਾਂ ਦੇ ਹਾਲਾਤ ਚੰਗੇ ਨਹੀਂ ਹਨ। ਉਹਨਾਂ ਦੀਆਂ ਲੋੜਾਂ ਨੇਤਾਵਾਂ, ਹਾਕਮਾਂ ਨੇ ਦਰਕਿਨਾਰ ਕੀਤੀਆਂ ਹੋਈਆਂ ਹਨ। ਉਹਨਾਂ ਦੇ ਅਧਿਕਾਰਾਂ ਨੂੰ ਸੰਨ੍ਹ ਲਾਈ ਜਾ ਚੁਕੀ ਹੈ। ਪਿੰਡ ਅਣਦੇਖੇ ਕੀਤੇ ਜਾ ਰਹੇ ਹਨ। ਦੇਸ਼ ਦੇ ਇਤਿਹਾਸ ਵਿਚ ਇਕ-ਅਧਾ ਬੱਜਟ ਹੀ ਇਹੋ ਜਿਹਾ ਹੋਵੇਗਾ, ਜਿਹੜਾ ਪਿੰਡਾਂ ਉਤੇ ਕੇਂਦਰਤ ਹੋਵੇ, ਜਦੋਂ ਕਿ 70 ਫ਼ੀਸਦੀ ਭਾਰਤ ਪਿੰਡਾਂ ਵਿਚ ਰਹਿੰਦਾ ਹੈ। ਇਹਨਾਂ ਵਿਚ ਬਹੁ-ਗਿਣਤੀ ਵੱਸੋਂ ਥੁੜ੍ਹਾਂ-ਮਾਰੇ ਲੋਕਾਂ ਦੀ ਹੈ, ਜੋ ਹਥੀਂ ਮਿਹਨਤ ਕਰ ਕੇ ਗੁਜ਼ਾਰਾ ਕਰਨ ਵਾਲੇ ਲੋਕ ਹਨ। ਭਾਰਤ ਦੀ ਸਵਾ ਸੌ ਕਰੋੜ ਦੇ ਕਰੀਬ ਆਬਾਦੀ 24.4 ਕਰੋੜ ਪਰਵਾਰਾਂ ’ਤੇ ਆਧਾਰਤ ਹੈ, ਜਿਸ ਵਿਚ 17.9 ਕਰੋੜ ਪੇਂਡੂ ਪਰਵਾਰ ਹਨ। ਇਹਨਾਂ ਵਿੱਚੋਂ 56 ਫ਼ੀਸਦੀ ਕੋਲ ਆਪਣੀ ਜ਼ਮੀਨ ਨਹੀਂ ਹੈ ਤੇ 10.7 ਕਰੋੜ ਪਰਵਾਰ ਇਕ ਕਮਰੇ ’ਚ ਕਚੇ ਘਰਾਂ ’ਚ ਰਹਿੰਦੇ ਹਨ ਤੇ ਉਹਨਾਂ ਦਾ ਇਕ ਮਰਦ ਮੈਂਬਰ ਵੀ ਪੜ੍ਹਿਆ-ਲਿਖਿਆ ਜਾਂ ਕਮਾਊ ਨਹੀਂ ਹੈ। ਇਹੋ ਜਿਹੇ ਪੇਂਡੂਆਂ ਅਤੇ ਪਿੰਡਾਂ ਦੇ ਵਿਕਾਸ ਦਾ ਸਰਕਾਰਾਂ ਦਾ ਫ਼ਾਰਮੂਲਾ ਵੀ ਸ਼ਹਿਰੀ ਸ਼ੈਲੀ ਵਾਲਾ ਹੁੰਦਾ ਹੈ। ਤਦ ਫਿਰ ਇਹੋ ਜਿਹੀ ਹਾਲਤ ਵਿਚ ਪਿੰਡ ਮਜ਼ਬੂਤ ਕਿਵੇਂ ਹੋਣਗੇ?
