June 19, 2026 8:18 pm

ਹਰਭਜਨ ਮਾਨ ਦੀ ਮੁਸਕਾਨ

ਵਿਕਰਮ ਸਿੰਘ ਸੰਗਰੂਰ
ਸੰਪਰਕ : 98884 13836
image“ਬਾਈ ਜੀ, ਇੱਕ ਗੱਲ ਕਰਨੀ ਚਾਹੁੰਦਾ ਹਾਂ ਤੁਹਾਡੇ ਨਾਲ, ਮੇਰੀ ਗਿਆਰਾਂ ਵਰ੍ਹਿਆਂ ਦੀ ਭਾਣਜੀ ਨੂੰ ਬਰੇਨ ਟਿਊਮਰ ਹੈ, ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ, ਜੇ ਤੁਸੀ ਇੱਕ ਵਾਰ ਆ ਕੇ ਉਸ ਨਾਲ ਤਸਵੀਰ ਖਿਚਾ ਜਾਵੋ, ਬੱਚੀ ਖ਼ੁਸ਼ ਹੋ ਜਾਵੇਗੀ।”
ਇਹ ਸਤਰਾਂ ਹਰਭਜਨ ਮਾਨ ਦੇ ਫੇਸਬੁੱਕ ਵਾਲੇ ਪੰਨੇ ਦੇ ਖੁਲ੍ਹਦਿਆਂ ਹੀ ਜਦੋਂ ਦਿਖਾਈ ਦਿੱਤੀਆਂ ਤਾਂ ਮੇਰੀਆਂ ਅੱਖਾਂ ਖ਼ੁਦ-ਬ-ਖ਼ੁਦ ਮੀਚੀਆਂ ਗਈਆਂ।ਇਨ੍ਹਾਂ ਸਤਰਾਂ ਨੇ ਕਈ ਵਰ੍ਹਿਆਂ ਪੁਰਾਣੀ ਮੇਰੀ ਉਸ ਯਾਦ ‘ਤੇ ਖਿੱਲਰੀ ਸਮੇਂ ਦੀ ਗਰਦ ‘ਤੇ ਜਿੱਦਾਂ ਫੂਕ ਮਾਰ ਦਿੱਤੀ, ਜਿਸ ਨੂੰ ਮੈਂ ਮਨ ਦੇ ਕਿਸੇ ਕੋਨੇ ਵਿੱਚ ਸਾਂਭ ਕੇ ਵਿੱਸਰ ਚੁੱਕਾ ਸੀ।ਇਹ ਯਾਦ ਸੀ ਹਰਭਜਨ ਮਾਨ ਦੇ ਇੱਕ ਅਜਿਹੇ ਚਾਹੁਣ ਵਾਲੇ ਦੀ, ਜਿਸ ਦੇ ਦਿਲ ਦੀ ਧੱਕ-ਧੱਕ ਕਰਨ ਦੀ ਆਵਾਜ਼ ਅੱਜ ਜਦੋਂ ਵੀ ਉਸ ਦੀ ਮਾਂ ਦੇ ਕੰਨੀਂ ਪੈਂਦੀ ਹੋਣੀ ਤਾਂ ਉਹ ਆਵਾਜ਼ ਮਾਂ ਦੇ ਲਬਾਂ ਥਾਣੀਂ ਜ਼ਰੂਰ ਇੱਕ ਦੁਆ ਬਣਕੇ ਬਾਹਰ ਆਉਂਦੀ ਹੋਵੇਗੀ।ਕੁਝ ਵਰ੍ਹੇ ਪਹਿਲਾਂ ਜਦੋਂ ਹਰਭਜਨ ਮਾਨ ਬਾਰੇ ਲਿਖਣ ਬੈਠਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਹਰਦਮ ਮੁਸਕੁਰਾਉਂਦੇ ਰਹਿਣ ਵਾਲਾ ਚਿਹਰਾ ਮੇਰੇ ਲਈ ਸਵਾਲ ਬਣ ਗਿਆ।