ਆਪਣੀ ਜ਼ਿੰਦਗੀ ਵਿੱਚ ਵਿਚਰਦੇ ਸਾਨੂੰ ਜਦੋਂ ਵੀ ਕਿਤੇ ਕਿਸੇ ਪ੍ਰੋਗਰਾਮ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਕਿਸੇ ਨਾ ਕਿਸੇ ਮਹਿਮਾਨ ਦੀ ਖੂਬਸੂਰਤ ਮੁਸਕਰਾਹਟ ਅਕਸਰ ਸਾਡਾ ਮਨ ਮੋਹ ਲੈਂਦੀ ਹੈ ਅਤੇ ਉਹ ਮਹਿਮਾਨ ਸਾਰੇ ਪ੍ਰੋਗਰਾਮ ਦੀ ਖਿੱਚ ਦਾ ਕੇਂਦਰ ਬਣ ਜਾਂਦਾ ਹੈ। ਜੀ ਹਾਂ, ਏਹੀ ਤਾਂ ਕਮਾਲ ਹੈ ਇੱਕ ਖੂਬਸੂਰਤ ਮੁਸਕਰਾਹਟ ਦਾ। ਅੱਜ ਦੀ ਕੰਮਾਂ-ਕਾਰਾਂ ਦੀ ਦੌੜ-ਭੱਜ ਅਤੇ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਦੇ ਦਿਮਾਗੀ ਬੋਝ ਕਾਰਨ ਸਾਡਾ ਹਾਸਾ ਕਿਤੇ ਨਾ ਕਿਤੇ ਗੁਆਚ ਗਿਆ ਹੈ।ਹੱਸਣ ਨਾਲ ਸਾਨੂੰ ਭਾਵੇਂ ਆਰਥਿਕ ਲਾਭ ਕੋਈ ਨਹੀਂ ਮਿਲਦਾ, ਪਰ ਇਹ ਵੀ ਸੱਚ ਹੈ ਕਿ ਹੱਸਣ ਤੇ ਸਾਡਾ ਕੁਝ ਖਰਚ ਵੀ ਨਹੀਂ ਹੁੰਦਾ।ਹਾਸਾ ਸਾਡੀ ਜ਼ਿੰਦਗੀ ਲਈ ਇੰਨਾ ਜ਼ਿਆਦਾ ਮਹੱਤਵਪੂਰਨ ਹੈ ਕਿ ਅਸੀਂ ਇਸ ਨੂੰ ਨਜ਼ਰ-ਅੰਦਾਜ ਨਹੀਂ ਕਰ ਸਕਦੇ। ਸਾਡਾ ਹਾਸਾ ਮੂੰਹ ਦੀ ਦਿਖ ਨੂੰ ਆਕਰਸ਼ਕ ਬਨਾਉਣ ਦੇ ਨਾਲ-ਨਾਲ ਸਾਡੇ ਸਰੀਰ ਦੇ ਬਾਕੀ ਅੰਗਾਂ ਜਿਵੇਂ ਕਿ ਅੱਖਾਂ ਅਤੇ ਦਿਲ ਨੂੰ ਬਹੁਤ ਆਰਾਮ ਦਿੰਦਾ ਹੈ, ਪਰ ਅਸੀਂ ਇਹ ਸਭ ਕੁਝ ਜਾਣਦੇ ਬੁੱਝਦੇ ਹੋਏ ਕਿਤੇ ਨਾ ਕਿਤੇ ਜ਼ਿੰਦਗੀ ਦੀ ਦੌੜ੍ਹ-ਭੱਜ ਵਿੱਚ ਹੱਸਣਾ ਹੀ ਭੁੱਲ ਬੈਠੇ ਹਾਂ।ਹਮੇਸ਼ਾ ਹੱਸਦੇ ਰਹਿਣ ਵਾਲੇ ਵਿਅਕਤੀ, ਸਦਾ ਗੰਭੀਰ ਰਹਿਣ ਵਾਲੇ ਵਿਅਕਤੀਆਂ ਨਾਲੋਂ ਸਿਹਤਮੰਦ ਹੋਣ ਦੇ ਨਾਲ-ਨਾਲ ਹੀ ਬਾਕੀ ਲੋਕਾਂ ਨਾਲੋਂ ਜ਼ਿਆਦਾ ਖੁਸ਼ਹਾਲ ਵੀ ਹੁੰਦੇ ਹਨ, ਤਾਂ ਹੀ ਸਿਆਣੇ ਆਖਦੇ ਨੇ ਕਿ ਹਾਸਾ ਚੰਗੀ ਸਿਹਤ ਦੀ ਨਿਸ਼ਾਨੀ ਹੁੰਦਾ ਹੈ। ਖੁੱਲ੍ਹ ਕੇ ਹੱਸਣ ਦੇ ਕਿੰਨ੍ਹੇ ਕੁ ਫਾਇਦੇ ਹਨ, ਆੳ ਜ਼ਰਾ ਵਿਸਥਾਰ ‘ਚ ਜਾਣੀਏ।
ਬਲੱਡ ਪ੍ਰੈਸ਼ਰ ਦੀ ਬਿਮਾਰੀ ਅਤੇ ਤਨਾਅ ਛੂ ਮੰਤਰ: ਹੱਸਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਇਨਸਾਨ ਦਾ ਤਨਾਅ ਬਿਲਕੁਲ ਖਤਮ ਹੋ ਜਾਂਦਾ ਹੈ।ਇੱਕ ਪਾਸੇ ਤਾਂ ਅੱਜ-ਕੱਲ੍ਹ ਦੇ ਚਿੰਤਾਵਾਂ ਭਰੇ ਜ਼ਿੰਦਗੀ ਦੇ ਕੰਮਾਂ-ਕਾਰਾਂ ਕਾਰਨ ਹੋਈ ਚਿੰਤਾ ਅਤੇ ਤਨਾਅ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ, ਪਰ ਹਾਸਾ ਉਹ ਦਵਾਈ ਹੈ ਜਿਸ ਨਾਲ ਇਨ੍ਹਾਂ ਦਵਾਈਆਂ ਤੋਂ ਬਗ਼ੈਰ ਇਨਸਾਨ ਚਿੰਤਾ ਅਤੇ ਚਿੰਤਾ ਨਾਲ ਪੈਦਾ ਹੋਣ ਵਾਲੀਆਂ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਬਿਮਾਰੀਆਂ ਤੇ ਤਨਾਅ ਆਦਿ ਤੋਂ ਮੁਕਤ ਰਹਿੰਦਾ ਹੈ।
ਚਿਹਰੇ ਦੀ ਖੂਬਸੂਰਤੀ ‘ਚ ਵਾਧਾ:ਹੱਸਣ ਨਾਲ ਇਨਸਾਨ ਦੀ ਚਿੰਤਾ ਘਟਦੀ ਹੈ ਤੇ ਚਿੰਤਾ ਘਟਣ ਨਾਲ ਚਿੰਤਾ ਤੋਂ ਹੋਣ ਵਾਲੀਆਂ ਬਿਮਾਰੀਆਂ ਹੋਣ ਦਾ ਡਰ ਘਟਦਾ ਹੈ।ਇਸ ਦੇ ਨਾਲ ਹੀ ਹਾਸਾ ਚਿਹਰੇ ਲਈ ਇੱਕ ਵਧੀਆ ਕਸਰਤ ਹੈ ਜਿਸ ਕਰਕੇ ਇਨਸਾਨੀ ਚਿਹਰਾ ਲੰਬੀ ਉਮਰ ਤੱਕ ਖਿੜਿਆ ਰਹਿੰਦਾ ਹੈ।ਹਾਸਾ ਚਿਹਰੇ ਨੂੰ ਖੂਬਸੂਰਤ ਵਧਾਉਣ ਵਾਲਾ ਨੈਚੂਰਲ ਕਾੱਸਮੈਟਿਕ ਹੈ।ਇਸ ਦਾ ਮਤਲਬ ਇਹ ਹੈ ਕਿ ਜੋ ਲੋਕ ਜ਼ਿਆਦਾ ਹੱਸਦੇ ਹਨ, ਉਹ ਜ਼ਿਆਦਾ ਉਮਰ ਤੱਕ ਜਵਾਨ ਦਿਖਦੇ ਹਨ।
ਦਿਲ ਦੀ ਮਜ਼ਬੂਤੀ ਲਈ ਫਾਇਦੇਮੰਦ: ਹੱਸਣ ਨਾਲ ਦਿਲ ਦੀ ਵੀ ਕਸਰਤ ਹੋ ਜਾਂਦੀ ਹੈ ਅਤੇ ਸਰੀਰ ਵਿੱਚ ਖੁਨ ਦਾ ਦੌਰਾ ਵੀ ਤੇਜ਼ ਹੋ ਜਾਂਦਾ ਹੈ। ਇੱਕ ਖੋਜ ਮੁਤਾਬਕ ਹੱਸਣ ਨਾਲ ਸਰੀਰ ਵਿੱਚੋਂ ਏਂਡੋਰਫਿਨ ਨਾਮਕ ਪਦਾਰਥ ਵੀ ਨਿੱਕਲਦਾ ਹੈ ਜੋ ਦਿਲ ਨੂੰ ਮਜ਼ਬੂਤ ਬਨਾਉਂਦਾ ਹੈ। ਹੱਸਦੇ ਰਹਿਣ ਵਾਲੇ ਵਿਅਕਤੀਆਂ ਨੂੰ ਹਾਰਟ ਅਟੈਕ ਹੋਣ ਦੀ ਸੰਭਾਵਨਾ ਘੱਟ ਰਹਿੰਦੀ ਹੈ।
ਸਰੀਰ ਦੇ ਖੁਨ ਦੇ ਦੌਰੇ ਨੂੰ ਬਣਾਏ ਬਿਹਤਰ : ਇੱਕ ਡਾੱਕਟਰੀ ਤਜ਼ਰਬੇ ਮੁਤਾਬਕ ਖੁੱਲ੍ਹ ਕੇ ਹੱਸਣ ਵਾਲੇ ਵਿਅਕਤੀਆਂ ਦੇ ਸਰੀਰ ਵਿਚਲਾ ਖੁਨ ਦਾ ਦੌਰਾ ਆਮ ਇਨਸਾਨ ਦੀ ਤੁਲਨਾ ਵਿੱਚ ਜ਼ਿਆਦਾ ਬਿਹਤਰ ਰਹਿੰਦਾ ਹੈ। ਵਧੀਆ ਖੁਨ ਦਾ ਦੌਰਾ ਸਰੀਰ ਨੂੰ ਅਨੇਕਾਂ ਰੋਗਾਂ ਖਾਸ ਕਰਕੇ ਦਿਲ ਦੇ ਰੋਗਾਂ ਤੋਂ ਪਰੇ ਰੱਖਦਾ ਹੈ
