June 19, 2026 3:39 pm

ਪੰਜਾਬ ਸਰਕਾਰ ਪਰਾਲੀ ਨੂੰ ਖੇਤ ਵਿਚ ਹੀ ਕੁਤਰ ਕੇ ਮਿੱਟੀ ਵਿਚ ਮਿਲਾਉਣ ਵਾਲੀਆਂ ਮਸ਼ੀਨਾਂ ਸਬਸਿਡੀ ’ਤੇ ਦੇਵੇਗੀ : ਜੱਥੇਦਾਰ ਤੋਤਾ ਸਿੰਘ

Page-1_19 ਚੰਡੀਗੜ੍ਹ, 12 ਸਤੰਬਰ (ਪੀ. ਟੀ)- ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਲਾਉਣ ਦੀ ਥਾਂ ‘ਤੇ ਖੇਤ ਵਿਚ ਹੀ ਕੁਤਰ ਕੇ ਮਿੱਟੀ ਵਿਚ ਮਿਲਾਉਣ ਵਾਲੀਆਂ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ‘ਤੇ ਦਿੱਤੀਆਂ ਜਾਣਗੀਆਂ।ਸਰਕਾਰ ਵਲੋਂ ਇਹ ਉਪਰਾਲਾ ਸੂਬੇ ਵਿਚ ਪਰਾਲੀ ਨੂੰ ਅੱਗ ਲਾਉਣ ਕਾਰਨ ਹੁੰਦੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਅਤੇ ਜ਼ਮੀਨ ਦੀ ਉਤਪਾਦਕਤਾ ਬਣਾ ਕੇ ਰੱਖਣ ਲਈ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਪੰਜਾਬ ਦੇ ਖੇਤੀਬਾੜੀ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਅੱਜ ਇੱਥੇ ਸੂਬੇ ਦੇ

