ਭਦੌੜ, 23 ਜੁਲਾਈ (ਜਗਸੀਰ ਜੱਗੀ)-ਅੱਜ ਫੇਰ ਭਦੌੜ ਬੱਸ ਸਟੈਂਡ ਤੋਂ ਠਾਣੇ ਵੱਲ ਨੂੰ ਜਾਂਦੀ ਫਿਰਨੀ ਵਾਲ਼ੀ ‘ਨਵੀਂ-ਨਕੋਰ’ ਸੜਕ ਨੇ ਇੱਕ ਟਰੱਕ ਅਤੇ ਕੈਂਟਰ ਨੂੰ ਆਪਣੀ ਬੁੱਕਲ਼ ਵਿੱਚ ਲੈ ਲਿਆ।

ਇਹ ਦੋਵੇਂ ਘਟਨਾਵਾਂ ਸਿਰਫ ਇੱਕ ਘੰਟੇ ਵਿੱਚ ਹੀ ਵਾਪਰੀਆਂ ਹਨ ਤੇ ਲੋਕੀ ਘਬਰਾਹਟ ਭਰੇ ਲਹਿਜ਼ੇ ਨਾਲ਼ ਹਾਦਸਿਆਂ ਦੇ ਸ਼ਿਕਾਰ ਦੋਵੇਂ ਵਾਹਨਾਂ ਦੇ ‘ਦਰਸ਼ਨ’ ਕਰ ਕਰ ਕੇ ਜਾ ਰਹੇ ਹਨ।ਸ਼ਾਇਦ ਹਰ ਕੋਈ ਸੋਚ ਰਿਹਾ ਹੈ ਕਿ ਕਿਸੇ ਵੀ ਵੇਲ਼ੇ ਅਤੇ ਕੋਈ ਵੀ ਵਿਅਕਤੀ ਭਦੌੜ ਦੀਆਂ ਸੜਕਾਂ ਵਿੱਚ ਭਸਮ ਹੋ ਸਕਦਾ ਹੈ। ਇੱਥੇ ਹੀ ਬੱਸ ਨਹੀਂ ਸਗੋਂ ਕੋਈ ਵੱਡਾ ਦਰਦਨਾਕ ਹਾਦਸਾ ਵੀ ਅਨੇਕਾਂ ਘਰਾਂ ਵਿੱਚ ਸੱਥਰ ਵਿਛਣ ਦਾ ਕਾਰਨ ਬਣ ਸਕਦਾ ਹੈ।ਅੱਜ ਸਵੇਰੇ ਕਰੀਬ ਦਸ ਵਜੇ ਬਰੇਤੀ ਨਾਲ਼ ਭਰਿਆ ਇੱਕ ਟਰੱਕ (ਨੰ: ਪੀ ਬੀ 11 ਐੱਸ 4628) ਜਗਦੀਸ਼ ਰਾਏ ਦੀ ਚੱਕੀ ਦੇ ਐਨ ਦਰਵਾਜੇ ਅੱਗੇ ਢੇਰੀ ਹੋ ਗਿਆ।
ਇਸ ਹਾਦਸੇ ਨਾਲ਼ ਜਿੱਥੇ ਟਰੱਕ ਡਰਾਈਵਰ ਬਿੰਦਰ ਸਿੰਘ ਸਖ਼ਤ ਫੱਟੜ ਹਾਲਤ ਵਿੱਚ ਬਰਨਾਲ਼ੇ ਦੇ ਸਿਵਲ ਹਸਪਤਾਲ ਵਿੱਚ ਭਰਤੀ ਹੈ ਉੱਥੇ ਇੱਕ ਮੋਟਰ ਸਾਈਕਲ ਪੀ ਬੀ 19 ਬੀ 8048 ਵੀ ਟਰੱਕ ਦੇ ਹੇਠਾਂ ਦਬ ਗਿਆ ਜੋ ਕਿ ਉਕਤ ਚੱਕੀ ਮਾਲਕ ਦੇ ਪੁੱਤਰ ਭੂਸ਼ਨ ਕੁਮਾਰ ਦਾ ਹੈ। ਮੋਟਰ ਸਾਈਕਲ ਮਾਲਕ ਨੇ ਭਦੌੜ ਨਗਰ ਕੌਂਸਲ ਤੋਂ ਮੁਆਵਜੇ ਦੀ ਮੰਗ ਕੀਤੀ ਹੈ।