ਅੱਠ ਮੰਜ਼ਿਲੀ ਨਿਸ਼ਾਨ-ਏ-ਸਿੱਖ ਇਮਾਰਤ ਦਾ ਦ੍ਰਿਸ਼
ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਖਡੂਰ ਸਾਹਿਬ ਹੁਣ ਕੋਈ ਮਾਮੂਲੀ ਜਿਹਾ ਪਿੰਡ ਨਹੀਂ ਰਿਹਾ, ਨਾ ਹੀ ਇਸ ਇਲਾਕੇ ਨੂੰ ਪਛੜਿਆ ਕਿਹਾ ਜਾ ਸਕਦਾ ਹੈ। ਇਥੇ ਸਿੱਖੀ ਦੇ ਬ੍ਰਹਿਮੰਡੀ ਸੰਕਲਪ ਨੂੰ ਅਮਲੀਜਾਮਾ ਪਹਿਨਾਉਣ ਦੀਆਂ ਮਿਸਾਲੀ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਨ੍ਹਾਂ ਦੀ ਖੁਸ਼ਬੋ ਸਮੁੱਚੇ ਸੰਸਾਰ ਕੋਲ ਪਹੁੰਚ ਰਹੀ ਹੈ ਤੇ ਮਨੁੱਖਤਾ ਨੂੰ ਅਨੰਦਿਤ ਕਰ ਰਹੀ ਹੈ। ਇਥੇ ਅਧਿਆਤਮਿਕਤਾ ਤੇ ਕੁਦਰਤ ਦੇ ਅਦੁੱਤੀ ਸੁਮੇਲ ਲਈ ਕੀਤੇ ਜਾ ਰਹੇ ਉੱਦਮ ਮਨੁੱਖੀ ਸਰੋਕਾਰਾਂ ਨੂੰ ਗੰਭੀਰ ਰੂਪ ‘ਚ ਮੁਖਾਤਿਬ ਹੋ ਰਹੇ ਹਨ। ਇਨ੍ਹਾਂ ਸਾਰੇ ਮਹਾਨ ਕਾਰਜਾਂ ਦਾ ਸਿਹਰਾ ਕੌਮੀ ਜਜ਼ਬੇ ਨਾਲ ਸ਼ਰਸ਼ਾਰ ਤੇ ਸੇਵਾ ਦੇ ਪੁੰਜ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਨੂੰ ਜਾਂਦਾ ਹੈ। ਉਹ ਸਮੂਹ ਸੰਗਤਾਂ ਅਤੇ ਪੰਥ ਦੀਆਂ ਰੌਸ਼ਨ ਦਿਮਾਗ ਹਸਤੀਆਂ ਨੂੰ ਨਾਲ ਲੈ ਕੇ ਗੁਰਮਤਿ ਦੇ ਵਿਹਾਰਕ ਰੂਪ ਨੂੰ ਸਾਕਾਰ ਕਰ ਕੇ ਲੋਕਾਈ ਨੂੰ ਸੁਚੱਜੀ ਸੇਧ ਦੇ ਰਹੇ ਹਨ।
ਇਸ ਪਾਵਨ ਧਰਤੀ ਉਪਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦੇ ਲਗਪਗ 13 ਸਾਲਾਂ ਵਿਚ ਸਿੱਖੀ ਦਾ ਪ੍ਰਚਾਰ, ਗੁਰਮੁਖੀ ਲਿੱਪੀ ਦਾ ਵਿਕਾਸ, ਮੱਲ ਅਖਾੜੇ ਦੀ ਸਥਾਪਨਾ, ਭਾਈ ਮੋਖਾ ਅਤੇ ਪੈੜਾ ਜੀ ਪਾਸੋਂ ਭਾਈ ਬਾਲੇ ਵਾਲੀ ਜਨਮ ਸਾਖੀ ਲਿਖਵਾਉਣੀ, ਬਾਲ ਬੋਧ ਤਿਆਰ ਕਰਵਾ ਕੇ ਸੰਗਤਾਂ ਨੂੰ ਮੁਹੱਈਆ ਕਰਵਾਉਣੇ, ਹੰਮਾਯੂ ਬਾਦਸ਼ਾਹ ਦਾ ਹੰਕਾਰ ਤੋੜਨਾ ਆਦਿ ਬੇਅੰਤ ਕਾਰਜ ਕੀਤੇ। ਗੁਰੂ ਜੀ ਦੇ ਮਹਿਲ (ਸੁਪਤਨੀ) ਮਾਤਾ ਖੀਵੀ ਜੀ ਨੇ ਲੰਗਰ ਦੀ ਪ੍ਰਥਾ ਨੂੰ ਪਰਪੱਕ ਕੀਤਾ, ਜਿਸ ਦਾ ਹਵਾਲਾ ਗੁਰਬਾਣੀ ਵਿਚ ਵੀ ਆਇਆ ਹੈ-