ਅਗਾਂਹ ਵਧੂ ਕਿਸਾਨਾਂ ਨਾਲ ਵਿਸੇਸ਼ ਮੀਟਿੰਗ ਦੌਰਾਨ ਸਾਂਝੀ ਕੀਤੀ। ਜੱਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਇਸ ਕਾਰਜ ਲਈ ਦੇਸ਼ ਵਿਚ ਹੀ ਘੱਟ ਕੀਮਤ ਵਾਲੀਆਂ ਮਸ਼ੀਨਾਂ ਦਾ ਨਿਰਮਾਣ ਕੀਤਾ ਗਿਆ ਹੈ, ਤਾਂ ਜੋ ਵਿਦੇਸ਼ਾਂ ਵਿਚੋਂ ਮਹਿੰਗੇ ਭਾਅ ‘ਤੇ ਮਸ਼ੀਨਾਂ ਮੰਗਵਾਉਣ ਦੀ ਲੋੜ ਨਾ ਪਵੇ ।ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਆਪਰੇਟਿਵ ਸੁਸਾਈਟੀਆਂ ਨੂੰ ਵੀ ਇਹ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ। ਕੋਆਪਰੇਟਿਵ ਸੁਸਾਈਟੀਆਂ ਇਹ ਮਸ਼ੀਨਾਂ ਕਿਸਾਨਾਂ ਨੂੰ ਕਿਰਾਏ ‘ਤੇ ਦੇਣ ਦੀ ਸਹੂਲਤ ਮੁਹੱਈਆ ਕਰਵਾਉਣਗੀਆਂ ਤਾਂ ਜੋ ਛੋਟੇ ਕਿਸਾਨ ਵੀ ਇਸ ਨਵੀਂ ਤਕਨੀਕ ਦਾ ਲਾਭ ਉਠਾ ਸਕਣ। ਖੇਤੀਬਾੜੀ ਮੰਤਰੀ ਨੇ ਸੂਬੇ ਦੇ ਅਗਾਂਹਵਧੂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਬਿਨਾ ਸਾੜੇ ਖੇਤਾਂ ਵਿਚ ਹੀ ਖਤਮ ਕਰਨ ਵਾਲੀ ਨਵੀਂ ਤਕਨੀਕ ਨੂੰ ਅਪਣਾਉਣ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਤਕਨੀਕ ਨੂੰ ਅਪਣਉਣ ਲਈ ਪ੍ਰੇਰਿਤ ਕਰਨ।ਉਨ੍ਹਾਂ ਨਾਲ ਹੀ ਕਿਹਾ ਕਿ ਖੇਤੀਬਾੜੀ ਮਹਿਕਮੇ ਵਲੋਂ ਵੀ ਕਿਸਾਨਾਂ ਨੂੰ ਇਸ ਤਕਨੀਕ ਬਾਰੇ ਜਾਣਕਾਰੀ ਦੇਣ ਲਈ ਕੈਂਪ ਲਾਏ ਜਾਣਗੇ ਅਤੇ ਖੇਤਾਂ ਵਿਚ ਪੇਸ਼ਕਾਰੀਆਂ ਦਿਖਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਰਾਸ਼ਟਰੀ ਬਾਗਬਾਨੀ ਮਿਸ਼ਨ ਤਹਿਤ ਪੰਜਾਬ ਨੂੰ ਸਾਲ 2014-15 ਲਈ ਪ੍ਰਾਪਤ ਹੋਈ 82.5 ਕਰੋੜ ਰੁਪਏ ਦੀ ਗ੍ਰਾਂਟ ਨੂੰ ਫਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਮਜਬੂਤ ਕਰਨ ਲਈ ਸੁਚਾਰੂ ਢੰਗ ਨਾਲ ਖਰਚਣ ਬਾਰੇ ਕਿਸਾਨਾਂ ਨਾਲ  ਵਿਚਾਰ ਵਟਾਂਦਰਾ ਕੀਤਾ ਗਿਆ।  ਇਸ ਮੌਕੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਣਕ ਦੀ ਵਾਢੀ ਦੇ ਦਿਨਾਂ ਵਿਚ ਸਬਜ਼ੀ ਅਤੇ ਫਲ ਉਤਪਾਦਕਾਂ ਨੂੰ ਬਿਜਲੀ ਦੀ ਕਿੱਲਤ ਤੋਂ ਨਿਜਾਤ ਦਿਵਾਉਣ ਲਈ 2 ਹਾਰਸ ਪਾਵਰ ਤੋਂ 7.5 ਹਾਰਸ ਪਾਵਰ ਤੱਕ ਦੀਆਂ ਸੋਲਰ ਪਾਵਰ ਮੋਟਰਾਂ ਲਗਵਾਉਣ ਲਈ ਸਬਸਿਡੀ ਪ੍ਰਦਾਨ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।ਉਨ੍ਹਾਂ ਇਸ ਮੌਕੇ ਕਿਹਾ ਕਿ ਸਬਜ਼ੀ ਅਤੇ ਫਲ ਉਤਪਾਦਕ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਫਸਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਕੀਟ ਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦੀ ਵਰਤੋ ਘੱਟ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਵੱਧ ਵਰਤਂੋ ਦਾ ਮਾੜਾ ਅਸਰ ਫਸਲਾਂ ਦੀ ਕੁਆਲਟੀ ‘ਤੇ ਪੈ ਰਿਹਾ ਹੈ, ਜਿਸ ਕਾਰਨ ਅੰਤਰਰਾਸ਼ਟਰੀ ਬਜ਼ਾਰ ਵਿਚ ਇਨ੍ਹਾਂ ਨੂੰ ਵੇਚਣ ਵਿਚ ਦਿੱਕਤ ਆਂਉਦੀ ਹੈ।ਉਨ੍ਹਾਂ ਅਗਾਂਹਵਧੂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੀਟ ਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦੀ ਘੱਟ ਵਰਤਂੋ ਨਾਲ ਵੱਧ ਉਤਪਾਦ ਲੈਣ ਦੇ ਤਜ਼ਰਬੇ ਹੋਰਨਾਂ ਕਿਸਾਨਾਂ ਨਾਲ ਵੀ ਸਾਂਝੇ ਕਰਕੇ ਉਨ੍ਹਾਂ ਨੂੰ ਵੀ ਕੀਟ ਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦੀ ਘੱਟ ਵਰਤੋ ਕਰਨ ਲਈ ਪ੍ਰੇਰਿਤ ਕਰਨ। ਇਸ ਮੀਟਿੰਗ ਵਿਚ ਮੁੱਖ ਪਾਰਲੀਮਨੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ, ਵਿਭਾਗ ਦੇ ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ, ਕਮਿਸ਼ਨਰ ਖੇਤੀਬਾੜ੍ਹੀ ਸ. ਬਲਵਿੰਦਰ ਸਿੰਘ ਸਿੱਧੂ ਕਮਿਸ਼ਨਰ ਖੇਤੀਬਾੜੀ, ਡਾਇਰੈਕਟਰ ਬਾਗਬਾਨੀ ਡਾ. ਲਾਜਵਿੰਦਰ ਸਿੰਘ, ਡਾ. ਗੁਰਕੰਵਲ ਸਿੰਘ ਸੰਯੁਕਤ ਡਾਇਰੈਕਟਰ ਬਾਗਬਾਨੀ ਪੰਜਾਬ ਅਤੇ ਪੰਜਾਬ ਭਰ ਤੋਂ ਆਏ ਅਗਾਂਹ ਵਧੂ ਕਿਸਾਨਾਂ ਨੇ ਵੀ ਭਾਗ ਲਿਆ।  

Send this to a friend