June 15, 2026 11:21 pm

ਖਤਮ ਹੋ ਰਹੀ ਇੱਕ ਪੀੜੀ! ਕੁਝ ਸਮਾਜਿਕ ਤੱਥ

ਅਮਨਪ੍ਰੀਤ ਕੌਰ
ਸ਼ਾਲਿਨੀ ਸ਼ਰਮਾ
imageਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਇੱਥੋਂ ਦੇ ਲੋਕ ਹਮੇਸ਼ਾ ਹੀ ਦ੍ਰਿੜ ਅਤੇ ਮਿਹਨਕਸ਼ ਰਹੇ ਹਨ, ਅਤੇ ਉਨ੍ਹਾਂ ਨੇ ਹਰ ਮੁਸੀਬਤ ਦਾ ਡਟ ਕੇ ਸਾਹਮਣਾ ਕੀਤਾ ਹੈ। ਸੱਠ-ਸੱਤਰ ਦੇ ਦਹਾਕੇ ਵਿੱਚ ਜਦੋਂ ਦੇਸ਼ ਭੋਜਨ ਦੀ ਕਮੀ ਨਾਲ ਜੂਝ ਰਿਹਾ ਸੀ ਤਾਂ ਪੰਜਾਬ ਹਰੀ ਕ੍ਰਾਂਤੀ ਲਿਆਉਣ ਵਾਲਾ ਮੋਹਰੀ ਸੂਬਾ ਸੀ। ਅੱਸੀ ਦੇ ਦਹਾਕੇ ਵਿੱਚ ਜਿਸ ਤਰ੍ਹਾਂ ਪੰਜਾਬ ਨੇ ਅੱਤਵਾਦ ਤੇ ਜਿੱਤ ਪ੍ਰਾਪਤ ਕੀਤੀ, ਉਹ ਅੱਜ ਵੀ ਬਾਕੀ ਸੂਬਿਆਂ ਲਈ ਇੱਕ ਉਦਾਹਰਨ ਹੈ। ਇਹਨਾਂ ਵੱਡੀਆਂ ਮੁਸੀਬਤਾਂ ਤੋਂ ਬਾਅਦ ਜਿਸ ਵੱਡੀ ਸਮੱਸਿਆ ਦਾ ਪੰਜਾਬ ਇਸ ਵੇਲੇ ਸਾਹਮਣਾ ਕਰ ਰਿਹਾ ਹੈ ਉਹ ਹੈ- ਨਸ਼ਿਆਂ ਦੀ ਮਹਾਂਮਾਰੀ।
ਸਰਵੇਖਣ ਦੱਸਦੇ ਹਨ ਕਿ 1990 ਤੋਂ 2000 ਦੇ ਦਹਾਕੇ ਤੱਕ ਜ਼ਿਆਦਾਤਰ ਨਸ਼ੇ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਪੰਜਾਬ ਆਉਂਦੇ ਸਨ। ਲੋਕ ਆਮ ਮਿਲਣ ਵਾਲੇ ਨਸ਼ੇ ਜਿਵੇਂ ਭੰਗ, ਪੋਸਤ, ਅਫੀਮ, ਸ਼ਰਾਬ, ਭੁੱਕੀ ਦਾ ਸੇਵਨ ਕਰਦੇ ਸਨ ਪਰ ਹੁਣ ਇਹ ਇੱਕ ਕਾਰੋਬਾਰ ਬਣ ਗਿਆ ਹੈ ਤੇ ਪਿਛਲੇ ਦਿਨੀ ਤਾਂ ਰਸਾਇਣਿਕ ਨਸ਼ੇ ਬਣਾਉਣ ਵਾਲੀ ਫੈਕਟਰੀ ਦੀ ਵੀ ਗੱਲ ਸਾਹਮਣੇ ਆਈ ਹੈ। ਰਾਜਨੀਤਿਕ ਨੇਤਾ, ਪੁਲਿਸ, ਪ੍ਰਬੰਧਕ ਤੇ ਕਾਰੋਬਾਰੀ ਮਿਲ ਕੇ ਨਸ਼ਿਆਂ ਦਾ ਵਪਾਰ ਕਰ ਰਹੇ ਹਨ। ਬਜ਼ਾਰ ਵਿੱਚ ਇਹ ਨਸ਼ੇ, ਖਾਣ ਵਾਲੇ ਦੀ ਲੋੜ ਅਤੇ ਜੇਬ ਅਨੁਸਾਰ 25 ਰੁਪਏ ਤੋਂ ਲੈ ਕੇ 25,000/- ਰੁਪਏ ਪ੍ਰਤੀ ਖੁਰਾਕ ਤੱਕ ਮਿਲ ਰਹੇ ਹਨ। ਇਹ ਸਮੱਸਿਆ ਐਨਾ ਭਿਆਨਕ ਰੂਪ ਲੈ ਚੁੱਕੀ ਹੈ ਕਿ ਰਾਸ਼ਟਰੀ ਪੱਧਰ ਤੇ ਨਸ਼ਿਆਂ ਦੀ ਵਰਤੋਂ ਵਿੱਚ ਪੰਜਾਬ ਦਾ ਨਾਂ ਸੁਰਖੀਆਂ ਵਿੱਚ ਹੈ।
ਕਾਰਨ:-

ਹਰੀ ਕ੍ਰਾਂਤੀ ਆਉਣ ਨਾਲ ਖੇਤੀ ਕਰਨ ਦੇ ਢੰਗ ਤਰੀਕਿਆਂ ਵਿੱਚ ਵੀ ਬਹੁਤ ਬਦਲਾਅ ਆਇਆ ਹੈ। ਖੇਤੀ ਦਾ ਪੂਰਨ ਤੌਰ ਤੇ ਮਸ਼ੀਨੀਕਰਨ ਹੋ ਗਿਆ। 1975 ਤੋਂ ਬਾਅਦ ਜਿਵੇਂ-2 ਝੋਨੇ ਹੇਠ ਰਕਬਾ ਵਧਦਾ ਗਿਆ ਉਵੇਂ-2 ਦੂਸਰੇ ਰਾਜਾਂ (ਯੂ.ਪੀ., ਬਿਹਾਰ, ਉੜੀਸਾ) ਤੋਂ ਪ੍ਰਵਾਸੀ ਮਜ਼ਦੂਰ ਵੀ ਵੱਧ ਆਉਣੇ ਸ਼ੁਰੂ ਹੋ ਗਏ ਤੇ 1990 ਦੇ ਦਹਾਕੇ ਤੱਕ ਪ੍ਰਵਾਸੀ ਮਜ਼ਦੂਰਾਂ ਨੇ ਖੇਤੀ ਦਾ ਜ਼ਿਆਦਾ ਕੰਮ ਸਾਂਭ ਲਿਆ। ਜਿਸ ਨਾਲ ਆਪਣੇ ਕਿਸਾਨਾਂ ਵਿੱਚ ਹੱਥੀਂ ਕੰਮ ਕਰਨ ਦਾ ਚਲਨ ਘੱਟ ਗਿਆ ਤੇ ਉਹ ਖੇਤੀ ਵੱਲੋਂ ਵੇਹਲੇ ਹੋ ਗਏ। ਇਸੇ ਸਮੇਂ ਦੌਰਾਨ ਗੈਰ ਮਿਆਰੀ ਪੇਂਡੂ ਸਰਕਾਰੀ ਸਿੱਖਿਆ ਪ੍ਰਣਾਲੀ ਦੀ ਉਪਜ ਜ਼ਿਆਦਾਤਰ ਬੱਚੇ ਨਾ ਤਾਂ ਉਚੇਰੀ ਸਿੱਖਿਆ ਹਾਸਲ ਕਰ ਸਕੇ ਅਤੇ ਨਾ ਹੀ ਸ਼ਹਿਰਾਂ ਵਿੱਚ ਰੋਜ਼ਗਾਰ ਦੇ ਜੋ ਵੀ ਥੋੜੇ ਬਹੁਤ ਮੌਕੇ ਸਨ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਾਇਕ ਹੀ ਬਣ ਸਕੇ। ਕਿਸੇ ਹੋਰ ਧੰਦੇ ਦੀ ਗੈਰ ਮੌਜੂਦਗੀ ਵਿੱਚ ਇਹ ਬੱਚੇ ਵੀ ਵਿਹਲੇ ਹੋ ਗਏ। ਨਤੀਜਨ, ਪਿੰਡਾਂ ਵਿੱਚ ਵਿਹਲਿਆਂ ਦੀ ਸੰਖਿਆ ਵਧਦੀ ਗਈ ਅਤੇ ਨਾਲ ਹੀ ਨਸ਼ਿਆਂ ਦਾ ਰੁਝਾਨ ਵੀ ਵਧਦਾ ਗਿਆ।
