ਚੰਡੀਗੜ੍ਹ- ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚਲੇ ਸਾਕੀ/ ਕਿਰਨ ਨਾਲਾ ਪ੍ਰਾਜੈਕਟ ਦਾ ਕੰਮ ਦੁਬਾਰਾ ਸ਼ੁਰੂ ਕਰਾਉਣ ਦੀ ਮਨਜ਼ੂਰੀ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚਾਹੁੰਦੇ ਹਨ ਕਿ ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਉਮਾ ਭਾਰਤੀ ਜਲਦੀ ਨਾਲ ਪ੍ਰਾਜੈਕਟ ਦੀ ਮਨਜ਼ੂਰੀ ਲਈ ਦਖ਼ਲ ਦੇਣ। ਅਧਿਕਾਰੀ ਸੂਤਰਾਂ ਮੁਤਾਬਿਕ ਮੁੱਖ ਮੰਤਰੀ ਨੇ ਦੋਵਾਂ ਕੇਂਦਰੀ ਮੰਤਰੀਆਂ ਨੂੰ ਵੱਖਰੇ ਤੌਰ ‘ਤੇ ਭੇਜੀ ਚਿੱਠੀ ‘ਚ ਦੱਸਿਆ ਹੈ ਕਿ ਇਹ ਪ੍ਰਾਜੈਕਟ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਨਿਰਨਾਇਕ ਭੂਮਿਕਾ ਅਦਾ ਕਰੇਗਾ। ਗੌਰਤਲਬ ਹੈ ਕਿ ਇਸ ਪ੍ਰਾਜੈਕਟ ਨੂੰ ਕੇਂਦਰ ਸਰਕਾਰ ਨੇ ਜੂਨ 2006 ‘ਚ ਮਨਜ਼ੂਰੀ ਦਿੱਤੀ ਸੀ, ਸੈਨਾ ਵਲੋਂ ਸਰਹੱਦੀ ਖੇਤਰਾਂ ‘ਚ ਉਸਾਰੇ ਜਾ ਰਹੇ ਪੁਲਾਂ ਦੇ ਡਿਜ਼ਾਈਨ ‘ਤੇ ਇਤਰਾਜ਼ ਉਠਾਉਣ ਕਾਰਨ ਇਸ ਪ੍ਰਾਜੈਕਟ ਦੇ ਕੰਮ ਨੂੰ ਰੋਕਣਾ ਪਿਆ।



