ਜੂਨ ਦਾ ਮਹੀਨਾ ਗਰਮ ਹੋਣ ਦੇ ਬਾਵਜੂਦ ਬੱਚਿਆਂ ਲਈ ਸਭ ਤੋਂ ਪਿਆਰਾ ਮਹੀਨਾ ਹੁੰਦਾ ਹੈ। ਮੌਸਮ ਦਾ ਮਿਜਾਜ਼ ਭਾਵੇਂ ਗਰਮ ਹੁੰਦਾ ਹੈ ਪਰ ਬੱਚਿਆਂ ਦੇ ਮਿਜਾਜ਼ ਵਿੱਚ ਖੁਸ਼ੀ ਦੇ ਫੁਹਾਰੇ ਮੌਸਮ ਨੂੰ ਖੁਸ਼ਗਵਾਰ ਬਣਾ ਦਿੰਦੇ ਹਨ। ਸਵੇਰੇ ਸਵੇਰੇ ਉਠਕੇ ਸਕੂਲ ਜਾਣ ਦੇ ਝੰਜਟ ਤੋਂ ਖਹਿੜਾ ਛੁਟਿਆ ਹੁੰਦਾ ਹੈ। ਖਾਣਾ, ਪੀਣਾ, ਖੇਡਣਾ, ਸੌਣਾ ਅਤੇ ਮੌਜ ਮਸਤੀ ਦਾ ਮਹੀਨਾ ਹੁੰਦਾ ਹੈ ਇਹ ਮਹੀਨਾ। ਸਾਡੇ ਵੇਲਿਆਂ ਵਿੱਚ ਛੋਟੇ ਕਸਬਿਆਂ ਵਿੱਚ ਭਾਵੇਂ ਬੱਚਿਆਂ ਲਈ ਸਮਰ ਕੈਂਪ ਨਹੀਂ ਹੁੰਦੇ ਸਨ ਪਰ ਫਿਰ ਵੀ ਅਸੀਂ ਇਨ੍ਹਾਂ ਦਿਨਾਂ ਨੂੰ ਆਪਣੇ ਤੌਰ ’ਤੇ ਹੀ ਬਹੁਤ ਆਨੰਦਮਈ ਬਣਾ ਲੈਂਦੇ ਸਾਂ। 1971-72 ਦੀਆਂ ਗਰਮੀਆਂ ਦੀਆਂ ਛੁੱਟੀਆਂ ਸਨ। ਅੱਠਵੀਂ ਵਿੱਚੋਂ ਪਾਸ ਹੋ ਕੇ ਨੌਵੀਂ ਜਮਾਤ ਵਿੱਚ ਚੜ੍ਹੇ ਸੀ। ਦਿਨ ਵੇਲੇ ਅਖਰੋਟ, ਬੰਟੇ, ਲੁਕਣਮੀਟੀ ਅਤੇ ਤਾਸ਼ ਆਦਿ ਖੇਡਾਂ ਵਿੱਚ ਮਗਨ ਰਹਿੰਦੇ ਸਾਂ ਅਤੇ ਸ਼ਾਮ ਵੇਲੇ ਸਕੂਲ ਦੇ ਮੈਦਾਨ ਵਿੱਚ ਹਾਕੀ ਖੇਡਦੇ ਸਾਂ। ਦਿਨ ਦਾ ਅੰਤ ਸਾਇਕਲਿੰਗ ਦਾ ਮਜ਼ਾ ਲੈ ਕੇ ਕਰਦੇ ਸਾਂ। ਗੱਲ ਕੀ ਦਿਨ ਤੀਆਂ ਵਰਗੇ ਗੁਜ਼ਰ ਰਹੇ ਸਨ। ਇਨ੍ਹਾਂ ਹੀ ਦਿਨਾਂ ਵਿੱਚ ਮੈਂ ਇਕ ਦੁਪਹਿਰ ਗੁਆਂਢ ਵਿੱਚ ਬਲਦੇਵ ਦੀ ਦੁਕਾਨ ਤੋਂ ਚਵੱਨੀ ਲੈ ਕੇ ਗੋਲੀਆਂ ਖਰੀਦਣ ਗਿਆ ਤਾਂ ਉਥੇ ਇਕ ਆਦਮੀ ਰੱਦੀ ਵੇਚਣ ਆਇਆ।
