ਜਲੰਧਰ 04 ਅਗਸਤ 2017- ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ 10 ਅਗਸਤ ਨੂੰ ਜ਼ਿਲ੍ਹਾ ਜਲੰਧਰ ’ਚ ਡੀ-ਵਰਮਿੰਗ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ, ਆਂਗਨਵਾੜੀ ਸੈਂਟਰਾਂ ਵਿੱਚ ਦਰਜ 11 ਤੋਂ 19 ਸਾਲ ਤੱਕ ਸਕੂਲ ਨਾ ਪੜਦੀਆਂ ਬੱਚੀਆਂ ਤੇ 1 ਤੋਂ 6 ਸਾਲ ਤੱਕ ਦਰਜ ਬੱਚਿਆਂ ਅਤੇ 1 ਤੋਂ 19 ਸਾਲ ਤੱਕ ਦੇ ਸਕੂਲ ਨਾ ਜਾਂਦੇ ਲੜਕੇ-ਲੜਕੀਆਂ ਨੂੰ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦੀਆਂ ਆਸ਼ਾ ਵਰਕਰਾਂ ਵਲੋਂ ਪੇਟ ਦੇ ਕੀੜਿਆਂ ਦੀ ਦਵਾਈ ਦਿੱਤੀ ਜਾਣੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਜ਼ਿਲ੍ਹਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਸਿਹਤ ਵਿਭਾਗ ਨੂੰ ਆਪਸੀ ਤਾਲਮੇਲ ਨਾਲ ਜਿੰਮੇਵਾਰੀਆਂ ਨਿਭਾਉਣ ਦੀ ਹਦਾਇਤ ਕੀਤੀ ਤਾਂ ਜੋ ਡੀ-ਵਰਮਿੰਗ ਵਾਲੇ ਦਿਨ ਪੇਟ ਦੇ ਕੀੜਿਆਂ ਦੀ ਦਵਾਈ ਲੈਣ ਤੋਂ ਕੋਈ ਵੀ ਬੱਚਾ ਵਾਂਝਾ ਨਾ ਰਹੇ।
ਉਨਾਂ ਦੱਸਿਆ ਕਿ ਸਿੱਖਿਆ ਵਿਭਾਗ ਇਹ ਯਕੀਨੀ ਬਣਾਏਗਾ ਕਿ ਡੀ-ਵਰਮਿੰਗ ਵਾਲੇ ਦਿਨ ਸਮੁੱਚੇ ਸਕੂਲ ਕਵਰ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਡੀ-ਵਰਮਿੰਗ ਸਬੰਧੀ ਗੋਲੀ ਬੱਚਿਆਂ ਨੂੰ ਖਾਣਾ ਖਾਣ ਤੋਂ ਬਾਅਦ ’ਚ ਦੇਣੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਬੱਚਾ ਇਸ ਦਿਨ ਦਵਾਈ ਲੈਣ ਤੋਂ ਵਾਂਝਾ ਰਹਿ ਜਾਵੇ ਤਾਂ ਉਸ ਨੂੰ ਇਹ ਦਵਾਈ 17 ਅਗਸਤ ਨੂੰ ਦੇਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰਿਪੋਰਟ ਵਿਭਾਗ ਵਲੋਂ 19 ਅਗਸਤ ਤੱਕ ਭੇਜੀ ਜਾਵੇਗੀ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿੱਚ ਅਲਬੈਂਡਾਜ਼ੋਲ ਗੋਲੀਆਂ ਦੀ ਸਪਲਾਈ ਯਕੀਨੀ ਹੋਣ ਸਬੰਧੀ ਨਿਗਰਾਨੀ ਰੱਖਣਗੇ। ਇਸਤਰੀ ਤੇ ਬਾਲ ਵਿਕਾਸ ਵਿਭਾਗ ਆਂਗਨਵਾੜੀ ਸੈਂਟਰਾਂ ਨੂੰ ਕਵਰ ਕਰਨ ਸਬੰਧੀ ਸਿਹਤ ਵਿਭਾਗ ਨਾਲ ਅਗੇਤਾ ਤਾਲਮੇਲ ਰੱਖੇਗਾ ਤਾਂ ਜੋ ਸਾਰੇ ਬੱਚਿਆਂ ਨੂੰ ਇਹ ਦਵਾਈ ਦਿੱਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਤੇ ਆਂਗਨਵਾੜੀ ਸੈਂਟਰਾਂ ਵਿਚ ਡੀ-ਵਰਮਿੰਗ ਦਿਵਸ ਦੌਰਾਨ ਬੱਚਿਆਂ ਲਈ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਇਸ ਸਬੰਧੀ ਪਿੰਡਾਂ ਨਾਲ ਤਾਲਮੇਲ ਰੱਖਣਗੇ ਅਤੇ ਬੱਚਿਆਂ ਤੇ ਮਾਪਿਆਂ ਨੂੰ ਇਸ ਦਿਵਸ ਸਬੰਧੀ ਪ੍ਰੇਰਿਤ ਕਰਨਗੇ।