ਬਹੁਤੀਆਂ ਪਿੰਡ ਪੰਚਾਇਤਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਇਲਾਕੇ ਦਾ ਚੁਣਿਆ ਹੋਇਆ ਵਿਧਾਇਕ ਜਾਂ ਸਰਕਾਰੀ ਅਧਿਕਾਰੀ ਪਿੰਡ ਦੇ ਕਿਹੜੇ ਕੰਮ ਨੂੰ ਪੂਰਿਆਂ ਕਰ ਰਿਹਾ ਹੈ। ਉਸ ਕੰਮ ਦੀ ਗੁਣਵਤਾ ਕੀ ਹੈ? ਜੇਕਰ ਸੜਕ ਬਣਾਈ ਜਾ ਰਹੀ ਹੈ ਤਾਂ ਕੀ ਉਸ ਲਈ ਵਰਤਿਆ ਜਾਣ ਵਾਲਾ ਸਾਮਾਨ ਚੰਗਾ ਅਤੇ ਠੀਕ ਮਾਤਰਾ ਵਿਚ ਹੈ? ਜੇਕਰ ਕੋਈ ਇਮਾਰਤ ਜਾਂ ਪੁਲ ਉਸਾਰਿਆ ਜਾ ਰਿਹਾ ਹੈ, ਤਾਂ ਕੀ ਉਹ ਪਿੰਡ ਦੀ ਲੋੜ ਹੈ ਜਾਂ ਨਹੀਂ? ਉਸ ਦੇ ਪਿੰਡ ਦਾ ਸਰਕਾਰੀ ਸਕੂਲ ਕਿਵੇਂ ਚਲਦਾ ਹੈ? ਸਰਕਾਰੀ ਡਿਸਪੈਂਸਰੀ ’ਚ ਦਵਾਈਆਂ ਹਨ ਕਿ ਨਹੀਂ? ਤੇ ਕੀ ਇਹਨਾਂ ’ਚ ਸਟਾਫ ਪੂਰਾ ਹੈ ਜਾਂ ਨਹੀਂ? ਇਹ ਸਭ ਕੁਝ ਤਾਂ ਸੂਬੇ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਕਿਰਪਾ ਨਾਲ ਹੁੰਦਾ ਹੈ ਜਾਂ ਉਨ੍ਹਾਂ ਦੇ ਦਬੰਗੀ ਹਮਾਇਤੀਆਂ ਦੀ ਕਿਰਪਾ ਨਾਲ, ਜਿਹੜੇ ਆਪਣੇ-ਆਪ ਨੂੰ ਸਥਾਨਕ ਚੁਣੇ ਹੋਏ ਨੁਮਾਇੰਦਿਆਂ ਨਾਲੋਂ ਵਡਾ ਅਤੇ ਤਾਕਤਵਰ ਸਮਝਦੇ ਹਨ। ਜੇਕਰ ਪਿੰਡ ਦਾ ਸਰਪੰਚ ਜਾਂ ਪੰਚਾਇਤ ਆਪਣੇ ਹਕਾਂ ਦੀ ਵਰਤੋਂ ਕਰਦਿਆਂ ਇਹਨਾਂ ਕੰਮਾਂ ’ਚ ਦਖ਼ਲ ਦਿੰਦੀ ਹੈ ਜਾਂ ਤਾਕਤਵਰ ਲੋਕਾਂ ਤੋਂ ਪਿੰਡਾਂ ਦੀਆਂ ਜ਼ਮੀਨਾਂ ਉਤੇ ਕੀਤੇ ਨਾਜਾਇਜ਼ ਕਬਜ਼ੇ ਛੁਡਾਉਣ ਲਈ ਯਤਨ ਕਰਦੀ ਹੈ ਤਾਂ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ’ਚ ਕੋਈ ਕਸਰ ਨਹੀਂ ਛਡੀ ਜਾਂਦੀ। ਇਸ ਗਲ ਦੇ ਬਾਵਜੂਦ ਕਿ ਦੇਸ਼ ਦੇ ਲੋਕਤੰਤਰ ਵਿਚ ਜੇਕਰ ਕੋਈ ਬਿਨਾਂ ਪਾਰਟੀ ਕਾਡਰ ਦੇ ਅਤੇ ਵਿਅਕਤੀਗਤ ਅਕਸ ਦੇ ਆਧਾਰ ’ਤੇ ਲੜੀ ਜਾਣ ਵਾਲੀ ਚੋਣ ਹੈ ਤਾਂ ਉਹ ਪੰਚਾਇਤਾਂ ਦੀ ਚੋਣ ਹੈ ਜਾਂ ਸਰਪੰਚ, ਪੰਚ ਦੀ ਚੋਣ ਹੁੰਦੀ ਹੈ, ਬਾਕੀ ਸਭ ਚੋਣਾਂ ਤਾਂ ਸਿਆਸੀ ਤੌਰ ’ਤੇ ਲੜੀਆਂ ਅਤੇ ਜਿਤੀਆਂ ਜਾਂਦੀਆਂ ਹਨ। ਇਹੋ ਜਿਹੀ ਸਥਿਤੀ ਵਿਚ ਇਹਨਾਂ ਚੁਣੇ ਹੋਏ ਨੁਮਾਇੰਦਿਆਂ ਦੀ ਵੁੱਕਤ ਸਿਫ਼ਰ ਕਰ ਦੇਣਾ ਕਿਹੋ ਜਿਹੇ ਲੋਕਤੰਤਰ ਦੀ ਨਿਸ਼ਾਨੀ ਹੈ?
ਜੇਕਰ ਸਮੁਚੇ ਦੇਸ਼ ਵਿਚ 73ਵੇਂ ਅਤੇ 74 ਵੇਂ ਸੋਧ ਬਿਲ ਨੂੰ ਠੀਕ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ, ਪੰਚਾਇਤਾਂ, ਸਰਪੰਚਾਂ ਨੂੰ ਪੂਰੇ ਅਧਿਕਾਰ ਦਿੱਤੇ ਜਾਂਦੇ ਹਨ ਤਾਂ ਸਥਾਨਕ ਸਰਕਾਰਾਂ ਇਲਾਕੇ ਦੇ ਵਿਧਾਇਕਾਂ ਤੋਂ ਆਜ਼ਾਦ ਹੋ ਜਾਣਗੀਆਂ, ਪਰ ਵਿਧਾਇਕ, ਵਿਧਾਨ ਸਭਾਵਾਂ ਆਪਣੀ ਹੋਂਦ ਦੇ ਬਚਾਅ ਲਈ ਇਹ ਕੁਝ ਹੋਣ ਨਹੀਂ ਦੇ ਰਹੀਆਂ, ਕਿਉਂਕਿ ਪਿੰਡ ਪੰਚਾਇਤਾਂ, ਸਰਪੰਚਾਂ ਦੀ ਸਹਾਇਤਾ ਬਿਨਾਂ ਕਿਸੇ ਵੀ ਵਿਅਕਤੀ ਦਾ ਐਮ ਐਲ ਏ ਬਣਨਾ ਸੰਭਵ ਨਹੀਂ ਹੈ। ਤਦੇ ਵਿਧਾਇਕ ਪੰਚਾਇਤਾਂ ਦੇ ਹਕ ਖੋਹ ਕੇ ਉਨ੍ਹਾਂ ਨੂੰ ਆਪਣੇ ਕੁੰਡੇ ਹੇਠ ਰਖਣ ਲਈ ਹਰ ਹਰਬਾ ਵਰਤਦੇ ਹਨ, ਉਹਨਾਂ ਨੂੰ ਆਪਣੇ ਪਾਲੇ ’ਚ ਕਰਨ ਲਈ ਸਰਕਾਰੀ ਗ੍ਰਾਂਟਾਂ ਦਾ ਲਾਲਚ ਦਿੰਦੇ ਹਨ, ਥਾਣੇ-ਕਚਹਿਰੀ ਉਹਨਾਂ ਦੇ ਗ਼ਲਤ-ਠੀਕ ਕੰਮ ਕਰਵਾਏ ਜਾਂਦੇ ਹਨ, ਆਪਣੇ ਨਾਲ ਉਹਨਾਂ ਨੂੰ ਜੋੜਨ ਲਈ ਯਤਨ ਕਰਦੇ ਹਨ। ਸਰਕਾਰੀ ਗ੍ਰਾਂਟਾਂ ਅਤੇ ਪਿੰਡ ਪੱਧਰ ਦੀਆਂ ਯੋਜਨਾਵਾਂ ਬਣਾਉਣ ਲਈ ਪਿੰਡਾਂ ਦੀਆਂ ਸਥਾਨਕ ਸਰਕਾਰਾਂ ਦੀ ਕੋਈ ਸਦ-ਪੁਛ ਨਹੀਂ ਹੁੰਦੀ, ਸਗੋਂ ਵਿਧਾਇਕ ਦੀ ਹੀ ਚਲਦੀ ਹੈ ਜਾਂ ਹਾਰੇ ਹੋਏ ਵਿਧਾਇਕ ਦੀ, ਜੋ ਹਾਕਮ ਧਿਰ ਨਾਲ ਸੰਬੰਧਤ ਹੁੰਦਾ ਹੈ। ਪਿੰਡ ਦੀ ਪੰਚਾਇਤ ਦਾ ਬੱਜਟ ਕਿੰਨਾ ਹੋਵੇਗਾ, ਉਸ ਨੂੰ ਕਿੰਨੀ ਗ੍ਰਾਂਟ ਮਿਲੇਗੀ, ਇਹ ਵਿਧਾਇਕ ਤੈਅ ਕਰਦਾ ਹੈ। ਜੇਕਰ ਕਿਸੇ ਪਿੰਡ ਦੇ ਲੋਕਾਂ ਨੇ ਉਸ ਵਿਧਾਇਕ ਨੂੰ ਵੋਟ ਨਹੀਂ ਪਾਈ ਤਾਂ ਪੰਚਾਇਤ ਦੀ ਝੋਲੀ ਖ਼ਾਲੀ ਅਤੇ ਜੇਕਰ ਵਧ ਵੋਟ ਪਾਈ ਗਈ ਤਾਂ ਸਮਝੋ ਵਿਧਾਇਕ ਦੀ ਪੂਰੀ ਕਿਰਪਾ ਉਸ ਪਿੰਡ ਉਤੇ ਹੁੰਦੀ ਹੈ। ਕੀ ਇਹ ਹਕ ਪਿੰਡ ਦੇ ਚੁਣੇ ਹੋਏ ਸਰਪੰਚ ਤੇ ਪੰਚਾਇਤ ਦਾ ਨਹੀਂ ਕਿ ਉਹ ਲੋੜਾਂ ਅਨੁਸਾਰ ਯੋਜਨਾਵਾਂ ਬਣਾਏ, ਆਮਦਨ-ਖ਼ਰਚ ਤੈਅ ਕਰੇ? ਸਰਕਾਰ ਲੋੜਾਂ ਅਨੁਸਾਰ ਪਿੰਡ ਨੂੰ ਗ੍ਰਾਂਟ ਜਾਰੀ ਕਰੇ ਅਤੇ ਪਿੰਡ ਦਾ ਵਿਕਾਸ ਹੋਵੇ । ਪਿੰਡ ਦਾ ਅਰਥਚਾਰਾ ਸੁਧਰੇ, ਪਿੰਡ ’ਚ ਛੋਟੇ ਉਦਯੋਗ ਖੁੱਲ੍ਹਣ, ਪਿੰਡ ਲੋਕਾਂ ਦੀ ਭਰਪੂਰ ਸ਼ਮੂਲੀਅਤ ਨਾਲ ਆਪਣੀ ਤਰਕੀ ਆਪ ਕਰੇ, ਇਹ ਸਭ ਕੁਝ ਤਾਂ ਉਪਰਲਿਆਂ ਨੂੰ ਪ੍ਰਵਾਨ ਹੀ ਨਹੀਂ ਹੈ? ਤਦ ਫਿਰ ਪਿੰਡ ਤਰਕੀ ਕਿਵੇਂ ਕਰੇਗਾ? ਪਿੰਡ ਖ਼ੁਸ਼ਹਾਲ ਕਿਵੇਂ ਹੋਵੇਗਾ?
