ਫਗਵਾੜਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ ’ਤੇ ਨਗਰ ਨਿਗਮ ਦੀ ਖਾਨਾਪੂਰਤੀ

ਫਗਵਾੜਾ, 24 ਅਗਸਤ (ਪਰਵਿੰਦਰਜੀਤ ਸਿੰਘ)- ਫਗਵਾੜਾ ਸਾਫ ਸੁਥਰੇ ਸ਼ਹਿਰਾਂ ਵਿਚ ਸ਼ੁਮਾਰ ਹੈ ਪਰ ਅਜ ਕਲ ਇਥੋ ਦੀਆਂ ਮੁਖ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਜਗ੍ਹਾ-ਜਗ੍ਹਾ ਤੋਂ ਟੁਟੀਆਂ ਸੜਕਾਂ ਅਤੇ ਖਡਾ ‘ਚ ਨਗਰ ਨਿਗਮ ਵਲੋਂ ਕਦੇ ਬਜ਼ਰੀ ਅਤੇ ਕਦੇ ਮਿਟੀ ਪਾ ਕਿ ਖਡਿਆ ਨੂੰ ਪੂਰਨ ਦੀ ਖਾਨਾਪੂਰਤੀ ਕੀਤੀ ਜਾ ਰਹੀ ਹੈ ਪਰ ਇਸਦਾ ਕੋਈ ਪਕਾ ਹਲ ਨਹੀਂ ਕਢਿਆ ਜਾ ਰਿਹਾ ਹੈ। ਸੜਕ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਸੜਕ ਦੇ ਵਿਚਕਾਰ ਵਡੇ-ਵਡੇ ਟੋਏ ਪਏ ਹੋਏ ਹਨ ਤੇ ਸੜਕਾਂ ਕਈ ਜਗ੍ਹਾ ਤੋਂ ਟੁਟੀਆਂ ਹੋਈਆ ਹਨ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਸੜਕਾਂ ਹਾਦਸਿਆਂ ਦਾ ਕਾਰਨ ਵੀ ਬਣ ਰਹੀਆਂ ਹਨ। ਇਥੋਂ ਦੇ ਨਕੋਦਰ ਰੋਡ ਅਤੇ ਹੁਸ਼ਿਆਪੁਰ ਰੋਡ ਨੂੰ ਜੋੜਨ ਵਾਲੇ ਮੁਖ ਪੁਲ ਤੇ ਕਈ ਵਡੇ ਅਤੇ ਗਹਿਰੇ ਖਡੇ ਹਨ ਜੋ ਲੰਘਣ ਵਾਲਿਆਂ ਲਈ ਪ੍ਰੇਸ਼ਾਨੀ ਦਾ ਸਬਬ ਬਣੇ ਹੋਏ ਹਨ। ਦੋ ਦਿਨ ਪਹਿਲਾਂ ਖਡਿਆਂ ਨੂੰ ਪੂਰਨ ਲਈ ਪਾਈ ਮਿਟੀ, ਇਕ ਦਿਨ ਵਿਚ ਹੀ ਖਾਲੀ ਹੋ ਗਈ ਅਤੇ ਥੋੜ੍ਹੇ ਜਹਿ ਮੀਂਹ ਤੋਂ ਹੀ ਇਸ ਨੇ ਚਿਕੜ ਦਾ ਰੂਪ ਧਾਰਨ ਕਰ ਲਿਆ ਜਿਸ ਨੇ ਆਉਣ ਜਾਣ ਵਾਲਿਆ ਦੇ ਕਪੜੇ ਗੰਦੇ ਕਰਨ ਤੋਂ ਇਲਾਵਾ ਕੁਝ ਹੋਰ ਨਹੀਂ ਕੀਤਾ। ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜਦ ਇਸ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਦਸਿਆ ਕਿ ਇਹ ਮੁਖ ਸੜਕਾਂ ਸੋਮਾ ਕੰਪਨੀ ਅਧੀਨ ਆਉਂਦੀਆਂ ਹਨ ਜਿਨ੍ਹਾਂ ਨੂੰ ਇਸ ਬਾਬਤ ਇਤਲਾਹ ਕਰ ਦਿਤੀ ਗਈ ਹੈ। ਕੋਈ ਵਡਾ ਹਾਦਸਾ ਨਾ ਹੋਵੇ ਇਸ ਲਈ ਨਗਰ ਨਿਗਮ ਵਲੋਂ ਇਸ ਨੂੰ ਪੂਰਨ ਦੀ ਕੋਸ਼ੀਸ਼ ਕੀਤੀ ਜਾ ਰਹੀ ਹੈ। ਬਰਸਾਤੀ ਮੌਸਮ ਹੋਣ ਕਾਰਨ ਇਥੇ ਪੈਚ ਵੀ ਨਹੀਂ ਲਗਾਏ ਜਾ ਸਕਦੇ।
ਇਸੇ ਸਬੰਧ ਵਿਚ ਐਸ.ਡੀ.ਐਮ ਫਗਵਾੜਾ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਹੁਤ ਜਲਦ ਸੋਮਾ ਅਤੇ ਐਨ.ਐਚ.ਏ.ਆਈ ਦੇ ਅਧਿਕਾਰੀਆ ਨਾਲ ਮੀਟਿੰਗ ਕਰ ਸੜਕ ਦਾ ਕੰਮ ਨੂੰ ਜਲਦ ਮੁਕੰਮਲ ਕੀਤਾ ਜਾਵੇਗਾ।

Send this to a friend