ਆਪਣੀ ਜ਼ਿੰਦਗੀ ਦੇ ਖੂਬਸੁਰਤ ਦਿਨ ਮੈਂ ਇਨ੍ਹਾਂ ਮਾਂ ਪੁੱਤਾਂ ਦੀ ਚਾਕਰੀ ਕਰਨ ’ਤੇ ਲਾ ਦਿੱਤੇ। ਮੈਂ ਇਸ ਨੂੰ ਅੰਤਾਂ ਦਾ ਪਿਆਰ ਦਿੱਤਾ। ਆਪਣਾ ਸ਼ਰੀਰ ਦਿੱਤਾ। ਆਪਣੀ ਕਮਾਈ ਦਿੱਤੀ। ਗੱਲ ਕੀ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ। ਇਸ ਆਦਮੀ ਨੂੰ ਹੀ ਨਹੀਂ ਸਗੋਂ ਇਸਦੀ ਮਾਂ ਅਤੇ ਇਸਦੀ ਭੈਣ ਨੂੰ ਨਾ ਸਿਰਫ ਇੱਜਤ ਸਤਿਕਾਰ ਦਿੱਤਾ ਸਗੋਂ ਇਨ੍ਹਾਂ ਦੇ ਤਾਨੇ ਮਿਹਣਿਆਂ ਦੇ ਜਵਾਬ ਵਿੱਚ ਪ੍ਰਸੰਸਾ ਅਤੇ ਪਿਆਰ ਦਿੱਤਾ, ਪਰ ਹੁਣ ਮੈਂ ਅੱਕ ਗਈ ਹਾਂ, ਥੱਕ ਗਈ ਹਾਂ। ਹੁਣ ਨਹੀਂ ਮੈਥੋਂ ਹੋਰ ਕੁਝ ਬਰਦਾਸ਼ਤ ਹੁੰਦਾ। ਇਹ ਤਾਂ ਟੱਬਰ ਈ ਮਿੱਟੀ ਦਾ ਬਣਿਆ ਹੋਇਆ ਹੈ। ਇਨ੍ਹਾਂ ਉ¤ਤੇ ਤੁਹਾਡੇ ਕਿਸੇ ਮੰਤਰ ਦਾ ਕੋਈ ਅਸਰ ਨਹੀਂ। ਹੁਣ ਤਾਂ ਮੇਰੇ ਵੀ ਹੱਥ ਖੜੇ ਹਨ। ਮੈਨੂੰ ਮੇਰੀ ਇੱਕ ਪਾਠਕ ਆਪਣੇ ਪਤੀ ਅਤੇ ਸੱਸ ਬਾਰੇ ਬਹੁਤ ਨਿਰਾਸ਼ਤਾ ਦੀ ਹਾਲਤ ਵਿੱਚ ਦੱਸ ਰਹੀ ਹੈ। ਦਰਅਸਲ ਕੁਝ ਸਮਾਂ ਪਹਿਲਾਂ ਮੈਂ ਉਸਨੂੰ ਸਲਾਹ ਦਿੱਤੀ ਸੀ ਕਿ ਤੂੰ ਉਨ੍ਹਾਂ ਦੀਆਂ ਜ਼ਿਆਦਤੀਆਂ ਨੂੰ ਪਿਆਰ ਨਾਲ ਜਿੱਤਣ ਦੀ ਕੋਸ਼ਿਸ਼ ਕਰ। ਮੈਂ ਕਿਹਾ ਸੀ ਨਿਰਛੱਲ ਪ੍ਰੇਮ ਵੱਡੇ ਵੱਡਿਆਂ ਨੂੰ ਜਿੱਤ ਲੈਂਦਾ ਹੈ। ਸਮਰਪਣ ਦਾ ਮੰਤਰ ਤੇਰੇ ਪਤੀ ਨੂੰ ਬਦਲ ਦੇਵੇਗਾ। ਜਦੋਂ ਪਤੀ ਤੇਰਾ ਹੋ ਗਿਆ ਤਾਂ ਉਸ ਦੀ ਮਾਂ ਆਪਣੇ ਆਪ ਬਦਲ ਜਾਵੇਗੀ। ਉਸ ਔਰਤ ਨੇ ਮੇਰੇ ਕਹਿਣ ਅਨੁਸਾਰ ਪਤੀ ਨੂੰ ਜਿੱਤਣ ਦੇ ਯਤਨ ਅਰੰਭੇ ਸਨ ਪਰ ਕੁਝ ਮਹੀਨੇ ਬੀਤਣ ਬਾਅਦ ਉਸ ਦਾ ਸਬਰ ਅਤੇ ਸੰਜਮ ਜਵਾਬ ਦੇ ਗਿਆ ਸੀ। ਮੈਂ ਉਸ ਨੂੰ ਮੁੜ ਸਮਝਾਉਣ ਦੀ ਕੋਸ਼ਿਸ਼ ਕਰਦਾ ਹੋਇਆ ਇਹ ਕਹਾਣੀ ਸੁਣਾਉਂਦਾ ਹਾਂ।
ਇੱਕ ਸੰਤ ਦਰਿਆ ਦੇ ਕੰਢੇ ’ਤੇ ਬੈਠਾ ਇਸ਼ਨਾਨ ਕਰ ਰਿਹਾ ਸੀ। ਨਹਾਉਂਦੇ ਸਮੇਂ ਸੰਤ ਨੇ ਇੱਕ ਬਿੱਛੂ ਦਰਿਆ ਦੇ ਪਾਣੀ ਵਿੱਚ ਡੁਬਦਾ ਵੇਖਿਆ।
ਸੰਤ ਜੀ ਨੇ ਬਿੱਛੂ ਨੂੰ ਆਪਣੇ ਹੱਥ ਨਾਲ ਫੜ ਕੇ ਪਾਣੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਸ ਨੇ ਬਿੱਛੂ ਨੂੰ ਚੁੱਕਿਆ ਤਾਂ ਬਿੱਛੂ ਨੇ ਉਸ ਦੇ ਡੰਗ ਮਾਰਿਆ ਅਤੇ ਮੁੜ ਪਾਣੀ ਵਿੱਚ ਡਿੱਗ ਪਿਆ। ਇੰਝ ਕਈ ਵਾਰ ਵਾਪਰਿਆ।
ਇੱਕ ਭਗਤ ਇਹ ਸਭ ਕੁਝ ਵੇਖ ਰਿਹਾ ਸੀ। ਉਹ ਸੰਤ ਕੋਲ ਆਇਆ ਅਤੇ ਪੁੱਛਣ ਲੱਗਾ, ‘ਸੰਤ ਜੀ, ਹਰ ਵਾਰ ਜਦੋਂ ਤੁਸੀਂ ਬਿੱਛੂ ਨੂੰ ਬਾਹਰ ਕੱਢਦੇ ਹੋ, ਇਹ ਤੁਹਾਨੂੰ ਡੰਗ ਮਾਰਦਾ ਹੈ, ਪਰ ਤੁਸੀਂ ਫਿਰ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋ? ’
‘ਜੇ ਉਹ ਬਿੱਛੂ ਹੋ ਕੇ ਆਪਣੀ ਆਦਤ ਨਹੀਂ ਛੱਡਦਾ ਤਾਂ ਮੈਂ ਆਦਮੀ ਹੋ ਕੇ ਆਪਣਾ ਧਰਮ ਕਿਉਂ ਛੱਡਾਂ? ਅਸਲ ’ਚ ਬਿੱਛੂ ਦੀ ਇਸ ਕਾਰਵਾਈ ਨੇ ਮੈਨੂੰ ਆਪਣੇ ਸਵੈ-ਧਰਮ ’ਚ ਹੋਰ ਵੀ ਦ੍ਰਿੜ ਤੇ ਪਕੇਰਾ ਕਰ ਦਿੱਤਾ ਹੈ।’ ਸੰਤ ਨੇ ਜਵਾਬ ਦਿੱਤਾ। ਮੈਂ ਉਸ ਔਰਤ ਨੂੰ ਕਹਾਣੀ ਦਾ ਸੂਤਰ ਸਮਝਾਉਂਦਾ ਹਾਂ ਕਿ ਪਿਆਰ ਕਰਨਾ ਕਦੇ ਨਾ ਛੱਡੋ। ਤੁਸੀਂ ਆਪਣੀ ਚੰਗਿਆਈ ਨੂੰ ਕਦੇ ਨਾ ਤਿਆਗੋ। ਤੁਹਾਡੇ ਆਲੇ-ਦੁਆਲੇ ਦੇ ਲੋਕ ਅਤੇ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਨਫਰਤ, ਸਾੜੇ, ਈਰਖਾ ਅਤੇ ਬੇਇਜ਼ਤੀ ਦੇ ਡੰਗ ਹੀ ਕਿਉਂ ਨਾ ਮਾਰਦੇ ਰਹਿਣ।
