Skip to content
Independent perspectives. Global stories.
BREAKING

ਕੁਦਰਤ ਨਾਲ ਮੋਹ

Share this story

ਹਰਿੰਦਰ ਸਿੰਘ ਚਹਿਲ
ਆਈ.ਪੀ.ਐਸ. , ਸਾਬਕਾ ਡੀ.ਆਈ.ਜੀ., ਪੰਜਾਬ ਪੁਲਿਸ
ਸੰਪਰਕ :98789-91911
image ਮੈਨੂੰ ਕਈ ਵਾਰ ਬਦੇਸ਼ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਭ ਤੋਂ ਵੱਡੀ ਉਥੋਂ ਦੀ ਖੂਬਸੂਰਤੀ ਤਾਂ ਕੁਦਰਤ ਦੀ ਖੂਬਸੂਰਤੀ ਹੈ। ਲੋਕ ਕੁਦਰਤ ਨੂੰ ਬਹੁਤ ਮੋਹ ਕਰਦੇ ਹਨ ਅਤੇ ਆਪਣੇ ਆਲੇ ਦੁਆਲੇ ਨੂੰ, ਪ੍ਰਕਿਰਤੀ ਨੂੰ ਅਤੇ ਕੁਦਰਤ ਦੇ ਬਹੁ ਪਸਾਰੇ ਨੂੰ ਮੋਹ ਨਾਲ ਨਿਹਾਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਲੋਕਾਂ ਨੇ ਕੁਦਰਤ ਨਾਲ ਮੋਹ ਸੱਚੇ ਦਿਲੋਂ ਕੀਤਾ ਹੈ, ਖਿਲਵਾੜ ਨਹੀਂ ਕੀਤਾ। ਸਾਡੇ ਲੋਕਾਂ ਨੂੰ ਕੁਦਰਤ ਨਾਲ ਇਕਮਿਕ ਹੋਣਾ ਨਹੀਂ ਆਇਆ। ਉਨ੍ਹਾਂ ਲੋਕਾਂ ਨੇ ਦਰੱਖਤ, ਪੌਦੇ, ਵਣ, ਤ੍ਰਿਣ, ਚੋਟੀਆਂ, ਪਰਬਤ, ਝੀਲਾਂ, ਨਦੀਆਂ, ਦਰਿਆਵਾਂ ਆਦਿ ਨੂੰ ਸਾਂਭਿਆ ਹੈ। ਉਨ੍ਹਾਂ ਨੇ ਆਪਣੇ ਜੀਵ ਜੰਤੂਆਂ ਅਤੇ ਪੰਛੀਆਂ ਦੀ ਸਾਂਭ ਸੰਭਾਲ ਵਿਚ ਵੀ ਕੋਈ ਕਸਰ ਨਹੀਂ ਰਹਿਣ ਦਿੱਤੀ।
ਮੈਨੂੰ ਬਚਪਨ ਤੋਂ ਹੀ ਕੁਦਰਤ ਨਾਲ ਮੋਹ ਰਿਹਾ ਹੈ। ਚਾਰ ਚੁਫੇਰੇ ਪਸਰੀ ਹਰੇਵਾਈ ਹਮੇਸ਼ਾ ਮਨ ਨੂੰ ਠੰਡਕ ਦਿੰਦੀ ਰਹੀ ਅਤੇ ਪੰਛੀਆਂ ਦੇ ਮਿੱਠੇ ਮਿੱਠੇ ਬੋਲ ਮਨ ਨੂੰ ਹੁਲਾਰਾ ਦੇਈ ਰੱਖਦੇ ਹਨ।
