ਸਾਡੀ ਜਿੰਦਗੀ ਇੱਕ ਸਿੱਕੇ ਦੇ ਦੋ ਪਹਿਲੂਆਂ ਵਾਂਗ ਹੈ ਅਤੇ ਦੁੱਖ ਸੁੱਖ,ਖੁਸ਼ੀ ਗਮੀ ਤੇ ਹਾਰ ਜਿੱਤ ਇਹੀ ਜਿੰਦਗੀ ਦੀ ਵਿਲੱਖਣਤਾ ਹੈ।ਇਸ ਲਈ ਹਰ ਇੱਕ ਇਨਸਾਨ ਨੂੰ ਦੋਹਾਂ ਚੀਜਾਂ ਨੂੰ ਸਹਿ ਸਕਣ ਦੀ ਤਿਆਰੀ ਵਿੱਚ ਰਹਿਣਾ ਚਾਹੀਦਾ ਹੈ।ਪਰ ਇਨਸਾਨ ਚਾਹੁੰਦੇ ਹੋਏ ਵੀ ਸਮੇਂ ਦਾ ਹਾਣੀ ਨਹੀਂ ਬਣ ਸਕਦਾ।ਇਨਸਾਨ ਖੁਸ਼ੀ ਦੇ ਪਲਾਂ ਦਾ ਲੁਤਫ ਤਾਂ ਬਹੁਤ ਲੈਂਦਾ ਹੈ ਪਰ ਥੋੜਾ ਜਿਹਾ ਹੀ ਦੁੱਖ ਮਹਿਸੂਸ ਹੋਣ ਤੇ ਪ੍ਰਮਾਤਮਾ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਦਾ ਹੈ।ਇਹੀ ਹੀ ਇਨਸਾਨੀ ਜਿੰਦਗੀਂ ਦੀ ਅਸਲ ਫਿਤਰਤ।ਇਹ ਕੋਈ ਹਿਸਾਬ ਦਾ ਸਵਾਲ ਨਹੀਂ ਹੈ ਕਿ ਜੇਕਰ ਕੋਈ ਅਧਿਆਪਕ ਇਸਨੂੰ ਸਮਝਾਏਗਾ ਇਹ ਤਾਂ ਹੀ ਸਮਝ ਵਿੱਚ ਆਵੇਗਾ।ਸਾਨੂੰ ਆਪਣੇ ਮਨ ਨੂੰ ਕਾਬੂ ਕਰਨ ਦੀ ਲੋੜ ਹੈ ਸੋ ਇਹ ਨਹੀਂ ਕਿ ਚੰਗਾ ਸਿਰਫ ਮੇਰਾ ਹੀ ਹੋਵੇ ਅਤੇ ਬੁਰਾ ਕਿਸੇ ਦਾ ਹੋਰ ਹੋਵੇ,ਇਹ ਦੋਵੇਂ ਹੀ ਚੀਜਾਂ ਜਿੰਦਗੀ ਦੇ ਨਾਲ ਨਾਲ ਚਲਦੀਆਂ ਹਨ ਅਤੇ ਸਾਨੂੰ ਬੁਰਾ ਸਮੇਂ ਆਉਣ ਤੇ ਨਿਰਾਸ਼ ਹੋਣ ਦੀ ਬਜਾਏ ਨਿਰਾਸ਼ਾ ਵਿੱਚੋਂ ਆਸ਼ਾ ਦੀ ਭਾਲ ਕਰਨੀ ਚਾਹੀਦੀ ਹੈ।ਕਿਉਂਕਿ ਨਿਰਾਸ਼ਾ ਵਿੱਚੋਂ ਹੀ ਆਸ਼ਾ ਦੀ ਕਿਰਨ ਲੱਭਣੀ ਚੜ੍ਹਦੀਕਲਾ ਦੀ ਨਿਸ਼ਾਨੀ ਹੈ।