ਪੰਜਾਬ ਵਿੱਚ ਸਿੱਖ ਧਰਮ ਦੀ ਮਾਨਤਾ ਕਾਰਨ, ਤੰਬਾਕੂ, ਬੀੜੀ ਦਾ ਨਸ਼ਾ ਬਿਲਕੁਲ ਹੀ ਵਰਜਿਤ ਸੀ। ਪਰ, ਦੂਸਰੇ ਰਾਜਾਂ ਤੋਂ ਆਏ ਪ੍ਰਵਾਸੀ ਮਜ਼ਦੂਰ ਇਹ ਨਸ਼ਾ ਆਪਣੇ ਨਾਲ ਲੈ ਕੇ ਆਏ ਅਤੇ ਇੱਥੋਂ ਦੇ ਨੌਜਵਾਨ ਵੀ ਇਸਦੇ ਆਦੀ ਹੋ ਗਏ। ਸ਼ਹਿਰੀਕਰਨ ਹੋਣ ਕਰਕੇ, ਸ਼ਹਿਰਾਂ ਦੇ ਨਾਲ ਲੱਗਦੀਆਂ ਜ਼ਮੀਨਾਂ ਮਹਿੰਗੀਆਂ ਹੋ ਗਈਆਂ। ਵੱਡੇ ਕਿਸਾਨਾਂ ਕੋਲ ਜ਼ਮੀਨਾਂ ਵੇਚ ਕੇ ਅਸਾਨੀ ਨਾਲ ਪੈਸਾ ਆ ਗਿਆ। ਬਿਨਾਂ ਮਿਹਨਤ ਕੀਤੇ ਆਏ ਇਸ ਪੈਸੇ ਨੇ ਨੌਜਵਾਨੀ ਨੂੰ ਨਸ਼ਿਆਂ ਵੱਲ ਧਕੇਲ ਦਿੱਤਾ। ਇਸ ਤੋਂ ਬਿਨਾਂ ਲਗਾਤਾਰ ਵਧਦੀ ਖੇਤੀ ਲਾਗਤ ਕਾਰਨ ਛੋਟੇ ਕਿਸਾਨਾਂ ਲਈ ਖੇਤੀ ਜ਼ਿਆਦਾ ਲਾਹੇਵੰਦ ਨਹੀਂ ਰਹੀ, ਫਲਸਰੂਪ ਨਿਰਾਸ਼ ਹੋ ਕੇ ਉਹ ਵੀ ਨਸ਼ੇ ਕਰਨ ਲੱਗ ਪਏ। ਸ਼ਰਾਬ ਤਾਂ ਸ਼ੁਰੂ ਤੋਂ ਹੀ ਪੰਜਾਬੀ ਸੱਭਿਆਚਾਰ ਦਾ ਅੰਗ ਰਹੀ ਹੈ ਪਰ ਹੁਣ ਨਵੀਂ ਤਰ੍ਹਾਂ ਦੇ ਰਸਾਇਣਿਕ ਨਸ਼ੇ ਵੀ ਇਸਦੇ ਨਾਲ ਮਿਲਕੇ ਤਬਾਹੀ ਮਚਾ ਰਹੇ ਹਨ।
ਹੁਣ ਤਾਂ ਪੰਜਾਬ ਵਿੱਚ ਇਹ ਹਾਲਾਤ ਹਨ ਕਿ 10-12 ਸਾਲ ਦੇ ਬੱਚੇ ਵੀ ਨਸ਼ਿਆਂ ਦੇ ਆਦੀ ਹਨ। ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ 18-35 ਸਾਲ ਦਾ ਉਮਰ ਵਰਗ ਜੋ ਕਿ ਦੇਸ਼ ਦਾ ਭਵਿੱਖ ਹੈ ਉਹ ਹੀ ਇਸ ਦਲਦਲ ਵਿੱਚ ਧਸਿਆ ਪਿਆ ਹੈ ਅਤੇ ਪੂਰੀ ਇੱਕ ਨੌਜਵਾਨ ਪੀੜ੍ਹੀ ਬਰਬਾਦ ਹੋ ਚੁੱਕੀ ਹੈ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਇਸ ਤੋਂ ਇਲਾਵਾ ਬੇਰੋਜ਼ਗਾਰੀ ਨੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ ਹੈ। ਬਾਹਰ ਜਾਣ ਲਈ ਵੱਖ-2 ਕਾਨੂੰਨੀ ਤੇ ਗੈਰ-ਕਾਨੂੰਨੀ ਤਰੀਕੇ ਆਪਣਾਏ ਜਾ ਰਹੇ ਹਨ। ਕੋਈ ਆਈਲੈਟਸ (ਜ਼ਥ:ੳਛ) ਕਰਕੇ ਜਾ ਰਿਹਾ, ਕੋਈ ਵਿਆਹ ਕਰਾ ਕੇ ਕੋਈ ਤੇ ਕਬੂਤਰਬਾਜੀ ਅਤੇ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋ ਕੇ ਲੱਖਾਂ ਰੁਪਇਆਂ ਗਵਾ ਰਿਹਾ ਹੈ। ਬਹੁਤੇ ਨੌਜਵਾਨ ਇਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਵੀ ਨਸ਼ਿਆਂ ਵੱਲ ਜਾ ਰਹੇ ਹਨ।
ਸ਼ੁਰੂਆਤੀ ਦੌਰ ਵਿੱਚ ਤਾਂ ਦੇਖਾ-ਦੇਖੀ, ਦੋਸਤਾਂ ਦੇ ਦਬਾਅ ਅਧੀਨ ਸ਼ੁਰੂਆਤ ਹੁੰਦੀ ਹੈ ਅਤੇ ਫਿਰ ਹੌਲੀ-2 ਆਦਤ ਬਣ ਜਾਂਦੀ ਹੈ। ਨਸ਼ਿਆਂ ਦੇ ਪਸਾਰ ਵਿੱਚ ਰਾਜਨੀਤੀ ਅਤੇ ਵੋਟਾਂ ਦਾ ਬਹੁਤ ਵੱਡਾ ਹੱਥ ਹੈ। ਪੰਚਾਇਤੀ ਚੋਣਾਂ ਤੋਂ ਲੈ ਕੇ ਲੋਕ ਸਭਾ ਚੋਣਾਂ ਤੱਕ ਜਿੱਤ ਦੀ ਚਾਬੀ ਨਸ਼ੇ ਹੀ ਹਨ। ਇੱਕ ਬੋਤਲ- ਇੱਕ ਵੋਟ ਤਾਂ ਆਮ ਗੱਲ ਹੈ। ਇਸ ਤੋਂ ਬਿਨਾਂ ਰਾਜਨੀਤਿਕ ਨੇਤਾਵਾਂ ਵੱਲੋਂ ਵੋਟਾਂ ਦੇ ਦਿਨਾਂ ਵਿੱਚ ਨਸ਼ਈਆਂ ਲਈ ਖਾਸ ਪ੍ਰਬੰਧ ਅਤੇ ਨਸ਼ਿਆਂ ਦੀ ਸਪਲਾਈ ਯਕੀਨੀ ਬਣਾਉਣ ਵਰਗੇ ਵਾਅਦੇ ਵੀ ਕੀਤੇ ਜਾਂਦੇ ਹਨ। ਕਈ ਕੇਸਾਂ ਵਿੱਚ ਤਾਂ ਨੇਤਾਵਾਂ ਦਾ ਇੱਕ ਫੋਨ ਹੀ ਨਸ਼ਿਆਂ ਦੀ ਸਪਲਾਈ ਲਈ ਕਾਫੀ ਹੈ। ਇਹਨਾਂ ਵੱਡੇ ਕਾਰਨਾਂ ਤੋਂ ਬਿਨਾਂ ਸਾਂਝੇ ਪਰਿਵਾਰ ਦਾ ਟੁੱਟਣਾ, ਮਾਤਾ ਪਿਤਾ ਦੇ ਪਿਆਰ ਵਿੱਚ ਕਮੀ, ਧਾਰਮਿਕ ਕਦਰਾਂ ਕੀਮਤਾਂ ਦਾ ਘਟਣਾ ਵੀ ਅਹਿਮ ਕਾਰਨ ਹਨ।
