ਖ਼ੈਰ .. ਸਿਆਸਤ ਹੈ ਇੱਥੇ ਕੁਝ ਵੀ ਹੋ ਸਕਦੈ..। ਗੱਲ ਪੰਜਾਬ ਚੋਣਾਂ ਦੀ ਕਰੀਏ ਤਾਂ ਇਹ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ ਜਾਂ ਕਹਿ ਸਕਦੇ ਹਾਂ ਕਿ ਚਾੜ੍ਹ ਲਈਆਂ ਗਈਆਂ। ਚੋਣ ਕਮਿਸ਼ਨ ਦੇ ਕਾਰ-ਵਿਹਾਰ ਵਿੱਚ ਪਿਛਲੇ ਦੋ ਕੁ ਦਹਾਕਿਆਂ ਤੋਂ ਜਾਂ ਕਹਿ ਲਓ ਟੀ.ਐਨ. ਸੇਸ਼ਨ ਦੇ ਯੁੱਗ ਤੋਂ ਬਾਅਦ ਕਾਫ਼ੀ ਤਬਦੀਲੀ ਆਈ ਹੈ। ਚੋਣ ਪ੍ਰਕਿਰਿਆ ‘ਚ ਜਿੱਥੇ ਆਧੁਨਿਕ ਤਕਨੀਕ ਨੂੰ ਅਪਣਾਇਆ ਗਿਆ ਹੈ ਉੱਥੇ ਚੌਕਸੀ ਵੀ ਕਾਫ਼ੀ ਵਧੀ ਹੈ, ਪਰ ਹਾਲੇ ਵੀ ਬਹੁਤ ਚੋਰ ਮੋਰੀਆਂ ਨੇ, ਜੋ ਸਿਆਸੀ ਲੋਕ ਬਾਖ਼ੂਬੀ ਵਰਤ ਲੈਂਦੇ ਨੇ। ਇਸ ਵਾਰ ਪੰਜਾਬ ਚੋਣਾਂ ਦੌਰਾਨ ਭਾਵੇਂ ਕੈਮਰਿਆਂ ਵਾਲੀਆਂ ਗੱਡੀਆਂ ਦਿਨ ਰਾਤ ਵੱਖ-ਵੱਖ ਹਲਕਿਆਂ ‘ਤੇ ਬਾਜ਼ ਅੱਖ ਰੱਖਣ ਲਈ ਘੁੰਮਦੀਆਂ ਰਹੀਆਂ ਪਰ ਸਵਾਲ ਤਾਂ ਇਹ ਹੈ ਕਿ ਪੰਜਾਹ/ਸੱਠ ਪਿੰਡਾਂ ਦੇ ਇੱਕ ਹਲਕੇ ‘ਚ ਕੀ ਇੱਕ ਗੱਡੀ ਨਾਲ ਨਿਗਰਾਨੀ ਰੱਖੀ ਜਾ ਸਕਦੀ ਹੈ? ਉਹ ਵੀ ਤਕਨੀਕੀ ਯੁੱਗ ਦੇ ਉਸ ਦੌਰ ‘ਚ ਜਿੱਥੇ ਮਾਪੇ ਵੀ ਆਪਣੇ ਜੁਆਕਾਂ ਨੂੰ ਕਮਰਿਆਂ ‘ਚ ਸੌਣ ਲਈ ਭੇਜ ਕੇ ਵੀ ਉਨ੍ਹਾਂ ਲਈ ਦੁਨੀਆ ਦੇ ਦਰਵਾਜ਼ੇ ਬੰਦ ਨਹੀਂ ਕਰ ਸਕਦੇ? ਭਾਵੇਂ ਪਿਛਲੇ ਪੰਜ ਸਾਲਾਂ ਤੋਂ ਤਕਨੀਕ ਨੇ ਕਾਫੀ ਪੈਰ ਪਸਾਰੇ ਨੇ, ਪਰ ਫੇਰ ਵੀ ਜੇ ਪੰਜਾਬ ਨੂੰ ਆਧਾਰ ਬਣਾ ਕੇ ਦੋਵਾਂ ਚੋਣਾਂ ‘ਚ ਚੋਣ ਕਮਿਸ਼ਨਾਂ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਪਿਛਲੀ ਚੋਣ ਕਮਿਸ਼ਨਰ ਬੀਬੀ ਕੁਸਮਜੀਤ ਕੌਰ ਸਿੱਧੂ ਦੀ ਜੋ ਦਹਿਸ਼ਤ ਸਿਆਸੀ ਲੋਕਾਂ ‘ਚ ਸੀ ਉਹ ਇਸ ਵਾਰ ਦੇਖਣ ਨੂੰ ਨਹੀਂ ਮਿਲੀ। ਖ਼ੈਰ.. ਫੇਰ ਵੀ ਕੁਝ ਕੁ ਬੂਥਾਂ ਨੂੰ ਛੱਡ ਸਭ ਠੀਕ-ਠਾਕ ਹੀ ਰਿਹਾ।
ਤੇ ਹੁਣ ਵੇਲਾ ਅੰਦਾਜ਼ਿਆਂ ਦਾ ਜਾਂ ਇੱਕ-ਦੂਜੇ ਨੂੰ ਦਿਲਾਸਿਆਂ ਦਾ ਹੈ। ਹਰ ਪਾਰਟੀ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ। ਭਾਵੇਂ ਉਹ ਸੱਤਾਧਾਰੀ ਅਕਾਲੀ ਹੀ ਕਿਉਂ ਨਾ ਹੋਣ, ਜਿਨ੍ਹਾਂ ਪ੍ਰਤੀ ਆਮ ਜਨਤਾ ਦਾ ਰੋਸ ਇਸ ਵਾਰ ਸਿਰ ਚੜ੍ਹ ਕੇ ਬੋਲਦਾ ਸਭ ਨੂੰ ਦਿਸਿਆ। ਚੋਣ ਸਮੀਖਿਅਕ ਭਾਵੇਂ ਮੀਡੀਆ ਹਲਕਿਆਂ ਦੇ ਹੋਣ, ਭਾਵੇਂ ਪਿੰਡਾਂ ਦੀਆਂ ਸੱਥਾਂ ਵਾਲੇ ਹੋਣ, ਸਭ ਆਪੋ-ਆਪਣੇ ਲੱਖਣ ਲਾ ਰਹੇ ਨੇ, ਆਪੋ-ਆਪਣੇ ਵਿਚਾਰ ਦੇ ਰਹੇ ਨੇ। ਇਹ ਸਭ ਅੱਜ ਦੀ ਘੜੀ ਕਿਸੇ ਵੀ ਪਾਰਟੀ ਲਈ ਦਿਲ ਦਾ ਦਿਲਾਸਾ ਤਾਂ ਹੋ ਸਕਦੈ ਪਰ ਇਹ ਵਿਚਾਰ, ਇਹ ਲੱਖਣ-ਅੰਦਾਜ਼ੇ ਹੁਣ ਜਿੱਤ ਹਾਰ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ।ਅਸਲ ‘ਚ ਸਿਆਸੀ ਸਮੀਖਿਅਕਾਂ ਦਾ ਨਿੱਜੀ ਝੁਕਾਅ ਜਿਸ ਪਾਰਟੀ ਵੱਲ ਹੁੰਦਾ ਹੈ ਉਹ ਉਸੇ ਪਾਰਟੀ ਨੂੰ ਜੋੜ-ਤੋੜ ਨਾਲ ਮੂਹਰੇ ਲਿਆ ਖੜ੍ਹਾ ਕਰਦੇ ਨੇ। ਭਾਵੇਂ ਸਿਆਸੀ ਸੱਚ ਵਾਲਾ ਸੂਰਜ 11 ਮਾਰਚ ਨੂੰ ਚੜ੍ਹ ਹੀ ਜਾਣਾ ਹੈ, ਫੇਰ ਵੀ ਉਦੋਂ ਤੱਕ ਭਰਮ ‘ਚ ਜਿਊਣ ਦਾ ਹਰਜ ਵੀ ਕੀ ਹੈ। ਨਾਲੇ ਇਹੀ ਵਕਤ ਹੁੰਦਾ ਹੈ ਜਦੋਂ ਪਤਾ ਲੱਗਦੈ ਕਿ ਕਿਸ ਨੇ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਤੇ ਕਿਸ ਨੇ ਪਾਣੀ ਮਾਰਿਆ। ਜਦੋਂ ਹਰ ਪਾਸੇ ਚੋਣ ਨਤੀਜਿਆਂ ਦੀ ਸਮੀਖਿਆ ਹੋ ਹੀ ਰਹੀ ਹੈ ਤਾਂ ਆਪਾਂ ਵੀ ਇਸ ਵਗਦੀ ਗੰਗਾ ‘ਚ ਹੱਥ ਧੋ ਲੈਂਦੇ ਹਾਂ। ਪਰ ਪਹਿਲਾਂ ਇੱਕ ਹੱਡਬੀਤੀ ਸਾਂਝੀ ਕਰ ਲਵਾਂ ਪਾਣੀ ਮਾਰਨ ਵਾਲੇ ਸੱਜਣਾਂ ਬਾਰੇ।
ਗੱਲ 1992 ਦੀਆਂ ਪੰਜਾਬ ਚੋਣਾਂ ਦੀ ਹੈ, ਜਦੋਂ ਬਹੁਤੀਆਂ ਪਾਰਟੀਆਂ ਨੇ ਚੋਣ ਬਾਈਕਾਟ ਕੀਤਾ ਸੀ ਤੇ ਜਿਹੜੀਆਂ ਪਾਰਟੀਆਂ ਚੋਣ ਲੜ ਰਹੀਆਂ ਸਨ, ਉਨ੍ਹਾਂ ਨੂੰ ਵੀ ਮੁਸ਼ਕਲ ਨਾਲ ਉਮੀਦਵਾਰ ਮਿਲ ਰਹੇ ਸਨ। ਖਾੜਕੂਵਾਦ ਦਾ ਵਕਤ ਸੀ ਤੇ ਸਿੰਘਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਜਿਹੜਾ ਪਹਿਲੀ ਵੋਟ ਪਾਉਣ ਜਾਊ ਉਹਨੂੰ ਸੋਧ ਦਿਆਂਗੇ। ਚਲੋ ਜੀ ਇਹੋ ਜਿਹੇ ਮਾਹੌਲ ‘ਚ ਕਿਵੇਂ ਨਾ ਕਿਵੇਂ ਚੋਣਾਂ ਦਾ ਦਿਨ ਆ ਗਿਆ। ਚੋਣਾਂ ਤੋਂ ਪਹਿਲੀ ਰਾਤ ਅੱਡੋ-ਅੱਡ ਪਿੰਡਾਂ ‘ਚ ਪਾਰਟੀਆਂ ਵੱਲੋਂ ਆਪਣੇ ਏਜੰਟ ਲਾ ਦਿੱਤੇ ਗਏ। ਇਸੇ ਦੌਰਾਨ ਇੱਕ ਹਲਕੇ ਦਾ ਇੱਕ ਨਿੱਕਾ ਜਿਹਾ ਪਿੰਡ ਸੀ, ਜੀਹਦੀ ਵੋਟ ਢਾਈ ਕੁ ਸੌ ਸੀ। ਉਸ ਪਿੰਡ ਲਈ ਪਾਰਟੀ ਦੇ ਇੱਕ ਬੜੇ ਹੀ ਉੱਦਮੀ ਦਿਸਣ ਵਾਲੇ ਕਰਿੰਦੇ ਨੇ ਜ਼ੁੰਮੇਵਾਰੀ ਚੁੱਕ ਲਈ। ਵੋਟਾਂ ਪੈਣ ਤੋਂ ਬਾਅਦ ਸਭ ਆਪੋ-ਆਪਣੀ ਰਿਪੋਰਟ ਆਪਣੇ ਉਮੀਦਵਾਰ ਨੂੰ ਦੇਣ ਆ ਗਏ। ਉਹ ਉੱਦਮੀ ਨੌਜਵਾਨ ਕਹਿੰਦਾ-ਜੀ ਉਸ ਪਿੰਡ ‘ਚ ਦਹਿਸ਼ਤ ਈ ਬੜੀ ਸੀ, ਕੋਈ ਘਰੋਂ ਨਿਕਲਿਆ ਹੀ ਨਹੀਂ ਤੇ ਮੈਂ ਪ੍ਰੀਜ਼ਾਈਡਿੰਗ ਅਫ਼ਸਰ ਨਾਲ ਮਿਲ ਕੇ ਸਾਰੀਆਂ ਵੋਟਾਂ ਤੁਹਾਨੂੰ ਪਾ ਦਿੱਤੀਆਂ। ਸਾਰੇ ਖ਼ੁਸ਼ ਹੋ ਗਏ ਕਿ ਚਲੋ ਆਹ ਢਾਈ ਸੌ ਵੋਟ ਤਾਂ ਪੱਕੀ ਹੋਈ। ਉਸ ਵਕਤ ਏਨੀ ਵੋਟ ਵੀ ਬੜੇ ਮਾਅਇਨੇ ਰੱਖਦੀ ਸੀ ਕਿਉਂਕਿ ਵੋਟਾਂ ਸਿਰਫ਼ ਪੰਜ/ਸੱਤ ਪ੍ਰਤੀਸ਼ਤ ਪੋਲ ਹੋਈਆਂ ਸਨ। ਖ਼ੈਰ ਜੀ, ਤੀਜੇ ਕੁ ਦਿਨ ਵੋਟਾਂ ਦੀ ਗਿਣਤੀ ਹੋ ਰਹੀ ਸੀ ਤੇ ਹਰ ਪਿੰਡ ਦੇ ਬਕਸੇ ‘ਚੋਂ ਦਸ-ਵੀਹ ਵੋਟਾਂ ਨਿਕਲ ਰਹੀਆਂ ਸਨ। ਏਨੇ ਨੂੰ ਵਾਰੀ ਉਸ ਪਿੰਡ ਦੀ ਆ ਗਈ ਤੇ ਉਮੀਦਵਾਰ ਜੀ ਖ਼ੁਸ਼! ਬਈ ਹੁਣ ਤਾਂ ਇਕੱਠੀ ਢਾਈ ਸੌ ਵੋਟ ਨਿਕਲੂ, ਪਰ ਹੈਰਾਨੀ ਓਦੋਂ ਹੋਈ ਜਦੋਂ ਪੀਪੀ ਜਮਾ ਈ ਖ਼ਾਲੀ ਨਿਕਲੀ। ਉਮੀਦਵਾਰ ਦਾ ਅਗਾਊਂ ਖ਼ੁਸ਼ੀ ‘ਚ ਬੁੜ੍ਹਕ ਬੁੜ੍ਹਕ ਜਾਂਦਾ ਜੀਅ ਝੱਗ ਵਾਂਗੂੰ ਬਹਿ ਗਿਆ.. ਤੇ ਅਗਲੇ ਦਿਨ ਉਸ ਕਰਿੰਦੇ ਨੂੰ ਤਲਬ ਕਰ ਲਿਆ, ਤਾਂ ਪਤਾ ਲੱਗਿਆ ਕਿ ਸਾਹਿਬ ਚੋਣ ਏਜੰਟ ਵਾਲਾ ਝੋਲਾ ਲੈ ਕੇ ਆਪਣੇ ਘਰ ਜਾ ਸੁੱਤੇ ਤੇ ਸ਼ਾਮ ਨੂੰ ਆ ਕੇ ਰਿਪੋਰਟ ਦੇ ਦਿੱਤੀ ਸੀ ਇਸ ਭਰਮ ‘ਚ ਕਿ ਕਿਹੜਾ ਕਿਸੇ ਨੂੰ ਪਤਾ ਲੱਗਣੈ।
ਇਹ ਘਟਨਾ ਉਨ੍ਹਾਂ ਕਰਿੰਦਿਆਂ ਲਈ ਹੈ ਜੋ ਸਿਰਫ਼ ਪਾਣੀ ਮਾਰਦੇ ਨੇ।
ਆਓ! ਵਿਸ਼ੇ ਵੱਲ ਮੁੜਦੇ ਹਾਂ.. .. ਕਿ ਕੁਝ ਵੀ ਹੋ ਸਕਦੈ..
