Skip to content
Independent perspectives. Global stories.
BREAKING

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਅਕਾਲੀ ਦਲ ਨੂੰ ਮਿਲੀ ਵੱਡੀ ਸਫਲਤਾ

Share this story

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡੀ ਸਫਲਤਾ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ (ਬ) ਨੂੰ 35, ਅਕਾਲੀ ਦਲ ਦਿੱਲੀ ਨੂੰ 7 ਅਤੇ ਹੋਰਾਂ ਨੂੰ 4 ਸੀਟਾਂ ਮਿਲੀਆਂ ਹਨ।ਇਸ ਦਾ ਸਿਹਰਾ ਵੱਡੀ ਹੱਦ ਤੱਕ ਅਕਾਲੀ ਦਲ ਦੀ ਦਿੱਲੀ ਦੀ ਲੀਡਰਸ਼ਿਪ ਨੂੰ ਜਾਂਦਾ ਹੈ। ਪਿਛਲੇ ਲਗਪਗ 4 ਸਾਲਾਂ ਤੋਂ ਸ: ਮਨਜੀਤ ਸਿੰਘ ਜੀ.ਕੇ. ਦੀ ਪ੍ਰਧਾਨਗੀ ਹੇਠ ਇਹ ਕਮੇਟੀ ਕੰਮ ਕਰਦੀ ਆ ਰਹੀ ਹੈ।ਪਿਛਲੀਆਂ ਚੋਣਾਂ ਜਨਵਰੀ 2013 ਵਿਚ ਹੋਈਆਂ ਸਨ।ਉਸ ਸਮੇਂ ਅਕਾਲੀ ਦਲ ਨੂੰ ਵੱਡੀ ਸਫਲਤਾ ਮਿਲੀ ਸੀ।ਇਸ ਦਲ ਨੂੰ 38 ਸੀਟਾਂ ਅਤੇ ਪਰਮਜੀਤ ਸਿੰਘ ਸਰਨਾ ਦੇ ਅਕਾਲੀ ਦਲ ਦਿੱਲੀ ਨੂੰ 8 ਸੀਟਾਂ ਪ੍ਰਾਪਤ ਹੋਈਆਂ ਸਨ। ਇਸ ਤੋਂ ਪਹਿਲਾਂ ਕਾਫੀ ਲੰਮੇ ਸਮੇਂ ਤੱਕ ਸ: ਸਰਨਾ ਨੇ ਗੁਰਦੁਆਰਾ ਪ੍ਰਬੰਧ ਸੰਭਾਲਿਆ ਸੀ।ਦਿੱਲੀ ਵਿਚ ਸਿੱਖਾਂ ਦੀ ਆਬਾਦੀ ਅੰਦਾਜ਼ਨ 10 ਕੁ ਲੱਖ ਹੈ। ਇਸ ਵਿਚੋਂ ਸਾਢੇ ਚਾਰ ਲੱਖ ਦੇ ਕਰੀਬ ਰਜਿਸਟਰਡ ਵੋਟਰ ਹਨ ਪਰ ਇਸ ਵਾਰ ਪਈਆਂ ਵੋਟਾਂ ਦੀ ਪ੍ਰਤੀਸ਼ਤ 45.76 ਸੀ, ਜਿਸ ਸਬੰਧੀ ਇਹ ਕਿਹਾ ਜਾ ਸਕਦਾ ਹੈ ਕਿ ਸਿੱਖ ਵੋਟਰਾਂ ਵਿਚ ਓਨਾ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ, ਜਿੰਨੀ ਉਮੀਦ ਕੀਤੀ ਜਾਂਦੀ ਸੀ। ਇਸ ਦੇ ਬਾਵਜੂਦ ਚੋਣਾਂ ਤੋਂ ਪਹਿਲਾਂ ਦਿੱਲੀ ਵਿਚ ਰਹਿੰਦੇ ਸਿੱਖ ਭਾਈਚਾਰੇ ਵਿਚ ਚੋਣਾਂ ਸਬੰਧੀ ਕਾਫੀ ਚਰਚਾ ਬਣੀ ਰਹੀ ਸੀ। ਇਸ ਵਾਰ ਪੰਥਕ ਸੇਵਾ ਦਲ ਅਤੇ ਸਦਭਾਵਨਾ ਸੇਵਾ ਦਲ ਦੇ ਮੈਦਾਨ ਵਿਚ ਆਉਣ ਨਾਲ ਇਕ ਤਰ੍ਹਾਂ ਨਾਲ 4 ਵੱਡੀਆਂ ਪਾਰਟੀਆਂ ਨਿਤਰੀਆਂ ਹੋਈਆਂ ਸਨ। ਸਿੱਖ ਸਮਾਜ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਦਾ ਵੱਡਾ ਮਹੱਤਵ ਰਿਹਾ ਹੈ। ਸੈਂਕੜੇ ਵਰ੍ਹਿਆਂ ਤੋਂ ਕਿਸੇ ਨਾ ਕਿਸੇ ਰੂਪ ਵਿਚ ਸਿੱਖ ਭਾਈਚਾਰਾ ਦਿੱਲੀ ਨਾਲ ਜੁੜਿਆ ਰਿਹਾ ਹੈ। ਇਸ ਸ਼ਹਿਰ ਵਿਚ ਬਹੁਤ ਸਾਰੇ ਮੋਰਚੇ ਵੀ ਲਗਾਏ ਗਏ ਅਤੇ ਵੱਡੇ ਸੰਘਰਸ਼ ਵੀ ਅਰੰਭੇ ਗਏ। ਇਸ ਸ਼ਹਿਰ ਨੇ ‘84 ਦਾ ਸਿੱਖ ਕਤਲੇਆਮ ਵੀ ਦੇਖਿਆ ਪਰ ਇਸ ਦੇ ਬਾਵਜੂਦ ਸਿੱਖ ਭਾਈਚਾਰਾ ਅੱਜ ਵੀ ਇਸ ਸ਼ਹਿਰ ਵਿਚ ਰਹਿੰਦਾ ਹੋਇਆ ਹਰ ਪੱਖੋਂ ਆਪਣਾ ਭਰਪੂਰ ਯੋਗਦਾਨ ਪਾ ਰਿਹਾ ਹੈ।ਦਿੱਲੀ ਦੇ ਇਤਿਹਾਸਕ ਸਿੱਖ ਗੁਰਦੁਆਰਿਆਂ ਦਾ ਆਪਣਾ ਲੰਮਾ ਇਤਿਹਾਸ ਹੈ।ਮਿਸਲਾਂ ਦੇ ਸਮੇਂ ਸਿੱਖ ਜਰਨੈਲਾਂ ਨੇ ਆਪਣੇ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ ਵੱਡੇ ਕੰਮ ਕੀਤੇ ਸਨ। ਉਸ ਤੋਂ ਬਾਅਦ ਕਿਸੇ ਨਾ ਕਿਸੇ ਰੂਪ ਵਿਚ ਇਨ੍ਹਾਂ ਪਵਿੱਤਰ ਅਸਥਾਨਾਂ ਦੀ ਸੇਵਾ-ਸੰਭਾਲ ਕੀਤੀ ਜਾਂਦੀ ਰਹੀ ਹੈ। ਸਾਲ 1971 ਵਿਚ ਦਿੱਲੀ ਸਿੱਖ ਗੁਰਦੁਆਰਾ ਐਕਟ ਹੋਂਦ ਵਿਚ ਆਇਆ ਸੀ। ਇਸ ਲਈ ਸਿੱਖ ਸਮਾਜ ਵੱਲੋਂ ਲੰਮਾ ਸੰਘਰਸ਼ ਕੀਤਾ ਗਿਆ ਸੀ। ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਾ ਸਿਰਫ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਹੀ ਦੇਖਦੀ ਹੈ, ਸਗੋਂ ਇਸ ਅਧੀਨ ਚਲਦੇ ਵਿੱਦਿਅਕ ਅਦਾਰਿਆਂ, ਹਸਪਤਾਲਾਂ, ਬਿਰਧ ਆਸ਼ਰਮਾਂ ਅਤੇ ਲਾਇਬ੍ਰੇਰੀਆਂ ਅਤੇ ਹੋਰ ਚੈਰੀਟੇਬਲ ਸੰਸਥਾਵਾਂ ਦਾ ਪ੍ਰਬੰਧ ਵੀ ਚਲਾਉਂਦੀ ਹੈ।ਇਸ ਸਭ ਕੁਝ ਦੀ ਜ਼ਿੰਮੇਵਾਰੀ ਮੈਨੇਜਮੈਂਟ ਕਮੇਟੀ ਦੀ ਹੁੰਦੀ ਹੈ। ਪਿਛਲੇ 4 ਸਾਲ ਤੋਂ ਸ: ਮਨਜੀਤ ਸਿੰਘ ਜੀ.ਕੇ. ਇਸ ਕਮੇਟੀ ਦੇ ਪ੍ਰਧਾਨ ਰਹੇ ਹਨ ਅਤੇ ਸ: ਮਨਜਿੰਦਰ ਸਿੰਘ ਸਿਰਸਾ ਇਸ ਦੇ ਜਨਰਲ ਸਕੱਤਰ ਰਹੇ ਹਨ। ਉਨ੍ਹਾਂ ਨੇ ਆਪਣੇ ਇਸ ਸਮੇਂ ਵਿਚ ਬਹੁਤ ਸਾਰੇ ਅਜਿਹੇ ਠੋਸ ਕੰਮ ਕੀਤੇ ਹਨ, ਜਿਨ੍ਹਾਂ ਦੀ ਨਾ ਸਿਰਫ ਚਰਚਾ ਹੁੰਦੀ ਰਹੀ ਹੈ, ਸਗੋਂ ਜੋ ਭਾਈਚਾਰੇ ਦੀ ਅਹਿਮ ਯਾਦ ਦਾ ਹਿੱਸਾ ਵੀ ਬਣੇ ਰਹੇ ਹਨ। ਇਨ੍ਹਾਂ ਨੇ ਹਾਂ-ਪੱਖੀ ਪ੍ਰਚਾਰ ਕੀਤਾ ਅਤੇ ਨਾਕਾਰਾਤਮਿਕਤਾ ਤੋਂ ਦੂਰੀ ਬਣਾਈ ਰੱਖੀ। ਦਿੱਲੀ ਫ਼ਤਹਿ ਦਿਵਸ ਨੂੰ ਵੱਡੀ ਪੱਧਰ ‘ਤੇ ਮਨਾਇਆ ਗਿਆ।ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮੌਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਵੱਲੋਂ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ ਕੀਤਾ ਗਿਆ। ਇਤਿਹਾਸ ਦੀਆਂ ਅਣਗੌਲੀਆਂ ਬੀਬੀਆਂ ਦੇ ਨਾਂਅ ’ਤੇ ਵੱਡੇ ਪੱਧਰ ‘ਤੇ ਸਮਾਗਮ ਕੀਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿੰਨੇ ਭਗਤ ਸਨ, ਸਾਰਿਆਂ ਦੇ ਨਾਂਅ ’ਤੇ ਸਮਾਗਮ ਕਰਵਾਏ ਗਏ ਅਤੇ ਔਰਤਾਂ ਨੂੰ ਵੱਧ ਤੋਂ ਵੱਧ ਨਾਲ ਜੋੜਿਆ ਗਿਆ।ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਹੋਰ ਸਹੂਲਤਾਂ ਵੱਲ ਵੀ ਖ਼ਾਸ ਧਿਆਨ ਦਿੱਤਾ ਗਿਆ।ਪੰਥਕ ਮਾਮਲਿਆਂ ਬਾਰੇ ਵੱਡੇ ਕਦਮ ਚੁੱਕੇ ਗਏ। ਨਿਪਾਲ, ਉੱਤਰਾਖੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਵੱਡੀ ਪੱਧਰ ‘ਤੇ ਮਦਦ ਪਹੁੰਚਾਈ ਗਈ, ਜਿਸ ਨੇ ਦਿੱਲੀ ਦੀ ਜਨਤਾ ਨੂੰ ਪ੍ਰਭਾਵਿਤ ਕੀਤਾ।ਇਨ੍ਹਾਂ ਕੰਮਾਂ ਦੀ ਚੋਖੀ ਪ੍ਰਸੰਸਾ ਵੀ ਹੁੰਦੀ ਰਹੀ ਹੈ।ਇਸੇ ਲਈ ਹੀ ਇਸ ਵਾਰ ਅਕਾਲੀ ਦਲ ਨੇ ਦੂਸਰਿਆਂ ਵਿਰੁੱਧ ਭਾਸ਼ਣਬਾਜ਼ੀ ਕਰਨ ਦੀ ਬਜਾਏ ਆਪਣੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਦੇ ਆਧਾਰ ’ਤੇ ਹੀ ਵੋਟ ਮੰਗੇ ਸਨ, ਜਿਸ ਪ੍ਰਤੀ ਵੋਟਰਾਂ ਵੱਲੋਂ ਉਨ੍ਹਾਂ ਨੂੰ ਵੱਡਾ ਹੁੰਗਾਰਾ ਮਿਲਿਆ ਹੈ।ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਵਧੀਆ ਹੁੰਗਾਰੇ ਨਾਲ ਆਉਣ ਵਾਲੇ ਸਮੇਂ ਵਿਚ ਨਵੀਂ ਬਣਨ ਵਾਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜ਼ਿੰਮੇਵਾਰੀ ਵਿਚ ਜਿਥੇ ਹੋਰ ਵਾਧਾ ਹੋਵੇਗਾ, ਉਥੇ ਉਨ੍ਹਾਂ ਤੋਂ ਸਮਾਜ ਲਈ ਹੋਰ ਵੀ ਵਧੇਰੇ ਚੰਗੇ ਕੰਮ ਕਰਨ ਦੀ ਉਮੀਦ ਰੱਖੀ ਜਾਵੇਗੀ। ਅਸੀਂ ਆਸ ਕਰਦੇ ਹਾਂ ਕਿ ਨਵੀਂ ਬਣਨ ਵਾਲੀ ਕਮੇਟੀ ਸਿੱਖ ਜਗਤ ਦੇ ਮਾਣ-ਸਨਮਾਨ ਵਿਚ ਹੋਰ ਵੀ ਵਾਧਾ ਕਰਨ ਦੇ ਸਮਰੱਥ ਹੋ ਸਕੇਗੀ।
    (ਸੰਾਪਦਕੀ ਅਜੀਤ : 2 ਮਾਰਚ 2017)

WRITTEN BY