ਮਨ ਸੋਚੀਂ ਪੈ ਗਿਆ ਕਿ ਆਖ਼ਿਰ ਅਜਿਹੀ ਕਿਹੜੀ ਸ਼ੈਅ ਹੈ, ਜੋ ਇਸ ਚਿਹਰੇ ਨੂੰ ਮੁਸਕਾਨ ਤੋਂ ਪਲ ਕੁ ਵਾਸਤੇ ਵੀ ਸੱਖਣਾ ਨਹੀਂ ਹੋਣ ਦਿੰਦੀ।ਇਸ ਸਵਾਲ ਵਿੱਚ ਜਵਾਬ ਦਾ ਰੰਗ ਉਸ ਵੇਲੇ ਭਰੀਚਦਾ ਨਜ਼ਰ ਆਇਆ, ਜਦੋਂ ਇੱਕ ਸ਼ੂਟਿੰਗ ਦੌਰਾਨ ਹਰਭਜਨ ਮਾਨ ਨਾਲ ਸਬੱਬੀਂ ਮੁਲਾਕਾਤ ਹੋਈ।ਸ਼ੂਟਿੰਗ ਵਿੱਚ ਮੇਰੀਆਂ ਅੱਖਾਂ ਸਿਰਫ਼?ਮਪ; ਉਨ੍ਹਾਂ ਦੇ ਮੁਸਕੁਰਾਉਂਦੇ ਚਿਹਰੇ ਨੂੰ ਹੀ ਤੱਕ ਰਹੀਆਂ ਸਨ, ਜਿਵੇਂ ਇਸ ਮੁਸਕਾਨ ਪਿਛਲੇ ਰਾਜ਼ ਨੂੰ ਭਾਲ ਰਹੀਆਂ ਹੋਣ।ਜਿਉਂ-ਜਿਉਂ ਸੂਰਜ ਚੜ੍ਹ ਰਿਹਾ ਸੀ,

ਤਿਉਂ-ਤਿਉਂ ਉਨ੍ਹਾਂ ਦਾ ਚਿਹਰਾ ਇਉਂ ਖਿੜ ਰਿਹਾ ਸੀ, ਜਿੱਦਾਂ ਦੁਪਹਿਰ ਖਿੜੀ।ਕੁਦਰਤ ਦੇ ਰੰਗਾਂ ਵਿੱਚੋਂ ਉਨ੍ਹਾਂ ਦੀ ਮੁਸਕਾਨ ਵਾਸਤੇ ਹਾਲੇ ਉਪਮਾ ਭਾਲ ਹੀ ਰਿਹਾ ਸੀ ਕਿ ਅਚਾਨਕ ਹਰਭਜਨ ਮਾਨ ਦੇ ਮੋਬਾਈਲ ਵਿੱਚ ਕਿਸੇ ਸੁਨੇਹੇ ਦੀ ਘੰਟੀ ਵੱਜੀ।ਸੁਨੇਹਾ ਪੜ੍ਹਦੀਆਂ ਉਨ੍ਹਾਂ ਦੀਆਂ ਅੱਖਾਂ ਜਿਉਂ-ਜਿਉਂ ਮੋਬਾਈਲ ਦੀ ਸਕਰੀਨ ‘ਤੇ ਘੁੰਮ ਰਹੀਆਂ ਸਨ, ਤਿਉਂ-ਤਿਉਂ ਉਨ੍ਹਾਂ ਦੇ ਚਿਹਰੇ ਦੀ ਮੁਸਕਾਨ ਉੱਡਦੀ ਜਾ ਰਹੀ ਸੀ ਤੇ ਅੱਖਾਂ ਸਿੱਲ੍ਹੀਆਂ ਹੋ ਰਹੀਆਂ ਸਨ।ਏਦਾਂ ਲੱਗਾ ਜਿੱਦਾਂ ਸਵੇਰ ਦੀ ਖ਼ੂਬਸੂਰਤੀ ਨੂੰ ਪਲਾਂ ਵਿੱਚ ਹੀ ਕਾਲ਼ੇ ਬੱਦਲਾਂ ਨੇ ਘੇਰ ਲਿਆ ਹੋਵੇ।ਮੋਬਾਈਲ ਵਿਚਲਾ ਸੁਨੇਹਾ ਉਨ੍ਹਾਂ ਭਰੀ ਆਵਾਜ਼ ਵਿੱਚ ਆਪਣੇ ਕੋਲ ਬੈਠੇ ਸੱਜਣਾਂ ਨੂੰ ਪੜ੍ਹ ਕੇ ਸੁਣਾਇਆ, ਜਿਸ ਵਿੱਚ ਕਿਸੇ ਨੇ ਲਿਖਿਆ ਸੀ ਕਿ ਮੇਰਾ ਦੋਸਤ ਤੁਹਾਡਾ ਬਹੁਤ ਵੱਡਾ ਫੈਨ ਹੈ, ਉਸ ਨੂੰ ਦਿਲ ਦੀ ਸਮੱਸਿਆ ਕਾਰਨ ਹਸਪਤਾਲ ਲਿਆਂਦਾ ਗਿਆ ਹੈ, ਸ਼ਾਇਦ ਜ਼ਿੰਦਗੀ ਦੇ ਕੁਝ ਪਲ ਹੀ ਉਸ ਕੋਲ ਬਾਕੀ ਨੇ, ਉਸ ਦੇ ਦਿਲ ਦੀ ਖ਼ਾਹਿਸ਼ ਸੀ ਕਿ ਉਹ ਤੁਹਾਨੂੰ ਇੱਕ ਵਾਰ ਮਿਲ ਸਕਦਾ।
ਸ਼ੂਟਿੰਗ ਦਾ ਕੰਮ ਅੱਧਵਾਏ ਹੀ ਛੱਡ ਕੇ ਹਰਭਜਨ ਮਾਨ ਨੇ ਆਪਣੇ ਕਦਮ ਹਸਪਤਾਲ ਵੱਲ ਮੋੜ ਲਏ।ਹਸਪਤਾਲ ਪਹੁੰਚਦਿਆਂ ਹੀ ਉਨ੍ਹਾਂ ਬਿਸਤਰੇ ‘ਤੇ ਪਏ ਉਸ ਮੁੰਡੇ ਦਾ ਹੱਥ ਘੁੱਟ ਕੇ ਫੜ੍ਹ ਲਿਆ ਤੇ ਕਿਹਾ, ‘ਮੈਂ ਆ ਗਿਆ ਯਾਰ, ਉੱਠ ਕੁਝ ਤਾਂ ਬੋਲ।‘ ਬਿਸਤਰੇ ‘ਤੇ ਪਏ ਉਸ ਮੁੰਡੇ ਦੇ ਮੂੰਹੋਂ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਕੋਈ ਲਫ਼ਜ਼ ਨਹੀਂ ਸੀ ਨਿਕਲ ਰਿਹਾ। ਬਸ ਆਪਣੀ ‘ਖ਼ਾਹਿਸ਼’ ਨੂੰ ਦੇਖ-ਦੇਖ ਉਸ ਦੀਆਂ ਅੱਖਾਂ ਵਿੱਚੋਂ ਟਿੱਪ-ਟਿੱਪ ਕਰਕੇ ਹੰਝੂ ਚੋਈ ਜਾ ਰਹੇ ਸਨ।ਉਸ ਦੀ ਬੇਬਸੀ ਨੂੰ ਤੱਕ ਕੇ ਹਰਭਜਨ ਮਾਨ ਨੇ ਹਉਕਾ ਜੇਹਾ ਭਰਿਆ ਤੇ ਇੱਕ ਦਮ ਉੱਠ ਕੇ ਤੇਜ਼ੀ ਨਾਲ ਬਾਹਰ ਆ ਗਿਆ। ਬਾਹਰ ਆ ਕੇ ਉਨ੍ਹਾਂ ਆਪਣੀਆਂ ਅੱਖਾਂ ਉੱਤੇ ਦੋਹੇਂ ਹੱਥ ਫੇਰੇ ਤੇ ਕਿਹਾ, ‘ਕਾਸ਼! ਮੈਂ ਆਪਣੀ ਆਵਾਜ਼ ਇਸ ਨੂੰ ਦੇ ਸਕਦਾ!’ ਇਸ ਪਿੱਛੋਂ ਚਾਰ-ਚੁਫ਼ੇਰੇ ਜਿੱਦਾਂ ਖ਼ਾਮੋਸ਼ੀ ਜੇਹੀ ਪੱਸਰ ਗਈ।
ਕੁਝ ਸਮੇਂ ਪਿੱਛੋਂ ਕਿਸੇ ਨੇ ਮੈਨੂੰ ਦੱਸਿਆ ਕਿ ਉਹ ਮੁੰਡਾ ਹਰਭਜਨ ਮਾਨ ਦੀ ਮੁਲਾਕਾਤ ਵਾਲੇ ਦਿਨ ਤੋਂ ਬਾਅਦ ਹੌਲ਼ੀ-ਹੌਲ਼ੀ ਬੋਲਣ ਲੱਗ ਪਿਆ ਸੀ ਤੇ ਹੁਣ ਉਹ ਬਿਲਕੁਲ ਤੰਦਰੁਸਤ ਹੋ ਗਿਆ ਹੈ।