ਮਲੋਟ 23 ਜੁਲਾਈ (ਹਰਦੀਪ ਸਿੰਘ ਖਾਲਸਾ) ਸੀ.ਬੀ.ਆਈ. ਦੀ ਇਕ ਟੀਮ ਨੇ ਇਕ ਗੁਪਤ ਅਪ੍ਰੇਸ਼ਨ ਕਰਕੇ ਐਫ.ਸੀ.ਆਈ (ਭਾਰਤੀ ਖਾਦ ਨਿਗਮ) ਅਤੇ ਪੰਜਾਬ ਐਗਰੋ ਦੇ ਦੋ ਮੁਲਾਜ਼ਮਾਂ ਨੂੰ 80,000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ।

ਇਹ ਸਾਰੀ ਕਾਰਵਾਈ ਸ਼ੈਲਰ ਮਾਲਕਾਂ ਦੀ ਸ਼ਕਾਇਤ ‘ਤੇ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਐਫ.ਸੀ.ਆਈ. ਦੇ ਬਫਰ (ਗੋਦਾਮ) ‘ਚ ਤਾਇਨਾਤ ਅਧਿਕਾਰੀ ਮਾਲ ਦੀ ਢੋਆ ਢੁਆਈ ਲਈ ਗੱਡੀਆਂ ਵੇਲੇ ਸਿਰ ਲੁਆਉਂਣ ਲਈ ਕਥਿਤ ਰਿਸ਼ਵਤ ਦੀ ਮੰਗ ਕਰਿਆ ਕਰਦੇ ਸਨ। ਵਿਭਾਗ ਦੇ ਅਧਿਕਾਰੀਆਂ ਤੋਂ ਦੁਖੀ ਹੋਏ ਸ਼ੈਲਰ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਬਰਾੜ ਨੇ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦੇ ਐਸ਼.ਪੀ. ਨੂੰ ਐਫਸੀਆਈ ‘ਚ ਚੱਲ ਰਹੇ ਭਿਰਸ਼ਟਾਚਾਰ ਬਾਬਤ ਜਾਣਕਾਰੀ ਦਿੱਤੀ। ਜਿਸ ‘ਤੇ ਕਾਰਵਾਈ ਕਰਦਿਆਂ ਸੀ.ਬੀ.ਆਈ. ਦੀ ਇਕ 15 ਮੈਂਬਰੀ ਟੀਮ ਜਿਸ ਦੀ ਅਗਵਾਈ ਇੰਸਪੈਕਟਰ ਰਵਿੰਦਰ ਕੁਸ਼ ਕਰ ਰਹੇ ਸਨ ਨੇ ਸਵੇਰੇ ਦਸ ਵਜੇ ਦੇ ਕਰੀਬ ਮਲੋਟ ਵਿਚ ਦਬਿਸ਼ ਦਿੱਤੀ। ਸੀ.ਬੀ.ਆਈ. ਨੇ ਵੱਢੀਖੋਰਾਂ ਨੂੰ ਕਾਬੂ ਕਰਨ ਲਈ ਇਕ ਜਾਲ ਵਿਛਾਇਆ। ਜਿਸ ਤਹਿਤ ਸ਼ੈਲਰ ਵਾਲਿਆਂ ਨੇ ਭਾਰਤੀ ਖਾਦ ਨਿਗਮ ਦੇ ਅਧਿਕਾਰੀਆਂ ਨਾਲ ਗੱਡੀਆਂ ਲੁਹਾਉਂਣ ਲਈ ਇਕ ਲੱਖ ਸੱਠ ਹਜ਼ਾਰ ਵਿਚ ਸੌਦਾ ਤੈਅ ਕਰ ਲਿਆ। ਸਕੀਮ ਤਹਿਤ ਅੱਜ ਸਵੇਰੇ ਜਦੋਂ ਸ਼ੈਲਰ ਮਾਲਕ ਤੈਅ ਕੀਤੇ ਸੌਦੇ ਮੁਤਾਬਕ ਪਹਿਲੀ ਕਿਸ਼ਤ 80,000 ਰੁਪਏ ਅਧਿਕਾਰੀਆਂ ਨੂੰ ਦੇ ਰਹੇ ਸਨ ਤਾਂ ਇਸ ਤੋਂ ਪਹਿਲਾਂ ਕਿ ਨੋਟਾਂ ਨੂੰ ਅਧਿਕਾਰੀ ਜੇਬ ਵਿਚ ਪਾਉਂਦੇ ਉਸ ਤੋਂ ਪਹਿਲਾਂ ਹੀ ਸੀ.ਬੀ.ਆਈ. ਦੀ ਟੀਮ ਨੇ ਭਾਰਤੀ ਖਾਦ ਨਿਗਮ ਦੇ ਦਵਿੰਦਰ ਕੁਮਾਰ ਵਾਸੀ ਅਬੋਹਰ ਅਤੇ ਪੰਜਾਬ ਐਗਰੋ ਦੇ ਅਧਿਕਾਰੀ ਰਮੇਸ਼ਵਰ ਕੁਮਾਰ ਨੂੰ ਦਬੌਚ ਲਿਆ। ਇਸ ਤੋਂ ਬਾਅਦ ਦੋਹਾਂ ਕਥਿਤ ਮੁਲਜਮਾਂ ਨੂੰ ਹਿਰਾਸਤ ਵਿਚ ਲੈ ਕੇ ਸੀ.ਬੀ.ਆਈ. ਦੀ ਟੀਮ ਕੋਈ ਚਾਰ ਘੰਟੇ ਪੁੱਛਗਿੱਛ ਅਤੇ ਕੇਸ ਦਾ ਗਰਾਉਂਡ ਤਿਆਰ ਕਰਦੀ ਰਹੀ। ਇਸ ਦੌਰਾਂਨ ਸੀ.ਬੀ.ਆਈ. ਦੀ ਇਕ ਟੀਮ ਨੇ ਦਵਿੰਦਰ ਕੁਮਾਰ ਦੇ ਅਬੋਹਰ ਸਥਿਤ ਸੂਰਜ ਨਗਰੀ ਦੇ ਘਰ ‘ਚ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸੀ.ਬੀ.ਆਈ. ਦੇ ਹੱਥ ਭਾਰੀ ਰਕਮ ਲੱਗੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਕਾਰਵਾਈ ਕਥਿਤ ਰੂਪ ਵਿਚ ਵਿਭਾਗ ਦਾ ਉਚ ਅਧਿਕਾਰੀ ਮੀਨਾਂ ਦੇ ਅਧਿਕਾਰੀ ਨੂੰ ਰੰਗੇ ਹੱਥੀਂ ਫੜ੍ਹਨ ਲਈ ਕੀਤੀ ਕੀਤੀ ਗਈ ਸੀ ਪਰ ਐਨ ਮੌਕੇ ‘ਤੇ ਉਸ ਨੇ ਪੈਸੇ ਨਾ ਫੜ੍ਹ ਕੇ ਦਵਿੰਦਰ ਕੁਮਾਰ ਅਤੇ ਰਮੇਸ਼ਵਰ ਕੁਮਾਰ ਨੂੰ ਪੈਸੇ ਫੜ੍ਹਨ ਲਈ ਕਹਿ ਦਿੱਤਾ। ਜਿਸ ਤੋਂ ਬਾਅਦ ਦੋਵੇਂ ਕਥਿਤ ਮੁਲਜ਼ਮ ਕਾਬੂ ਆ ਗਏ। ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸੀ.ਬੀ.ਆਈ. ਚੰਗੇ ਭਾਗੀਂ ਬੱਚ ਗਏ ਮੀਨਾ ਤੋਂ ਪੁੱਛਗਿੱਛ ਕਰ ਸਕਦੀ ਹੈ। ਜਿਉਂ ਹੀ ਸ਼ੈਲਰ ਮਾਲਕਾਂ ਨੂੰ ਖ਼ਬਰ ਮਿਲੀ ਕਿ ਰਿਸ਼ਵਤਖੋਰ੍ਹ ਅਧਿਕਾਰੀ ‘ਨਰੜੇ’ ਗਏ ਹਨ ਤਾਂ ਸ਼ੈਲਰ ਮਾਲਕਾਂ ਦੇ ਚੇਹਰਿਆਂ ‘ਤੇ ਜਲੋਅ ਵੇਖਣ ਵਾਲਾ ਸੀ। ਸ਼ੈਲਰ ਮਾਲਕ ਇਕ-ਦੂਜੇ ਨੂੰ ਵਧਾਈਆਂ ਦੇ ਰਹੇ ਸਨ। ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਇਹ ਖੇਡ ਚਿਰਾਂ ਤੋਂ ਇੱਥੇ ਖੇਡੀ ਜਾ ਰਹੀ ਸੀ। ਚਾਰ ਘੰਟੇ ਦੀ ਲੰਮੀ ਜਾਂਚ-ਪੜਤਾਲ ਕਰਨ ਤੋਂ ਬਾਅਦ ਜਦੋਂ ਸੀ.ਬੀ.ਆਈ. ਟੀਮ ਕਥਿਤ ਦੋਸ਼ੀਆਂ ਨੂੰ ਲਿਜਾਣ ਲੱਗੀ ਤਾਂ ਮੀਡੀਆ ਕਰਮੀਆਂ ਨੇ ਸਵਾਲ ਪੁੱਛਣੇ ਚਾਹੇ ਪਰ ਸੀ.ਬੀ.