ਅਜਿਹਾ ਸਾਡੇ ਸਮਾਜ ਵਿੱਚ ਆਮ ਵਾਪਰਦਾ ਵਿਖਾਈ ਦਿੰਦਾ ਹੈ। ਲੋਕ ਈਰਖਾ ਅਤੇ ਸਾੜੇ ਦੇ ਜ਼ਹਿਰ ਨਾਲ ਭਰੇ ਹੋਏ ਡੰਗ ਮਾਰਦੇ ਨਜ਼ਰੀਂ ਪੈਂਦੇ ਹਨ। ਨਫਰਤ ਦਾ ਜ਼ਹਿਰ ਸਾਡੇ ਖੂਨ ਦੇ ਰਿਸ਼ਤਿਆਂ ਦਾ ਰੰਗ ਸਫੈਦ ਕਰ ਰਿਹਾ ਹੈ। ਭਰਾ ਭਰਾ ਦੇ, ਦੋਸਤ ਦੋਸਤ ਦੇ ਦੁਸ਼ਮਣ ਬਣ ਰਹੇ ਹਨ।
ਖੂਬ ਬਦਲਾ ਹੈ ਰੰਗ ਦੁਨੀਆ ਕਾ
ਆਪਣੇ ਆਪਣੋ ਪੇ ਵਾਰ ਕਰਤੇ ਹੈਂ
ਪਹਿਲੇ ਯਾਰੋਂ ਪੇ ਯਾਰ ਮਰਤੇ ਥੇ
ਅਬ ਯਾਰੋਂ ਸੇ ਯਾਰ ਮਰਤੇ ਹੈਂ
ਅਜਿਹੇ ਸਮਾਜਿਕ ਦੌਰ ਵਿੱਚ ਉਕਤ ਕਹਾਣੀ ਹੋਰ ਢੁੱਕਵੀਂ ਵਾਜਬ ਅਤੇ ਦਰੁਸਤ ਜਾਪਦੀ ਹੈ। ਹਰ ਮਨੁੱਖ ਵਿੱਚ ਇੱਕ ਮਾਸੂਮ ਬੱਚਾ ਵੀ ਰਹਿੰਦਾ ਹੈ। ਹਰ ਮਨੁੱਖ ਦੇ ਦਿਲ ਦੇ ਕਿਸੇ ਨੁੱਕਰੇ ਮੁਹੱਬਤ ਅਤੇ ਪ੍ਰੇਮ ਦਾ ਪਿਆਲਾ ਵੀ ਛਲਕ ਰਿਹਾ ਹੁੰਦਾ ਹੈ। ਆਪਣੇ ਇਨ੍ਹਾਂ ਸਕਾਰਾਤਮਕ ਭਾਵਾਂ ਨੂੰ ਉਜਾਗਰ ਕਰਨਾ ਜ਼ਰੂਰੀ ਹੁੰਦਾ ਹੈ। ਬਿਨਾ ਸ਼ੱਕ ਅੱਜ ਦਾ ਦੌਰ ਲਾਲਚ, ਧੋਖੇ, ਸਾੜੇ ਅਤੇ ਨਫਰਤ ਦੇ ਭਾਵਾਂ ਵਾਲਾ ਦੌਰ ਬਣਦਾ ਜਾ ਰਿਹਾ ਹੈ, ਪਰ ਜੇ ਅਸੀਂ ਆਪਣਾ ਨਿੱਜ ਕਾਇਮ ਰੱਖਦੇ ਹੋਏ ਜਿਊਣ ਨੂੰ ਤਰਜੀਹ ਦੇਈਏ ਤਾਂ ਇਸ ਦੌਰ ਵਿੱਚ ਵੀ ਮੁਹੱਬਤ ਦੀ ਖੁਸ਼ਬੂ ਆਪਣਾ ਅਸਰ ਜ਼ਰੂਰ ਵਿਖਾਏਗੀ। ਉਂਝ ਵੀ ਕੁਦਰਤ ਦਾ ਅਸੂਲ ਹੈ ‘ਜੋ ਬੀਜੋਗੇ ਉਹੀ ਵੱਢੋਗੇ’ ਜੇ ਕੋਈ ਨਫਰਤ ਬੀਜ ਕੇ ਨਫਰਤ ਵੱਢਣਾ ਚਾਹੁੰਦਾ ਹੈ ਤਾਂ ਕਿਉਂ ਨਾ ਤੁਸੀਂ ਪਿਆਰ ਬੀਜ ਕੇ ਪਿਆਰ ਅਤੇ ਸਤਿਕਾਰ ਦੀ ਫਸਲ ਦੀ ਉਡੀਕ ਕਰੋ। ਜੇ ਨਫਰਤ ਬੀਜਣ ਵਾਲਾ ਨਹੀਂ ਬਦਲਦਾ ਤਾਂ ਤੁਸੀਂ ਕਿਉਂ ਬਦਲਦੇ ਹੋ। ਲੋਕ ਸ਼ਾਇਰ ਕੁਲਵੰਤ ਗਰੇਵਾਲ ਠੀਕ ਹੀ ਕਹਿੰਦਾ ਹੈ।
ਯਾਰਾਂ ਖੂਬ ਲਤਾੜਿਆ
ਮਨ-ਰੁਤਾਂ ਦਾ ਦੇਸ਼
ਜੇ ਦੁਨੀਆ ਨਹੀਂ ਬਦਲੀ
ਕਿਉਂ ਬਦਲੇ ਦਰਵੇਸ਼