ਕੇਂਦਰ ਸਰਕਾਰ ਵੱਲੋਂ ਹਰ ਵਰ੍ਹੇ ਪੰਚਾਇਤਾਂ ਲਈ ਕੋਈ ਨਾ ਕੋਈ ਲੁਭਾਉਣੀ ਯੋਜਨਾ ਬਣਾਈ ਜਾਂਦੀ ਹੈ। ਪਿਛਲੇ ਸਾਲਾਂ ’ਚ ਸਰਕਾਰ ਨੇ ਪਿੰਡਾਂ ਪ੍ਰਤੀ ਕੁਝ ਸੰਜੀਦਗੀ ਵੀ ਦਿਖਾਈ ਹੈ। ਪਿੰਡਾਂ ਦੇ ਲੋਕਾਂ ਨੂੰ ਘਟੋ-ਘਟ 100 ਦਿਨ ਦਾ ਗਰੰਟੀ ਰੁਜ਼ਗਾਰ ਦੇਣ ਵਾਲੀ ਮਗਨਰੇਗਾ ਯੋਜਨਾ ਦੀ ਰਕਮ ’ਚ ਵਾਧਾ ਕੀਤਾ ਹੈ, ਗ੍ਰਾਮ ਪੰਚਾਇਤਾਂ ਲਈ ਕਰੋੜਾਂ ਰੁਪਏ ਦੀ ਵਿਵਸਥਾ 14 ਵੇਂ ਵਿਤ ਆਯੋਗ ਰਾਹੀਂ ਕੀਤੀ ਹੈ। ਇਸ ਦੇ ਤਹਿਤ ਦੇਸ਼ ਦੀ ਹਰੇਕ ਪੰਚਾਇਤ ਨੂੰ ਗੰਦੇ ਪਾਣੀ ਦੇ ਨਿਕਾਸ, ਗਲੀਆਂ-ਨਾਲੀਆਂ ਪਕੀਆਂ ਕਰਨ ਲਈ ਇਕ ਨਿਸ਼ਚਿਤ ਰਾਸ਼ੀ ਹਰ ਵਰ੍ਹੇ ਦਿੱਤੀ ਜਾਣੀ ਤੈਅ ਹੈ। ਪਿੰਡਾਂ ’ਚ ਪੀਣ ਵਾਲੇ ਪਾਣੀ, ਗ਼ਰੀਬ ਪਰਵਾਰਾਂ ਦੇ ਘਰਾਂ ’ਚ ਟਾਇਲਟਾਂ ਦੀ ਉਸਾਰੀ ਲਈ ਉਪਰਾਲੇ ਵੀ ਹੋ ਰਹੇ ਹਨ, ਪਰ ਇਸ ਵਿਚ ਵਡੀ ਰੁਕਾਵਟ ਗ੍ਰਾਮ ਪੰਚਾਇਤਾਂ ਨੂੰ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਸੁਤੰਤਰਤਾ ਨਾ ਦੇਣਾ ਹੈ। ਮਹਾਤਮਾ ਗਾਂਧੀ ਨੇ ਦੇਸ਼ ਦੀ ਜਿਸ ਆਰਥਿਕ ਆਜ਼ਾਦੀ ਦਾ ਸੁਫ਼ਨਾ ਦੇਖਿਆ ਸੀ, ਉਸ ਦਾ ਕੇਂਦਰ-ਬਿੰਦੂ ਪਿੰਡ ਸਨ। ਉਹਨਾ ਦਾ ਮੰਨਣਾ ਸੀ ਕਿ ਦੇਸ਼ ਤਦੇ ਤਰਕੀ ਕਰੇਗਾ, ਜੇ ਪਿੰਡ ਤਰਕੀ ਕਰੇਗਾ। ਪਿੰਡ ਮੁਢਲੇ ਉਤਪਾਦਨ ਦਾ ਕੇਂਦਰ ਹਨ। ਪਿੰਡ ਉਤੇ ਹੀ ਦੇਸ਼ ਦੀ ਅਰਥ-ਵਿਵਸਥਾ ਦਾ ਬੋਝ ਹੈ, ਪਰ ਪਿੰਡ ਇਸ ਵੇਲੇ ਮਧੋਲਿਆ ਹੋਇਆ ਹੈ। ਇਸ ਦੀ ਆਰਥਿਕਤਾ ਨੀਵਾਣਾਂ ਵਲ ਹੈ। ਪਿੰਡ ਬੇਰੁਜ਼ਗਾਰੀ ਨਾਲ ਪਰੁੰਨਿਆ ਪਿਆ ਹੈ। ਪਿੰਡ ਵਿਕਾਸ ਦੇ ਪਖ ਤੋਂ ਊਣਾ ਹੈ। ਪਿੰਡ ਦੀ ਤਰਕੀ ਦੀਆਂ ਯੋਜਨਾਵਾਂ, ਪਿੰਡ ਦੇ ਸੁਧਾਰ ਲਈ ਯਤਨਾਂ ਨੂੰ ਫਲ ਤਦੇ ਲੱਗੇਗਾ, ਜੇਕਰ ਪਿੰਡ ਨਾਲ ਜੁੜੇ ਸਾਰੇ ਮੁਦੇ-ਮਸਲੇ ਗ੍ਰਾਮ ਸਭਾ ਅਤੇ ਪਿੰਡਾਂ ਦੇ ਸਰਪੰਚਾਂ, ਪੰਚਾਇਤਾਂ ਦੇ ਅਧਿਕਾਰ ਖੇਤਰ ਵਿਚ ਆਉਣਗੇ। ਨਿਹਥੀ ਪੰਚਾਇਤ, ਵਿਤੀ ਸਾਧਨਾਂ ਤੋਂ ਊਣੀ ਪੰਚਾਇਤ, ਅਧਿਕਾਰਾਂ ਤੋਂ ਵੰਚਿਤ ਪੰਚਾਇਤ ਕਿਸ ਕਿਸਮ ਦੀ ਸਥਾਨਕ ਸਰਕਾਰ ਹੈ? ਗ੍ਰਾਮ ਸਭਾਵਾਂ ਨਾਲ ਸੰਬੰਧਤ ਇਹ ਮੁਦੇ ਬਹੁਤੀ ਵੇਰ ਦੇਸ਼ ’ਚ ਕਰਵਾਏ ਜਾਂਦੇ ਸੰਮੇਲਨਾਂ ’ਚ ਜ਼ੋਰ-ਸ਼ੋਰ ਨਾਲ ਉਠਾਏ ਜਾਂਦੇ ਹਨ, ਵਿਚਾਰੇ ਵੀ ਜਾਂਦੇ ਹਨ, ਪਰ ਬਾਅਦ ਵਿਚ ਨਿਰਾਸ਼ਾ ਹੀ ਹਥ ਲਗਦੀ ਹੈ, ਕਿਉਂਕਿ ਸਰਕਾਰਾਂ ਇਹਨਾਂ ਮੁਦਿਆਂ ਪ੍ਰਤੀ ਸੰਜੀਦਾ ਨਹੀਂ ਹਨ। ਮੌਜੂਦਾ ਹਾਕਮ ਧਿਰ ਅਤੇ ਬਹੁਤੀਆਂ ਸਿਆਸੀ ਪਾਰਟੀਆਂ ਕਹਿਣ ਨੂੰ ਤਾਂ ਸਥਾਨਕ ਸਰਕਾਰਾਂ ਨੂੰ ਆਪਣੇ ਬਲਬੂਤੇ ਕੰਮ ਕਰਨ ਦੇਣ ਦੀ ਵਕਾਲਤ ਕਰਦੀਆਂ ਹਨ, ਪਰ ਅਸਲੋਂ ਉਹਨਾਂ ਦੀਆਂ ਤਾਕਤਾਂ ਨੂੰ ਖੋਰਨ ਜਾਂ ਆਪਣੇ ਹਥ ਰਖਣ ਨੂੰ ਹੀ ਤਰਜੀਹ ਦਿੰਦੀਆਂ ਹਨ।