ਇਕ ਦਿਨ ਮੈਂ ਜੈਤੋ ਤੋਂ ਬਰਨਾਲਾ ਰੋਡ ਜਾ ਰਿਹਾ ਸੀ। ਬਾਜਾਖਾਨਾ ਲੰਘੇ ਤਾਂ ਸੜਕ ਦੇ ਬਿਲਕੁਲ ਵਿਚਾਲੇ ਇਕ ਕਾਲਾ ਸੱਪ ਫੰਨ ਖਿਲਾਰੀ ਖ਼ੜਾ ਨਜ਼ਰ ਆਇਆ।  ਮੈਂ ਗੱਡੀ ਰੁਕਵਾ ਲਈ। ਥੱਲੇ ਉਤਰ ਕੇ ਸੱਪ ਨੂੰ ਬੜੀ ਨੇੜਿਓਂ ਦੇਖਣ ਲੱਗ ਪਿਆ। ਉਹ ਬਹੁਤ ਸੋਹਣਾ ਲੱਗ ਰਿਹਾ ਸੀ। ਮੇਰੇ ਸਹਾਇਕ ਕਰਨੈਲ ਸਿੰਘ ਨੇ ਆਪਣੇ ਮੋਬਾਇਲ ਨਾਲ ਉਸਦੀ ਫੋਟੋ ਖਿੱਚੀ ਅਤੇ ਉਸਨੂੰ ਦੇਖਦੇ ਰਹੇ ਅਤੇ ਫਿਰ ਉਹ ਲਾਗਲੇ ਖੇਤਾਂ ਵਿਚ ਵੜ ਗਿਆ। ਸੱਪ ਦੀ ਨਸਲ ਲਗਭਗ ਹੁਣ ਖਤਮ ਹੀ ਹੋ ਰਹੀ ਹੈ। ਖੇਤਾਂ ਵਿਚ ਚੂਹੇ ਫਸਲ ਖਰਾਬ ਕਰਨ ਲਈ ਵਧ ਗਏ ਹਨ। ਸੱਪ ਮਨੁੱਖੀ ਮਨ ਵਿਚ ਨਫਰਤ ਦਾ ਜੀਵ ਹੈ। ਮੈਂ ਸਮਝਦਾ ਹਾਂ ਕਿ ਸੱਪ ਸੁੱਤੇ ਪਏ ਵਿਅਕਤੀ ਜਾਂ ਖਲੋਤੇ ਹੋਏ ਵਿਅਕਤੀ ਦੇ ਡੰਗ ਨਹੀਂ ਮਾਰਦਾ ਕਿਉਂਕਿ ਇਹ ਬਹੁਤ ਹੀ ਡਰੂ ਜਾਨਵਰ ਹੈ ਅਤੇ ਆਪਣੀ ਜਾਨ ਬਚਾਉਂਦਾ ਹੈ। ਇਹ ਡੰਗ ਉਦੋਂ ਹੀ ਮਾਰਦਾ ਹੈ , ਜਦੋਂ ਇਹ ਭਾਂਪ ਲੈਂਦਾ ਹੈ ਕਿ ਸਾਹਮਣੇ ਵਾਲੇ ਵਿਅਕਤੀ ਤੋਂ ਉਸਨੂੰ ਖਤਰਾ ਹੈ, ਜਾਂ ਕਿਸੇ ਵਿਅਕਤੀ ਦਾ ਉਸ ਉਪਰ ਪੈਰ ਟਿਕ ਜਾਵੇ ਤਾਂ ਫਿਰ ਉਹ ਕ੍ਰੋਧ ਵਿਚ ਆਉਂਦਾ ਹੈ।

ਜੰਗਲੀ ਜੀਵਾਂ ਕਾਰਨ ਹੀ ਕੁਦਰਤ ਦੀ ਵੰਨ ਸੁਵੰਨਤਾ ਜਿਉਂਦੀ ਰਹਿੰਦੀ ਹੈ। ਮੈਂ ਸਮਝਦਾ ਹਾਂ ਕਿ ਹਰ ਮਨੁੱਖ ਦਾ ਜੰਗਲੀ ਜੀਵਾਂ ਦੀ ਇਕ ਮਨੁੱਖ ਦੀ ਰੱਖਿਆ ਕਰਨ ਵਾਂਗ ਰੱਖਿਆ ਕਰਨਾ ਫਰਜ਼ ਬਣਦਾ ਹੈ। ਸਾਨੂੰ ਕੁਦਰਤ ਦੇ ਪ੍ਰੇਮੀ ਬਣਨਾ ਚਾਹੀਦਾ ਹੈ। ਅੱਜ ਕੁਦਰਤ ਵਿਚੋਂ ਵੰਨ ਸੁਵੰਨਤਾ ਗਵਾਚਦੀ ਜਾ ਰਹੀ ਹੈ। ਮੋਰ, ਪਪੀਹਾ ਅਤੇ ਸੁਭਾਨੀ ਤਿੱਤਰਾਂ ਦੀਆਂ ਆਵਾਜ਼ਾਂ ਸੁਣਿਆਂ ਨੂੰ ਮੁੱਦਤਾਂ ਹੀ ਬੀਤ ਗਈਆਂ ਹਨ।
ਇਕ ਦਿਨ ਇਕ ਸਵੇਰੇ, ਮੈਨੂੰ 4 ਵਜੇ ਜਾਗ ਆਈ। ਮੈਂ ਕਮਰੇ ਵਿਚੋਂ ਬਾਹਰ ਨਿਕਲਿਆ ਤਾਂ ਗਰੁੜ ਭਗਵਾਨ ਬੋਲਦਾ ਸੁਣਾਈ ਦਿੱਤਾ। ਮੈਨੂੰ ਬਹੁਤ ਚੰਗਾ ਲੱਗਿਆ। ਉਸ ਦਿਨ ਤੋਂ ਮੈਂ ਉਸਦੀ ਆਵਾਜ਼ ਸੁਣਨ ਲਈ ਚਾਰ ਵਜੇ ਜਾਗ ਕੇ ਬਾਹਰ ਆਉਣ ਲੱਗ ਗਿਆ ਅਤੇ ਉਸਦੇ ਬੋਲਣ ਦੀ ਉਡੀਕ ਕਰਦਾ। ਜਦ ਆਵਾਜ਼ ਨਾ ਸੁਣਦੀ ਤਾਂ ਜਾਪਦਾ ਕਿ ਅੱਜ ਜਿਵੇਂ ਭਗਵਾਨ ਦੇ ਦਰਸ਼ਨ ਨਹੀਂ ਹੋਏ ਹਨ।
ਮੈਂ ਉਦੋਂ ਫਿਰੋਜ਼ਪੁਰ ਵਿਖੇ ਐਸ.ਐਸ.ਪੀ. ਸੀ, ਤਾਂ ਇਕ ਸ਼ਾਮ ਨੂੰ ਸੈਰ ਕਰਦੇ ਦੇਖਿਆ ਕਿ ਹਰੇ ਭਰੇ ਦਰੱਖਤਾਂ ਵਿਚੋਂ ਸੜਕ ਕਿਨਾਰੇ ਪਈ ਕੋਇਲ ਕਰਲਾਉਂਦੀ ਹੈ ਅਤੇ ਇਕ ਕੁੱਤਾ ਉਸ ਉਤੇ ਝਪਟ ਰਿਹਾ ਹੈ। ਸਾਡੇ ਦੇਖਦੇ ਕਰਦਿਆਂ ਕੁੱਤੇ ਪਾਸੋਂ ਕੋਇਲ ਜ਼ਖਮੀ ਹੋ ਗਈ। ਮੇਰੇ ਗੰਨਮੈਨ ਨੇ ਉਸ ਨੂੰ ਚੁੱਕਿਆ ਅਤੇ ਉਸਨੂੰ ਘਰ ਲੈ ਆਏ। ਵੈਟਰਨਰੀ ਡਾਕਟਰ ਨੂੰ ਫੋਨ ਕਰਕੇ ਬੁਲਾਇਆ। ਡਾਕਟਰ ਦੇ ਆਉਣ ਤੋਂ  ਪਹਿਲਾਂ ਅਸੀਂ ਕੋਇਲ ਦੇ ਜ਼ਖਮਾਂ ਉਤੇ ਹਲਦੀ ਲਾ ਦਿੱਤੀ।
