ਵਾਸ਼ਿੰਗਟਨ, 20 ਅਗਸਤ (ਪੀ. ਟੀ)- ਅਮਰੀਕਾ ਵਿਚ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਬਾਸਕਿਟਬਾਲ ਮਹਾਂਸੰਘ (ਫੀਬਾ) ਨੂੰ ਭੇਦਭਾਵ ਖਤਮ ਕੀਤੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਖਿਡਾਰੀਆਂ ਦੇ ਪੱਗੜੀ ਪਹਿਣ ਕੇ ਖੇਡਣ ‘ਤੇ ਲਾਈ ਪਾਬੰਦੀ ਨੂੰ ਖਤਮ ਕੀਤਾ ਜਾਵੇ। ਡੈਮੋਕ੍ਰੇਟਿਕ ਪਾਰਟੀ ਦੇ ਐਮੀ ਬੋਰਾ ਸਣੇ ਕਾਂਗਰਸ ਦੇ 21 ਮੈਂਬਰਾਂ ਨੇ ਫੀਬਾ ਦੇ ਪ੍ਰਧਾਨ ਯਮਾਨ ਮਾਯਨਿਨੀ ਨੂੰ ਚਿੱਠੀ ਲਿਖ ਕੇ ਸਿੱਖ ਖਿਡਾਰੀਆਂ ਦੀ ਤਰਫੋਂ ਪਾਬੰਦੀ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ। ਬੇਰਾ ਅਮਰੀਕੀ ਕਾਂਗਰਸ ਵਿਚ ਇਕੱਲੇ ਭਾਰਤੀ ਹਨ। ਬੇਰਾ ਤੋਂ ਬਿਨਾਂ 21 ਮੈਂਬਰਾਂ ਵਿਚ ਅਮਰੀਕਾ ਵਿਚ ਭਾਰਤੀ ਗੁੱਟ ਦੇ ਸਾਬਕਾ ਪ੍ਰਧਾਨ ਜੋਏ ਕ੍ਰਾਊਲਰ ਵੀ ਸ਼ਾਮਿਲ ਸਨ। ਸੰਸਦ ਮੈਂਬਰਾਂ ਨੇ ਇਸ ਭੇਦਭਾਵ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹਾਲੀਆ ਖ਼ਬਰਾਂ
ਅਨੁਸਾਰ ਸਿੱਖ ਖਿਡਾਰੀਆਂ ਨੂੰ ਪੱਗੜੀ ਪਹਿਨ ਕੇ ਫੀਬਾ ਵਲੋਂ ਕਰਵਾਏ ਜਾਂਦੇ ਮੁਕਾਬਲਿਆਂ ਵਿਚ ਖੇਡਣ ਤੋਂ ਰੋਕ ਦਿੱਤਾ ਸੀ ਜਦਕਿ ਪੱਗੜੀ ਉਨ੍ਹਾਂ ਦੀ ਧਾਰਮਿਕ ਆਸਥਾ ਨਾਲ ਜੁੜੀ ਹੈ।


