Skip to content
Independent perspectives. Global stories.
BREAKING

ਸਰਕਾਰੀ ਸਕੂਲ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਲਈ ਕਿੰਨ੍ਹੇ ਕੁ ਤਿਆਰ

Share this story

ਸਿੱਖਿਆ ਅਤੇ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣਾ ਬੇਸ਼ੱਕ ਸਰਕਾਰਾਂ ਦੀ ਮੁੱਢਲੀ ਜਿੰਮੇਵਾਰੀ ਹੈ।ਪਰ ਇਹ ਦੋਵੇ ਹੀ ਖੇਤਰ ਸਰਕਾਰੀ ਲਾਪਰਵਾਹੀ ਦਾ ਸ਼ਿਕਾਰ ਰਹੇ ਹਨ ਅਤੇ ਹੁਣ ਵੀ ਹਨ।ਸਰਕਾਰੀ ਲਾਪਰਵਾਹੀ ਦੇ ਚੱਲਦਿਆਂ ਇਹਨਾਂ ਖੇਤਰਾਂ ਵਿੱਚ ਨਿੱਜੀ ਖੇਤਰ ਨੇ ਆਪਣੇ ਪੈਰ ਬੜੀ ਮਜਬੂਤੀ ਨਾਲ ਪਸਾਰ ਲਏ ਹਨ।ਜੇਕਰ ਸਿੱਖਿਆ ਖੇਤਰ ਦੀ ਗੱਲ ਕਰੀਏ ਤਾਂ ਨਿੱਜੀ ਖੇਤਰ ਦੀਆਂ ਵਿੱਦਿਅਕ ਸੰਸਥਾਵਾਂ ਅੱਜ ਸਰਕਾਰੀ ਸੰਸਥਾਵਾਂ ਲਈ ਚੁਣੌਤੀ ਬਣ ਗਈਆਂ ਹਨ।ਨਿੱਜੀ ਖੇਤਰ ਦੀਆਂ ਸੰਸਥਾਵਾਂ ਵੱਲੋਂ ਸਰਕਾਰੀ ਖੇਤਰ ਦੀਆਂ ਸੰਸਥਾਵਾਂ ਨੂੰ ਚੁਣੌਤੀ ਦੇਣ ਦਾ ਆਲਮ ਸਕੂਲੀ ਸਿੱਖਿਆ ਤੋਂ ਲੈ ਕੇ ਕਾਲਜ ਅਤੇ ਯੂਨੀਵਰਸਿਟੀ ਸਿੱਖਿਆ ਤੱਕ ਵਿਆਪਕ ਹੈ।ਨਿੱਜੀ ਖੇਤਰ ਦੀਆਂ ਸੰਸਥਾਵਾਂ ਵੱਲੋਂ ਫੀਸਾਂ ਅਤੇ ਹੋਰ ਫੰਡਾਂ ਦੇ ਨਾਮ ਕੀਤੀ ਜਾਂਦੀ ਲੋਕਾਂ ਦੀ ਲੁੱਟ ਖਸੁੱਟ ਬਾਰੇ ਸਾਨੂੰ ਸਭ ਨੂੰ ਪਤਾ ਹੈ।ਸਕੂਲੀ ਸਿੱਖਿਆ ਦੇ ਖੇਤਰ ਵਿੱਚ ਕੀਤੀ ਜਾ ਰਹੀ ਲੁੱਟ ਖਸੁੱਟ ਦੇ ਖਿਲਾਫ ਪਿਛਲੇ ਦਿਨੀਂ ਲੋਕਾਂ ਵੱਲੋਂ ਕੀਤਾ ਸੰਘਰਸ਼ ਇਸ ਦਾ ਪ੍ਰਤੱਖ ਪ੍ਰਮਾਣ ਹੈ।