ਜੋ ਰੱਦੀ ਉਹ ਵੇਚ ਰਿਹਾ ਸੀ ਉਸ ਵਿੱਚ ਪੁਰਾਣੀਆਂ ਅਖਬਾਰਾਂ ਤੋਂ ਇਲਾਵਾ ਕਾਪੀਆਂ ਅਤੇ ਕਿਤਾਬਾਂ ਸਨ। ਕਿਤਾਬਾਂ ਵਿੱਚ ਅੱਧੀਆਂ ਫਟੀਆਂ ਜਿਹੀਆਂ ਤਿੰਨ ਚਾਰ ਪੰਜਾਬੀ ਦੀਆਂ ਕਿਤਾਬਾਂ ਸਨ। ਇਕ ਕਿਤਾਬ ਉ¤ਤੇ ਚੜ੍ਹੀ ਜਿਲਦ ਉ¤ਪਰ ‘ਪਵਿੱਤਰ ਪਾਪੀ’ ਲਿਖਿਆ ਸੀ ਅਤੇ ਬਾਕੀ ਦੋ ਉ¤ਪਰ ‘ਚਿੱਟਾ ਲਹੂ’ ਅਤੇ ‘ਇਕ ਮਿਆਨ ਦੋ ਤਲਵਾਰਾਂ’ ਅਤੇ ਨਾਲ ਹੀ ਇਨ੍ਹਾਂ ਦੇ ਲੇਖਕ ਦਾ ਨਾਮ ਨਾਨਕ ਸਿੰਘ ਲਿਖਿਆ ਹੋਇਆ ਸੀ। ਉਸ ਵੇਲੇ ਤੱਕ ਮੈਂ ਪੰਜਾਬੀ ਦੀਆਂ ਦੋ ਕਹਾਣੀਆਂ ਹੀ ਪੜ੍ਹੀਆਂ ਸਨ, ਇਕ ਸੰਤੋਖ ਸਿੰਘ ਧੀਰ ਦੀ ‘ਸਾਂਝੀ ਕੰਧ’ ਦੂਜੀ ਦਲੀਪ ਕੌਰ ਟਿਵਾਣਾ ਦੀ ‘ਬੱਸ ਕੰਡਕਟਰ’। ਇਹ ਕਹਾਣੀਆਂ ਵੱਡੇ ਵੀਰ ਦੇ ਸਿਲੇਬਸ ਵਿੱਚ ਲੱਗੀਆਂ ਕਿਤਾਬਾਂ ਵਿੱਚੋਂ ਪੜ੍ਹੀਆਂ ਸਨ। ਮੈਨੂੰ ਕਹਾਣੀ ਅਤੇ ਨਾਵਲ ਵਿਚਲੇ ਫਰਕ ਦਾ ਨਹੀਂ ਪਤਾ ਸੀ ਅਤੇ ਨਾ ਹੀ ਕਦੇ ਕੋਈ ਨਾਵਲ ਪੜ੍ਹਿਆ ਸੀ। ਪਤਾ ਨਹੀਂ ਕਿਉਂ ਮੇਰਾ ਧਿਆਨ ਗੋਲੀਆਂ ਜਾਂ ਬੰਟਿਆਂ ਤੋਂ ਹੱਟਕੇ ਉਨ੍ਹਾਂ ਕਿਤਾਬਾਂ ਵੱਲ ਗਿਆ ਜੋ ਦੁਕਾਨਦਾਰ ਨੇ ਰੱਦੀ ਵਿੱਚ ਖਰੀਦ ਲਈਆਂ ਸਨ।
‘‘ਮਾਸੜ ਜੀ, ਮੈਨੂੰ ਆਹ ਕਿਤਾਬਾਂ ਦੇ ਦਿਓ’’ ਉਨ੍ਹਾਂ ਵਕਤਾਂ ਵਿੱਚ ਅਜੇ ਅੰਕਲ ਆਂਟੀ ਕਹਿਣ ਦਾ ਰਿਵਾਜ ਨਹੀਂ ਸੀ ਪਿਆ।
‘‘ਪੁੱਤ, ਤੂੰ ਕੀ ਕਰੇਂਗਾ ਇਨ੍ਹਾਂ ਦਾ’’ ਬਾਸਦੇਵ ਨੇ ਪੁੱਛਿਆ।
‘‘ਪੜੂੰਗਾ’’ ਮੈਂ ਕਿਹਾ।
‘‘ਜੇ ਪੜ੍ਹੇਂਗਾ ਤਾਂ ਲੈ ਜਾ ਅਤੇ ਨਾਲ ਹੀ ਉਸ ਨੇ ਮੈਨੂੰ ਮੇਰੀ ਚਵੱਨੀ ਵੀ ਮੋੜ ਦਿੱਤੀ। ਚਵੱਨੀ 25 ਪੈਸਿਆਂ ਨੂੰ ਕਹਿੰਦੇ ਸਨ, ਅਠੱਨੀ 50 ਪੈਸਿਆਂ ਨੂੰ। ਉਨ੍ਹਾਂ ਸਮਿਆਂ ’ਚ ਪੰਜੀ ਅਤੇ ਦਸੀ ਵੀ ਚਲਦੀ ਹੁੰਦੀ ਸੀ। ਖ਼ੈਰ, ਮੈਂ ਤਿੰਨੇ ਕਿਤਾਬਾਂ ਲੈ ਆਇਆ, ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਨ੍ਹਾਂ ਨੂੰ ਨਾਵਲ ਕਹਿੰਦੇ ਹਨ। ਮੈਂ ਆ ਕੇ ‘ਪਵਿੱਤਰ ਪਾਪੀ’ ਸ਼ੁਰੂ ਕੀਤਾ। ਨਾਵਲ ਵਿੱਚ ਇੰਨਾ ਮਗਨ ਹੋਇਆ ਕਿ ਖੇਡਣਾ ਤੇ ਖਾਣਾ ਪੀਣਾ ਸਭ ਭੁੱਲ ਗਿਆ।
ਚਾਰ ਪੰਜ ਦਿਨਾਂ ਵਿੱਚ ‘ਪਵਿੱਤਰ ਪਾਪੀ’ ਖਤਮ ਹੋਇਆ ਤਾਂ ‘ਚਿੱਟਾ ਲਹੂ’ ਸ਼ੁਰੂ ਕਰ ਲਿਆ। ਨਾਵਲ ਕਾਹਦਾ ਪੜ੍ਹਣ ਲੱਗਾ ਗਰਾਊਂਡ ਜਾਣਾ ਛੱਡ ਦਿੱਤਾ। ਮਾਂ ਨੂੰ ਫਿਕਰ ਹੋਇਆ ਕਹਿਣ ਲੱਗੀ,
‘‘ਸਕੂਲ ਦਾ ਕੰਮ ਤੂੰ ਕਰਦਾ ਨੀ, ਖੇਡਣ ਤੂੰ ਜਾਂਦਾ ਨੀ, ਆਹ ਕੀ ਵਾਧੂ ਪੜ੍ਹੀ ਜਾਣਾ। ਬੰਦ ਕਰ ਇਹ। ਸਕੂਲ ਦਾ ਕੰਮ ਕਰਿਆ ਕਰ ਅਤੇ ਖੇਡਣ ਜਾਇਆ ਕਰ।’’ ਪਰ ਮੈਂ ਮਾਂ ਦਾ ਹੁਕਮ ਨਹੀਂ ਮੰਨਿਆ ਅਤੇ ਨਾਵਲ ਪੜ੍ਹਨਾ ਜਾਰੀ ਰੱਖਿਆ। ਇਉਂ ਮੈਂ ਇਹ ਤਿੰਨੇ ਨਾਵਲ ਖਤਮ ਕਰਕੇ ਇਕ ਦੋ ਹੋਰ ਕਿਤਾਬਾਂ ਵੀ ਉਸੇ ਦੁਕਾਨ ਤੋਂ ਛਾਂਟ ਲਿਆਇਆ ਤੇ ਪੜ੍ਹ ਲਈਆਂ। ਹੁਣ ਮੈਨੂੰ ਸਾਹਿਤ ਪੜ੍ਹਣਾ ਚੰਗਾ ਲੱਗਣ ਲੱਗਾ ਸੀ।
ਸਕੂਲ ਖੁੱਲ੍ਹਣ ਤੋਂ ਬਾਅਦ ਵੀ ਮੈਂ ਸਕੂਲ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਕਢਵਾ ਕੇ ਪੜ੍ਹਣ ਲੱਗਾ। ਸਕੂਲ ਦੇ ਪੰਜਾਬੀ ਦੇ ਅਧਿਆਪਕ ਗਿਆਨੀ ਗਿਆਨ ਸਿੰਘ ਤੋਂ ਵੀ ਕੁੱਝ ਕਹਾਣੀਆਂ ਦੀਆਂ ਕਿਤਾਬਾਂ ਲੈ ਕੇ ਪੜ੍ਹ ਲਈਆਂ। ਮਾਸਟਰ ਅਸ਼ਵਨੀ ਕੁਮਾਰ ਭਾਟੀਆ ਅਤੇ ਗਿਆਨੀ ਜੀ ਦੀ ਮੱਦਦ ਨਾਲ ਸਕੂਲ ਦੀ ਸਾਹਿਤ ਸਭਾ ਬਣਾਈ ਜਿਸ ਦਾ ਮੈਂ ਪ੍ਰਧਾਨ ਅਤੇ ਮਹੇਸ਼ ਸ਼ਰਮਾ ਜਨਰਲ ਸਕੱਤਰ ਬਣੇ। ਭਾਸ਼ਣ ਪ੍ਰਤੀਯੋਗਤਾ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਹੁਣ ਭਾਵੇਂ ਐਨ.ਸੀ.ਸੀ, ਭੰਗੜਾ, ਹਾਕੀ ਅਤੇ ਵਾਲੀਵਾਲ ਵੀ ਚਲਦੀ ਸੀ ਪਰ ਨਾਲ-ਨਾਲ ਸਾਹਿਤ ਪੜ੍ਹਨਾ ਵੀ ਜਾਰੀ ਰੱਖਿਆ।
