ਅਵਾਰਾ ਕੁੱਤੇ ਸਾਡੀ ਧਰਤੀ ਤੇ ਇੱਕ ਗੰਭੀਰ ਸਮੱਸਿਆ ਹਨ ਅਤੇ ਹਰ ਇਲਾਕੇ ਵਿਚ ਅਵਾਰਾ ਕੁੱਤੇ ਮਸਤੀ ਮਾਰਦੇ ਦਿਸਦੇ ਹਨ। ਖੁੰਖਾਰ ਕੁੱਤੇ ਵੀ ਗਰੁੱਪਾਂ ਵਿਚ ਖਰੂਦ ਪਾਉਂਦੇ ਹਨ ਜਿਸ ਕਰਕੇ ਲੋਕਾਂ ਵਿਚ ਦਹਿਸ਼ਤ ਪਈ ਹੋਈ ਹੈ ਅਤੇ ਰਾਹਗੀਰ ਜਾਂਦੇ ਆਉਂਦੇ ਘਬਰਾਉਂਦੇ ਹਨ। ਬੀਤੇ ਸਮੇਂ ਵਿਚ ਜਦੋਂ ਕਦੇ ਲੋਕ ਕੁੱਤਿਆਂ ਤੋਂ ਦੁਖੀ ਹੁੰਦੇ ਸਨ ਤਾਂ ਉਨ੍ਹਾਂ ਕੁੱਤਿਆਂ ਨੂੰ ਦਵਾਈ ਪਾ ਕੇ ਮਾਰ ਦਿੱਤਾ ਜਾਂਦਾ ਸੀ। ਕਾਇਦੇ ਕਾਨੂੰਨ ਬਣ ਗਏ ਜਿਸ ਕਰਕੇ ਅਜੌਕੇ ਸਮੇਂ ਵਿਚ ਜਾਨਵਰਾਂ ਨੂੰ ਨਹੀਂ ਮਾਰਿਆ ਜਾ ਸਕਦਾ। ਉਨ੍ਹਾਂ ਦੀ ਵਧਦੀ ਅਬਾਦੀ ਚਿੰਤਾ ਦਾ ਕਾਰਨ ਹੈ। ਲੋਕਾਂ ਨੇ ਆਪਣੇ ਘਰਾਂ ਦੀ ਰਾਖੀ ਲਈ ਕੁੱਤੇ ਪਾਲੇ ਹੋਏ ਹਨ ਅਤੇ ਅਕਸਰ ਹੀ ਕੁੱਤਿਆਂ ਨੂੰ ਘਰੋਂ ਬਾਹਰ ਜੰਗਲ ਪਾਣੀ ਲਈ ਲਿਜਾਂਦੇ ਹਨ । ਦੂਸਰੇ ਦੇ ਘਰ ਦੇ ਬਾਹਰ ਅਤੇ ਗਲੀ ਮੁਹੱਲੇ ਵਿਚ ਕੁੱਤੇ ਗਲੀਆਂ ਵਿਚ ਗੰਦ ਮਾਰਦੇ ਹਨ ਅਤੇ ਲੜ੍ਹਾਈ ਲਈ ਮਹੌਲ ਬਣ ਜਾਂਦਾ ਹੈ। ਮਲਮੂਤਰ ਦੀ ਸੰਭਾਲਣ ਦੀ ਜੁੰਮੇਵਾਰੀ ਕੁੱਤੇ ਦੇ ਮਾਲਕ ਦੀ ਹੈ। 90 ਫ਼ੀਸਦੀ ਮਾਲਕ ਆਪਣੇ ਘਰ ਦੇ ਸਾਹਮਣੇ ਨਹੀਂ ਪਰ ਦੂਜੇ ਦੇ ਘਰਾਂ ਸਾਹਮਣੇ ਗਲੀਆਂ ਵਿਚ ਗੰਦ ਪਾ ਕੇ ਮੁੜਦੇ ਹਨ। ਚੰਗਾ ਹੋਵੇ ਜੇਕਰ ਘਰਾਂ ਦੇ ਬਾਹਰ ਗੇਟ ਤੇ ਇਹ ਜਰੂਰ ਲਿਖਿਆ ਜਾਵੇ ਕਿ ਕੁੱਤਿਆਂ ਤੋਂ ਬਚੋ। ਲੋਕ ਸੁਚੇਤ ਹੋ ਜਾਣਗੇ। ਅਵਾਰਾ ਕੁੱਤੇ ਹੰਡਾਰੋੜੀ ਤੋਂ ਮਾਸ, ਖੂਨ ਅਤੇ ਹੱਡ ਖਾਣ ਲਈ ਜਾਂਦੇ ਹਨ ਅਤੇ ਉਹ ਖੂਨ ਮਾਸ ਖਾਣ ਦੇ ਆਦੀ ਹੋਏ ਹੁੰਦੇ ਹਨ। ਇਸੇ ਕਰਕੇ ਉਹ ਖੂੰਖਾਰ ਹਨ ਅਤੇ ਹਰ ਸਮੇਂ ਮਾਸ ਖੂਨ ਭਾਲਦੇ ਹਨ। ਸੁੰਨਸਾਨ ਥਾਵਾਂ ਤੇ ਕੁੱਤੇ ਮਨੱਖਾਂ ਦੇ ਮਗਰ ਪੈ ਜਾਂਦੇ ਹਨ। ਕੁੱਤੇ ਮੀਟ ਦੀਆਂ ਦੁਕਾਨਾਂ ਅਤੇ ਖੋਖਿਆਂ ਦੇ ਆਸੇ ਪਾਸੇ ਪਈ ਮਾਸ ਦੀ ਰਹਿੰਦ ਖੁੰਹਦ ਖਾ ਖਾ ਕੇ ਖੂੰਖਾਰ ਹੁੰਦੇ ਜਾ ਰਹੇ ਹਨ ਅਤੇ ਉਹ ਮਾਸ ਤੇ ਖੂਨ ਦੀ ਭੁੱਖ ਰੱਖਦੇ ਹਨ। ਪਿੰਡਾਂ ਤੋਂ ਸ਼ਹਿਰਾਂ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਦਿਨ ਰਾਤ ਕੁੱਤਿਆਂ ਦਾ ਕਹਿਰ ਸਤਾਉਂਦਾ ਹੈ ਅਤੇ ਕਦੇ ਵੀ ਕੋਈ ਉਨ੍ਹਾਂ ਦੀ ਲਪੇਟ ਵਿਚ ਆ ਸਕਦਾ ਹੈ। ਇੱਕਲੀ ਜਾਨ ਅਤੇ ਕਈ ਕੁੱਤੇ ਆ ਧਮਕਣ ਤਾਂ ਬਚਣਾ ਮੁਸ਼ਕਿਲ ਹੈ। ਕੁੱਤੇ ਤੋਂ ਰੈਬੀਜ਼ ਬੀਮਾਰੀ ਹੋ ਸਕਦੀ ਹੈ ਅਤੇ ਇਹ ਅਵਾਰਾ ਕੁੱਤਿਆਂ ਦੇ ਕੱਟਣ ਅਤੇ ਘਰੂੰਡ ਵੱਡਣ ਨਾਲ ਹੁੰਦੀ ਹੈ। ਜਦੋਂ ਵਾਇਰਸ ਨਰਵਸ ਸਿਸਟਮ ਤੱਕ ਚਲਾ ਜਾਵੇ ਤਾਂ ਬੰਦੇ ਦੀ ਮੌਤ ਵੀ ਹੋ ਸਕਦੀ ਹੈ।
ਵੱਡਣ ਵਾਲੇ ਕੁੱਤੇ ਦੀ ਪਛਾਣ ਕੀਤੀ ਜਾਵੇ ਕਿ ਉਸਦੇ ਮੂਹ ਵਿਚ ਲਾਰ ਵਗਦੀ ਹੈ, ਮੂੰਹ ਖੁੱਲਾ ਹੈ, ਕੰਨ ਲਟਕੇ ਹੋਏ ਹਨ, ਪੂਛ ਇਕੱਠੀ ਹੋਈ ਹੈ। ਜੇਕਰ ਅਜਿਹੇ ਚਿੰਨ ਪਛਾਣ ਹਨ ਤਾਂ ਅਜਿਹੇ ਕੁੱਤਿਆਂ ਤੋਂ ਬਚੋ। ਜੇਕਰ ਕਦੇ ਕੁੱਤਾ ਕੱਟ ਜਾਵੇ ਤਾਂ ਘਬਰਾਉਣ ਦੀ ਲੋੜ ਨਹੀਂ। ਜ਼ਖ਼ਮ ਨੂੰ ਸਾਬਣ ਲਾਲ ਧੋਵੋ, ਫਿਰ ਐਂਟੀਸੈਪਟਿਕ ਲਾਓ ਅਤੇ ਨੇੜੇ ਦੇ ਹਸਪਤਾਲ ਵਿਚ ਜਾ ਕੇ ਨੂੰ ਡਾਕਟਰ ਕੋਲ ਦਿਖਾਓ। ਅਵਾਰਾ ਕੁੱਤਿਆਂ ਦੇ ਮਾਮਲੇ ਵਿਚ ਠੋਸ ਕਦਮ ਚੁੱਕਣ ਦੀ ਲੋੜ ਹੈ। ਸਮਾਜਸੇਵੀ ਸੰਸਥਾਵਾਂ ਰਲਕੇ ਅੱਗੇ ਆਉਣ ਅਤੇ ਪ੍ਰਸ਼ਾਸ਼ਨ ਨਾਲ ਮਿਲਕੇ ਸਦੀਵੀ ਹੱਲ ਕੱਢਣ।
ਅਵਾਰਾ ਕੁੱਤਿਆਂ ਦੇ ਮਾਮਲੇ ’ਚ ਠੋਸ ਕਦਮ ਚੁੱਕਣ ਦੀ ਲੋੜ