ਸਕੂਲੀ ਸਿੱਖਿਆ ਦੀ ਗੱਲ ਕਰਦਿਆਂ ਸਪੱਸ਼ਟ ਰੂਪ ਵਿੱਚ ਪਤਾ ਚੱਲਦਾ ਹੈ ਕਿ ਨਿੱਜੀ ਸਕੂਲਾਂ ਨੇ ਸਰਕਾਰੀ ਸਕੂਲਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।ਚਮਕ ਦਮਕ ਅਤੇ ਹੋਰ ਕਈ ਪ੍ਰਕਾਰ ਦੇ ਆਕਰਸ਼ਨਾਂ ਦੇ ਚੱਲਦਿਆਂ ਰੱਜਦੇ ਪੁੱਜਦੇ ਘਰਾਂ ਤੋਂ ਸ਼ੁਰੂ ਹੋਇਆ ਪ੍ਰਾਈਵੇਟ ਸਕੂਲਾਂ ‘ਚ ਬੱਚੇ ਪੜਾਉਣ ਦਾ ਆਲਮ ਹੁਣ ਆਮ ਲੋਕਾਂ ਤੱਕ ਪੁੱਜ ਗਿਆ ਹੈ।ਬੜੀ ਅਜੀਬੋ ਗਰੀਬ ਸਥਿਤੀ ਹੈ ਕਿ ਲੋਕ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਉ¤ਚ ਯੋਗਤਾਵਾਂ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਨੂੰ ਦਰਕਿਨਾਰ ਕਰਕੇ ਪ੍ਰਾਈਵੇਟ ਸਕੂਲਾਂ ਵੱਲ ਵਹੀਰਾਂ ਘੱਤ ਰਹੇ ਹਨ।ਇਹਨਾਂ ਪ੍ਰਾਈਵੇਟ ਸਕੂਲਾਂ ਵਿੱਚੋਂ ਕਈ ਤਾਂ ਮਿਆਰਾਂ ‘ਤੇ ਬਿਲਕੁੱਲ ਵੀ ਖਰਾ ਨਹੀਂ ਉ¤ਤਰਦੇ।ਕਈ ਦੁਕਾਨ ਨੁਮਾ ਪ੍ਰਾਈਵੇਟ ਸਕੂਲ ਵਿਦਿਆਰਥੀਆਂ ਦਾ ਭਵਿੱਖ ਇਸ ਕਦਰ ਖਰਾਬ ਕਰ ਦਿੰਦੇ ਹਨ ਕਿ ਬੱਚਾ ਨਾ ਘਰ ਦਾ ਰਹਿੰਦਾ ਹੈ ਅਤੇ ਨਾ ਘਾਟ ਦਾ।
ਪ੍ਰਾਈਵੇਟ ਸਕੂਲਾਂ ਵੱਲ ਲੋਕਾਂ ਦੇ ਵੱਧਦੇ ਰੁਝਾਨ ਦੀ ਬਦੌਲਤ ਸਰਕਾਰੀ ਸਕੂਲਾਂ ਦੀ ਹੋਂਦ ਹੀ ਖਤਰੇ ਵਿੱਚ ਪੈ ਗਈ ਹੈ।ਇਸ ਵਿੱਦਿਅਕ ਵਰ੍ਹੇ ਦੌਰਾਨ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੇ ਹੋਏ ਦਾਖਲਿਆਂ ਦੇ ਅੰਕੜੇ ਕਾਫੀ ਨਿਰਾਸ਼ ਕਰਨ ਵਾਲੇ ਹਨ।ਪ੍ਰਾਇਮਰੀ ਸਕੂਲਾਂ ‘ਚ ਪਹਿਲੀ ਜਮਾਤ ਅਤੇ ਸੈਕੰਡਰੀ ਸਕੂਲਾਂ ‘ਚ ਛੇਵੀਂ ਜਮਾਤ ਦੇ ਦਾਖਲਿਆਂ ਦਾ ਅੰਕੜਾ ਸਰਕਾਰੀ ਸਕੂਲਾਂ ਦੀ ਹੋਂਦ ‘ਤੇ ਸਪੱਸ਼ਟ ਰੂਪ ਵਿੱਚ ਸਵਾਲੀਆ ਚਿੰਨ ਲਗਾਉਦਾ ਹੈ।ਸੈਂਕੜਿਆਂ ਦੀ ਗਿਣਤੀ ਵਿੱਚ ਅਜਿਹੇ ਪ੍ਰਾਇਮਰੀ ਸਕੂਲ ਹਨ ਜਿਨਾਂ ‘ਚ ਵਿਦਿਆਰਥੀਆਂ ਦੀ ਗਿਣਤੀ ਵੀਹ ਤੋਂ ਘੱਟ ਹੈ ਅਤੇ ਬਹੁਤ ਸਾਰੇ ਮਿਡਲ ਸਕੂਲਾਂ ਦੀ ਵੀ ਅਜਿਹੀ ਹੀ ਹਾਲਤ ਹੈ।ਬੰਦ ਹੋਣ ਦੀ ਕਾਗਾਰ ‘ਤੇ ਖੜੇ ਇਹਨਾਂ ਸਕੂਲਾਂ ਦਾ ਸਟਾਫ ਇਸ ਵੇਲੇ ਚਿੰਤਾਂ ਦੇ ਆਲਮ ਵਿੱਚ ਹੈ।
ਸਰਕਾਰੀ ਸਕੂਲਾਂ ਤੋਂ ਲੋਕਾਂ ਦਾ ਮੋਹ ਭੰਗ ਹੋਣ ਦੇ ਕਾਰਨਾਂ ਦੀ ਸੂਚੀ ਕਾਫੀ ਲੰਬੀ ਹੈ।ਸਰਕਾਰੀ ਕਾਰਨਾਂ ਦੀ ਸੂਚੀ ਵਿੱਚ ਅਧਿਆਪਕਾਂ ਦੀ ਘਾਟ ਤੋਂ ਲੈ ਕੇ ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਅਕ ਕਾਰਜ਼ਾਂ ਤੱਕ ਬਹੁਤ ਸਾਰੇ ਕਾਰਨ ਆ ਜਾਂਦੇ ਹਨ।ਸਰਕਾਰੀ ਕਾਰਨਾਂ ਵਿੱਚੋਂ ਇੱਕ ਕਾਰਨ ਇਹ ਵੀ ਸਮਝਿਆ ਗਿਆ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੀ ਉਮਰ ਬਹੁਤ ਸਾਲਾਂ ਤੋਂ ਛੇ ਸਾਲ ਹੀ ਚੱਲੀ ਆ ਰਹੀ ਹੈ।ਹੁਣ ਜਦੋਂ ਬਦਲਦੇ ਸਮੀਕਰਨਾਂ ਦੌਰਾਨ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਜਲਦੀ ਭਾਵ ਢਾਈ ਤਿੰਨ ਸਾਲ ਦੀ ਉਮਰ ਤੋਂ ਹੀ ਸਕੂਲ ਵਿੱਚ ਦਾਖਲ ਕਰਵਾਉਣ ਦੀ ਇੱਛਾ ਰੱਖਦੇ ਹਨ,ਥਾਂ ਇਸ ਵਿੱਚ ਬਦਲਾਅ ਜਰੂਰੀ ਬਣ ਜਾਂਦਾ ਹੈ।ਬੱਚਿਆਂ ਨੂੰ ਜਲਦੀ ਸਕੂਲ ਦਾਖਲ ਕਰਵਾਉਣ ਦੀ ਮਾਪਿਆਂ ਦੀ ਇੱਛਾ ਨੂੰ ਭਲੀਭਾਂਤ ਭਾਪਦਿਆਂ ਪ੍ਰਾਈਵੇਟ ਸਕੂਲਾਂ ਨੇ ਨਰਸਰੀ ਤੋ ਐਲ ਕੇ ਜੀ ਤੱਕ ਦੀਆਂ ਕਿੰਨੀਆਂ ਹੀ ਨਵੀਆਂ ਜਮਾਤਾਂ ਈਜ਼ਾਦ ਕਰ ਲਈਆਂ ਅਤੇ ਇਸ ਦਾ ਉਹਨਾਂ ਨੂੰ ਵਿਦਿਆਰਥੀਆਂ ਦੀ ਗਿਣਤੀ ਵਧਣ ਅਤੇ ਆਰਥਿਕ ਰੂਪ ਵਿੱਚ ਖੂਬ ਲਾਹਾ ਮਿਲਿਆ ਹੈ।ਵੇਖਣ ਵਿੱਚ ਆਇਆ ਹੈ ਕਿ ਬਹੁਤ ਥੋੜੇ ਮਾਪੇ ਹਨ ਜੋ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾਉਣ ਲਈ ਆਪਣੇ ਬੱਚੇ ਦੇ ਸਕੂਲ ਦਾਖਲੇ ਲਈ ਛੇ ਸਾਲ ਦੀ ਉਮਰ ਤੱਕ ਉਡੀਕ ਕਰਨਗੇ।ਹੁੰਦਾ ਇਹ ਹੈ ਕਿ ਮਾਪੇ ਢਾਈ-ਤਿੰਨ ਵਰ੍ਹੇ ਦੀ ਉਮਰ’ਚ ਆਪਣੇ ਬੱਚੇ ਨੂੰ ਕਿਸੇ ਨਾ ਕਿਸੇ ਪ੍ਰਾਈਵੇਟ ਸਕੂਲ ਵਿੱਚ ਦਾਖਲ ਕਰਵਾ ਦਿੰਦੇ ਹਨ ਅਤੇ ਫਿਰ ਉਸ ਤੋਂ ਬਾਹਰ ਆਉਣਾ ਉਹਨਾਂ ਦੇ ਵੱਸ ਵਿੱਚ ਨਹੀਂ ਰਹਿੰਦਾ।ਇਸ ਸਾਰੇ ਘਟਨਾਕ੍ਰਮ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਅਤੇ ਅੱਗੋਂ ਇਹ ਸਿਲਸਿਲਾ ਮਿਡਲ ਅਤੇ ਹਾਈ ਸਕੂਲਾਂ ਤੱਕ ਚਲਾ ਜਾਂਦਾ ਹੈ।
ਛੋਟੀ ਉਮਰੇ ਆਪਣੇ ਬੱਚਿਆਂ ਨੂੰ ਪੜ੍ਹਨੇ ਪਾਉਣ ਦੀ ਮਾਪਿਆਂ ਦੀ ਇੱਛਾ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਦੀ ਉਮਰ ਛੇ ਸਾਲ ਤੋਂ ਘਟਾ ਕੇ ਤਿੰਨ ਸਾਲ ਕਰ ਦਿੱਤੀ ਹੈ।ਅਤੇ ਇਹਨਾਂ ਤਿੰਨ ਸਾਲ ਦੇ ਬੱਚਿਆਂ ਨੂੰ ਪੜਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਅਗਲੇ ਵਿੱਦਿਅਕ ਵਰ੍ਹੇ ਤੋਂ ਸ਼ੁਰੂ ਕੀਤੀਆਂ ਜਾਣਗੀਆਂ।ਅਗਲੇ ਵਿਦਿਅਕ ਵਰ੍ਹੇ ਤੋਂ ਸ਼ੁਰੂ ਕੀਤੀਆਂ ਜਾਣ ਵਾਲੀਆਂ ਸਰਕਾਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਵਿਦਿਆਰਥੀਆਂ ਦੇ ਦਾਖਲੇ ਇਸ ਵਰ੍ਹੇ ਅਗਲੇ ਮਹੀਨੇ ਤੋਂ ਸ਼ੁਰੂ ਕੀਤੇ ਜਾਣਗੇ।ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਸਰਕਾਰ ਦਾ ਫੈਸਲਾ ਨਿਸ਼ਚੇ ਹੀ ਸਲਾਘਾਯੋਗ ਹੈ।ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਲਈ ਸਰਕਾਰ ਨੂੰ ਕਾਫ ਢਾਚਾਂ ਤਿਆਰ ਕਰਨਾ ਪੈਣਾ ਹੈ।ਤਿੰਨ ਸਾਲ ਦੀ ਉਮਰ ਵਿੱਚ ਸਰਕਾਰੀ ਸਕੂਲ ਵਿੱਚ ਆਉਣ ਵਾਲਾ ਵਿਦਿਆਰਥੀ ਪਹਿਲੀ ਜਮਾਤ ਵਿੱਚ ਜਾਣ ਤੋਂ ਪਹਿਲਾਂ ਤਕਰੀਬਨ ਤਿੰਨ ਵਰ੍ਹੇ ਸਰਕਾਰੀ ਸਕੂਲ ਵਿੱਚ ਰਹੇਗਾ।