ਆਪਾਂ ਪਾਰਟੀ ਦਰ ਪਾਰਟੀ ਗੱਲ ਕਰਦੇ ਹਾਂ। ਮੰਨ ਲਓ, ਕਾਂਗਰਸ 55 ਸੀਟਾਂ ਜਿੱਤ ਜਾਂਦੀ ਹੈ, ਉਤਲੀਆਂ 17 ਬਾਕੀ ਵੰਡ ਲੈਂਦੇ ਨੇ। 45 ‘ਆਪ‘ ਲੈ ਜਾਂਦੀ ਹੈ। ਤਾਂ ਕੀ ਹੋਊ? ਚੇਤੇ ਰਹੇ ਕਿ ਆਪ ਦੀਆਂ 45 ਵਿੱਚ ਬੈਂਸ ਭਰਾਵਾਂ ਦੀਆਂ ਵੀ ਘੱਟੋ-ਘੱਟ 4 ਸੀਟਾਂ ਹੋਣਗੀਆਂ। (ਬੈਂਸ ਭਰਾ ਜੇ ਦੋ ਤੋਂ ਚਾਰ ਸੀਟਾਂ ਜਿੱਤਦੇ ਹਨ ਤਾਂ ਇਸ ਵਿੱਚ ਵੱਡਾ ਯੋਗਦਾਨ ਆਪ ਦਾ ਹੋਵੇਗਾ, ਨਹੀਂ ਤਾਂ ਇਹਨਾਂ ਭਰਾਵਾਂ ਦੀ ਪਾਰਟੀ ਦਾ ਆਧਾਰ ਦੋ ਸੀਟਾਂ ‘ਤੇ ਸੀ), ਇਹੋ ਜਿਹੀ ਸਥਿਤੀ ‘ਚ ਕਪਤਾਨ ਸਾਹਿਬ ਕਰਨਗੇ ਕੀ? ਬਿਲਕੁਲ ਜੀ.. ਚਾਰ ਐਮ.ਐਲ.ਏ. ਲੱਭਣਗੇ। ਉਤਲੇ 17 ‘ਚੋਂ ਤਾਂ ਔਖਾ ਲੱਗਦੈ। ਫੇਰ ਬਾਕੀ ਬਚਦਾ ਹੈ ਬੈਂਸ ਖੇਮਾ, ਜਿਨ੍ਹਾਂ ਨੂੰ ਜੇ ਦੋ ਅਹਿਮ ਮਹਿਕਮੇ ਮਿਲ ਜਾਣ ਤਾਂ ‘‘ਕੌਨ ਆਪ ਕੌਨ ਹਮ‘‘ ਅਤੇ ਠ‘‘ਹਮਾਰਾ ਸਾਥ ਹਾਥ ਕੇ ਸਾਥ‘‘ ਹੋਣਾ ਕੋਈ ਵੱਡੀ ਗੱਲ ਨਹੀਂ। ਭਾਵੇਂ ਕਿ ਅਸੀਂ ਬੈਂਸ ਭਰਾਵਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹਾਂ ਪਰ ਉਨ੍ਹਾਂ ਦੇ ਪਿਛੋਕੜ ‘ਚ ਨਿਭਾਈ ਰੁੜ੍ਹਨ ਵਾਲੇ ਲਾਟੂ ਦੀ ਭੂਮਿਕਾ ਤੋਂ ਵੀ ਬੇਖ਼ਬਰ ਨਹੀਂ ਹਾਂ।
ਹੁਣ ਗੱਲ ਕਰਦੇ ਹਾਂ ‘ਆਪ‘ ਦੀ! ਆਪ ਸੱਜਰੀ ਪਾਰਟੀ ਹੈ, ਗਵਾਉਣ ਲਈ ਕੁਝ ਨਹੀਂ ਪਾਉਣ ਲਈ ਸਭ ਕੁਝ। ਜਵਾਨੀ ਦੇ ਜੋਸ਼ ਅਤੇ ਕੰਮ ਕਰਨ ਦੀ ਸ਼ਕਤੀ ਨੇ ਦੋ ਵੱਡੀਆਂ ਪਾਰਟੀਆਂ ਦੇ ਬਰਾਬਰ ਲਿਆ ਖੜ੍ਹਾ ਕੀਤਾ। ਸਿਆਸੀ ਸਮੀਖਿਅਕ ਸੱਤਰ ਜਮਾਂ ਸੀਟਾਂ ਦੇ ਰਹੇ ਹਨ। ਜੇ ਤਾਂ ਇੰਜ ਹੁੰਦਾ ਤਾਂ ਅੱਧੇ ਸਵਾਲ ਖ਼ਤਮ। ਆਪਾਂ ਅੱਧੇ ਸਵਾਲ ਖ਼ਤਮ ਮੰਨ ਕੇ ਹੀ ਚੱਲਦੇ ਹਾਂ ਤੇ ਇੱਥੇ ਬਾਕੀ ਦੇ ਅੱਧੇ ਵਿਚਾਰਦੇ ਹਾਂ। ਅੱਧਾ ਸਵਾਲ ਹੈ ਕਿ ਮੁੱਖ ਮੰਤਰੀ ਦਾ ਦਾਅਵੇਦਾਰ ਕੌਣ? ਤਿੰਨ ਚਾਰ ਨਾਮ ਚਰਚਾ ‘ਚ ਨੇ। ਹਾਈ ਕਮਾਂਡ ਕਈ ਵਾਰ ਇਸ਼ਾਰਿਆਂ ‘ਚ ਜਰਨੈਲ ਸਿੰਘ ਦਾ ਚਿਹਰਾ ਮੂਹਰੇ ਕਰ ਚੁੱਕੀ ਹੈ। ਕਿਉਂਕਿ ਹੁਣ ਕੇਜਰੀਵਾਲ ਵੀ ਸਿਆਸਤ ਸਿੱਖ ਗਏ ਹਨ ਤੇ ਸੰਕੇਤਿਕ ਭਾਸ਼ਾ ਦਾ ਇਸਤੇਮਾਲ ਬਾਖ਼ੂਬੀ ਕਰ ਲੈਂਦੇ ਹਨ। ਮਸਲਨ ਪੰਜਾਬ ਦਾ ਮੁੱਖ ਮੰਤਰੀ ਸਿੱਖ ਚਿਹਰਾ ਹੋਵੇਗਾ, ਜੋ ਸ਼ਰਾਬ ਨਹੀਂ ਪੀਂਦਾ ਹੋਵੇਗਾ ਵਗ਼ੈਰਾ.. ਵਗ਼ੈਰਾ..। ਜਰਨੈਲ ਸਿੰਘ ਨੂੰ ਦਿੱਲੀ ਤੋਂ ਲਿਆ ਕੇ ਸੀ.ਐਮ. ਅਹੁਦੇ ਦੇ ਮੂਹਰੇ ਬਾਕੀ ਮੁਕਾਬਲੇ ਬਾਜ਼ਾਂ ਦੇ ਨਾਲ ਖੜ੍ਹਾ ਕਰਨਾ ਵੀ ਇੱਕ ਸੰਕੇਤਿਕ ਸੁਨੇਹਾ ਹੀ ਹੈ। ਜੇ ਜਰਨੈਲ ਸਿੰਘ ਦਾ ਸਿਆਸੀ ਸਫ਼ਰ ਦੇਖਿਆ ਜਾਵੇ ਤਾਂ ਭਾਵੇਂ ਉਨ੍ਹਾਂ ਦੇ ਸਿਆਸੀ ਸਫ਼ਰ ਦਾ ਆਗਾਜ਼ ਇੱਕ ਅਗਰੈਸਿਵ ਬੰਦੇ ਦੇ ਤੌਰ ‘ਤੇ ਉਦੋਂ ਹੋਇਆ ਜਦੋਂ ਉਨ੍ਹਾਂ ਦੇਸ਼ ਦੇ ਵੇਲੇ ਦੇ ਵਿੱਤ ਮੰਤਰੀ ‘ਤੇ ਆਪਣੀ ਜੁੱਤੀ ਸੁੱਟੀ ਸੀ। ਪਰ ਤੁਸੀਂ ਵੀ ਨੋਟ ਕੀਤਾ ਹੋਣਾ ਕਿ ਜਦੋਂ ਤੋਂ ਉਹ ਆਪ ‘ਚ ਸ਼ਾਮਲ ਹੋਏ ਨੇ, ਉਦੋਂ ਤੋਂ ਉਨ੍ਹਾਂ ਦੇ ਤੇਵਰ ਬੜੇ ਸ਼ਾਂਤ ਨੇ। ਜਿਸ ਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਆਪ ‘ਚ ਕੁਝ ਗ਼ਲਤ ਹੋ ਹੀ ਨਹੀਂ ਰਿਹਾ ਜਾਂ ਫੇਰ ਉਹ ਠਹਾਈ ਕਮਾਂਡ ਨਾਲ ਲਾ ਕੇ ਖਾਓ ਅਤੇ ਵੱਧ ਸੌਗਾਤਾਂ ਪਾਓ‘‘ ਦੇ ਫ਼ਾਰਮੂਲੇ ‘ਤੇ ਕੰਮ ਕਰ ਰਹੇ ਹਨ।