ਸਰੀਰ ਦੀ ਬਿਮਾਰੀਆਂ ਨਾਲ ਲੜਣ ਦੀ ਤਾਕਤ ਵਿੱਚ ਵਾਧਾ : ਖੁੱਲ੍ਹ ਕੇ ਹੱਸਣ ਨਾਲ ਸਾਡੇ ਸਰੀਰ ਨੂੰ ਮਿਲਣ ਵਾਲੀ ਆੱਕਸੀਜਨ ਦੀ ਮਾਤਰਾ ਵਿੱਚ ਵਾਧਾ ਹੋ ਜਾਂਦਾ ਹੈ ਅਤੇ ਇਸ ਕਰਕੇ ਸਰੀਰ ਦੀ ਬਿਮਾਰੀਆਂ ਨਾਲ ਲੜਣ ਦੀ ਤਾਕਤ ਵਿੱਚ ਵਾਧਾ ਹੁੰਦਾ ਹੈ। ਹੱਸਣ ਦੌਰਾਨ ਨਾਲ ਹੀ ਸਾਡੀ ਖੁੱਲ੍ਹ ਕੇ ਸਾਹ ਲੈਣ ਅਤੇ ਸਾਹ ਛੱਡਣ ਦੀ ਕਸਰਤ ਵੀ ਹੋ ਰਹੀ ਹੁੰਦੀ ਹੈ ਜਿਸ ਕਰਕੇ ਸਾਡੇ ਸਰੀਰ ਵਿੱਚ ਆੱਕਸੀਜਨ ਦਾ ਦੌਰਾ ਬਿਹਤਰ ਬਣਦਾ ਹੈ। ਇਸ ਤਰ੍ਹਾਂ ਅਸੀਂ ਵੱਧ ਸਮੇਂ ਤੱਕ ਥਕਾਵਟ ਤੋਂ ਬਚੇ ਰਹਿੰਦੇ ਹਾਂ ਤੇ ਸਾਡੇ ਸਰੀਰ ਦੀ ਵੱਧ ਕੰਮ ਕਰਨ ਦੀ ਸਮਰੱਥਾ ਬਰਕਰਾਰ ਰਹਿੰਦੀ ਹੈ।
ਸਰੀਰ ਨੂੰ ਸਿਹਤਮੰਦ ਰੱਖਣ ਲਈ ਲਾਭਦਾਇਕ : ਹੱਸਣ ਕਾਰਨ ਅਸੀਂ ਖੁਸ਼ ਰਹਿੰਦੇ ਹਾਂ ਤੇ ਖੁਸ਼ ਰਹਿਣ ਨਾਲ ਸਰੀਰਕ ਤੰਦਰੁਸਤੀ ਵਧਦੀ ਹੈ। ਜਿਹੜੇ ਲੋਕ ਜ਼ਿਆਦਾ ਖੁਸ਼ ਰਹਿੰਦੇ ਹਨ ਉਹ ਵੱਡੀ ਉਮਰ ਤੱਕ ਆਮ ਲੋਕਾਂ ਨਾਲੋਂ ਕੰਮ-ਕਾਰ ਕਰਨ ਲਈ ਵੱਧ ਚੁਸਤ ਰਹਿੰਦੇ ਹਨ। ਅੱਜ-ਕੱਲ੍ਹ ਤਾਂ ਲੋਕ ਖੁੱਲ੍ਹ ਕੇ ਹੱਸਣ ਲਈ ਕਈ ਤਰ੍ਹਾਂ ਦੇ ਕਲੱਬਾਂ ਵਿੱਚ ਵੀ ਸ਼ਾਮਿਲ ਹੁੰਦੇ ਹਨ ਜਿੱਥੇ ਖੁੱਲ੍ਹ ਕੇ ਹਸਾਇਆ ਜਾਂਦਾ ਹੈ ਤਾਂ ਜੋ ਲੋਕਾਂ ਦੀ ਸਰੀਰਕ ਤੰਦਰੁਸਤੀ ਬਣੀ ਰਹੇ।ਇੱਕ ਗੱਲ ਹੋਰ ਖਾਸ ਕਰਕੇ ਔਰਤਾਂ ਦੇ ਗੌਰ ਕਰਨ ਵਾਲੀ ਹੈ ਕਿਉਂਕਿ ਉਨ੍ਹਾਂ ਨੂੰ ਹਮੇਸ਼ਾਂ ਪਤਲਾ ਦਿਖਣ ਦਾ ਚਾਅ ਰਹਿੰਦਾ ਹੈ, ਜੇਕਰ ਦਿਨ ਵਿੱਚੋਂ ਇੱਕ ਘੰਟਾ ਖੁੱਲ੍ਹ ਕੇ ਹੱਸਿਆ ਜਾਵੇ ਤਾਂ ਸਾਡੇ ਸਰੀਰ ਵਿੱਚੋਂ 400 ਕੈਲਰੀ ਖਪਤ ਹੂੰਦੀ ਹੈ ਤੇ ਜੇਕਰ ਅਜਿਹਾ ਅਸੀਂ ਹਰ ਰੋਜ਼ ਕਰੀਏ ਤਾਂ ਅਸੀਂ ਮੋਟਾਪੇ ਤੋਂ ਵੀ ਬਚੇ ਰਹਿ ਸਕਦੇ ਹਾਂ।
ਪੋਜੇਟਿਵ ਏਨਰਜੀ ਵਿੱਚ ਵਾਧਾ: ਹਾਸੇ ਨਾਲ ਸਾਡੇ ਦਿਲ ਅਤੇ ਦਿਮਾਗ ਤੋਂ ਚਿੰਤਾ ਦਾ ਬੋਝ ਤਾਂ ਘਟਦਾ ਹੀ ਹੈ, ਇਸ ਦੇ ਨਾਲ-ਨਾਲ ਸਰੀਰ ਵਿੱਚ ਪੋਜੇਟਿਵ ਏਨਰਜੀ ਵਿੱਚ ਵਾਧਾ ਵੀ ਹੁੰਦਾ ਹੈ।ਹੱਸਣ ਨਾਲ ਸਾਡਾ ਸਰੀਰ ਆਰਾਮਦਾਇਕ ਵੀ ਬਣਿਆ ਰਹਿੰਦਾ ਹੈ।ਹੱਸਣ ਨਾਲ ਵਧੀ ਪੋਜੇਟਿਵ ਏਨਰਜੀ ਕਾਰਨ ਸਾਡਾ ਕੰਮਾਂ ਵਿੱਚ ਮਨ ਵੀ ਲੱਗਦਾ ਹੈ ਅਤੇ ਅਸੀਂ ਕੰਮ ਵੱਧ ਧਿਆਨ ਦੇ ਕੇ ਵੀ ਕਰਨ ਲੱਗ ਪੈਂਦੇ ਹਾਂ।
ਸ਼ਾਇਦ ਹੱਸਣ ਦੇ ਹੋਰ ਵੀ ਫਾਇਦੇ ਦੱਸਣਾ ਅਜੇ ਬਾਕੀ ਹੈ, ਪਰ ਇੱਕ ਗੱਲ ਯਕੀਨੀ ਹੈ ਕਿ ਜੇਕਰ ਅਸੀਂ ਖੁਸ਼ੀਆਂ ਭਰੀ ਸਿਹਤਮੰਦ ਜ਼ਿੰਦਗੀ ਦੀ ਚਾਹ ਰੱਖਦੇ ਹਾਂ ਤਾਂ ਸਾਨੂੰ ਹੱਸਣਾ ਜ਼ਰੂਰ ਚਾਹੀਦਾ ਹੈ। ਉਂਝ ਵੀ, ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਇੱਕ ਮੁਸਕਰਾਹਟ ਨਾਲ ਕਰ ਕੇ ਤਾਂ ਵੇਖੋ, ਪੂਰਾ ਦਿਨ ਤੁਹਾਡਾ ਦਿਲ ਖੁਸ਼ ਰਹੇਗਾ ਅਤੇ ਚਿਹਰਾ ਗੁਲਾਬ ਦੇ ਇੱਕ ਖੂਬਸੂਰਤ ਫੁੱਲ ਵਾਂਗ ਖਿੜਿਆ ਰਹੇਗਾ।
ਆੳ ਜਾਣੀਏ ਜ਼ਿੰਦਗੀ ’ਚ ਹਾਸੇ ਦੀ ਅਹਿਮੀਅਤ