ਨਸ਼ਿਆਂ ਦੇ ਮਾਰੂ ਅਸਰ:-
ਨੌਜਵਾਨਾਂ ਵਿੱਚ .ਜ਼ੜੇਂਜ਼ਣਛ ਦੇ ਵਧਦੇ ਖਤਰੇ ਦਾ ਮੁੱਖ ਕਾਰਨ ਨਸ਼ੇ ਹੀ ਹਨ।
ਨਸ਼ੇ ਨਾ ਕੇਵਲ ਨਸ਼ੇੜੀ ਦੀ ਸਰੀਰਕ ਅਵਸਥਾ, ਮਾਨਸਿਕ ਸੰਤੁਲਨ ਅਤੇ ਸਮਾਜਿਕ ਰੁਤਬੇ ਨੂੰ ਤਬਾਹ ਕਰਦੇ ਹਨ ਬਲਕਿ ਊਸਦੇ ਪਰਿਵਾਰ ਨੂੰ ਵੀ ਖੇਰੂੰ-ਖੇਰੂੰ ਕਰ ਦਿੰਦੇ ਹਨ। ਜਿਹੜੀ ਉਮਰ ਕੁਝ ਕਰਨ, ਕਿਸੇ ਮੁਕਾਮ ਤੇ ਪਹੁੰਚਣ ਦੀ ਹੁੰਦੀ ਹੈ ਉਹ ਕੀਮਤੀ ਵਕਤ/ਉਮਰ ਨਸ਼ਿਆਂ ’ਚ ਰੁਲ ਰਹੀ ਹੈ। ਇੱਕ ਅਧਿਐਨ ਅਨੁਸਾਰ ਪੰਜਾਬ ਦੀ ਇੱਕ ਪੂਰੀ ਨੌਜਵਾਨ ਪੀੜੀ ਨਸ਼ਿਆਂ ਦੀ ਭੇਂਟ ਚੜ ਚੁੱਕੀ ਹੈ, ਜ਼ਰਾ ਸੋਚੋ ਇਸ ਨਾਲ ਇੱਕ ਪਰਿਵਾਰ, ਸਮਾਜ ਅਤੇ ਦੇਸ਼ ਦਾ ਕਿੰਨਾ ਨੁਕਸਾਨ ਹੋਇਆ ਹੋਵੇਗਾ/ਹੋ ਰਿਹਾ ਹੈ।
ਘਰੇਲੂ ਹਿੰਸਾ, ਜੁਰਮਾਂ ਵਿੱਚ ਵਾਧਾ, ਲੜਾਈਆਂ-ਝਗੜੇ ਨਸ਼ਿਆਂ ਦੀ ਹੀ ਉਪਜ ਹਨ। ਰਾਜਿੰਦਰਾ ਮੈਡੀਕਲ ਕਾਲਜ ਦੀ ਇੱਕ ਰਿਪੋਰਟ ਅਨੁਸਾਰ, ਮਤਰੇਏ ਹੀ ਨਹੀਂ ਬਲਕਿ ਸਕੇ ਬਾਪ ਵੀ ਨਸ਼ਿਆਂ ਲਈ ਆਪਣੀਆਂ ਧੀਆਂ ਤੱਕ ਵੇਚ ਰਹੇ ਹਨ।
ਨੌਜਵਾਨਾਂ ਵਿੱਚ ਵਧ ਰਹੀ ਨਮਰਦਾਨਗੀ ਵੀ ਨਸ਼ਿਆਂ ਦੀ ਹੀ ਦੇਣ ਹੈ।
ਰੋਕਥਾਮ ਦੇ ਤਰੀਕੇ:-
ਨਸ਼ਿਆਂ ਦੀ ਇਸ ਮਹਾਂਮਾਰੀ ਨੂੰ ਠੱਲ ਪਾਉਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ- ਪ੍ਰਬਲ ਰਾਜਨੀਤਿਕ ਇੱਛਾ ਸ਼ਕਤੀ। ਇਸ ਵੇਲੇ ਪੰਜਾਬ ਵਿੱਚ ਨਸ਼ਿਆਂ ਖਿਲਾਫ਼ ਚਲ ਰਹੀ ਮੁਹਿੰਮ ਸੂਬਾ ਸਰਕਾਰ ਦੀ ਇੱਛਾ ਸ਼ਕਤੀ ਕਰਕੇ ਹੀ ਸੰਭਵ ਹੋਈ ਹੈ। ਨਸ਼ਿਆਂ ਦੇ ਐਨੇ ਵੱਡੇ ਪੱਧਰ ਤੇ ਚਲ ਰਹੇ ਕਾਰੋਬਾਰ ਵਿੱਚ ਸ਼ਾਮਲ ਵੱਡੇ ਪੱਧਰ ਦੇ ਲੋਕਾਂ ਨੂੰ ਫੜਨਾ ਤਾਂ ਹੀ ਸੰਭਵ ਹੈ ਜੇਕਰ ਸਮੇਂ ਦੀਆਂ ਸਰਕਾਰਾਂ ਅਤੇ ਪੁਲਿਸ ਮਿਲ ਕੇ ਕੰਮ ਕਰਨ।
