ਨਵੀਂ ਦਿੱਲੀ, 16 ਸਤੰਬਰ (ਪੀ.ਟੀ.)-ਦਿੱਲੀ ਹਾਈ ਕੋਰਟ ਨੇ ਉਸ ਜਨਹਿਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਰਾਬਰਟ ਵਾਡਰਾ ਦੀਆਂ ਕੰਪਨੀਆਂ ਵਲੋਂ ਕੀਤੇ ਗਏ ਕਥਿਤ ਜ਼ਮੀਨੀ ਸੌਦਿਆਂ ਦੀ ਅਦਾਲਤ ਦੀ ਨਿਗਰਾਨੀ ਵਿਚ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ। ਮੁੱਖ ਜੱਜ ਜੀ ਰੋਹਿਣੀ ਅਤੇ ਜਸਟਿਸ ਆਰ ਐਸ ਐਂਡਲੋ ਦੇ ਬੈਂਚ ਨੇ ਕਿਹਾ ਕਿ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਬੈਂਚ ਨੇ ਅਟਾਰਨੀ ਐਮ ਐਲ ਸ਼ਰਮਾ ਵਲੋਂ ਦਾਇਰ ਕੀਤੀ ਗਈ ਜਨਹਿਤ ਪਟੀਸ਼ਨ ‘ਤੇ ਫੈਸਲਾ ਰਾਖਵਾਂ ਰੱਖ ਲਿਆ ਸੀ। ਇਸ ਅਦਾਲਤ ਦੇ ਅਧਿਕਾਰ ਖਤਰੇ ਦੇ ਮੁੱਦੇ ‘ਤੇ ਬੈਂਚ ਨੂੰ ਸੰਤੁਸ਼ਟ ਕਰਨ ਲਈ ਅਟਾਰਨੀ ਨੇ ਕਿਹਾ ਸੀ ਕਿ ਕਾਰਵਾਈ ਦਾ ਕਾਰਨ ਅੰਸ਼ਿਕ ਰੂਪ ਵਿਚ ਦਿੱਲੀ ਵਿਚ ਬਣਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਦਫਤਰ, ਕੈਗ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਵਰਗੇ ਦਫਤਰ ਅਤੇ ਸਵਿਧਾਨਿਕ ਇਕਾਈਆਂ ਇਥੇ ਮੌਜੂਦ ਹਨ।