ਜਦੋਂ ਅਸੀਂ ਕੋਇਲ ਨੂੰ ਚੁੱਕ ਕੇ ਘਰ ਲਿਆਂਦਾ ਤਾਂ ਇਕ ਸਥਾਨਕ ਪੱਤਰਕਾਰ ਅਪਣੇ ਕਿਸੇ ਕੰਮ ਲਈ ਮੇਰੀ ਕੋਠੀ ਆਇਆ ਬੈਠਾ ਸੀ। ਖੈਰ, ਜੋ ਵੀ ਹੋਇਆ.. ਸੋ ਹੋਇਆ ਚਾਰ ਪੰਜ ਦਿਨਾਂ ਬਾਅਦ ਕੋਇਲ ਮਰ ਗਈ। ਪੱਤਰਕਾਰ ਨੇ ਕੁਦਰਤੀ ਜੀਵ ਪੰਛੀਆਂ ਬਾਰੇ ਗੱਲ ਕਰਦਿਆਂ, ਇਕ ਰਿਪੋਰਟ ਲਿਖੀ ਸੀ ਜਿਸ ਵਿਚ ਕੋਇਲ ਵਾਲੀ ਘਟਨਾ ਦਾ ਜ਼ਿਕਰ ਵੀ ਕੀਤਾ ਸੀ।
ਦਰੱਖਤ ਲਾਉਣਾ ਹਰ ਮੁੱਖ ਦਾ ਫਰਜ ਹੈ। ਅਸੀਂ ਦਰੱਖਤ ਲਾਵਾਂਗੇ ਤਾਂ ਆਉਣ ਵਾਲੀਆਂ ਪੀੜੀਆਂ ਉਸਦੀ ਛਾਵੇਂ ਬੈਠਣਗੀਆਂ, ਉਸਦੇ ਫਲ ਖਾਣਗੀਆਂ। ਦਰੱਖਤ ਕੁਦਰਤ ਦਾ ਇਕ ਵਿਲੱਖਣ ਰੂਪ ਅਤੇ ਸ਼ਿੰਗਾਰ ਹਨ।
ਮੈਂ ਜਦੋ ਆਈ.ਪੀ.ਐਸ. ਦੀ ਟਰੇਨਿੰਗ ਲਈ ਹੈਦਰਾਬਾਦ ਅਕੈਡਮੀ ਗਿਆ ਤਾਂ ਉਥੇ ਬਹੁਤ ਉਚੇ ਉਚੇ ਅਤੇ ਲੰਬੇ ਹਰੇ ਭਰੇ ਦਰੱਖਤ ਹਨ। ਸ਼ਨਿਚਰ ਅਤੇ ਐਤਵਾਰ ਨੂੰ ਵਿਹਲ ਵੇਲੇ ਮੈਂ ਦਰੱਖਤਾਂ ਕੋਲ ਜਾਂਦਾ ਬਹੁਤ ਤੇਜ਼ ਹਵਾ ਵਗਦੀ ਤਾਂ ਦਰਖਤਾਂ ਦੇ ਟਾਹਣੇ ਇਕ ਦੂਜੇ ਨਾਲ ਖਹਿਸਰਦੇ ਤਾਂ ਇਉਂ ਲੱਗਦਾ ਜਿਵੇਂ ਇਹ ਹੱਸ ਖੇਡ ਰਹੇ ਹਨ ਅਤੇ ਆਪਸ ਵਿਚ ਗੱਲਾਂ ਕਰਦੇ ਹਨ। ਜਦੋਂ ਮੈਂ ਬਹੁਤ ਧਿਆਨ ਨਾਲ ਸੁਣਦਾ ਇੰਜ ਲੱਗਦਾ ਜਿਵੇਂ ਕਿ ਉਹ ਦਰੱਖਤ ਰੱਬ ਦਾ ਸਿਮਰਨ ਕਰਦਾ ਹੈ।
ਮੈਂ ਬਹੁਤ ਸ਼ਹਿਰਾਂ ਵਿਚ ਵੱਡੀਆਂ ਕੋਠੀਆਂ ਵਿਚ ਆਪਣੀ ਨੌਕਰੀ ਸਮੇਂ ਰਿਹਾ ਹਾਂ। ਮੈਨੂੰ ਬਹੁਤ ਦੁੱਖ ਲੱਗਦਾ ਜਦ ਮੇਰੇ ਤੋਂ ਪਹਿਲਾਂ ਰਹੇ ਅਫਸਰਾਂ ਨੇ ਬੜੀ ਬੇਦਰਦੀ ਨਾਲ ਰੁਖ ਕਟਵਾ ਸੁੱਟੇ ਹੁੰਦੇ। ਮੈਂ ਫਿਰ ਤੋਂ ਹਰਿਆਲੀ ਲਈ ਯਤਨ ਕਰਦਾ।
