Skip to content
Independent perspectives. Global stories.
BREAKING

ਗਲ, ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਜਾਲ ਦੀ

Share this story

ਇਸ ਵਿੱਚ ਕੋਈ ਸ਼ਕ ਨਹੀਂ ਕਿ ਅੱਜ ਦੇਸ਼ ਦਾ ਹਰ ਵਿਅਕਤੀ, ਜੋ ਭ੍ਰਿਸ਼ਟਾਚਾਰ-ਪੀੜਤ ਹੈ, ਉਸਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ ਕੁਝ ਵੀ ਕਰ-ਗੁਜ਼ਰਨ ਲਈ ਤਿਆਰ ਹੈ! ਪ੍ਰੰਤੂ ਇਸਦੇ ਨਾਲ ਹੀ ਇਹ ਸੁਆਲ ਵੀ ਉਠਦਾ ਹੈ ਕਿ ਕੀ ਰਾਜਸੀ ਮੁੱਦਾ ਬਣਾ, ਇਸ ਭ੍ਰਿਸ਼ਟਾਚਾਰ ਨਾਮੀ ਰੋਗ ਤੋਂ ਛੁਟਕਾਰਾ ਹਾਸਲ ਕੀਤਾ ਜਾ ਸਕਦਾ ਹੈ? ਸਖਤ ਤੋਂ ਸਖਤ ਕਾਨੂੰਨ ਬਣਾਉਣ ਨਾਲ ਜਾਂ ਫਿਰ ਅਦਾਲਤਾਂ ਵਲੋਂ ਦਖ਼ਲ ਦਿੱਤੇ ਜਾਣ ਜਾਂ ਫਿਰ ਉ¤ਚ-ਅਧਿਕਾਰ ਪ੍ਰਾਪਤ ਕਮੇਟੀਆਂ ਬਣਾ, ਇਸ (ਭਰਿਸ਼ਟਾਚਾਰ) ਮੁੱਦੇ ਨੂੰ ਨੱਥ ਪਾਈ ਜਾ ਸਕਦੀ ਹੈ?
ਇਹ ਹੀ ਨਹੀਂ ਇਸਦੇ ਨਾਲ ਕੁਝ ਹੋਰ ਵੀ ਕਈ ਸੁਆਲ ਅਜਿਹੇ ਜਨ, ਜਿਨ੍ਹਾਂ ਦਾ ਜੁਆਬ ਤਲਾਸ਼ ਕਰ ਪਾਣਾ ਸਹਿਜ ਨਹੀਂ। ਕਾਨੂੰਨੀ ਮਾਹਿਰਾਂ ਅਨੁਸਾਰ ਦੇਸ ਵਿੱਚ ਪਹਿਲਾਂ ਤੋਂ ਹੀ ਕਈ ਅਜਿਹੇ ਕਾਨੂੰਨ ਮੌਜੂਦ ਹਨ, ਜਿਨ੍ਹਾਂ ਦੇ ਸਹਾਰੇ ਭ੍ਰਿਸਟਾਚਾਰੀਆਂ ਅਤੇ ਟੈਕਸ-ਚੋਰਾਂ ਨੂੰ ਕਰੜੀ ਸਜ਼ਾ ਦੁਆਈ ਜਾ ਸਕਦੀ ਹੈ। ਪਰ ਕੀ ਅਜਿਹਾ ਹੋ ਪਾ ਰਿਹਾ ਹੈ? ਕਾਫੀ ਸਮਾਂ ਹੋਇਐ ਪ੍ਰਿੰਟ ਮੀਡੀਆ ਵਿੱਚ ਛਪੀ ਇੱਕ ਖਬਰ ਨਜ਼ਰਾਂ ਵਿੱਚ ਆਈ ਸੀ, ਜਿਸ ਵਿੱਚ ਦਸਿਆ ਗਿਆ ਸੀ ਕਿ ਇੱਕ ਕਾਂਗ੍ਰਸੀ ਸਾਂਸਦ ਨੇ ਸੁਪ੍ਰੀਮ ਕੋਰਟ ਦੇ ਇੱਕ ਜੱਜ ਪੁਰ ਦੋਸ਼ ਲਾਇਆ ਹੈ ਕਿ ਉਸਨੇ ਕੇਰਲ ਵਿੱਚ ਚਾਰ ਬਾਰ-ਮਾਲਕਾਂ ਦੇ ਲਾਇਸੈਂਸ ਜਾਰੀ ਰਖਣ ਲਈ ਇੱਕ ਮੋਟੀ ਰਕਮ ਰਿਸ਼ਵਤ ਵਜੋਂ ਲਈ ਹੈ। ਇਸੇ ਤਰ੍ਹਾਂ ਉਨ੍ਹਾਂ ਦਿਨਾਂ ਵਿੱਚ ਹੀ ਇੱਕ ਨਿਜੀ ਟੀਵੀ ਚੈਨਲ ਵਲੋਂ ਇੱਕ ਸਾਬਕਾ ਚੀਫ ਜਸਟਿਸ ਦੇ ਦਾਮਾਦ ਪੁਰ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਦਾ ਦੋਸ਼ ਲਾਇਆ ਗਿਆ। ਦਸਿਆ ਗਿਆ ਕਿ ਚਾਰ ਸਾਲ ਪਹਿਲਾਂ ਉਸਨੇ ਚੋਣ ਕਮਿਸ਼ਨ ਕੋਲ ਜੋ ਹਲਫੀਆ ਬਿਆਨ ਦਾਖਲ ਕੀਤਾ ਸੀ, ਉਸ ਵਿੱਚ ਉਸਨੇ ਆਪਣੇ ਪਾਸ ਕੋਈ ਵੀ ਜ਼ਮੀਨ ਨਾ ਹੋਣ ਅਤੇ ਬਹੁਤ ਹੀ ਘਟ ਬੈਂਕ ਬੈਲੰਸ ਹੋਣ ਦਾ ਦਾਅਵਾ ਕੀਤਾ ਸੀ। ਪਰ ਹੁਣ ਉਹ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ।
ਇਹ ਖਬਰਾਂ ਪੜ੍ਹਨ ਦੇ ਨਾਲ ਹੀ ਕਾਫੀ ਸਮਾਂ ਪਹਿਲਾਂ ਦੀ ਇੱਕ ਘਟਨਾ ਦੀ ਯਾਦ ਆ ਗਈ। ਗਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਸੁਪ੍ਰੀਮ ਕੋਰਟ ਵਿੱਚ ਕੁਝ ਕਥਤ ਖਾੜਕੂਆਂ ਦੇ ਮਾਮਲੇ ਵਿਚਾਰ-ਅਧੀਨ ਚਲ ਰਹੇ ਸਨ। ਜਿਸ ਦਿਨ ਉਨ੍ਹਾਂ ਨਾਲ ਸਬੰਧਤ ਕਿਸੇ ਮਾਮਲੇ ਦੀ ਸੁਣਵਾਈ ਹੁੰਦੀ ਤਾਂ ਉਸਦੀ ਰਿਪੋਰਟ ਲੈਣ ਲਈ ਇੱਕ ਦੈਨਿਕ ਪੰਜਾਬੀ ਅਖਬਾਰ ਦੇ ਰਿਪੋਰਟਰ ਵਜੋਂ ਸੁਪ੍ਰੀਮ ਕੋਰਟ ਦਾ ਚੱਕਰ ਲਾਣ ਲਈ ਜਾਣਾ ਹੁੰਦਾ ਸੀ। ਇੱਕ ਦਿਨ ਜਿਸ ਸਮੇਂ ਕੋਰਟ ਪੁਜਾ ਤਾਂ ਉਸ ਸਮੇਂ ਤਕ ਸੰਬੰਧਤ ਐਡਵੋਕੇਟ ਕਿਸੇ ਹੋਰ ਕੇਸ ਦੀ ਪੈਰਵੀ ਕਰਨ ਗਿਆ, ਅਦਾਲਤ ਵਿਚੋਂ ਵਾਪਸ ਨਹੀਂ ਸੀ ਪਰਤਿਆ, ਜਿਸ ਕਾਰਣ ਇੰਤਜ਼ਾਰ ਕਰਨ ਲਈ ਉਸਦੇ ਗੁਆਂਢ ਦੇ ਚੈਂਬਰ ਵਿੱਚਲੇ ਐਡਵੋਕੇਟ, ਜੋ ਪਹਿਲਾਂ ਤੋਂ ਹੀ ਜਾਣੂ ਸਨ, ਕੋਲ ਜਾ ਬੈਠਾ। ਅਜੇ ਉਨ੍ਹਾਂ ਨਾਲ ਦੁਆ-ਸਲਾਮ ਹੀ ਹੋਈ ਸੀ ਕਿ ਇੱਕ ਸਜਣ ਆਏ ਜੋ ਆਪਣੇ ਕੇਸ ਦੀ ਫਾਈਲ ਉਨ੍ਹਾਂ ਨੂੰ ਸੌਂਪ, ਕਹਿਣ ਲਗੇ ਕਿ ਗਲ ਹੋ ਗਈ ਹੈ। ਇਹ ਕੇਸ ‘ਫਲਾਂ’ ਦਿਨ ਰਜਿਸਟਰਾਰ ਪਾਸ ਜਮ੍ਹਾ ਕਰਵਾਣਾ, ਉਸ ਦਿਨ ਇਹ ਕੇਸ ਦਾਖਲ ਕਰਨ ਨਾਲ, ਇਹ ‘ਫਲਾਂ’ ਜੱਜ ਪਾਸ ਲਗੇਗਾ ਅਤੇ ਕੇਸ ਦੇ ਉਥੇ ਲਗਣ ਨਾਲ ਫੈਸਲਾ ਆਪਣੇ ਹਕ ਵਿੱਚ ਆ ਜਾਇਗਾ।
ਉਨ੍ਹਾਂ ਹੀ ਦਿਨਾਂ ਵਿੱਚ ਇੱਕ ਹੋਰ ਖਬਰ ਆਈ। ਜਿਸ ਵਿੱਚ ਦਸਿਆ ਗਿਆ ਸੀ ਕਿ ਸੁਪ੍ਰੀਮ ਕੋਰਟ ਦੇ ਇੱਕ ਵਿਦਵਾਨ ਜੱਜ ਨੇ ਸੀਨੀਅਰ ਐਡਵੋਕੇਟਾਂ ਨੂੰ ਡਾਂਟਦਿਆਂ ਕਿਹਾ ਕਿ ਉਹ ਪੈਸੇ ਦੇ ਲਾਲਚ ਵਿੱਚ ਆ ਆਪਣੇ ਮੁਵਕਿਲਾਂ ਨੂੰ ਗ਼ਲਤ ਸਲਾਹਵਾਂ ਨਾ ਦਿੱਤਾ ਕਰਨ। ਉਨ੍ਹਾਂ ਕਿਹਾ ਕਿ ਇਹ ਆਮ ਵੇਖਣ ਵਿੱਚ ਆ ਰਿਹਾ ਹੈ ਕਿ ਭਰਿਸ਼ਟਾਚਾਰੀ ਮੁਵਕਿਲਾਂ, ਵਕੀਲਾਂ ਅਤੇ ਜੱਜਾਂ ਦਾ ਗਠਜੋੜ ਬਣ ਗਿਆ ਹੋਇਆ ਹੈ। ਅਦਾਲਤ ਦੀ ਇਸ ਟਿਪੱਣੀ ਬਾਰੇ ਜਦੋਂ ਘੋਖ ਕੀਤੀ ਗਈ ਤਾਂ ਇਹ ਤੱਥ ਉਭਰ ਕੇ ਸਾਹਮਣੇ ਆਇਆ ਕਿ ਭਰਿਸ਼ਟਾਚਾਰ ਆਦਿ ਅਪ੍ਰਾਧਕ ਮਾਮਲਿਆਂ ਦੇ ਚਲਦੇ ਕੇਸਾਂ ਨੂੰ ਲਟਕਾਈ ਰੱਖਣ ਦੇ ਉਦੇਸ਼ ਨਾਲ ਮੁਵਕਿਲ, ਐਡਵੋਕੇਟ ਅਤੇ ਜੱਜ ਵਿੱਚਕਾਰ ਆਪਸੀ ਸਾਂਝ ਬਣ ਜਾਂਦੀ ਹੈ। ਜਿਸਦੇ ਚਲਦਿਆਂ ਮੁਵਕਿਲ ਕੇਸ ਨੂੰ ਲਟਕਾਈ ਰਖਣ ਲਈ ਤਾਰੀਖ ਤੇ ਤਾਰੀਖ ਲੈਂਦਿਆਂ ਰਹਿਣਾ ਚਾਹੁੰਦਾ ਹੈ ਅਤੇ ਐਡਵੋਕੇਟ ਜੱਜ ਨਾਲ ਪਈ ਸਾਂਝ ਦੇ ਆਧਾਰ ਤੇ ਉਸਨੂੰ ਤਾਰੀਖ ਤੇ ਤਾਰੀਖ ਲੈ ਕੇ ਦਈ ਚਲਾ ਜਾਂਦਾ ਹੈ। ਇਥੇ ਇਹ ਗਲ ਵੀ ਵਰਨਣਯੋਗ ਹੈ ਕਿ ਆਮ ਤੋਰ ਤੇ ਹਾਈ ਕੋਰਟ ਅਤੇ ਸੁਪ੍ਰੀਮ ਕੋਰਟ ਦੇ ਐਡਵੋਕੇਟ ਕੇਸ ਦੇ ਹਿਸਾਬ ਨਾਲ ਨਹੀਂ, ਸਗੋਂ ਤਾਰੀਖ ਤੇ ਪੇਸ਼ ਹੋਣ ਦੇ ਆਧਾਰ ਤੇ ਫੀਸ ਲੈਂਦੇ ਹਨ।
ਕੁਝ ਹੀ ਵਰ੍ਹੇ ਪਹਿਲਾਂ ਦੀ ਗਲ ਹੈ ਦੇਸ਼ ਦੇ ਸਾਂਸਦਾਂ ਵਲੋਂ ਸੰਸਦ ਵਿੱਚ ਸੁਆਲ ਪੁਛੇ ਜਾਣ ਲਈ ਮੋਟੀਆਂ ਰਕਮਾਂ ਲੈਣ ਦੀ ਚਰਚਾ ਬੜੇ ਜ਼ੋਰ-ਸ਼ੋਰ ਨਾਲ ਚਲੀ ਸੀ। 11 ਸੰਸਦ ਮੈਂਬਰਾਂ ਵਿਰੁਧ ਦੋਸ਼ ਸਾਬਤ ਹੋਣ ਕਾਰਣ, ਉਨ੍ਹਾਂ ਦੀ ਸੰਸਦ ਦੀ ਮੈਂਬਰੀ ਰੱਦ ਕਰ ਦਿੱਤੀ ਗਈ ਸੀ। ਉਸ ਸਮੇਂ ਭਾਜਪਾ ਨੇ ਇਸ ਸਜ਼ਾ ਨੂੰ ਬਹੁਤ ਜ਼ਿਆਦਾ ਕਰਾਰ ਦਿੱਤਾ ਸੀ, ਕਿਉਂਕਿ ਇਨ੍ਹਾਂ ਵਿਚੋਂ ਬਹੁਤੇ ਉਸਦੇ ਆਪਣੇ ਸਾਂਸਦ ਸਨ। ਜਿਥੋਂ ਤਕ ਸੁਆਲ ਬਦਲੇ ਪੈਸੇ ਲੈਣ ਦਾ ਸੰਬੰਧ ਹੈ, ਉਸ ਬਾਰੇ ਕਿਹਾ ਜਾਂਦਾ ਹੈ ਕਿ ਦੇਸ ਦੇ ਵੱਡੇ-ਵੱਡੇ ਧਨਾਢ ਆਪਣੇ ਵਪਾਰਕ ਹਿਤਾਂ ਦੀ ਖਾਤਰ ਸਾਂਸਦਾਂ ਨਾਲ ਪੱਕੀ ਸਾਂਝ ਪਾ ਲੈਂਦੇ ਹਨ। ਉਹ ਸਮੇਂ-ਸਮੇਂ ਉਨ੍ਹਾਂ ਪਾਸੋਂ ਸੰਸਦ ਵਿੱਚ ਅਜਿਹੇ ਸੁਆਲ ਪੁਛਵਾਂਦੇ ਰਹਿੰਦੇ ਹਨ, ਜੋ ਸਰਕਾਰ ਦੀਆਂ ਉਨ੍ਹਾਂ ਭਵਿਖ ਦੀਆਂ ਨੀਤੀਆਂ ਨਾਲ ਸੰਬੰਧਤ ਹੁੰਦੇ ਹਨ, ਜਿਨ੍ਹਾਂ ਦਾ ਪ੍ਰਭਾਵ ਉਨ੍ਹਾਂ ਦੇ ਕਾਰੋਬਾਰ ਤੇ ਪੈ ਸਕਦਾ ਹੈ। ਚਰਚਾ ਤਾਂ ਇਹ ਵੀ ਸੁਣਨ ਨੂੰ ਮਿਲਦੀ ਰਹੀ ਕਿ ਅਜਿਹੇ ਧਨਾਢ ਉਨ੍ਹਾਂ ਸਾਂਸਦਾਂ ਨੂੰ ਆਪੋ ਵਿੱਚ ਵੰਡ ਲੈਂਦੇ ਹਨ, ਜੋ ਇਸ ਕੰਮ ਵਿੱਚ ਉਨ੍ਹਾਂ ਦੇ ਮਦਦਗਾਰ ਸਾਬਤ ਹੋ ਸਕਦੇ ਹਨ।
