ਜੰਮੂ, 18 ਅਗਸਤ (ਪੀ. ਟੀ)- ਪੀਪਲਜ ਡੇਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਮੁਖੀ ਮਹਿਬੂਬਾ ਮੁਫਤੀ ਨੇ ਜੰਮੂ ਕਸ਼ਮੀਰ ਨੂੰ ਮੱਧ ਏਸ਼ੀਆ ਨਾਲ ਜੋੜ ਕੇ ਇਸ ਨੂੰ ਆਰਥਕ ਕੇਂਦਰ ਦੇ ਰੂਪ ‘ਚ ਵਿਕਸਤ ਕਰਨ ਲਈ ਇਸ ਦੇ ਸਾਰੇ ਸੰਪਰਕ ਮਾਰਗਾਂ ਨੂੰ ਖੋਲਣ ਦੀ ਮੰਗ ਕੀਤੀ ਹੈ। ਮੁਫਤੀ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਜੰਮੂ ਕਸ਼ਮੀਰ ਨੂੰ ਆਰਥਕ ਅਤੇ ਵਪਾਰਕ ਕੇਂਦਰ ਬਣਾ ਕੇ ਇਸ ਨੂੰ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਦਾ ਮਾਡਲ ਸੂਬਾ ਬਣਾਇਆ ਜਾ ਸਕਦਾ ਹੈ। ਪੀ. ਡੀ. ਪੀ. ਨੇਤਾ ਨੇ ਕਿਹਾ ਕਿ ਸੂਬੇ ਨੂੰ ਵਪਾਰਕ ਗਤੀਵਿਧੀਆਂ ਦਾ ਕੇਂਦਰ ਬਣਾ ਕੇ ਆਰਥਕ ਤਰੱਕੀ ਦੇ ਰਾਹ ਤੋਂ ਕਸ਼ਮੀਰ ਮਸਲੇ ਦੇ ਹੱਲ ਦੀ ਮੰਜ਼ਲ ਤੱਕ ਪਹੁੰਚਿਆ ਜਾ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਮੱਧ ਏਸ਼ੀਆ ਦੇ ਬਾਜ਼ਾਰ ਖੁੱਲਣ ਦਾ ਸਭ ਤੋਂ ਜ਼ਿਆਦਾ ਫਾਇਦਾ ਜੰਮੂ ਡਵੀਜ਼ਨ ਨੂੰ ਮਿਲੇਗਾ ਕਿਉਂਕਿ ਸਮੁੱਚੇ ਨੈੱਟਵਰਕ
ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਲਈ ਇਹ ਗੇਟ-ਵੇਅ ਬਣੇਗਾ। ਪਾਕਿਸਤਾਨ ਦੇ ਵਿਸ਼ਾਲ ਬਾਜ਼ਾਰ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਹੋਇਆ ਉਨ੍ਹਾਂ ਨੇ ਵਾਘਾ ਬਾਰਡਰ ਵਾਂਗ ਸੁਚੇਤਗੜ੍ਹ-ਸਿਆਲਕੋਟ ਸਰਹੱਦ ਨੂੰ ਵੀ ਖੋਲਣ ਦੀ ਮੰਗ ਕੀਤੀ। ਮੱਧ ਏਸ਼ੀਆਈ ਦੇਸ਼ਾਂ ਨਾਲ ਸੰਪਰਕ ਮਾਰਗ ਖੋਲਣ ‘ਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਸਹੀ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਨੂੰ ਜੋੜਨ ਵਾਲਾ ਪੁੰਛ-ਰਾਵਲਕੋਟ ਮਾਰਗ ਸਾਲ 2005 ਤੋਂ ਖੁੱਲਿਆ ਹੈ ਪਰ ਅੱਜ ਤੱਕ ਇੱਥੋਂ ਕਿਸੇ ਤਰ੍ਹਾਂ ਦੀ ਘੁਸਪੈਠ ਜਾਂ ਅੱਤਵਾਦੀ ਵਾਰਦਾਤ ਨਹੀਂ ਹੋਈ ਹੈ।
ਜੰਮੂ ਦੇ ਵਿਕਾਸ ਦਾ ਖਾਕਾ ਪੇਸ਼ ਕਰਦੇ ਹੋਏ ਮੁਫਤੀ ਨੇ ਇੱਥੇ ਹਾਰਡਵੇਅਰ ਉਤਪਾਦਾਂ ਦੇ ਬਾਜ਼ਾਰ ਲਈ ਸੁਚੇਤਗੜ੍ਹ-ਸਿਆਲਕੋਟ ਮਾਰਗ ਨੂੰ ਤੁਰੰਤ ਖੋਲੇ ਜਾਣ ਦੀ ਮੰਗ ਕੀਤੀ। ਜੰਮੂ ਵਿਚ ਢਾਂਚਾਗਤ ਸਹੂਲਤਾਵਾਂ ਕਰ ਕੇ ਇਸ ਡਵੀਜ਼ਨ ‘ਚ ਵੀ ਤਕਨਾਲੋਜੀ ਦਾ ਵਿਸਥਾਰ ਕਰ ਕੇ ਇਹ ਵੀ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਦਾ ਫਾਇਦਾ ਸਥਾਨਕ ਲੋਕਾਂ ਨੂੰ ਮਿਲੇ। ਮੁਫਤੀ ਨੇ ਜੰਮੂ ਅਤੇ ਸ਼੍ਰੀਨਗਰ ਦੋਹਾਂ ਨੂੰ 100 ਸਮਰਾਟ ਸ਼ਹਿਰਾਂ ਵਿਚ ਸ਼ਾਮਲ ਕਰਨ ਦੀ ਵੀ ਮੰਗ ਕੀਤੀ।