ਮੈਂ ਇਸ ਸਵਾਲ ਦਾ ਜਵਾਬ ਤਾਂ ਨਹੀਂ ਸੀ ਜਾਣ ਸਕਿਆ ਕਿ ਉਹ ਮੁੰਡਾ ਮੌਤ ਦੇ ਮੂੰਹੋਂ ਆਪਣੇ ਦਿਲ ਦੀ ਖ਼ਾਹਸ਼ ਦੇ ਪੂਰੇ ਹੋਣ ਦੇ ਚਾਅ ਸਦਕਾ ਨਿਕਲਿਆ ਜਾਂ ਫਿਰ ਦਵਾਈਆਂ ਦੀ ਬਦੌਲਤ, ਪਰ ਮੈਂ ਉਸ ਦਿਨ ਇਸ ਸਵਾਲ ਦਾ ਜਵਾਬ ਜ਼ਰੂਰ ਜਾਣ ਗਿਆ ਕਿ ਹਰਭਜਨ ਮਾਨ ਦੇ ਚਿਹਰੇ ਦੀ ਮੁਸਕਾਨ ਉਸ ਦੇ ਚਾਹੁਣ ਵਾਲਿਆਂ ਦੀ ਜ਼ਿੰਦਗੀ ਨਾਲ ਜੁੜੀ ਹੋਈ ਹੈ, ਉਨ੍ਹਾਂ ਦੀ ਮੁਹੱਬਤ ਨਾਲ ਜੁੜੀ ਹੋਈ ਹੈ।
ਵਰ੍ਹਿਆਂ ਪੁਰਾਣੀ ਚੇਤੇ ਆਈ ਇਸ ਯਾਦ ਨਾਲ ਗੱਲਾਂ ਕਰਨ ਤੋਂ ਜਦੋਂ ਕੁਝ ਫ਼ੁਰਸਤ ਮਿਲੀ ਤਾਂ ਕੰਪਿਊਟਰ ਦੀ ਸਕਰੀਨ ਉੱਤੇ ਗਿਆਰਾਂ ਸਾਲਾਂ ਦੀ ਬੱਚੀ ਦੇ ਮਾਮੇ ਵੱਲੋਂ ਉਲੀਕਿਆ ਸੁਨੇਹਾ ਫਿਰ ਤੋਂ ਮੇਰੀਆਂ ਅੱਖਾਂ ਸਾਹਵੇਂ ਆ ਗਿਆ। ਇਸ ਸੁਨੇਹੇ ਥੱਲੇ ਹਰਭਜਨ ਮਾਨ ਨੇ ਲਿਖਿਆ ਹੋਇਆ ਸੀ, “ਕੱਲ੍ਹ ਮੇਰੀ ਇਸ ਬੱਚੀ ਨਾਲ ਗੱਲ ਹੋਈ, ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਇਸ ਬੱਚੀ ਨੂੰ ਜ਼ਰੂਰ ਮਿਲ ਕੇ ਆਵਾਂਗਾ, ਪ੍ਰਮਾਤਮਾ ਸਭ ਦੀਆਂ ਬੱਚੀਆਂ ਨੂੰ ਤੰਦਰੁਸਤੀਆਂ ਦੇਵੇ ਤੇ ਤੁਸੀ ਇਸ ਬੇਟੀ ਲਈ ਜ਼ਰੂਰ ਦੁਆ ਕਰਿਓ।”
ਇਸ ਫ਼ਿਕਰੇ ਨੂੰ ਪੜ੍ਹ ਕੇ ਮੇਰੇ ਦਿਲ ਵਿੱਚੋਂ ਮੱਲੋ-ਮੱਲ੍ਹੀ ਇਹ ਦੁਆ ਨਿਕਲ ਗਈ, “ਹਰਭਜਨ ਜੀ, ਤੁਸੀ ਜਲਦੀ ਇਸ ਬੱਚੀ ਨੂੰ ਮਿਲਣ ਜਾਣਾ। ਖ਼ੁਦਾ ਕਰੇ ਇਸ ਵਾਰ ਵੀ ਓਹੀ ਹੋ ਜਾਵੇ, ਜੋ ਕੁਝ ਵਰ੍ਹੇ ਪਹਿਲਾਂ ਤੁਹਾਡੇ ਇੱਕ ਚਹੇਤੇ ਨਾਲ ਹੋਇਆ ਸੀ।”

Send this to a friend