ਮੇਰੇ ਦਾਦਾ ਜੀ ਮੈਨੂੰ ਕਿਹਾ ਕਰਦੇ ਸਨ ਕਿ ਹਰਿੰਦਰ ਜਦੋਂ ਕਿਸਾਨ ਸਵੇਰੇ ਸ਼ਾਮ ਆਪਣੀ ਫਸਲ ਦੇ ਆਸ ਪਾਸ ਗੇੜਾ ਕੱਢਦਾ ਹੈ ਤਾਂ ਕੁਦਰਤੀ ਹੀ ਉਸਦੀ ਜ਼ਮੀਨ.. ਉਸਦੀ ਫਸਲ ਉਸ ਨੂੰ ਵੇਖ ਕੇ ਖੁਸ਼ ਹੁੰਦੀ ਹੈ ਕਿ ਮੇਰਾ ਮਾਲਕ ਮੇਰੀ ਨਿਗਰਾਨੀ ਕਰਨ ਆਇਆ ਹੈ ਅਤੇ ਮੇਰਾ ਹਾਲ ਚਾਲ ਪੁੱਛਣ ਆਇਆ ਹੈ। ਦਾਦਾ ਜੀ ਦੀ ਕਹੀ ਇਹ ਗੱਲ ਮੈਨੂੰ ਕਦੀ ਵੀ ਨਹੀਂ ਭੁੱਲੀ। ਮੈਂ ਜਦ ਵੀ ਆਪਣੇ ਫਾਰਮ ’ਤੇ ਗੇੜਾ ਕੱਢਦਾ ਹਾਂ ਤਾਂ ਕਾਮਿਆਂ ਨੂੰ ਕਣਕ ਵਿਚ ਕਾਂਗਿਆਰੀ, ਘਾਹ ਫੂਸ ਉਗ ਜਾਣ ਬਾਰੇ ਸੁਚੇਤ ਕਰਦਾ ਹਾਂ।
ਬਚਪਨ ਤੋਂ ਪੰਛੀਆਂ ਨਾਲ ਪਿਆਰ ਹੋਣ ਕਰਕੇ ਇਨ੍ਹਾਂ ਬਾਰੇ ਹੋਏ ਬਹੁਤ ਸਾਰੇ ਗੀਤ, ਲੋਕ ਗੀਤਾਂ ਦੇ ਕੁਝ ਬੋਲ ਮੈਨੂੰ ਅਜੇ ਵੀ ਯਾਦ ਹਨ ਜਿਵੇਂ ਚਿੜੀਆਂ ਅਤੇ ਕੁੜੀਆਂ ਬਾਰੇ ਗੀਤ ਹਨ। ਚਿੜੀ ਨਾਲ ਕੁੜੀ ਦੀ ਤਸਵੀਰ ਦਿੱਤੀ ਜਾਂਦੀ ਹੈ:
ਚਿੜੀਆਂ ਵੇ ਚਿੜੀਆਂ ਬਾਬਲਾ ਚਿੜੀਆਂ
ਵੇਹੜੇ ਦੇ ਵਿਚੋਂ ਉਡ ਜਾਣੀਆਂ…
ਜਿਵੇਂ ਘੁੱਗੀ ਅਮਨ ਦੀ ਪੰਛੀ ਕਰਕੇ ਸਤਿਕਾਰੀ ਜਾਂਦੀ ਹੈ, ਇਥੇ ਮੋਰ ਪੈਲਾਂ ਪਾਉਂਦਾ ਸੋਹਣੇ ਸੁਨੁੱਖੇ ਪੰਛੀ ਦੇ  ਰੂਪ ਵਿਚ ਪੇਸ਼ ਹੁੰਦਾ ਹੈ। ਮੈਨੂੰ ਬਹੁਤ ਦੇਰ ਤੋਂ ਕੁਦਰਤੀ ਪੰਛੀਆਂ ਅਤੇ ਜੀਵਾਂ ਬਾਰੇ ਇਹ ਬੋਲ ਨਹੀਂ ਭੁੱਲੇ:-
ਮੋਰ ਪਾਵੇ ਪੈਲ ਸੱਪ ਜਾਵੇ ਖੱਡ ਨੂੰ,
ਬਗਲਾ ਭਗਤ ਚੱਕ ਲਿਆਵੇ ਡੱਡ ਨੂੰ,
ਰੱਬ ਦੀਆਂ ਲਿਖੀਆਂ ਨੂੰ ਕੌਣ ਮੋੜਦਾ?
