April 21, 2026 6:59 pm

ਦਰਜਾ ਚਾਰ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਵਰਦੀ ਪਾਉਣੀ ਲਾਜ਼ਮੀ

ਚੰਡੀਗੜ੍ਹ, 12 ਮਾਰਚ (ਪੀ. ਟੀ.)- ਪੰਜਾਬ ਸਰਕਾਰ ਨੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਡਿਊਟੀ ਦੌਰਾਨ ਪਰਦੀ ਨਾ ਪਾਉਣ ਦੀ ਪ੍ਰਵਿਰਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਸਮੂਹ ਵਿਭਾਗ ਮੁਖੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸਰਕਾਰ ਦੇ ਸਮੂਹ ਦਰਜਾ ਚਾਰ ਕਰਮਚਾਰੀਆਂ ਲਈ ਡਿਊਟੀ ਦੌਰਾਨ ਵਰਦੀ ਪਾਉਣ ਲਈ ਲਾਜ਼ਮੀ ਹੈ। ਸਰਕਾਰੀ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਅਕਸਰ ਦੇਖਣ ਵਿੱਚ ਆਇਆ ਹੈ ਕਿ ਦਰਜਾ ਚਾਰ ਕਰਮਚਾਰੀ ਡਿਊਟੀ ਦੌਰਾਨ ਵਰਦੀ ਨਹੀਂ ਪਾਉਂਦੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗ ਮੁਖੀਆਂ, ਡਵੀਜ਼ਨਾਂ ਦੇ ਕਮਿਸ਼ਨਰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ, ਜ਼ਿਲਾ ਅਤੇ ਸੈਸ਼ਨ ਜੱਜ, ਸਮੂਹ ਡਿਪਟੀ ਕਮਿਸ਼ਨਰ ਅਤੇ ਸਬ ਡਵੀਜ਼ਨਲ ਮੈਜਿਸਟ੍ਰੇਟਾਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਸਾਰੇ ਸਰਕਾਰੀ ਦਰਜਾ ਚਾਰ ਕਰਮਚਾਰੀ ਡਿਊਟੀ ਦੌਰਾਨ ਵਰਦੀ ਪਾਉਣ। ਬੁਲਾਰੇ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਵਰਗ ਦੇ ਕਰਮਚਾਰੀਆਂ ਦੀਆਂ ਵਰਦੀਆਂ ’ਤੇ ਖਰਚਾ ਕੀਤਾ ਜਾ ਰਿਹਾ ਹੈ  ਪਰ ਇਸ ਮੰਤਵ ਦੀ ਪ੍ਰਤੀ ਪੂਰਤੀ ਨਹੀਂ ਹੋ ਰਹੀ ਹੈ। ਜਾਰੀ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਕਰਮਚਾਰੀ ਵਰਦੀ ਪਾ ਕੇ ਦਫਤਰ ਨਹੀਂ ਆਉਂਦਾ ਤਾਂ ਉਸ ਦੀ ਵਰਦੀ ’ਤੇ ਹੋਣ ਵਾਲੇ ਖਰਚੇ ਦੀ ਵਸੂਲੀ ਉਸ ਪਾਸੋਂ ਕੀਤੀ ਜਾਵੇ।

Send this to a friend