ਚੰਡੀਗੜ੍ਹ, 31 ਅਗਸਤ (ਪੀ. ਟੀ)- ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ, ਆਈ.ਏ.ਐਸ ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਆਦੇਸ਼ ਜਾਰੀ ਕਰਦਿਆਂ ਰਾਜ ਦੇ ਸਾਰੇ ਸੁਵਿਧਾ ਕੇਂਦਰਾਂ ਦਾ 2 ਅਤੇ 4 ਸਤੰਬਰ ਨੂੰ ਨਿਰੀਖਣ ਕਰਵਾਉਣ ਲਈ ਕਿਹਾ ਹੈ ਤਾਂ ਜੋ ਰਾਜ ਦੇ ਨਾਗਰਿਕਾਂ ਨੂੰ ਸੁਵਿਧਾ ਕੇਂਦਰਾਂ ਰਾਹੀਂ ਮੁਹੱਈਆ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਬੇਹਤਰ ਬਣਾਇਆ ਜਾ ਸਕੇ। ਇਸੇ ਤਹਿਤ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਆਪਣੇ 22 ਅਧਿਕਾਰੀਆਂ ਨੂੰ ਸਾਰੇ ਜ਼ਿਲ੍ਹਿਆਂ ਦਾ ਵੱਖ-ਵੱਖ ਤੌਰ ’ਤੇ ਦੌਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸ੍ਰੀਮਤੀ ਨਵਦੀਪ ਕੌਰ, ਸ੍ਰੀ ਕਲਵਰਨ ਸਿੰਘ, ਸ੍ਰੀ ਅੰਕਿਤ ਅਗਰਵਾਲ, ਸ੍ਰੀ ਵਿਵੇਕ ਵਤਸ, ਸ੍ਰੀ ਸਾਹਿਲ ਅਬਰੋਲ, ਸ੍ਰੀ ਮੋਹਿਤ ਸੈਣੀ, ਸ੍ਰੀ ਮਨੁਜ ਸਿਆਲ, ਸ੍ਰੀ ਅੰਸ਼ੁਲ ਮਿਸ਼ਰਾ, ਸ੍ਰੀ ਅਭਿਸ਼ੇਕ ਸ਼ੁਕਲਾ, ਸ੍ਰੀ ਧਰਮ ਸਿੰਘ, ਸ੍ਰੀ ਸੁਨੀਲ ਵਿਜ, ਸ੍ਰੀ ਅਨੀ ਪ੍ਰਕਾਸ਼ ਗੋਇਲ, ਸ੍ਰੀਮਤੀ ਰਵਿੰਦਰ ਕੌਰ, ਸ੍ਰੀ ਅਸ਼ੀਸ਼
ਕੁਮਾਰ, ਸ੍ਰੀ ਦਿਵੇਸ਼ ਸ਼ਰਮਾ, ਸ੍ਰੀ ਅਨਵਰ, ਸ੍ਰੀ ਇਸ਼ੂ ਦਾਸ, ਸ੍ਰੀ ਸੁਮਿਤ ਗਰਗ, ਸ੍ਰੀ ਅਮ੍ਰਿਤਪਾਲ ਸਿੰਘ, ਸ੍ਰੀ ਕੁਲਦੀਪ ਸਿੰਘ, ਸ੍ਰੀ ਪੰਕਜ ਮੋਹਨ ਅਤੇ ਸ੍ਰੀ ਪ੍ਰਵੀਨ ਗਰਗ ਨੂੰ ਕ੍ਰਮਵਾਰ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਐਸ.ਏ.ਐਸ. ਨਗਰ, ਮੁਕਤਸਰ, ਐਸ.ਬੀ.ਐਸ. ਨਗਰ, ਪਠਾਨਕੋਟ, ਪਟਿਆਲਾ, ਰੂਪਨਗਰ, ਸੰਗਰੂਰ ਅਤੇ ਤਰਨਤਾਰਨ ਵਿਖੇ ਸੁਵਿਧਾ ਕੇਂਦਰਾਂ ਦਾ ਨਿਰੀਖਣ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇੰਨ੍ਹਾਂ ਨਿਰੀਖਣ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਨਿਰੀਖਣ ਦੌਰਾਨ ਸੇਵਾਵਾਂ ਦੇ ਸਮੇਂ ਸਿਰ ਮਿਲਣ, ਨਾਗਰਿਕਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਇੰਨ੍ਹਾਂ ਦੀ ਫੀਸ, ਸੁਵਿਧਾ ਕੇਂਦਰਾਂ ਦਾ ਰੱਖ-ਰਖਾਵ ਅਤੇ ਕਾਰਜਕਾਰਨੀ ਤੇ ਨਿਗਰਾਨੀ ਨਾਲ ਸਬੰਧਤ ਪ੍ਰਣਾਲੀ ਸਮੇਤ ਸੁਵਿਧਾ ਕੇਂਦਰਾਂ ਦੇ ਕੰਮਕਾਰ ਦਾ ਮੁਕੰਮਲ ਨਿਰੀਖਣ ਕਰਨ। ਨਿਰੀਖਣ ਅਧਿਕਾਰੀਆਂ ਨੂੰ ਜ਼ਿਲ੍ਹਾ, ਤਹਿਸੀਲ ਅਤੇ ਸਬ-ਤਹਿਸੀਲ ਹਰ ਪੱਧਰ ’ਤੇ ਸੁਵਿਧਾ ਕੇਂਦਰਾਂ ਦਾ ਮੁਕੰਮਲ ਨਿਰੀਖਣ ਯਕੀਨੀ ਬਨਾਉਣ ਦੇ ਆਦੇਸ਼ ਦਿੱਤੇ ਗਏ ਹਨ।”