ਕੋਲਕਾਤਾ, 28 ਅਗਸਤ (ਪੀ. ਟੀ)- ਤ੍ਰਿਣਾਮੂਲ ਕਾਂਗਰਸ ਦੇ ਇਕ ਵਿਧਾਇਕ ਨੇ ਨਵੇਂ ਵਿਵਾਦ ਨੂੰ ਜਨਮ ਦਿੰਦਿਆਂ ਕਿਹਾ ਹੈ ਕਿ ਜਦੋਂ ਤੱਕ ਧਰਤੀ ਰਹੇਗੀ ਉਦੋਂ ਤੱਕ ਜਬਰ ਜਨਾਹ ਹੁੰਦੇ ਰਹਿਣਗੇ। ਡਾਇਮੰਡ ਹਾਰਬਰ ਤੋਂ ਤ੍ਰਿਣਾਮੂਲ ਕਾਂਗਰਸ ਦੇ ਵਿਧਾਇਕ ਦੀਪਕ ਹਲਦਰ ਨੇ ਕਿਹਾ ਕਿ ਜਬਰ ਜਨਾਹ ਪਹਿਲਾਂ ਵੀ ਹੁੰਦੇ ਰਹੇ ਹਨ, ਅੱਜ ਵੀ ਹੋ ਰਹੇ ਹਨ ਤੇ ਜਦੋਂ ਤੱਕ ਧਰਤੀ ਦੀ ਹੋਂਦ ਕਾਇਮ ਹੈ ਜਬਰ ਜਨਾਹ ਹੁੰਦੇ ਰਹਿਣਗੇ। ਕਾਂਗਰਸ ਦੇ ਨੇਤਾ ਮੁਨੀਸ਼ ਤਿਵਾੜੀ ਨੇ ਹਲਦਰ ਦੇ ਇਸ ਬਿਆਨ ‘ਤੇ ਆਪਣੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਤ੍ਰਿਣਾਮੂਲ ਕਾਂਗਰਸ ਦੇ ਵਿਧਾਇਕ ਦਾ ਇਹ ਬਿਆਨ ਬਿਲਕੁਲ ਅਸੰਵੇਦਨਸ਼ੀਲ ਹੈ। ਰਾਸ਼ਟਰੀ ਔਰਤ ਕਮਿਸ਼ਨ ਦੀ ਪ੍ਰਧਾਨ ਮਮਤਾ ਸ਼ਰਮਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਹਲਦਰ ਦੇ ਇਸ ਬਿਆਨ ‘ਤੇ ਕਾਰਵਾਈ ਕਰਨ ਦੀ ਮੰਗ
ਕੀਤੀ ਹੈ। ਵਰਣਨਯੋਗ ਹੈ ਕਿ ਵਿਧਾਇਕ ਹਲਦਰ ਨੇ ਬੁੱਧਵਾਰ ਸ਼ਾਮ ਇਕ ਜਨਤਕ ਰੈਲੀ ਦੌਰਾਨ ਇਹ ਬਿਆਨ ਦਿੱਤਾ ਸੀ ਹਾਲਾਂਕਿ ਬਾਅਦ ਵਿਚ ਉਨ੍ਹਾਂ ਆਪਣੀ ਸਫ਼ਾਈ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਜਾਗਰੂਕਤਾ ਵਧਾਉਣਾ ਸੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਸ ਨੂੰ ਹੋਰ ਪ੍ਰਸੰਗ ਵਿਚ ਨਾ ਲੈਣ ਕਿਉਂਕਿ ਉਹ ਜਬਰ ਜਨਾਹ ਨੂੰ ਇਕ ਸਮਾਜਿਕ ਬੁਰਾਈ ਮੰਨਦੇ ਹਨ ਤੇ ਇਸ ਵਿਰੁੱਧ ਸਾਰਿਆਂ ਨੂੰ ਰਲ ਕੇ ਕੋਈ ਉਪਰਾਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਜਾਂ ਉਹ ਇਕੱਲਿਆਂ ਇਸ ਦਾ ਹੱਲ ਨਹੀਂ ਕਰ ਸਕਦੇ।



