Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ਡਾਕਟਰਾਂ ਨੂੰ ਵਿਦੇਸ਼ ਜਾਣ ਦੀ ਬਜਾਏ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਸੱਦਾ

Share this story

ਪਟਿਆਲਾ, 27 ਅਗਸਤ (ਅਜੇ ਗੋਇਲ)- ਉੱਚ ਯੋਗਤਾ ਵਾਲੇ ਡਾਕਟਰਾਂ ਤੇ ਮਾਹਿਰਾਂ ਦੇ ਵਿਦੇਸ਼ ਜਾਣ ਦੇ ਵਧਦੇ ਰੁਝਾਨ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਡਾਕਟਰੀ ਸਿੱਖਿਆ ਦੇ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਦੀ ਭਾਲ ਵਿੱਚ ਵਿਦੇਸ਼ ਜਾਣ ਦੀ ਬਜਾਏ ਸਮਰਪਿਤ ਭਾਵਨਾ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਸੱਦਾ ਦਿੱਤਾ ਹੈ। ਅੱਜ ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਦੀ ਨੌਂਵੀਂ ਕਨਵੋਕੇਸ਼ਨ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਦੁੱਖ ਨਾਲ ਆਖਿਆ ਕਿ ਜੇਕਰ ਡਾਕਟਰ ਤੇ ਸੁਪਰ ਸਪੈਸ਼ਲਿਸਟ ਆਪਣੇ ਪੇਸ਼ੇ ਦੀ ਬਿਹਤਰੀ ਲਈ ਦੁਨੀਆਂ ਭਰ ਦੇ ਮੁਲਕਾਂ ਵਿੱਚ ਪਰਵਾਸ ਕਰਦੇ ਹਨ ਤਾਂ ਇਨ੍ਹਾਂ ਦੀ ਸਿੱਖਿਆ ਲਈ ਜੁਟਾਏ ਜਾਂਦੇ ਵਸੀਲੇ ਪੂਰੀ ਤਰ੍ਹਾਂ ਵਿਅਰਥ ਹਨ। ਮੁੱਖ ਮੰਤਰੀ ਨੇ ਆਖਿਆ ਕਿ ਇਸ ਦਿਸ਼ਾ ਵਿੱਚ ਟਾਟਾ ਮੈਮੋਰੀਅਲ ਕੈਂਸਰ ਇੰਸਟੀਚਿਊਟ ਮੁੰਬਈ ਦੀ ਤਰਜ਼ ’ਤੇ