ਅਸਲ ਵਿੱਚ ਗੁਰੂ ਸਾਹਿਬ ਤੇ ਉਨ੍ਹਾਂ ਦੇ ਪਰਿਵਾਰ ਦੀ ਇਸੇ ਰੀਤ ਨੂੰ ਅੱਗੇ ਤੋਰਨ ਲਈ ਯਤਨਸ਼ੀਲ ਹਨ ਬਾਬਾ ਸੇਵਾ ਸਿੰਘ। ਉਨ੍ਹਾਂ ਦੀ ਅਗਵਾਈ ਵਿੱਚ ਬਣੀ ਸੰਸਥਾ ‘ਨਿਸ਼ਾਨ-ਏ-ਸਿੱਖੀ‘ ਗੁਰਮਤਿ ਦੇ ਆਸ਼ੇ ‘ਤੇ ਚੱਲ ਕੇ ਧਰਮ ਦੇ ਪ੍ਰਚਾਰ-ਪ੍ਰਸਾਰ, ਵਿੱਦਿਆ ਦੇ ਫੈਲਾਅ, ਖੇਡਾਂ ਦੀ ਪ੍ਰਫੁੱਲਤਾ ਤੇ ਵਾਤਾਵਰਨ ਸੰਭਾਲ ਲਈ ਅਜਿਹੇ ਪੂਰਨੇ ਪਾ ਰਹੀ ਹੈ। ਉਹ ਸਿੱਖ ਕੌਮ ਦੇ ਇਸ ਸੰਕਟਮਈ ਦੌਰ ਵਿੱਚ ਇਤਿਹਾਸਕ ਹੋ ਨਿਬੜਦੇ ਹਨ। ਕਾਰ ਸੇਵਾ ਖਡੂਰ ਸਾਹਿਬ ਤਹਿਤ ਬਾਬਾ ਸੇਵਾ ਸਿੰਘ ਦੀ ਚੇਅਰਮੈਨਸ਼ਿਪ ਅਧੀਨ ਗਠਿਤ ‘ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ (ਰਜਿ) ਖਡੂਰ ਸਾਹਿਬ‘ ਇਸ ਸੰਸਥਾ ਦਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾ ਰਿਹਾ ਹੈ। ਬਾਬਾ ਸੇਵਾ ਸਿੰਘ ਦੇ ਇਨ੍ਹਾਂ ਵੱਡਮੁੱਲੇ ਯਤਨਾਂ ਨੇ ਨਾ ਸਿਰਫ ਖਡੂਰ ਸਾਹਿਬ ਦੀ ਪਾਵਨ ਧਰਤੀ ਨੂੰ ਕੌਮਾਂਤਰੀ ਪ੍ਰਸਿੱਧੀ ਦਿਵਾਈ ਹੈ, ਉਥੇ ਹਰ ਪੱਖੋਂ ਚਾਹੇ ਉਹ ਵਿੱਦਿਆ ਦਾ ਪੱਖ ਹੋਵੇ, ਧਰਮ ਦਾ ਪੱਖ ਹੋਵੇ, ਸਿਹਤ ਦਾ ਪੱਖ ਹੋਵੇ ਜਾਂ ਕੁਦਰਤ ਦਾ ਪੱਖ ਹੋਵੇ, ਗੁਰਾਂ ਦੇ ਨਾਂਅ ‘ਤੇ ਜਿਉਂਦੀ ਧਰਤੀ ਪੰਜਾਬ ਨੂੰ ਪਤਨ ਦੇ ਰਾਹ ਤੋਂ ਰੋਕਣ ਦਾ ਵਿਲੱਖਣ ਕਾਰਜ ਕੀਤਾ ਹੈ। ਸਿੱਖ ਕੌਮ ਦੇ ਅਜੋਕੇ ਬਿਖੜੇ ਸਮਿਆਂ ਵਿੱਚ ਇਨ੍ਹਾਂ ਮਹਾਨ ਯਤਨਾਂ ਦੀ ਅਹਿਮੀਅਤ ਤੇ ਪ੍ਰਸੰਗਿਕਤਾ ਦੇ ਮੱਦੇਨਜ਼ਰ ਇਨ੍ਹਾਂ ਯਤਨਾਂ ‘ਤੇ ਝਾਤ ਮਾਰਨੀ ਜ਼ਰੂਰੀ ਪ੍ਰਤੀਤ ਹੁੰਦੀ ਹੈ।
18 ਅਪਰੈਲ, 2004 ਨੂੰ ਖਡੂਰ ਸਾਹਿਬ ਵਿਖੇ ਮਨਾਏ ਗਏ ਸ੍ਰੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਗੁਰਪੁਰਬ ਦੇ ਮੌਕੇ ਇਹ ਬੂਟਾ ਲਾਇਆ ਗਿਆ ਸੀ ਤੇ ‘ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ (ਰਜਿ) ਖਡੂਰ ਸਾਹਿਬ‘ ਦੀ ਸਥਾਪਨਾ ਕੀਤੀ ਗਈ ਸੀ। ਇਸ ਦੇ ਨਾਲ ਹੀ ‘ਨਿਸ਼ਾਨ-ਏ-ਸਿੱਖੀ‘ ਨਾਂਅ ਦੀ ਇਕ ਅੱਠ-ਮੰਜ਼ਿਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਸਿੰਘਾਪੁਰ ਨਿਵਾਸੀ ਸ੍ਰੀ ਕਰਤਾਰ ਸਿੰਘ ਠਕਰਾਲ ਅਤੇ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਪੰਜ-ਭੁਜ ਆਕਾਰ ਵਾਲੀ ਇਮਾਰਤ ਲਗਪਗ 5 ਸਾਲਾਂ ਵਿੱਚ ਬਣ ਕੇ ਤਿਆਰ ਹੋਈ ਸੀ। ਇਸ ਦੀਆਂ 8 ਮੰਜ਼ਿਲਾਂ ਇਸ ਕਰਕੇ ਬਣਾਈਆਂ ਗਈਆਂ ਕਿ ਇਸ ਧਰਤੀ ਨੂੰ 8 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ ਤੇ ਇਸ ਦੇ ਪੰਜ ਕੋਨੇ ਸਿੱਖ ਧਰਮ ਵਿੱਚ ਪੰਜਾਂ ਦੀ ਮਹਾਨਤਾ ਦੀ ਤਰਜਮਾਨੀ ਕਰਦੇ ਹਨ।
ਇਸ ਅਤਿ-ਆਧੁਨਿਕ ਆਲੀਸ਼ਾਨ ਇਮਾਰਤ ਮੂਹਰੇ ਕੀਤੀ ਗਈ ਲੈਂਡਸਕੇਪਿੰਗ ਤੇ ਹਰਿਆ-ਭਰਿਆ ਵਾਤਾਵਰਨ ਅਲੋਕਿਕ ਤੇ ਦਿਲ-ਟੁੰਬਵਾਂ ਦ੍ਰਿਸ਼ ਪੇਸ਼ ਕਰਦਾ ਹੈ। ਕੈਨੇਡਾ ਨਿਵਾਸੀ ਡਾ. ਰਘਬੀਰ ਸਿੰਘ ਬੈਂਸ ਦੀ ਦੇਖ-ਰੇਖ ਹੇਠ ਇਮਾਰਤ ਦੇ ਹੇਠਲੇ ਹਿੱਸੇ (ਬੇਸਮੈਂਟ) ਵਿੱਚ ਅਤਿ-ਆਧੁਨਿਕ ਆਡੀਟੋਰੀਅਮ ਬਣਾਇਆ ਗਿਆ ਹੈ, ਜਿਸ ਵਿੱਚ ਗੋਸ਼ਟੀਆਂ ‘ਤੇ ਸੈਮੀਨਾਰ ਕਰਾਏ ਜਾਂਦੇ ਹਨ। ਜ਼ਮੀਨੀ ਮੰਜ਼ਿਲ ਉਪਰ ਸਵਾਗਤੀ ਦਫ਼ਤਰ, ਪ੍ਰਬੰਧਕੀ ਬਲਾਕ ਅਤੇ ਉੱਚ ਪੱਧਰੀ ਕਾਨਫਰੰਸ ਹਾਲ ਦੀ ਸਥਾਪਨਾ ਕੀਤੀ ਗਈ ਹੈ। ਉਪਰਲੀ ਮੰਜ਼ਿਲ ‘ਤੇ ਡਿਜੀਟਲ ਲਾਇਬਰੇਰੀ ਬਣਾਏ ਜਾਣ ਦੀ ਯੋਜਨਾ ਹੈ, ਜਿਸ ਵਿੱਚ ਹਰ ਖ਼ੇਤਰ ਨਾਲ ਸੰਬੰਧਤ ਕਿਤਾਬਾਂ ਅਤੇ ਵਿਦਿਅਕ ਸੌਫ਼ਟਵੇਅਰ ਉਪਲਬਧ ਕਰਾਏ ਜਾਣਗੇ। ਬਾਕੀ ਦੀਆਂ ਮੰਜ਼ਿਲਾਂ ਉਪਰ ਕੌਮ ਦੇ ਭਵਿੱਖ ਨੂੰ ਆਧੁਨਿਕ ਲੀਹਾਂ ‘ਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਵਿੱਦਿਆ ਅਤੇ ਸਿਖਲਾਈ ਪ੍ਰਦਾਨ ਕਰਨ ਲਈ ਇੰਸਟੀਚਿਊਟ ਚਲਾਏ ਜਾ ਰਹੇ ਹਨ।
ਝ ਅਵਤਾਰ ਸਿੰਘ ਬਾਵਾ
ਖਡੂਰ ਸਾਹਿਬ