ਆਈ. ਅਧਿਕਾਰੀ ਬਿਨ੍ਹਾ ਜਵਾਬ ਦਿੱਤਿਆਂ ਉੱਥੋਂ ਚੱਲਦੇ ਬਣੇ। ਕਥਿਤ ਦੋਸ਼ੀਆਂ ਵਿਚੋਂ ਵੀ ਕਿਸੇ ਨੇ ਆਪਣਾ ਪੱਖ ਨਹੀਂ ਰੱਖਿਆ। ਪਤਾ ਲੱਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਪਟਿਆਲਾ ਸਥਿਤ ਸੀ.ਬੀ.ਆਈ. ਦੀ ਅਦਾਲਤ ਵਿਚ ਮਾਨਯੋਗ ਜੱਜ ਸ੍ਰੀ ਹੇਮੰਤ ਗੋਪਾਲ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸ਼ੈਲਰ ਮਾਲਕਾਂ ਦੇ ਆਕ੍ਰੋਸ਼ ਦਾ ਇਸ ਗੱਲੋਂ ਅਦਾਜ਼ਾ ਲਗਾਇਆ ਜਾ ਸਕਦਾ ਹੈ, ਕਿ ਜਦੋਂ ਫੜ੍ਹੇ ਗਏ ਮੁਲਾਜਮਾਂ ਨੂੰ ਸੀ.ਬੀ.ਆਈ. ਦੀ ਟੀਮ ਲਿਜਾਣ ਲੱਗੀ ਤਾਂ ਸੌ ਤੋਂ ਵੱਧ ਸ਼ੈਲਰ ਮਾਲਕਾਂ ਨੇ ਕਥਿਤ ਦੋਸ਼ੀਆਂ ਨੂੰ ਲਾਹਨਤਾਂ ਪਾਈਆਂ ਤੇ ਸੀ.ਬੀ.ਆਈ. ਦਾ ਗੁਣਗਾਨ ਕਰਦਿਆਂ ਸੀ.ਬੀ.ਆਈ. ਜ਼ਿੰਦਾਬਾਦ ਦੇ ਨਾਅਰੇ ਲਗਾਏ। ਸੀ.ਬੀ.ਆਈ. ਦੀ ਟੀਮ ਦੇ ਜਾਂਣ ਮਗਰੋਂ ਸ਼ਕਾਇਤਕਰਤਾ ਅਤੇ ਸ਼ੈਲਰ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤੀ ਖਾਦ ਨਿਗਮ ਦੇ ਅਧਿਕਾਰੀ ਮਹਾਂਦੇਵ ਮੀਨਾ ਅਤੇ ਦਵਿੰਦਰ ਕੁਮਾਰ ਨੇ ਸ਼ੈਲਰ ਮਾਲਕਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਹੈ, ਸਾਡੇ ਮਾਲ ਵਿਚ ਭਾਂਵੇ ਭੋਰਾ ਵੀ ਨੁਕਸ ਨਾ ਹੋਵੇ ਤਾਂ ਵੀ ਇਹ ਲੋਕ ਗੱਡੀ ਲੁਹਾਉਂਣ ਲਈ ਪ੍ਰਤੀ ਗੱਡੀ ਦੇ ਹਿਸਾਬ ਨਾਲ 5,000 ਰੂਪੈ ਰਿਸ਼ਵਤ ਵਸੂਲਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਰਿਸ਼ਵਤਖੋਰ੍ਹ ਆਪਣੇ ਅਸਲੀ ਨਿਕਾਣੇ ‘ਤੇ ਪਹੁੰਚ ਗਏ ਪਰ ਜੋ ਅਧਿਕਾਰੀ ਬੱਚ ਗਿਆ ਹੈ ਉਸ ਖਿਲਾਫ਼ ਵੀ ਜਾਂਚ ਕਰਕੇ ਕਾਰਵਾਈ ਹੋਂਣੀ ਚਾਹੀਦੀ ਹੈ, ਕਿਉਂਕਿ ਸਾਰੇ ਘਪਲੇ ਦਾ ਸੂਤਰਧਾਰ ਉਚ ਅਧਿਕਾਰੀ ਹੀ ਹੈ।
ਸੀ.ਬੀ.ਆਈ. ਵੱਲੋਂ ਐਫ.ਸੀ.ਆਈ. ਤੇ ਪੰਜਾਬ ਐਗਰੋ ਦੇ ਦੋ ਮੁਲਾਜ਼ਮ ਵੱਢੀ ਲੈਂਦੇ ਕਾਬੂ