ਇਸ ਲਈ ਸਰਕਾਰ ਨੂੰ ਅਧਿਆਪਕਾਂ ਦੀਆਂ ਨਿਯੁਕਤੀਆਂ ਤੋਂ ਲੈ ਕੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨਾ ਪਵੇਗਾ।ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ-ਨਾਲ ਇਹਨਾਂ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਲਈ ਵੀ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਉਣ ਸਮੇਤ ਬਾਕੀ ਤਮਾਮ ਸਹੂਲਤਾਂ ਜਿਵੇਂ ਕਿ ਕਿਤਾਬਾਂ ਅਤੇ ਵਰਦੀਆਂ ਆਦਿ ਵੀ ਮੁਹੱਈਆ ਕਰਵਾਉਣੀਆਂ ਪੈਣਗੀਆਂ।ਕਿਤੇ ਇਹ ਨਾ ਹੋਵੇ ਕਿ ਅਧਿਆਪਕਾਂ ਅਤੇ ਹੋਰ ਸਹੂਲਤਾਂ ਦੀ ਘਾਟ ਦੇ ਚੱਲਦਿਆਂ ਇਹ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਫੈਸਲਾ ਬੁਰ੍ਹੀ ਤਰ੍ਹਾਂ ਫਲਾਪ ਹੋ ਕੇ ਰਹਿ ਜਾਵੇ।ਅਗਲਾ ਵਿੱਦਿਅਕ ਵਰ੍ਹਾ ਸ਼ੁਰੂ ਹੋਣ ਵਿੱਚ ਹੁਣ ਜਦੋਂ ਮਹਿਜ਼ ਪੰਜ ਮਹੀਨਿਆਂ ਦਾ ਸਮਾਂ ਬਚਿਆ ਹੈ ਤਾਂ ਸਰਕਾਰ ਲਈ ਇਹ ਜਰੂਰੀ ਬਣਾ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆ ਨਿਯੁਕਤੀਆਂ ਕਰਕੇ ਸਰਕਾਰੀ ਸਕੂਲਾਂ ਲਈ ਸੰਜੀਵਨੀ ਬੂਟੀ ਸਮਾਨ ਇਸ ਫੈਸਲੇ ਨੂੰ ਸੁਹਿਰਦਤਾ ਨਾਲ ਲਾਗੂ ਕਰੇ।
ਬਿਮਾਰ ਸਰਕਾਰੀ ਸਕੂਲਾਂ ਨੂੰ ਮੁੜ ਤੋਂ ਤੰਦਰੁਸਤ ਕਰਨ ਲਈ ਸਰਕਾਰ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਹੰਭਲਾ ਮਾਰਨ ਦੀ ਜਰੂਰਤ ਹੈ ਤਾਂ ਕਿ ਉਹਨਾਂ ਦੇ ਭਵਿੱਖ ਲਈ ਚੁਣੌਤੀ ਬਣੇ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕੀਤਾ ਜਾ ਸਕੇ।

WRITTEN BY