ਬਰਨਾਲਾ/ਧਨੌਲਾ, 15 ਸਤੰਬਰ (ਰਾਮ ਸਿੰਘ ਧਨੌਲਾ, ਸ਼ੰਕਰ ਬਾਂਸਲ)- ਸੰਗਰੂਰ-ਬਰਨਾਲਾ ਕੌਮੀ ਮਾਰਗ ’ਤੇ ਸਥਿਤ ਪਿੰਡ ਹਰੀਗੜ੍ਹ ਨੇੜੇ ਕੋਟਲਾ ਬ੍ਰਾਂਚ ਨਹਿਰ ਵਿੱਚ ਇੱਕ ਕੰਬਾਇਨ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਅਤੇ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਕਰੀਬ 7 ਵਜੇ ਹਿੰਦ ਕੰਪਨੀ ਦੀ ਕੰਬਾਇਨ ਪੀ ਬੀ 63-2699 ਸੁਤਰਾਣਾ ਤੋਂ ਸ੍ਰੀ ਅੰਮ੍ਰਿਤਸਰ ਵੱਲ ਜਾ ਰਹੀ ਸੀ। ਜਦੋਂ ਕੰਬਾਇਨ ਹਰੀਗੜ੍ਹ ਨਹਿਰ ਦੇ ਪੁਲ ਉਪਰ ਤੋਂ ਲੰਘਣ ਲੱਗੀ ਤਾਂ ਚਾਲਕ ਜਸਵਿੰਦਰ ਸਿੰਘ ਤੋਂ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਜਿਸ ਨਾਲ ਚਾਲਕ ਜਸਵਿੰਦਰ ਸਿੰਘ (40) ਪੁੱਤਰ ਬਲਵੀਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਅਮਰਜੀਤ ਸਿੰਘ ਤੇ ਸੁਰਜੀਤ ਕੁਮਾਰ ਵਾਸੀ ਸੁਤਰਾਣਾ ਗੰਭੀਰ
ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪਿੰਡ ਹਰੀਗੜ੍ਹ ਦੇ ਲੋਕਾਂ ਵੱਲੋਂ ਨਹਿਰ ਚੋਂ ਕੱਢ ਕੇ 108 ਐਂਬੁਲੈਂਸ ਰਾਹੀਂ ਸਿਵਲ ਹੱਸਪਤਾਲ ਧਨੌਲਾ ’ਚ ਭਰਤੀ ਕਰਵਾਇਆ ਗਿਆ।
ਥਾਣਾ ਧਨੌਲਾ ਦੇ ਮੁਕੀ ਗੁਰਭਜਨ ਸਿੰਘ ਨੇ ਆਪਣੀ ਪੁਲਿਸ ਪਾਰਟੀ ਮਸੇਤ ਘਟਨਾ ਸਥਾਨ ’ਤੇ ਪੁੱਜ ਕੇ ਜਾਇਜ਼ਾ ਲਿਆ। ਆਪਣੀ ਸਖਤ ਮਿਹਨਤ ਸਦਕਾ ਹਾਈਵੇ ਰੋਡ ਨੂੰ ਨਿਰਵਿਘਨ ਚਾਲੂ ਕਰਵਾਇਆ ਅਤੇ ਜ਼ਖਮੀਆਂ ਨੂੰ ਫੌਰਨ ਹਸਪਤਾਲ ਪਹੁੰਚਾਉਣ ਦੇ ਯਤਨ ਕੀਤੇ। ਜ਼ਿਕਰਯੋਗ ਹੈ ਕਿ ਨਹਿਰ ਵਿੱਚ ਪਾਣੀ ਦਾ ਵਹਾਅ ਘੱਟ ਹੋਣ ਕਰਕੇ ਜ਼ਖਮੀ ਵਿਅਕਤੀਆਂ ਨੂੰ ਬਚਾਇਆ ਜਾ ਸਕਿਆ। ਜੇਕਰ ਨਹਿਰ ਵਿੱਚ ਪਾਣੀ ਦਾ ਵਹਾਅ ਤੇਜ਼ ਹੁੰਦਾ ਤਾਂ ਸ਼ਾਇਦ ਕਈਂ ਪਿੰਡ ਇਸ ਪਾਣੀ ਦੀ ਲਪੇਟ ’ਚ ਆ ਜਾਂਦੇ।