ਭਦੌੜ ਦੇ ਇਸ ਬੰਦੇ ਖਾਣੇ ਵਿਕਾਸ ਦੀਆਂ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਅਖਬਾਰਾਂ ਵਿੱਚ ਖਬਰਾਂ ਛਪ ਚੁੱਕੀਆਂ ਹਨ ਪ੍ਰੰਤੂ ਭਦੌੜ ਦੇ ਮਿਉਂਸਪਲ ਪ੍ਰਸ਼ਾਸ਼ਨ ਤੋਂ ਲੈ ਕੇ ਸਰਕਾਰ ਤੱਕ ਹਾਲੇ ਕਿਸੇ ਦੇ ਕੰਨਾਂ ਤੇ ਜੂੰ ਨਹੀਂ ਸਰਕੀ।ਲੋਕਾਂ ਵਿੱਚ ਇਸ ਗੱਲ ਦੀ ਭਾਰੀ ਚਰਚਾ ਹੈ ਕਿ ਅਗ਼ਰ ਕਿਸੇ ਸਰਕਾਰੀ ਨੇਤਾ ਨੇ ਕਿਸੇ ਸੜਕ ਤੋਂ ਦੀ ਗੁਜ਼ਰਨਾ ਹੋਵੇ ਤਾਂ ਝੱਟ ਨਵੀਂ ਸੜਕ ਬਣ ਜਾਂਦੀ ਹੈ ਪ੍ਰੰਤੂ ਜਿੱਥੇ ਸੜਕਾਂ ਲੋਕਾਂ ਦੀ ਜਾਨ ਦਾ ਖੌਅ ਬਣੀਆਂ ਪਈਆਂ ਹਨ, ਇਸ ਮਾਮਲੇ ਵੱਲ ਧਿਆਨ ਦੇਣ ਦਾ ਕਿਸੇ ਸਰਕਾਰ ਪਾਸ ਸਮਾਂ ਨਹੀਂ ਹੈ।ਸਤ੍ਹਾ ਦੇ ਗਲਿਆਰਿਆਂ ਤੱਕ ਹੱਥ ਪੈਂਦਾ ਹੋਣ ਕਰਕੇ ਮੋਟੀ ਗਰਾਂਟ ਹਾਸਲ ਕਰਨ ਵਾਲ਼ੀ ਭਦੌੜ ਦੀ ਨਗਰ ਕੌਂਸਲ ਦੇ ਚੌਧਰੀ ਸ਼ਾਇਦ ਸੋਚਦੇ ਹੋਣੇ ਕਿ ਸੀਵਰੇਜ਼ ਅਤੇ ਸੜਕਾਂ ਦਾ ਨਿਰਮਾਣ ਕਰਨ ਨਾਲ਼ ਸ਼ਾਇਦ ਉਹਨਾਂ ਦੀ ਅਗਲੇ ਪਲਾਨ ਦੀ ਲੀਡਰੀ ਵੀ ਖਰੀ ਹੋ ਜਾਵੇਗੀ ਪ੍ਰੰਤੂ ਨਿੱਤ ਵਾਪਰ ਰਹੀਆਂ ਭਿਆਨਕ ਹਾਦਸਿਆਂ ਦੀਆਂ ਘਟਨਾਵਾਂ ਲੋਕ ਰੌਂਅ ਨੂੰ ਲਾਜ਼ਮੀ ਕੋਈ ਕਸੂਤਾ ਮੋੜ ਦੇਣਗੀਆਂ।ਲੋਕ ਆਗੂ ਗੁਰਮੇਲ ਭੁਟਾਲ਼, ਬੀ ਕੇ ਯੂ (ਡਕੌਂਦਾ) ਦੇ ਆਗੂਆਂ ਵਜੀਰ ਸਿੰਘ, ਕਰਮਜੀਤ ਸਿੰਘ, ਕੁਲਵੰਤ ਮਾਨ ਅਤੇ ਬਲਵੀਰ ਸਿੰਘ ਮਾਨ ਆਦਿ ਨੇ ਮੰਗ ਕੀਤੀ ਹੈ ਕਿ ਭਦੌੜ ਦੇ ਸੀਵਰੇਜ਼ ਤੇ ਸੜਕ ਨਿਰਮਾਣ ਦੇ ਪ੍ਰੋਜੈਕਟ ਦੀ ਉੱਚ ਪੱਧਰੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ ਅਤੇ ਲੋਕਾਂ ਨੂੰ ਨਿੱਤ ਦੀਆਂ ਪ੍ਰੇਸ਼ਾਨੀਆਂ ਦੇ ਮੂੰਹ ਚੋਂ ਕੱਢਿਆ ਜਾਵੇ।
ਲੋਕਾਂ ਦਾ ਖਹਿੜਾ ਨਹੀਂ ਛੱਡਦੇ, ਸੜਕ ਹਾਦਸਿਆਂ ਦੇ ਦੁੱਖ