ਪਿੰਡ ਦੀ ਗ੍ਰਾਮ ਸਭਾ ਦੇ ਜ਼ਿੰਮੇ ਵਡੇ ਕੰਮ ਹਨ : ਪਿੰਡ ਦਾ ਸਾਲਾਨਾ ਬੱਜਟ ਪਾਸ ਕਰਨਾ, ਵਿਕਾਸ ਪ੍ਰੋਗਰਾਮਾਂ ਨੂੰ ਪ੍ਰਵਾਨਗੀ ਦੇਣਾ, ਪਿੰਡ ਨਾਲ ਸੰਬੰਧਤ ਵਿਕਾਸ ਸਕੀਮਾਂ ਨੂੰ ਲਾਗੂ ਕਰਨ ਲਈ ਲਾਭ-ਪਾਤਰੀਆਂ ਦੀ ਪਛਾਣ ਕਰਵਾਉਣੀ, ਆਦਿ। ਪਿੰਡ ਦੀ ਗ੍ਰਾਮ ਸਭਾ ਵੱਲੋਂ ਚੁਣੀ ਗਈ ਅਤੇ ਸਰਕਾਰੀ ਬੱਜਟ ਵਿਚ ਨੋਟੀਫਾਈ ਕੀਤੀ ਗਈ ਗ੍ਰਾਮ ਪੰਚਾਇਤ ਮਾਨਤਾ ਪ੍ਰਾਪਤ ਸੰਸਥਾ ਹੁੰਦੀ ਹੈ, ਜਿਸ ਦੀ ਆਪਣੀ ਮੋਹਰ ਹੁੰਦੀ ਹੈ ਅਤੇ ਐਕਟ ਜਾਂ ਕਿਸੇ ਹੋਰ ਕਨੂੰਨ ਦੁਆਰਾ ਨਿਯੰਤਰਣ ਦੇ ਅਧੀਨ ਰਹਿੰਦਿਆਂ ਇਸ ਨੂੰ ਚਲ ਜਾਂ ਅਚਲ ਜਾਇਦਾਦ ਨੂੰ ਹਾਸਲ ਕਰਨ, ਰਖਣ ਅਤੇ ਪ੍ਰਬੰਧ ਚਲਾਉਣ ਜਾਂ ਤਬਦੀਲ ਕਰਨ, ਸਮਝੌਤੇ ਕਰਨ ਅਤੇ ਉਕਤ ਨਾਂਅ ਹੇਠ ਮੁਕਦਮੇ ਚਲਾਉਣ ਜਾਂ ਮੁਕਦਮਾ ਕਰਨ ਦਾ ਅਧਿਕਾਰ ਹੁੰਦਾ ਹੈ। ਭਾਵ ਕਨੂੰਨ ਅਨੁਸਾਰ ਇਹ ਸਥਾਨਕ ਸਰਕਾਰ ਹੈ, ਪਰ ਇਸ ਦੀਆਂ ਤਾਕਤਾਂ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵਲੋਂ ਸਿਧੇ-ਅਸਿਧੇ ਢੰਗ ਨਾਲ ਖੋਹੀਆਂ ਗਈਆਂ ਹਨ ਜਾਂ ਖੋਹੀਆਂ ਜਾ ਰਹੀਆਂ ਹਨ।
ਅਜ ਪੇਂਡੂ ਵਿਕਾਸ ਅਤੇ ਦੇਸ਼ ਦੀ ਭੈੜੀ ਹੋ ਰਹੀ ਆਰਥਿਕਤਾ ਨੂੰ ਥਾਂ ਸਿਰ ਕਰਨ ਲਈ ਸਥਾਨਕ ਸਰਕਾਰਾਂ ਦੀ ਮਜ਼ਬੂਤੀ ਸਮੇਂ ਦੀ ਲੋੜ ਹੈ। ਪੰਚਾਇਤਾਂ ਉਤੇ ਬੇਲੋੜਾ ਸਰਕਾਰੀ ਪ੍ਰਭਾਵ ਖ਼ਤਮ ਕੀਤਿਆਂ ਹੀ ਉਹ ਆਜ਼ਾਦਾਨਾ ਢੰਗ ਨਾਲ ਕੰਮ ਕਰ ਸਕਦੀਆਂ ਹਨ। ਇਸ ਸੰਬੰਧੀ ਸਰਪੰਚਾਂ, ਪੰਚਾਇਤਾਂ ਨੂੰ ਵੀ ਇਕ-ਜੁਟ ਹੋ ਕੇ ਸਾਰਥਕ ਕਦਮ ਪੁਟਣੇ ਹੋਣਗੇ।
ਪਿੰਡ ਆਖ਼ਿਰ ਤਰੱਕੀ ਕਿਉਂ ਨਹੀਂ ਕਰਦੇ?



