April 20, 2026 2:13 am

ਬਠਿੰਡਾ ਪ੍ਰਸ਼ਾਸਨ ਨੇ ਵਿਕੇ ਸੂਟਾਂ ਦੇ ਡੇਢ ਲੱਖ ਰੁਪਏ ਮਰਹੂਮ ਮੁਬਾਰਕ ਅਲੀ ਦੀ ਵਿਧਵਾ ਨੂੰ ਭੇਜੇ

Page-1_21 ਬਠਿੰਡਾ, 13 ਮਾਰਚ (ਅਮਰਜੀਤ ਸਿੰਘ ਸਿੱਧੂ, ਗੁਰਤੇਜ ਸਿੰਘ ਸਿੱਧੂ)- ਕਲੱਕਤਾ ਦੇ ਸ਼ਿਲਪਕਾਰ ਮੁਬਾਰਕ ਅਲੀ ਦੀ ਮੌਤ ਤੋਂ ਬਾਅਦ ਉਸਦੇ ਸੂਟ ਵੇਚਣ ਦਾ ਜੋ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਤਹੱਈਆ ਕੀਤਾ ਸੀ, ਉਹ ਉਦੋਂ ਸਾਰਥਕ ਹੋਇਆ ਜਦੋਂ ਬਠਿੰਡਾ ਇਲਾਕੇ ਦੀ ਜਨਤਾ ਨੇ ਦਰਿਆ ਦਿਲੀ ਦਿਖਾਉਂਦੇ ਹੋਏ ਅਤੇ ਦੁਖੀ ਪਰਿਵਾਰ ਦੀ ਆਰਥਿਕ ਮਦਦ ਲਈ ਇਕ ਦਿਨ ਵਿਚ ਹੀ ਇਕ ਲੱਖ ਰੁਪਏ ਦੇ ਬੰਗਾਲੀ ਕਢਾਈ ਵਾਲੇ ਇਹ ਸੂਟ ਖਰੀਦ ਲਏ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਰਹੂਮ ਮੁਬਾਰਕ ਅਲੀ ਦੀ ਵਿਧਵਾ ਪਤਨੀ ਸੈਮਸਮ ਨੂੰ ਅੱਜ ਸੂਟਾਂ ਦੀ ਵਿਕਰੀ ਦੇ ਡੇਢ ਲੱਖ ਰੁਪਏ ਜਮ੍ਹਾ ਕਰਵਾ ਦਿੱਤੇ ਗਏ ਹਨ, ਤਾਂ ਜੋ ਉਹ ਆਪਣੇ ਤਿੰਨ ਬੱਚਿਆਂ ਸਮੇਤ ਪਰਿਵਾਰ ਦਾ ਗੁਜ਼ਾਰਾ ਕਰ ਸਕੇ। ਉਨ੍ਹਾਂ

ਦੱਸਿਆ ਕਿ ਪੰਚਾਇਤ ਸਕੱਤਰ ਗੁਰਜੀਵਨ ਸਿੰਘ ਦੀ ਅਗਵਾਈ ਵਿਚ ਇਹ ਸੂਟ ਮੇਲੇ ਦੇ ਮੁੱਖ ਗੇਟ ਦੇ ਪਹਿਲੇ ਸਟਾਲ ’ਤੇ ਹੀ ਵੇਚੇ ਜਾ ਰਹੇ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਕ ਲੱਖ ਰੁਪਏ ਦੇ ਕਰੀਬ ਹੋਰ ਸੂਟ ਬਚੇ ਹਨ ਅਤੇ ਆਸ ਹੈ ਕਿ ਇਹ ਸੂਟ ਵੀ ਜਲਦੀ ਵਿਕ ਜਾਣਗੇ ਅਤੇ ਇਕੱਤਰ ਹੋਏ ਇਹ ਪੈਸੇ ਵੀ ਮੁਬਾਰਕ ਅਲੀ ਦੀ ਵਿਧਵਾ ਨੂੰ ਭੇਜ ਦਿੱਤੇ ਜਾਣਗੇ।  ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਾਜਾਂ ਦੇ ਸ਼ਿਲਪਕਾਰਾਂ ਵਲੋਂ ਮੇਲੇ ਦੇ 5ਵੇਂ ਦਿਨ ਤੱਕ 63 ਲੱਖ, 16,860 ਰੁਪਏ ਦੀ ਸੇਲ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦੇ 5ਵੇਂ ਦਿਨ 16 ਲੱਖ, 36,780 ਰੁਪਏ ਦੀ ਵਿਕਰੀ ਹੋਈ, ਜਦਕਿ ਪਹਿਲੇ 4 ਦਿਨਾਂ ਵਿਚ ਇਸ ਵਿਕਰੀ ਦਾ ਅੰਕੜਾ ਕਰੀਬ 45 ਲੱਖ ਰੁਪਏ ਤੱਕ ਪਹੁੰਚ ਗਿਆ ਸੀ। ਉਨ੍ਹਾਂ ਦੱਸਿਆ ਕਿ 18 ਮਾਰਚ ਤੱਕ ਬਠਿੰਡਾ ਵਿਖੇ ਚੱਲਣ ਵਾਲਾ ਇਹ ਖੇਤਰੀ ਸਾਰਸ ਮੇਲਾ 7ਵੇਂ ਦਿਨ ਵਿਚ ਦਾਖਲ ਹੋ ਗਿਆ ਹੈ ਅਤੇ ਦਿਨੋ-ਦਿਨ ਇਲਾਕਾ ਵਾਸੀਆਂ ਦੀ ਭੀੜ ਵੱਧਦੀ ਜਾ ਰਹੀ ਹੈ।

Send this to a friend