ਪਿਛਲੇ ਦਿਨੀਂ ਵਿਧਾਨ ਸਭਾਵਾਂ ਦੀਆਂ ਹੋਈਆਂ ਚੋਣਾਂ ਵਿੱਚ, ਜਿਤਣ ਵਾਲਿਆਂ ਦੇ ਜੋ ਅੰਕੜੇ ਮੀਡੀਆ ਵਿੱਚ ਆਏ, ਉਨ੍ਹਾਂ ਅਨੁਸਾਰ ਨਵੇਂ ਚੁਣੇ ਗਏ ਕਈ ਵਿਧਾਇਕ ਅਜਿਹੇ ਹਨ, ਜਿਨ੍ਹਾਂ ਵਿਰੁਧ ਗੰਭੀਰ ਅਪ੍ਰਾਧਕ ਮਾਮਲੇ ਚਲ ਰਹੇ ਹਨ, ਜਿਨ੍ਹਾਂ ਵਿੱਚ ਕਤਲ ਕਰਨ, ਕਤਲ ਦੀ ਕੌਸ਼ਿਸ਼ ਕਰਨ ਅਤੇ ਅਗਵਾ ਕਰਨ ਦੇ ਮਾਮਲੇ ਮੁੱਖ ਰੂਪ ਵਿੱਚ ਹਨ। ਇਹ ਵੀ ਦਸਿਆ ਜਾਂਦਾ ਹੈ ਕਿ ਇਸ ਸਮੇਂ ਸੰਸਦ ਵਿੱਚ ਅੱਧੇ ਸੈਂਕੜੇ ਤੋਂ ਵੀ ਵੱਧ ਅਜਿਹੇ ਮੈਂਬਰ ਅਜਿਹੇ ਹਨ, ਜਿਨ੍ਹਾਂ ਵਿਰੁਧ ਗੰਭੀਰ ਅਪ੍ਰਾਧਕ ਮਾਮਲੇ ਅਦਾਲਤਾਂ ਵਿੱਚ ਚਲ ਰਹੇ ਹਨ।
ਕੌਣ ਨਹੀਂ ਜਾਣਦਾ ਕਿ ਨਗਰਪਾਲਿਕਾਵਾਂ, ਵਿਧਾਨ ਸਭਾਵਾਂ, ਲੋਕਸਭਾ ਅਤੇ ਰਾਜਸਭਾ ਤਕ ਦੀਆਂ ਚੋਣਾਂ ਵਿੱਚ ਹੀ ਨਹੀਂ, ਸਗੋਂ ਧਾਰਮਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੀ ਦੋ-ਨੰਬਰ ਦਾ ਪੈਸਾ ਖੁਲ੍ਹ ਕੇ ਵਰਤਿਆ ਜਾਂਦਾ ਹੈ। ਕੀ ਰਾਜਸੀ ਪਾਰਟੀਆਂ, ਵਿਸ਼ੇਸ਼ ਕਰਕੇ ਉਨ੍ਹਾਂ ਦੇ ਆਗੂ, ਜੋ ਭਰਿਸ਼ਟਾਚਾਰ ਖਤਮ ਕਰਨ ਦੇ ਨਾਂ ਤੇ ਵੱਡੇ-ਵੱਡੇ ਦਾਅਵੇ ਕਰ ਲੋਕਾਂ ਨੂੰ ਗੁਮਰਾਹ ਕਰਦੇ ਰਹਿੰਦੇ ਹਨ, ਆਪਣੇ ਆਪਨੂੰ ਇਮਾਨਦਾਰ ਸਾਬਤ ਕਰਨ ਲਈ, ਆਪਣੀ ਪਾਰਟੀ ਦੇ ਅਜਿਹੇ ਭਰਿਸ਼ਟਾਚਾਰੀ ਪਾਰਸ਼ਦਾਂ, ਵਿਧਾਇਕਾਂ ਅਤੇ ਸਾਂਸਦਾਂ ਜਾਂ ਧਾਰਮਕ ਸੰਸਥਾਵਾਂ ਦੇ ਮੈਂਬਰਾਂ ਨੂੰ ਪਾਰਟੀ ਵਿਚੋਂ ਕਢ, ਉਨ੍ਹਾਂ ਨੂੰ ਮੈਂਬਰੀਆਂ ਤੋਂ ਅਸਤੀਫੇ ਦੇਣ ਦੀ ਹਿਦਾਇਤ ਕਰਨ ਲਈ ਤਿਆਰ ਹੋਣਗੇ? ਸ਼ਾਇਦ ਨਹੀਂ, ਕਿਉਂਕਿ ਉਨ੍ਹਾਂ ਆਪ ਵੀ ਤਾਂ ਪਾਰਸ਼ਦ, ਵਿਧਾਇਕ ਜਾਂ ਸਾਂਸਦ ਬਣਨ ਲਈ ਅਜਿਹੇ ਹੀ ਹੱਥਕੰਡੇ ਵਰਤੇ ਹੁੰਦੇ ਹਨ। ਮਤਲਬ ਇਹ ਕਿ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ। ਕੇਵਲ ਦਿਖਾਵੇ ਦੇ ਹੀ ਦੁੱਧ ਧੋਤੇ ਹੋਣ ਦਾ ਨਾਟਕ ਕਰਦੇ ਰਹਿੰਦੇ ਹਨ।
ਬੈਂਕਾਂ ਵਿੱਚ ਬੇਨਾਮੀ ਧਨ : ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੂੰ, ਉਸ ਵਲੋਂ ਆਰ ਟੀ ਆਈ ਰਾਹੀਂ ਮੰਗੀ ਗਈ ਜਾਣਕਾਰੀ ਦੇ ਜਵਾਬ ਵਿੱਚ ਦਸਿਆ ਗਿਆ ਕਿ 31 ਦਸੰਬਰ, 2009 ਤਕ ਬੈਂਕਾਂ ਵਿੱਚ ਤਕਰੀਬਨ 1300 ਕਰੋੜ ਰੁਪਿਆ ਅਜਿਹਾ ਪਿਆ ਹੋਇਆ ਸੀ, ਜਿਸਦਾ ਕਈ ਸਾਲਾਂ ਤੋਂ ਕੋਈ ਦਾਅਵੇਦਾਰ ਸਾਹਮਣੇ ਨਹੀਂ ਸੀ ਆ ਰਿਹਾ। ਇਹ ਅਨ-ਕਲੇਮਡ ਪੈਸਾ 1,74,38,100 ਖਾਤਿਆਂ ਵਿੱਚ ਜਮ੍ਹਾ ਸੀ। ਦਸਿਆ ਜਾਂਦਾ ਹੈ ਕਿ ਨਵੰਬਰ-1989 ਵਿੱਚ ਰੀਜ਼ਰਵ ਬੈਂਕ ਨੇ ਬੈਂਕਾਂ ਨੂੰ ਹਿਦਾਇਤ ਕੀਤੀ ਸੀ ਕਿ ਉਹ ਇਨ੍ਹਾਂ ਰਕਮਾਂ ਦੇ ਕਾਨੂੰਨੀ ਵਾਰਿਸਾਂ ਦੀ ਖੋਜ ਕਰਨ। ਬੈਂਕਾਂ ਨੇ ਇਸ ਸੰਬੰਧ ਵਿੱਚ ਕੌਸ਼ਿਸ਼ ਕੀਤੀ ਵੀ, ਪਰ ਨਤੀਜਾ ‘ਸਿਫਰ’ ਹੀ ਰਿਹਾ। ਸਪਸ਼ਟ ਹੈ ਕਿ ਇਹ ਉਹ ਧਨ ਹੈ, ਜੋ ਲੋਕਾਂ ਨੇ ਆਪਣੇ ਕਾਲੇ ਧਨ ਨੂੰ ਛੁਪਾਈ ਰਖਣ ਦੇ ਉਦੇਸ਼ ਨਾਲ ਫਰਜ਼ੀ ਨਾਵਾਂ ਹੇਠ ਜਮ੍ਹਾ ਕਰਵਾਇਆ ਸੀ। ਪਰ ਜਦੋਂ ਉਹ ਆਪ ਸੰਸਾਰ ਤਿਆਗ ਗਏ ਤਾਂ ਇਸਦਾ ਕੋਈ ਵਾਲੀ-ਵਾਰਸ ਨਾ ਰਿਹਾ। ਇਹੀ ਹਾਲਤ ਉਸ ਦੋ ਨੰਬਰ ਦੇ ਪੈਸੇ, ਬਾਰੇ ਵੀ ਦਸੀ ਜਾਂਦੀ ਹੈ, ਜੋ ਭਾਰਤੀ ਬੈਂਕਾਂ ਵਿੱਚ ਜਮ੍ਹਾ ਅਜਿਹੇ ਪੈਸੇ ਨਾਲੋਂ ਕਈ ਗੁਣਾਂ ਵੱਧ ਹੋ ਸਕਦਾ ਹੈ, ਜੋ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾ ਹੈ ਤੇ ਜਿਸਦੇ ਅਸਲ ਮਾਲਕਾਂ ਦੇ ਸੰਸਾਰ ਤਿਆਗ ਜਾਣ ਤੋਂ ਬਾਅਦ ਕੋਈ ਦਾਅਵੇਦਾਰ ਸਾਹਮਣੇ ਨਹੀਂ ਆ ਰਿਹਾ। ਕਾਲੇ ਧਨ ਨੂੰ ਖਤਮ ਕਰਨ ਦੇ ਦਾਅਵੇ ਨਾਲ ਸਰਕਾਰ ਨੇ ਨੋਟਬੰਦੀ ਦਾ ਸਹਾਰਾ ਲਿਆ, ਪੰਜ ਸੌ ਤੇ ਹਜ਼ਾਰ ਦੇ ਨੋਟ ਬੰਦ ਕਰ, ਪੰਜ ਸੌ ਅਤੇ ਦੋ ਹਜ਼ਾਰ ਦੇ ਨਵੇਂ ਨੋਟ ਜਾਰੀ ਕੀਤੇ। ਇਸਤੋਂ ਬਿਨਾ ਇੱਕ ਟੈਕਸ-ਇੱਕ ਦੇਸ਼ ਦੇ ਨਾਂ ਤੇ ਜੀਐਸਟੀ ਵੀ ਲਾਗੂ ਕੀਤਾ, ਪ੍ਰੰਤੂ ਆਮ ਲੋਕਾਂ ਨੂੰ ਇਸਦਾ ਕੋਈ ਖਾਸ ਅਸਰ ਵਿਖਾਈ ਨਹੀਂ ਦੇ ਰਿਹਾ, ਹਾਲਾਂਕਿ ਸਰਕਾਰ ਵਲੋਂ ਆਪਣੇ ਇਨ੍ਹਾਂ ਕਦਮਾਂ ਨਾਲ ਭਰਪੂਰ ਸਫਲਤਾ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਅਤੇ ਅੰਤ ਵਿੱਚ : ਸੱਚਾਈ ਇਹ ਹੀ ਹੈ ਕਿ ਭ੍ਰਿਸ਼ਟਾਚਾਰ-ਮੁਕਤ ਦੇਸ਼ ਅਤੇ ਸਮਾਜ ਦੀ ਸਿਰਜਣਾ ਲਈ ਕਾਨੂੰਨ ਜਾਂ ਅਦਾਲਤਾਂ ਨਾਲ ਕੁਝ ਵੀ ਹੋ ਪਾਣਾ ਸੰਭਵ ਨਹੀਂ। ਇਸਦੇ ਲਈ ਤਾਂ ਇੱਕ ਸਮਾਜਕ ਕ੍ਰਾਂਤੀ ਦੀ ਲੋੜ ਹੈ। ਇਸ ਸਮੇਂ ਅਜਿਹੀ ਕ੍ਰਾਂਤੀ ਲਈ ਜ਼ਮੀਨ ਤਿਆਰ ਹੋ ਰਹੀ ਹੈ। ਲੋੜ ਹੈ ਤਾਂ ਇਸਦੀ ਸੁਚਜੀ ਅਤੇ ਰਾਜਸੀ ਸੁਆਰਥ ਰਹਿਤ ਵਰਤੋਂ ਕਰਨ ਦੀ!

WRITTEN BY