ਮੁੱਲਾਂਪੁਰ ਵਿਖੇ ਹੋਮੀ ਭਾਬਾ ਕੈਂਸਰ ਇਲਾਜ ਤੇ ਖੋਜ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ।           ਇਸ ਮੌਕੇ ਮੁੱਖ ਮੰਤਰੀ ਨੇ ਡਾਕਟਰੀ ਸਿੱਖਿਆ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ 11 ਵਿਦਿਆਰਥੀਆਂ ਨੂੰ ਸੋਨ ਤਮਗਿਆਂ ਨਾਲ ਸਨਮਾਨਿਤ ਕਰਦਿਆਂ ਹਰੇਕ ਵਿਦਿਆਰਥੀ ਨੂੰ ਇੱਕ-ਇੱਕ ਲੱਖ ਰੁਪਏ ਨਗਦ  ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਮੰਚ ਤੋਂ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਦੇਣ ਲਈ ਕਾਲਜ ਦੇ ਪ੍ਰਿੰਸੀਪਲ ਨੂੰ ਗਿਆਰਾਂ ਲੱਖ ਰੁਪਏ ਦਾ ਚੈਕ ਵੀ ਸੌਂਪ ਦਿੱਤਾ।          ਇਸ ਮੌਕੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਵੀ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਕਨਵੋਕੇਸ਼ਨ ਦੌਰਾਨ 11 ਵਿਦਿਆਰਥੀਆਂ ਨੂੰ ਸੋਨ ਤਮਗੇ ਅਤੇ 425 ਵਿਦਿਆਰਥੀਆਂ ਨੂੰ ਚਾਂਦੀ ਅਤੇ ਕਾਂਸੀ ਦੇ ਤਮਗੇ ਪ੍ਰਦਾਨ ਕੀਤੇ ਗਏ। ਸ. ਬਾਦਲ ਵੱਲੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਬੇਟੇ ਡਾ. ਅਮਿਤੋਜ ਸਿੰਘ ਦੀ ਮੈਡੀਕਲ ਸਿੱਖਿਆ ਦੇ ਖੇਤਰ ’ਚ ਸ਼ਾਨਦਾਰ ਕਾਰਗੁਜ਼ਾਰੀ ਲਈ ਅਤੇ ਮਨੋਰੋਗ ਮਾਹਿਰ ਡਾ. ਬੀ.ਐਸ. ਸਿੱਧੂ ਨੂੰ ਉਨ੍ਹਾਂ ਦੀ ਬੇਟੀ ਡਾ. ਅਨੀਤ ਕੌਰ ਲਈ ਮੈਡਲ ਪ੍ਰਦਾਨ ਕੀਤੇ ਗਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਕੇ.ਡੀ. ਸਿੰਘ ਨੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਰਿਪੋਰਟ ਪੇਸ਼ ਕੀਤੀ। ਕਨਵੋਕੇਸ਼ਨ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਪੰਜਾਬ ਸਰਕਾਰ ਦੇ ਸਿਹਤ ਖੇਤਰ ਬਾਰੇ ਸਲਾਹਕਾਰ ਡਾ. ਕੇ.ਕੇ. ਤਲਵਾੜ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ. ਐਸ. ਚੀਮਾ, ਸਕੱਤਰ ਮੈਡੀਕਲ ਸਿੱਖਿਆ ਸ਼੍ਰੀ ਹੁਸਨ ਲਾਲ, ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਐਸ.ਐਸ. ਗਿੱਲ, ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਡਾ. ਤੇਜਬੀਰ ਸਿੰਘ,  ਮੇਅਰ ਸ. ਅਮਰਿੰਦਰ ਸਿੰਘ ਬਜਾਜ, ਅਧੀਨ ਸੇਵਾਵਾਂ ਚੋਣ ਬੋਰਡ ਦੇ ਸਾਬਕਾ ਚੇਅਰਮੈਨ ਸ. ਤਜਿੰਦਰਪਾਲ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼੍ਰੀ ਜਗਦੀਸ਼ ਰਾਏ ਚੌਧਰੀ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਨਿਲ ਬਜਾਜ, ਸੀਨੀਅਰ ਆਗੂ ਸ. ਗੁਰਤੇਜ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਸ਼੍ਰੀ ਫੌਜਇੰਦਰ ਸਿੰਘ ਮੁਖਮੇਲਪੁਰ, ਸਾਬਕਾ ਮੇਅਰ ਸ਼੍ਰੀ ਵਿਸ਼ਨੂੰ ਸ਼ਰਮਾ, ਸ. ਗੁਰਵਿੰਦਰ ਸਿੰਘ ਸ਼ਕਤੀਮਾਨ, ਡਾ. ਨਵੀਨ ਸਾਰੋਂਵਾਲਾ, ਸ਼੍ਰੀ ਰਵੀ ਆਹਲੂਵਾਲੀਆ, ਸ. ਜਸਵਿੰਦਰ ਸਿੰਘ ਚੀਮਾ, ਸ਼੍ਰੀ ਬਲਵੰਤ ਰਾਏ, ਸ਼੍ਰੀ ਰਮਨ ਸ਼ਰਮਾ, ਸ਼੍ਰੀ ਵਰਿੰਦਰ ਖੰਨਾ, ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ, ਐਸ.ਐਸ.ਪੀ ਸ. ਹਰਦਿਆਲ ਸਿੰਘ ਮਾਨ, ਐਸ.ਡੀ.ਐਮ ਪਟਿਆਲਾ ਸ. ਗੁਰਪਾਲ ਸਿੰਘ ਚਹਿਲ, ਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਅਨੀਤਾ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ, ਕਾਲਜ ਸਟਾਫ਼ ਤੇ ਆਗੂ ਵੀ ਹਾਜ਼ਰ ਸਨ।

WRITTEN BY