‘‘ਪੁੱਤ, ਆਹ ਕੁਝ ਹੋਰ ਕਿਤਾਬਾਂ ਆਈਆਂ ਨੇ, ਸ਼ਾਇਦ ਤੇਰੇ ਕੰਮ ਦੀਆਂ ਹੋਣ’ ਇਕ ਦਿਨ ਗੁਆਂਢੀ ਦੁਕਾਨਦਾਰ ਨੇ ਮੈਨੂੰ ਅਵਾਜ਼ ਮਾਰ ਕੇ ਕਿਹਾ।
‘‘ਰਾਤ ਬਾਕੀ ਹੈ’, ‘ਹਾਲੀ’ ਅਤੇ ‘ਪਾਲੀ’ ਆਦਿ ਇਸ ਵਾਰ ਜਸਵੰਤ ਸਿੰਘ ਕੰਵਲ ਦੇ ਚਾਰ ਪੰਜ ਨਾਵਲਾਂ ਨੂੰ ਵੇਖਕੇ ਮੈਂ ਬਹੁਤ ਖੁਸ਼ ਹੋਇਆ। ਜਸਵੰਤ ਸਿੰਘ ਕੰਵਲ ਨੂੰ ਪੜ੍ਹਕੇ ਮੈਂ ਉਨ੍ਹਾਂ ਦਾ ਸ਼ੈਦਾਈ ਬਣ ਗਿਆ। ਜਦੋਂ ਮੈਂ ਸਕੂਲ ਦੀ ਪੜ੍ਹਾਈ ਖਤਮ ਕਰਕੇ ਸਰਕਾਰੀ ਕਾਲਜ ਮਲੇਰਕੋਟਲਾ ਵਿੱਚ ਦਾਖਲਾ ਲਿਆ ਤਾਂ ਉਥੇ ਮੇਰਾ ਸੰਪਰਕ ਪ੍ਰੋ. ਲਾਲ ਸਿੰਘ ਅਤੇ ਡਾ. ਆਤਮ ਹਮਰਾਹੀ ਨਾਲ ਹੋਇਆ। ਕਾਲਜ ਦੀ ਸਾਹਿਤ ਸਭਾ ਵੱਲੋਂ ਜਸਵੰਤ ਸਿੰਘ ਕੰਵਲ ਨੂੰ ਬੁਲਾਇਆ ਗਿਆ। ਮੈਂ ਜਸਵੰਤ ਸਿੰਘ ਕੰਵਲ ਬਾਰੇ ਇਕ ਲੇਖ ਲਿਖਿਆ ਜਿਹੜਾ ਕਾਲਜ ਦੇ ਮੈਗਜ਼ੀਨ ਕਲੇਰੀਅਨ ਵਿੱਚ ਛਪਿਆ, ਜਿਸ ਦਾ ਕਿ ਮੈਂ ਵਿਦਿਆਰਥੀ ਸੰਪਾਦਕ ਸਾਂ। ਇਹ ਮੇਰਾ ਪਹਿਲਾ ਲੇਖ ਸੀ ਜੋ ਛਪਿਆ ਸੀ। ਇਸ ਤੋਂ ਬਾਅਦ ਮੈਂ ਰਿਪੋਰਟਰ ਬਣਿਆ, ਸੰਪਾਦਕ ਬਣਿਆ ਅਤੇ ਪੱਤਰਕਾਰੀ ਦਾ ਪ੍ਰੋਫੈਸਰ ਬਣਿਆ। ਅੱਜ ਮੈਂ ਸੋਚਦਾ ਹਾਂ ਕਿ ਰੱਦੀ ਵਿੱਚ ਆਏ ਨਾਵਲਾਂ ਨੇ ਨਾ ਸਿਰਫ ਮੈਨੂੰ ਸਾਹਿਤ ਨਾਲ ਜੋੜਿਆ ਬਲਕਿ ਜ਼ਿੰਦਗੀ ਭਰ ਦਾ ਰੁਜ਼ਗਾਰ ਵੀ ਦਿੱਤਾ।
ਜਦੋਂ ਰੱਦੀ ਨੇ ਮੈਨੂੰ ਰੋਟੀ ਦੇ ਕਾਬਲ ਬਣਾਇਆ