ਲੋੜ ਹੈ, ਖੇਤੀ ਦੇ ਨਾਲ ਸਹਾਇਕ ਅਤੇ ਗੈਰ-ਖੇਤੀ ਧੰਦੇ ਵਿਕਸਤ ਕਰਨ ਦੀ। ਇਸ ਤੋਂ ਬਿਨਾਂ ਪੇਂਡੂ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਐਨਾ ਪ੍ਰਪੱਕ, ਮਿਆਰੀ ਤੇ ਸੁਯੋਗ ਬਣਾਇਆ ਜਾਵੇ ਕਿ ਬੱਚੇ ਇਥੋਂ ਪੜ੍ਹ ਕੇ ਕੋਈ ਰੋਜ਼ਗਾਰ ਪ੍ਰਾਪਤ ਕਰ ਸਕਣ, ਕਿਸੇ ਨੌਕਰੀ ਦੇ ਯੋਗ ਹੋਣ ਅਤੇ ਆਪਣੇ ਹੱਥੀਂ ਕੋਈ ਕਿਰਤ ਕਰਨ ਦੇ ਸਮੱਰਥ ਹੋ ਸਕਣ। ਤਾਂ ਜੋ ਵਿਹਲੇ ਅਤੇ ਬੇਰੁਜ਼ਗਾਰਾਂ ਦੀ ਸੰਖਿਆ ਘਟਾਈ ਜਾਵੇ ਅਤੇ ਨੌਜਵਾਨ ਊਰਜਾ ਨੂੰ ਕੋਈ ਚੰਗੀ ਸੇਧ ਮਿਲ ਸਕੇ ਅਤੇ ਉਹ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਪਾਉਣ।
ਪੰਜਾਬ ਦੇ ਗੁਆਂਢੀ ਰਾਜਾਂ (ਹਿਮਾਚਲ ਪ੍ਰਦੇਸ਼, ਹਰਿਆਣਾ) ਦੇ ਮੁਕਾਬਲੇ ਇੱਥੇ ਉਦਯੋਗਿਕ ਵਿਕਾਸ ਦੀ ਦਰ ਬਹੁਤ ਘੱਟ ਹੈ। ਪਿਛਲੇ ਕੁਝ ਸਮੇਂ ਦੌਰਾਨ, ਕੁਝ ਗਲਤ ਨੀਤੀਆਂ ਕਰਕੇ, ਮੌਜੂਦਾ ਉਦਯੋਗ ਵੀ ਗੁਆਂਢੀ ਰਾਜਾਂ ਵੱਲ ਜਾਣ ਲੱਗੇ ਹਨ। ਸੋ, ਲੋੜ ਹੈ ਸੁਚਾਰੂ ਅਤੇ ਸਨਅਤ ਦੇ ਵਿਕਾਸ ਲਈ ਨੀਤੀਆਂ ਬਣਾਉਣ ਦੀ ਤਾਂ ਜੋ ਬਾਹਰ ਜਾ ਰਹੀ ਸਨਅਤ ਨੂੰ ਬਚਾਇਆ ਜਾ ਸਕੇ ਅਤੇ ਨਵੇਂ ਉਦਯੋਗ ਲਾਏ ਜਾਣ, ਮੌਜੂਦਾ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਰੋਜ਼ਗਾਰ ਦੇ ਜ਼ਿਆਦਾ ਮੌਕੇ ਉਪਲੱਬਧ ਹੋਣ।
