ਦੇਸ਼ ਵਿੱਚ ਜਦੋਂ ਰਾਜਨੀਤੀ ਅਤੇ ਰਾਜਸੀ ਪ੍ਰਬੰਧ ਲਗਾਤਾਰ ਗਰਕਦਾ ਜਾ ਰਿਹਾ ਹੈ ਉਸ ਵੇਲੇ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਅ ਰਹੀ ਹੈ। ਭ੍ਰਿਸ਼ਟਾਚਾਰ ਅਤੇ ਬੇਇਨਸਾਫੀ ਦੇ ਕਈ ਵੱਡੇ ਮਾਮਲਿਆਂ ਵਿੱਚ ਸੁਪਰੀਮ ਕੋਰਟ ਨੂੰ ਮਿਸਾਲੀ ਨਿਰਣੇ ਲਏ ਹਨ। ਦੇਸ਼ ਦੀ ਵੱਡੀ ਗਿਣਤੀ ਵਿੱਚ ਵੱਸੋਂ ਸਿਆਸੀ ਪ੍ਰਬੰਧ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੀ ਹੈ। ਉਹ ਇਨਸਾਫ ਲਈ ਸੁਪਰੀਮ ਕੋਰਟ ਤੋਂ ਹੀ ਉਮੀਦਾਂ ਰੱਖਦੀ ਹੈ। ਦੇਸ਼ ਦੀਆਂ ਘੱਟ ਗਿਣਤੀਆਂ ਵੀ ਸੁਪਰੀਮ ਕੋਰਟ ਨੂੰ ਇਕ ਉਮੀਦ ਵਜੋਂ ਦੇਖਦੀਆਂ ਹਨ। ਪਹਿਲਾਂ ਗੁਜਰਾਤ ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਕਾਰਨ ਹੀ ਦੋਸ਼ੀਆਂ ਖਿਲਾਫ ਕਾਰਵਾਈ ਹੋ ਸਕੀ ਹੈ। ਹੁਣ ਅਜਿਹੀ ਆਸ ਹੀ ਸੁਪਰੀਮ ਕੋਰਟ ਤੋਂ ਸਿੱਖ ਭਾਈਚਾਰੇ ਨੂੰ ਹੈ। ਨਵੰਬਰ 1984 ਵਿੱਚ ਹੋਏ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ 32 ਸਾਲਾਂ ਬਾਅਦ ਵੀ ਯੋਗ ਸਜ਼ਾ ਨਹੀਂ ਮਿਲੀ। ਕੇਂਦਰ ਵਿੱਚ ਕਈ ਸਰਕਾਰਾਂ ਆਈਆਂ ਕਈ ਗਈਆਂ ਪ੍ਰੰਤੂ ਹਰ ਵਾਰ ਭਰੋਸਿਆਂ ਤੋਂ ਸਿਵਾ ਕੁਝ ਨਹੀਂ ਮਿਲਿਆ। ਸੁਪਰੀਮ ਕੋਰਟ ਨੇ ਇਸ ਸਬੰਧੀ ਇਕ ਵਾਰ ਫਿਰ ਰੌਸ਼ਨੀ ਦੀ ਕਿਰਨ ਦਿਖਾਈ ਹੈ। ਕੇਂਦਰ ਸਰਕਾਰ ਵੱਲੋਂ ਗਠਿਤ ਐੱਸ.ਆਈ.ਟੀ. (ਵਿਸ਼ੇਸ਼ ਇਨਵੈਸਟੀਗੇਸ਼ਨ ਟੀਮ) ਦੇ 1984 ਦੇ ਸਿੱਖ ਕਤਲੇਆਮ ਨਾਲ ਸੰਬੰਧਤ 293 ’ਚੋਂ 240 ਮਾਮਲਿਆਂ ਨੂੰ ਬੰਦ ਕਰਨ ਦੇ ਫੈਸਲੇ ’ਤੇ ਸੁਪਰੀਮ ਕੋਰਟ ਨੇ ਨਿਗਰਾਨੀ ਰੱਖਣ ਦੇ ਸੰਕੇਤ ਦਿੱਤੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦਾ ਸੰਬੰਧ ਪੂਰੇ ਭਾਰਤ ਨਾਲ ਹੈ।ਮਾਣਯੋਗ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਇਨ੍ਹਾਂ ਮਾਮਲਿਆਂ ‘ਤੇ ਨਿਗਰਾਨੀ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ। 2 ਸਾਲ ਪਹਿਲਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਸੀ।ਇਸ ਐੱਸ.ਆਈ.