Skip to content
Independent perspectives. Global stories.
BREAKING

ਪ੍ਰਾਵੀਡੈਂਟ ਫੰਡ ਯੋਜਨਾ ’ਚ ਹੁਣ ਘੱਟੋ ਘੱਟ ਪੈਨਸ਼ਨ 1000 ਰੁਪਏ ਮਾਸਿਕ ਹੋਵੇਗੀ

Share this story

Page-1_34 ਨਵੀਂ ਦਿੱਲੀ, 28 ਅਗਸਤ (ਪੀ. ਟੀ)- ਮੁਲਾਜ਼ਮ ਪ੍ਰਾਵੀਡੈਂਟ ਫੰਡ ਸੰਗਠਨ (ਈ. ਪੀ. ਐਫ. ਓ.) ਵਲੋਂ ਚਲਾਈਆਂ ਜਾਂਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਲਈ ਬੇਸਬਰੀ ਨਾਲ ਉਡੀਕੀ ਜਾ ਰਹੀ ਮਾਸਿਕ ਪੈਨਸ਼ਨ ਘੱਟੋ ਘੱਟ ਇਕ 1000 ਰੁਪਏ ਅਤੇ ਪ੍ਰਾਵੀਡੈਂਟ ਫੰਡ ਲਈ ਤਨਖਾਹ ਦੀ ਹੱਦ ਵਧਾ ਕੇ 15000 ਰੁਪਏ ਪ੍ਰਤੀ ਮਹੀਨਾ ਕਰਨ ਦੇ ਫ਼ੈਸਲੇ ਪਹਿਲੀ ਸਤੰਬਰ ਤੋਂ ਲਾਗੂ ਹੋ ਜਾਣਗੇ। ਮੁਲਾਜ਼ਮ ਪੈਨਸ਼ਨ ਯੋਜਨਾ 1995 (ਈ. ਪੀ. ਐਫ. ਐਸ.-95) ਤਹਿਤ ਸਰਕਾਰ ਦਾ ਘੱਟੋ ਘੱਟ ਇਕ ਹਜ਼ਾਰ ਰੁਪਏ ਪੈਨਸ਼ਨ ਮੁਕੱਰਰ ਕਰਨ ਦੇ ਫ਼ੈਸਲੇ ਨਾਲ 28 ਲੱਖ ਪੈਨਸ਼ਨ ਧਾਰਕਾਂ ਨੂੰ ਤੁਰੰਤ ਲਾਭ ਹੋਵੇਗਾ ਜਿਹੜੇ ਮੌਜੂਦਾ ਸਮੇਂ ਇਸ ਤੋਂ ਘੱਟ ਪੈਨਸ਼ਨ ਲੈ ਰਹੇ ਹਨ। ਮੁਲਾਜ਼ਮ ਪ੍ਰਾਵੀਡੈਂਟ ਫੰਡ ਸੰਗਠਨ ਦਾ ਅੰਸ਼ਦਾਤਾ ਬਣਨ ਲਈ ਘੱਟੋ ਘੱਟ ਤਨਖਾਹ ਦੀ ਹੱਦਬੰਦੀ ਵਧਾ ਕੇ 15000 ਰੁਪਏ ਪ੍ਰਤੀ ਮਹੀਨਾ ਕਰਨ ਨਾਲ ਸੰਗਠਿਤ ਖੇਤਰ ਦੇ 50

ਲੱਖ ਹੋਰ ਕਾਮਿਆਂ ਦੇ ਇਸ ਸੰਗਠਨ ਦੇ ਘੇਰੇ ਹੇਠ ਆਉਣ ਦੀ ਆਸ ਹੈ। ਈ. ਪੀ. ਐਫ. ਓ. ਦੇ ਕੇਂਦਰੀ ਪ੍ਰਾਵੀਡੈਂਟ ਫੰਡ ਕਮਿਸ਼ਨਰ ਕੇ. ਕੇ. ਜਲਾਨ ਨੇ ਦੱਸਿਆ ਕਿ ਸਰਕਾਰ ਨੇ ਈ ਪੀ ਐਸ ਤਹਿਤ ਤਨਖਾਹ ਦੀ ਹੱਦ 15000 ਰੁਪਏ ਕਰਨ ਅਤੇ ਮਾਸਿਕ ਪੈਨਸ਼ਨ ਘੱਟੋ ਘੱਟ 1000 ਹਜ਼ਾਰ ਰੁਪਏ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਮੁਲਾਜ਼ਮ ਡਿਪਾਜ਼ਟ ਲਿੰਕਡ ਯੋਜਨਾ ਤਹਿਤ ਵੱਧ ਤੋਂ ਵੱਧ ਬੀਮਾ ਰਾਸ਼ੀ ਵਧਾ ਕੇ ਤਿੰਨ ਲੱਖ 60 ਹਜ਼ਾਰ ਰੁਪਏ ਕਰ ਦਿੱਤੀ ਹੈ। ਇਸ ਰਾਸ਼ੀ ਵਿਚ ਨਿਰਧਾਰਤ ਰਕਮ ‘ਤੇ 20 ਫ਼ੀਸਦੀ ਐਡਹਾਕ ਲਾਭ ਵੀ ਸ਼ਾਮਿਲ ਹੈ।
ਇਸ ਦਾ ਮਤਲਬ ਜੇਕਰ ਪ੍ਰਾਵੀਡੈਂਟ ਫੰਡ ਅੰਸ਼ਦਾਤਾ ਦੀ ਮੌਤ ਹੀ ਜਾਂਦੀ ਹੈ ਤਾਂ ਉਸ ਦਾ ਪਰਿਵਾਰ ਮੌਜੂਦਾ ਬੀਮਾ ਰਾਸ਼ੀ 1.56 ਲੱਖ ਦੀ ਬਜਾਏ 3.60 ਲੱਖ ਰੁਪਏ ਦੀ ਬੀਮਾ ਰਾਸ਼ੀ ਦਾ ਹੱਕਦਾਰ ਹੋਵੇਗਾ।
ਸ੍ਰੀ ਜਲਾਨ ਨੇ ਦੱਸਿਆ ਕਿ ਘੱਟੋ ਘੱਟ ਪੈਨਸ਼ਨ ਅਤੇ ਪ੍ਰਾਵੀਡੈਂਟ ਫੰਡ ਲਈ ਤਨਖਾਹ ਦੀ ਹੱਦ ਵਧਾਉਣ ਅਤੇ ਮੁਲਾਜ਼ਮ ਡਿਪਾਜ਼ਟ ਲਿੰਕਡ ਬੀਮਾ ਸਬੰਧੀ ਨੋਟੀਫਿਕੇਸ਼ਨ ਪਹਿਲੀ ਸਤੰਬਰ ਤੋਂ ਲਾਗੂ ਹੋਵੇਗਾ। ਉਪਰੋਕਤ ਯੋਜਨਾਵਾਂ ਸਬੰਧੀ ਕੇਂਦਰੀ ਮੰਤਰੀ ਮੰਡਲ ਨੇ ਫ਼ੈਸਲਾ 28 ਫਰਵਰੀ ਨੂੰ ਲੈ ਲਿਆ ਸੀ ਪਰ 5 ਮਾਰਚ ਨੂੰ ਆਮ ਚੋਣਾਂ ਦੇ ਸਬੰਧ ਵਿਚ ਚੋਣ ਜ਼ਾਬਤਾ ਲਾਗੂ ਹੋ ਜਾਣ ਕਾਰਨ ਇਹ ਲਾਗੂ ਨਹੀਂ ਸੀ ਕੀਤਾ ਜਾ ਸਕਿਆ। ਇਸ ਫ਼ੈਸਲੇ ਦਾ 5 ਲੱਖ ਵਿਧਵਾਵਾਂ ਸਮੇਤ 28 ਲੱਖ ਪੈਨਸ਼ਨ ਧਾਰਕਾਂ ਨੂੰ ਤੁਰੰਤ ਲਾਭ ਹੋਵੇਗਾ। ਇਸ ਸਮੇਂ ਈ. ਪੀ. ਐਫ. ਓ. ਯੋਜਨਾ ਤਹਿਤ ਕੁਲ 44 ਲੱਖ ਪੈਨਸ਼ਨ ਧਾਰਕ ਹਨ। ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਲਾਭਾਪਾਤਰੀਆਂ ਨੂੰ ਘੱਟੋ ਘੱਟ ਇਕ ਹਜ਼ਾਰ ਰੁਪਏ ਪੈਨਸ਼ਨ ਇਸ ਸਾਲ ਇਕ ਸਤੰਬਰ ਤੋਂ 31 ਮਾਰਚ 2015 ਤਕ ਮਿਲੇਗੀ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਰਕਾਰ ਈ ਪੀ ਐਸ-95 ਯੋਜਨਾ ਤਹਿਤ ਘੱਟੋ ਘੱਟੋ ਪੈਨਸ਼ਨ ਵਧਾਉਣ ਦੇ ਫ਼ੈਸਲੇ ਨੂੰ ਜਾਰੀ ਰੱਖਣ ਲਈ ਭਵਿੱਖ ਵਿਚ ਇਕ ਹੋਰ ਨੋਟੀਫਿਕੇਸ਼ਨ ਜਾਰੀ ਕਰੇਗੀ।

WRITTEN BY