ਇੱਥੇ ਰੋਦਿਆਂ ਨਾਲ ਕੋਈ ਨਹੀਂ ਰੋਂਦਾ ਅਤੇ ਖੁਸ਼ੀਆਂ ਉਹਨਾਂ ਲੋਕਾਂ ਨੂੰ ਹੀ ਨਸੀਬ ਹੁੰਦੀਆਂ ਹਨ ਜਿਹੜੇ ਹੱਸਦੇ ਹੱਸਦੇ ਜਿੰਦਗੀਂ ਦਾ ਸਫਰ ਤਹਿ ਕਰਦੇ ਹਨ।ਇਹ ਕਦੇ ਨਹੀਂ ਹੋ ਸਕਦਾ ਕਿ ਜਿੰਦਗੀ ਕਿਸੇ ਵੀ ਇਨਸਾਨ ਦਾ ਇਮਤਿਹਾਨ ਨਾ ਲਵੇ। ਜਿੰਦਗੀ ਵਿੱਚ ਚੰਗਾ ਮਾੜਾ ਸਮਾਂ ਹਰ ਇਨਸਾਨ ਨੂੰ ਦੇਖਣਾ ਪੈਂਦਾ ਹੈ ਅਤੇ ਜਿਹੜੇ ਲੋਕ ਇਸ ਦੁੱਖ ਦੀ ਘੜੀ ਵਿੱਚ ਮੁਸੀਬਤ ਦਾ ਦਲੇਰੀ ਨਾਲ ਸਾਹਮਣਾ ਕਰਦੇ ਹਨ ਉਹ ਹੀ ਜਿੰਦਗੀ ਵਿੱਚ ਕਾਮਯਾਬੀ ਦਾ ਚਿਹਰਾ ਦੇਖਦੇ ਹਨ ਅਤੇ ਜਿਹੜੇ ਲੋਕ ਮੁਸੀਬਤ ਵੇਲੇ ਢਹਿ ਢੇਰੀ ਹੋ ਕੇ ਬੈਠ ਜਾਂਦੇ ਹਨ ਉਹ ਜਿੰਦਗੀ ਵਿੱਚ ਕਾਮਯਾਬ ਤਾਂ ਕੀ,ਕਈ ਵਾਰ ਖੁਦਕੁਸ਼ੀ ਵਰਗਾ ਰਸਤਾ ਵੀ ਅਖਤਿਆਰ ਕਰ ਲੈਂਦੇ ਹਨ ਜਿਹੜਾ ਕਿ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।ਇਸ ਲਈ ਜਿੰਦਗੀ ਨੂੰ ਸਦਾ ਹੱਸਦੇ ਖੇਡਦੇ ਹੋਏ ਮਾਣੋ ਅਤੇ ਚੱਲ ਰਹੇ ਸਮੇਂ ਦੀ ਪਰਵਾਹ ਕਰਦੇ ਹੋਏ ਉਸਨੂੰ ਵਿਅਰਥ ਨਾ ਗਵਾਉ ਤਾਂ ਕਿ ਆਉਣ ਵਾਲੇ ਕੱਲ ਸਾਨੂੰ ਬੀਤੇ ਸਮੇਂ ਨੂੰ ਯਾਦ ਕਰਕੇ ਪਛਤਾਉਣਾ ਪਵੇ।
ਸੋ ਆਖੀਰ ਵਿੱਚ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਹਰ ਇਨਸਾਨ ਨੂੰ ਜਿੰਦਗੀਂ ਦਾ ਹਰ ਪਲ ਹੱਸਦੇ ਖੇਡਦੇ ਅਤੇ ਸਮੇਂ ਦੀ ਸੰਭਾਲ ਕਰਦੇ ਹੋਏ ਬਿਤਾਉਣਾ ਚਾਹੀਦਾ ਹੈ ਤਾਂ ਹੀ ਅਸੀਂ ਚੜ੍ਹਦੀਕਲਾ ਵਿੱਚ ਰਹਿ ਸਕਦੇ ਹਾਂ।
ਪਰਮਜੀਤ ਕੌਰ ਸੋਢੀ



