ਚੰਡੀਗੜ੍ਹ, 17 ਸਤੰਬਰ- ਦੇਸ਼ ਦੇ ਮੋਹਰੀ ਸੂਬਿਆਂ ਵਿੱਚੋਂ ਇਕ ਪੰਜਾਬ ਨੇ ਆਪਣੀਆਂ ਪ੍ਰਾਪਤੀਆਂ ਵਿੱਚ ਇਕ ਹੋਰ ਵਾਧਾ ਕਰਦਿਆਂ ‘ਮੋਸਟ ਪ੍ਰੋਗਰੈਸਿਵ ਸਟੇਟ ਫਾਰ ਟੂਰਿਜ਼ਮ’ ਦਾ ਕੌਮੀ ਐਵਾਰਡ ਜਿੱਤਿਆ ਹੈ। ਪੰਜਾਬ ਨੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਸੈਰ ਸਪਾਟਾ ਖੇਤਰ ਵਿੱਚ ਸਭ ਤੋਂ ਪ੍ਰਗਤੀਸ਼ੀਲ ਸੂਬੇ ਦੇ ਐਵਾਰਡ ਜਿੱਤਿਆ ਹੈ। ਕੇਂਦਰੀ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਸ੍ਰੀ ਯੈਸੋ ਨਾਇਕ ਨੇ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਸ. ਸੋਹਣ ਸਿੰਘ ਠੰਡਲ ਨੂੰ ਬੀਤੀ ਰਾਤ ਨਵੀਂ ਦਿੱਲੀ ਦੇ ਅਸ਼ੋਕਾ ਹੋਟਲ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਸ ਐਵਾਰਡ ਨਾਲ ਸਨਮਾਨਤ ਕੀਤਾ।
ਇਸ ਮੌਕੇ ਬੋਲਦਿਆਂ ਸ. ਠੰਡਲ ਨੇ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਸੱਭਿਆਚਾਰਕ, ਇਤਿਹਾਸਕ, ਧਾਰਮਿਕ ਪੱਖ ਤੋਂ ਸੈਰ ਸਪਾਟੇ ਲਈ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ। ਇਥੋਂ ਦੇ ਧਾਰਮਿਕ ਸਥਾਨਾਂ ਨੂੰ ਸਿਜਦਾ ਕਰਨ ਅਤੇ ਯਾਦਗਾਰਾਂ ਨੂੰ ਦੇਖਣ ਲਈ ਦੂਰੋਂ-ਦੂਰੋਂ ਲੋਕ ਆਉਂਦੇ ਹਨ। ਪੰਜਾਬ ਪਰਵਾਸੀ ਪੰਛੀਆਂ ਲਈ ਸਭ ਤੋਂ ਸਾਜਗਾਰ ਥਾਂ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਰਾਮਗੜ੍ਹ ਕਿਲ੍ਹਾ ਤੇ ਜਲ੍ਹਿਆ ਵਾਲਾ ਬਾਗ, ਸ੍ਰੀ ਆਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਵਿਰਾਸਤ-ਏ-ਖਾਲਸਾ ਕੰਪਲੈਕਸ, ਭਾਖੜਾ ਡੈਮ, ਪਟਿਆਲਾ ਵਿਖੇ ਕਿਲ੍ਹਾ ਮੁਬਾਰਕ ਤੇ ਮੋਤੀ ਬਾਗ ਪੈਲੇਸ ਹਰੀ ਕੇ ਪੱਤਣ ਰੱਖ, ਫਤਹਿਗੜ੍ਹ ਸਾਹਿਬ ਵਿਖੇ ਆਮ ਖਾਸ ਬਾਗ ਤੇ ਰੋਜ਼ਾ ਸ਼ਰੀਫ ਆਦਿ ਪ੍ਰਮੁੱਖ ਸਥਾਨ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ।
ਸ. ਠੰਡਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖ ਗੁਰੂਆਂ, ਸੰਤਾਂ, ਯੋਧਿਆਂ ਦੀ ਯਾਦਗਾਰਾਂ ਉਸਾਰੀਆਂ ਹਨ ਅਤੇ ਕਈ ਉਸਾਰੀ ਅਧੀਨ ਹੈ। ਪਿਛਲੇ ਸਮੇਂ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਵਿਰਾਸਤ-ਏ-ਖਾਲਸਾ, ਕੁੱਪ-ਰੋਹੀੜਾ ਵਿਖੇ ਵੱਡਾ ਘੱਲੂਘਾਰਾ ਯਾਦਗਾਰ, ਕਾਹਨੂੰਵਾਨ ਛੰਭ ਵਿਖੇ ਛੋਟਾ ਘੱਲੂਘਾਰਾ ਯਾਦਗਾਰ ਅਤੇ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਯਾਦਗਾਰ ਉਸਾਰੀ ਗਈ। ਇਸ ਤੋਂ ਇਲਾਵਾ ਕਰਤਾਰਪੁਰ ਵਿਖੇ ਜੰਗੀ ਯਾਦਗਾਰ, ਖੁਰਾਲਗੜ੍ਹ ਵਿਖੇ ਗੁਰੂ ਰਵਿਦਾਸ ਜੀ ਦੀ ਯਾਦਗਾਰ ਅਤੇ ਰਾਮ ਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੀ ਯਾਦਗਾਰ ਉਸਾਰੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਸਦਕਾ ਸੈਰ ਸਪਾਟਾ ਸਨਅਤ ਨੂੰ ਬਹੁਤ ਉਤਸ਼ਾਹ ਮਿਲਿਆ ਹੈ। ਜ਼ਿਕਰਯੋਗ ਹੈ ਕਿ ਸੈਰ ਸਪਾਟਾ, ਕਾਰਪੋਰੇਟ ਅਤੇ ਮਨੋਰੰਜਨ ਜਗਤ ਵਿੱਚ ਬਿਹਤਰ ਕੰਮ ਕਰ ਰਹੇ ਸੂਬਿਆਂ ਨੂੰ ਸਨਮਾਨਤ ਕਰਨ ਲਈ ‘ਟੂਡੇਜ਼ ਟਰਵੈਲਰ ਐਵਾਰਡ’ ਦੀ ਸ਼ੁਰੂਆਤ 2007 ਵਿੱਚ ਹੋਈ ਸੀ।