ਚੰਡੀਗੜ੍ਹ, 27 ਅਗਸਤ (ਪੀ. ਟੀ)- ਗੁਆਂਢੀ ਸੂਬਿਆਂ ਤੋਂ ਸਪਲਾਈ ਦੀ ਘਾਟ ਕਾਰਨ ਪੰਜਾਬ ਤੇ ਹਰਿਆਣਾ ‘ਚ ਪਿਛਲੇ ਇਕ ਹਫ਼ਤੇ ਤੋਂ ਟਮਾਟਰ ਤੇ ਆਲੂਆਂ ਸਮੇਤ ਸਭ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਇਕ ਵਪਾਰੀ ਨੇ ਦੱਸਿਆ ਕਿ ਪ੍ਰਚੂਨ ਬਾਜ਼ਾਰ ‘ਚ ਇਕ ਹਫ਼ਤੇ ਟਮਾਟਰ ਦੇ ਭਾਅ 50 ਰੁਪਏ ਤੋਂ ਵੱਧ ਕੇ 70 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਏ ਹਨ। ਕਰੀਬ ਇਕ ਮਹੀਨਾ ਪਹਿਲਾਂ ਟਮਾਟਰ ਦਾ ਭਾਅ 20 ਰੁਪਏ ਪ੍ਰਤੀ ਕਿੱਲੋ ਸੀ। ਇਸ ਵਪਾਰੀ ਨੇ ਦੱਸਿਆ ਕਿ ਦੂਜੀਆਂ ਰੋਜ਼ਾਨਾ ਦੀ ਵਰਤੋਂ ਵਾਲੀਆਂ ਸਬਜ਼ੀਆਂ ਦੇ ਭਾਅ ‘ਚ ਵੀ ਵਾਧਾ ਹੋਇਆ ਹੈ। ਉਸ ਨੇ ਦੱਸਿਆ ਕਿ ਆਲੂ, ਗੋਭੀ, ਹਰੇ ਮਟਰ, ਸ਼ਿਮਲਾ ਮਿਰਚ, ਕੱਦੂ ਤੇ ਕਰੇਲਾ ਸਮੇਤ ਹੋਰ ਸਬਜ਼ੀਆਂ ਦੇ ਭਾਅ ਵਧੇ ਹਨ। ਵਪਾਰੀਆਂ ਦਾ ਇਹ ਵੀ ਕਹਿਣਾ ਹੈ ਕਿ
ਖੇਤੀ ਪ੍ਰਧਾਨ ਇਨ੍ਹਾਂ ਸੂਬਿਆਂ ‘ਚ ਬਾਰਿਸ਼ ਘੱਟ ਹੋਣ ਕਾਰਨ ਵੀ ਸਬਜ਼ੀਆਂ ਦੀ ਸਪਲਾਈ ‘ਚ ਕਮੀ ਆਈ ਹੈ। ਪਿਛਲੇ ਹਫ਼ਤੇ 20 ਰੁਪਏ ਪ੍ਰਤੀ ਕਿੱਲੋ ਦੇ ਉਛਾਲ ਨਾਲ ਪ੍ਰਚੂਨ ਬਾਜ਼ਾਰ ‘ਚ ਪਹਾੜੀ ਆਲੂ 35 ਤੋਂ 40 ਰੁਪਏ ਪ੍ਰਤੀ ਕਿੱਲੋ ਜਦੋਂ ਕਿ ਹਰੇ ਮਟਰ 80 ਤੋਂ 100 ਰੁਪਏ ਕਿੱਲੋ ਦੇ ਹਿਸਾਬ ਨਾਲ ਵਿੱਕ ਰਹੇ ਹਨ, ਹਾਲਾਂਕਿ ਪਿਆਜ ਦਾ ਭਾਅ 25 ਰੁਪਏ ਪ੍ਰਤੀ ਕਿੱਲੋ ਦੇ ਲਗਭਗ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ‘ਚ ਇਸ ਸਾਲ ਬਾਰਿਸ਼ ਕਾਫ਼ੀ ਘੱਟ ਹੋਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਖੀਰਾ ਜਿਸ ਦੀ ਗਰਮੀਆਂ ‘ਚ ਬਹੁਤ ਮੰਗ ਹੁੰਦੀ ਹੈ, ਵੀ 30 ਤੋਂ 40 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ, ਜਦੋਂ ਕਿ ਆਮ ਤੌਰ ‘ਤੇ ਇਸ ਦਾ ਭਾਅ 10 ਤੋਂ 20 ਰੁਪਏ ਪ੍ਰਤੀ ਕਿੱਲੋ ਰਹਿੰਦਾ ਹੈ।