ਟੀ. ਨੂੰ ਮਾਮਲਿਆਂ ਦੀ ਜਾਂਚ ਅਤੇ ਮੁੜ ਜਾਂਚ ਕਰਨ ਲਈ ਕਿਹਾ ਗਿਆ ਸੀ। ਬੈਂਚ ਨੇ ਬੀਤੇ ਕੱਲ੍ਹ ਇਸ ਮਾਮਲੇ ਦੀ ਸੁਣਵਾਈ ਦੌਰਾਨ ਬਹੁਤ ਹੀ ਅਹਿਮ ਟਿੱਪਣੀ ਕੀਤੀ ਹੈ। ਮਾਣਯੋਗ ਜੱਜ ਸਾਹਿਬਾਨ ਦਾ ਕਹਿਣਾ ਹੈ ਕਿ ਹੁਣ ਤੱਕ ਜੋ ਹੋਇਆ ਸੋ ਹੋਇਆ, ਕਿਉਂ ਨਾ ਮਾਮਲਿਆਂ ਦੀ ਜਾਂਚ ਅਤੇ ਚੱਲ ਰਹੇ ਟ੍ਰਾਇਲ ਦੀ ਨਿਗਰਾਨੀ ਉੱਚ ਪੱਧਰੀ ਕਮੇਟੀ ਕਰੇ ‘ਕੇਂਦਰ ਵੱਲੋਂ ਪੇਸ਼ ਐਡੀਸ਼ਨਲ ਸਾਲਿਸੀਟਰ ਜਨਰਲ ਪਿੰਕੀ ਆਨੰਦ ਨੇ ਬੈਂਚ ਨੂੰ ਦੱਸਿਆ ਕਿ ਆਈ.ਜੀ. ਰੈਂਕ ਦੇ ਅਧਿਕਾਰੀ ਦੀ ਪ੍ਰਧਾਨਗੀ ‘ਚ ਐੱਸ.ਆਈ.ਟੀ. ਮਾਮਲਿਆਂ ਦੀ ਜਾਂਚ ਕਰ ਰਹੀ ਹੈ ਪਰ ਬੈਂਚ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਇਕ ਪਾਸੇ ਕਰ ਕੇ ਕਿਹਾ ਕਿ ਇਹ ਗੰਭੀਰ ਮਸਲਾ ਹੈ।ਸੁਪਰੀਮ ਕੋਰਟ ਦੇ ਮਾਣਯੋਗ ਜੱਜ ਸਾਹਿਬਾਨ ਦੀਆਂ ਟਿੱਪਣੀਆਂ ਤੋਂ ਲੱਗਦਾ ਹੈ ਕਿ ਉਹ 84 ਦੇ ਕਤਲੇਆਮ ਸਬੰਧੀ ਸਿੱਖ ਭਾਈਚਾਰੇ ਨੂੰ ਇਨਸਾਫ ਦੇਣ ਲਈ ਜ਼ਰੂਰੀ ਕੋਈ ਵੱਡਾ ਨਿਰਣਾ ਕਰਨਗੇ। ਜੇਕਰ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸਾਰੇ ਸਬੰਧਤ ਕੇਸਾਂ ਦੀ ਜਾਂਚ ਹੁੰਦੀ ਹੈ ਤਾਂ ਲਾਜ਼ਮੀ ਤੌਰ ’ਤੇ ਇਸ ਦੇ ਚੰਗੇ ਸਿੱਟੇ ਨਿਕਲ ਸਕਦੇ ਹਨ। ਬੇਸ਼ਕ 32 ਸਾਲ ਬੀਤ ਜਾਣ ਕਾਰਨ ਬਹੁਤ ਸਾਰੇ ਮਾਮਲਿਆਂ ਵਿੱਚ ਸਬੂਤ ਅਤੇ ਗਵਾਹੀਆਂ ਮੌਜੂਦ ਨਹੀਂ ਹਨ। ਪ੍ਰੰਤੂ ਫਿਰ ਵੀ ਜੇਕਰ ਉੱਚ ਅਦਾਲਤ ਯੋਗ ਤਰੀਕੇ ਨਾਲ ਨਿਗਰਾਨੀ ਕਰੇ ਤਾਂ ਸੰਕੇਤਕ ਤੌਰ ’ਤੇ ਕੁਝ ਮਾਮਲਿਆਂ ਵਿੱਚ ਸਿੱਖ ਭਾਈਚਾਰੇ ਨੂੰ ਲਾਜ਼ਮੀ ਤੌਰ ’ਤੇ ਇਨਸਾਫ ਮਿਲ ਸਕਦਾ ਹੈ। 84 ਦਾ ਕਤਲੇਆਮ ਬਹੁਤ ਹੀ ਬੇਰਹਿਮੀ ਨਾਲ ਕੀਤਾ ਗਿਆ। ਸਰਕਾਰੀ ਅਤੇ ਸਿਆਸੀ ਸ਼ਹਿ ਉੱਪਰ ਨਿਰਦੋਸ਼ ਸਿੱਖਾਂ ਨੂੰ ਮਾਰਿਆ ਗਿਆ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਬਰਬਾਦ ਕੀਤੀਆਂ ਗਈਆਂ। ਇਸ ਸਬੰਧ ਵਿੱਚ ਵੱਡੇ ਦੋਸ਼ੀਆਂ ਨੂੰ ਹੱਥ ਪਾਉਣਾ ਬਹੁਤ ਜ਼ਰੂਰੀ ਹੈ। ਜੇਕਰ ਹੁਣ ਵੀ ਸਿੱਖ ਭਾਈਚਾਰੇ ਨੂੰ ਇਨਸਾਫ ਨਹੀਂ ਮਿਲਦਾ ਤਾਂ ਇਸ ਨਾਲ ਭਾਰਤ ਦੀ ਏਕਤਾ ਅਖੰਡਤਾ ਲਈ ਵੱਡਾ ਖਤਰਾ ਪੈਦਾ ਹੋ ਸਕਦਾ ਹੈ।
– ਬਲਜੀਤ ਸਿੰਘ ਬਰਾੜ