ਉਸ ਤੋਂ ਬਾਅਦ ਨਾਮ ਆਉਂਦੈ ਫੂਲਕਾ ਸਾਹਿਬ ਦਾ। ਉਨ੍ਹਾਂ ਦੀ ਸਿੱਖ ਕੌਮ ਲਈ ਕੀਤੀ ਘਾਲਣਾ ਬਾਰੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਉਹ ਕਈ ਵੇਲਿਆਂ ‘ਤੇ ਦਬਾਅ ਝੱਲਣ ‘ਚ ਨਾਕਾਮ ਰਹੇ ਹਨ, ਜੋ ਕਿ ਇੱਕ ਨੇਤਾ ਦਾ ਪਹਿਲਾ ਗੁਣ ਹੋਣਾ ਚਾਹੀਦਾ ਹੈ ਕਿ ਉਹ ਦਬਾਅ ਵਿਚ ਰਹਿ ਕੇ ਕਿਹੋ ਜਿਹਾ ਵਤੀਰਾ ਅਪਣਾਉਂਦਾ ਹੈ। ਇਹਨਾਂ ਕਾਰਨਾਂ ਕਰਕੇ ਪਿਛਲੇ ਕੁਝ ਸਮੇਂ ਤੋਂ ਉਹ ਇਸ ਦੌੜ ‘ਚੋਂ ਬਾਹਰ ਹੀ ਹਨ। ਪਰ ਆਪਾਂ ਤਾਂ ਗੱਲ ਈ ਐਥੋਂ ਸ਼ੁਰੂ ਕੀਤੀ ਐ ਕਿ ਠਕੁਝ ਵੀ ਹੋ ਸਕਦੈ।‘‘ ਇਸ ਤੋਂ ਬਿਨਾਂ ਗੁਰਪ੍ਰੀਤ ਵੜੈਚ ਜਾਂ ਫੇਰ ਕੋਈ ਬਾਹਰੀ ਮੁੱਖ ਮੰਤਰੀ ਬਾਰੇ ਵੀ ਵਿਚਾਰਿਆ ਜਾ ਸਕਦਾ।
ਬਾਹਰੀ ਬਾਰੇ ਤਾਂ ਏਨਾ ਹੀ ਕਾਫ਼ੀ ਹੈ ਕਿ ਆਮ ਜਨਤਾ ਓਹਨੂੰ ਮਨਜ਼ੂਰ ਨਹੀਂ ਕਰੇਗੀ ਤੇ ਆਪ ਜੇ ਇਹੋ ਜਿਹਾ ਫ਼ੈਸਲਾ ਕਰਦੀ ਹੈ ਤਾਂ ਖ਼ੁਦਕੁਸ਼ੀ ਤੋਂ ਘੱਟ ਨਹੀਂ ਹੋਣਾ। ਗੁਰਪ੍ਰੀਤ ਕਾਫ਼ੀ ਸੁਲਝਿਆ ਇਨਸਾਨ ਹੈ ਪਰ ਹਾਲੇ ਮੁੱਖ ਮੰਤਰੀ ਬਣਨ ਲਈ ਉਸ ਨੂੰ ਨੈਤਿਕਤਾ ਦੇ ਆਧਾਰ ‘ਤੇ ਇੰਤਜ਼ਾਰ ਕਰਨਾ ਪਵੇਗਾ। ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਆਪਣੇ ਆਪ ਨੂੰ ਸਾਬਤ ਕਰਨਾ ਪਵੇਗਾ। ਉਹ ਬਹੁਤ ਸਾਰੇ ਚਾਹੁਣ ਵਾਲਿਆਂ ਦੀ ਸੂਚੀ ‘ਚ ਸ਼ੁਮਾਰ ਹੈ ਜੋ ਉਸ ਨੂੰ ਕਿਸੇ ਵਕਤ ਉੱਚੇ ਮੁਕਾਮ ‘ਤੇ ਬੈਠਾ ਦੇਖਣ ਦੇ ਚਾਹਵਾਨ ਹਨ।
(ਬਾਕੀ ਕੱਲ੍ਹ ਪੜ੍ਹੋ)
ਮਿੰਟੂ ਬਰਾੜ ਆਸਟ੍ਰੇਲੀਆ