ਧਾਰਮਿਕ ਜੱਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਨਸ਼ਿਆਂ ਖਿਲਾਫ਼ ਸੰਘਰਸ਼ ਵਿੱਚ ਸ਼ਾਮਲ ਹੋਣ। ਜਿਸ ਤਰ੍ਹਾਂ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੇ ਭਰੂਣ ਹੱਤਿਆ ਖਿਲਾਫ਼ ਹੁਕਮਨਾਮਾ ਜਾਰੀ ਕੀਤਾ ਹੈ, ਇਹੋ ਜਿਹੇ ਉਸਾਰੂ ਕਦਮ ਇਸ ਦਿਸ਼ਾ ਵਿੱਚ ਵੀ ਚੁੱਕਣ ਦੀ ਲੋੜ ਹੈ। ਪੰਜਾਬ ਵਿੱਚ ਨਸ਼ਿਆਂ ਖਿਲਾਫ਼ ਚਲ ਰਹੀ ਜੰਗ ਦੌਰਾਨ ਮੀਡੀਆ ਨੇ ਬਹੁਤ ਹੀ ਮਹੱਤਵਪੂਰਨ ਅਤੇ ਸੁਚਾਰੂ ਰੋਲ ਅਦਾ ਕੀਤਾ ਹੈ। ਬਸ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਮੀਡੀਆ ਜਨਤਾ ਅਤੇ ਸਰਕਾਰਾਂ ਨੂੰ ਜਾਗਰੂਕ ਕਰਨ ਵਿੱਚ ਸ਼ਲਾਘਾਯੋਗ ਕੰਮ ਕਰਦਾ ਰਹੇ।
ਨਸ਼ਿਆਂ ਦੇ ਮਾਰੂ ਅਸਰ ਨੂੰ ਦੇਖਦੇ ਹੋਏ ਨੌਜਵਾਨਾਂ ਨੂੰ ਖੁਦ ਜਾਗਰੂਕ ਹੋਣ ਦੀ ਬਹੁਤ ਲੋੜ ਹੈ। ਇਸ ਤੋਂ ਬਿਨਾਂ ਸਰਕਾਰਾਂ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਮਿਲ ਕੇ ਨਸ਼ਿਆਂ ਖਿਲਾਫ ਜੰਗ ਛੇੜਨ ਤਾਂ ਉਸਾਰੂ ਨਤੀਜੇ ਸਾਹਮਣੇ ਆ ਸਕਦੇ ਹਨ। ਬਾਅਦ ਵਿੱਚ ਨਸ਼ੇ ਕਰਨ ਤੋਂ ਰੋਕਣ ਦੀ ਬਜਾਇ ਇਸ ਗੱਲ ਤੇ ਜ਼ਿਆਦਾ ਧਿਆਨ ਦਿੱਤਾ ਜਾਵੇ ਕਿ ਨੌਜਵਾਨ ਪਹਿਲਾਂ ਹੀ ਇਸ ਪਾਸੇ ਨਾ ਜਾਣ, ਉਹਨਾਂ ਨੂੰ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ ਤਾਂ ਜੋ ਨੌਜਵਾਨ ਊਰਜਾ ਨੂੰ ਉਸਾਰੂ ਪਾਸੇ ਮੋੜਿਆ ਜਾਵੇ ਤੇ ਸਮਾਜ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।

Send this to a friend