ਨਵੀਂ ਦਿੱਲੀ, 5 ਸਤੰਬਰ (ਪੀ.ਟੀ.)-ਸੰਸਦੀ ਕਾਰਜ ਮੰਤਰੀ ਐਮ. ਵੇਂਕਿਆ ਨਾਇਡੂ ਨੇ ਇਨ੍ਹਾਂ ਇਲਜ਼ਾਮਾਂ ਤੋਂ ਮਨ੍ਹਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ‘ਚ ਸਵਾਲਾਂ ਦਾ ਸਾਹਮਣਾ ਕਰਨ ਤੋਂ ਕਤਰਾ ਰਹੇ ਹਨ ਜਾਂ ਉਨ੍ਹਾਂ ਨੇ ਆਪਣੇ ਹੱਥਾਂ ‘ਚ ਸਾਰੀ ਸੱਤਾ ਦਾ ਕੇਂਦਰੀਕਰਨ ਕਰ ਲਿਆ ਹੈ। ਨਾਇਡੂ ਨੇ ਵਿਰੋਧੀ ਪੱਖ ਦੇ ਉਕਤ ਇਲਜ਼ਾਮਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਸੰਸਦ ‘ਚ ਪ੍ਰਸ਼ਨਾਂ ਦੇ ਜਵਾਬ ਸੰਸਦੀ ਵਿਵਸਥਾ ਅਨੁਸਾਰ ਦਿੱਤੇ ਜਾਂਦੇ ਹਨ ਤੇ ਉਨ੍ਹਾਂ ਦੇ ਜਵਾਬ ਪ੍ਰਭਾਵੀ ਢੰਗ ਨਾਲ ਦਿੱਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੌਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ‘ਚ ਲੱਗੇ ਹਨ ਤੇ ਉਹ ਉਨ੍ਹਾਂ ਨੂੰ ਮੌਕੇ ਦੇ ਰਹੇ ਹਨ। ਪ੍ਰੈੱਸ ਕਲੱਬ ‘ਚ ‘ਪ੍ਰੈੱਸ ਨਾਲ ਮਿਲੋ‘ ਪ੍ਰੋਗਰਾਮ ‘ਚ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਸੀ
ਕਿ ਲੋਕਸਭਾ ਤੇ ਰਾਜ ਸਭਾ ‘ਚ ਪ੍ਰਧਾਨ ਮੰਤਰੀ ਦੀ ਹਾਜ਼ਰੀ ਲਈ ਦਿਨ ਤੈਅ ਹਨ ਤੇ ਉਨ੍ਹਾਂ ਨੇ ਅਜੇ ਤੱਕ ਕਿੰਨੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਹਨ। ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਕਿ ਪ੍ਰਧਾਨ ਮੰਤਰੀ ਨੇ ਸਾਰੀ ਸੱਤਾ ਆਪਣੇ ਹੱਥਾਂ ‘ਚ ਲੈ ਰੱਖੀ ਹੈ।