ਕੱਸੀ ਉਤੇ ਬੈਠ ਕੇ ਕਥਿਤ ਜੋੜਦਾ।
ਸੰਤ ਨਮੋਲ ਵਾਲੇ.. ਮੇਰੇ ਅੰਤਾਂ ਦੇ ਸਤਿਕਾਰ ਦੇ ਪਾਤਰ ਹਨ। ਉਹ 24 ਘੰਟਿਆਂ ਵਿਚ ਪਾਈਆ ਦੁੱਧ ਪੀਂਦੇ ਹਨ 9 ਸਾਲ ਦੀ ਉਮਰ ਤੋਂ। ਮੈਂ ਉਨ੍ਹਾਂ ਦਾ  ਸੇਵਕ ਬਣ ਗਿਆ ਤੇ ਜਾਣ ਆਉਣ ਲੱਗ ਪਿਆ। ਜਦੋਂ ਸ੍ਰੀ ਈਸ਼ਵਰ ਚੰਦਰ ਐਸ.ਐਸ.ਪੀ. ਹੁੰਦੇ ਸਨ ਤਾਂ ਉਨ੍ਹਾਂ ਨੇ ਨਮੋਲ ਵਾਲੇ ਸੰਤਾਂ ਬਾਰੇ ਮੈਨੂੰ ਦੱਸਿਆ ਸੀ। ਉਹ ਇਕ ਦਿਨ ਕਹਿਣ ਲੱਗੇ ਕਿ ਹਰਿੰਦਰ ਤੁਸੀਂ ਸੰਗਰੂਰ ਲੱਗੇ ਹੋ.. ਇਥੋਂ ਨੇੜੇ ਹੀ ਨੇ ਇਨ੍ਹਾਂ ਸੰਤਾਂ ਕੋਲ ਜ਼ਰੂਰ ਜਾਇਆ ਕਰੋ। 35-40 ਕਿੱਲਿਆਂ ਦੇ ਜੰਗਲ ਵਿਚ ਬੈਠੇ ਹਨ। ਕੁਦਰਤ ਦੇ ਨੇੜੇ ਹਨ। ਮੋਰ ਉਥੇ, ਕੋਇਲਾਂ ਉਥੇ, ਸੱਪ ਉਥੇ ਹਨ, ਬਿੱਲੇ ਉਥੇ ਹਨ, ਗਰੁੜ ਭਗਵਾਨ ਉਥੇ ਹਨ, ਘੁੱਗੀਆਂ ਉਥੇ ਹਨ, ਰੋਝ ਵੀ ਉਥੇ ਹੈਗੇ, ਪਤਾ ਨਹੀਂ ਕਿਥੋਂ ਆ ਜਾਂਦੇ ਹਨ।
ਇਕ ਵਾਰੀ ਨੇੜੋਂ ਲੰਘਦੇ ਹੁੰਦੇ ਸੂਏ ਵਿਚ ਕਿਸੇ ਪੋਲਟਰੀ ਫਾਰਮ ਦੇ ਮਰੇ ਹੋਏ ਮੁਰਗੇ ਆਉਣ ਲੱਗ ਪਏ। ਤਾਂ ਸੰਤਾਂ ਨੂੰ ਬਹੁਤ ਦੁਖ ਹੋਇਆ। ਇਕ ਵਾਰ ਨੇੜੇ ਹੀ ਸਰਦਾਰਾਂ ਦੇ ਕਿਸੇ ਮੁੰਡੇ ਨੇ ਸ਼ਿਕਾਰ ਕਰਦਿਆਂ ਮੋਰ ਮਾਰ ਦਿੱਤਾ। ਸੰਤਾਂ ਨੇ ਹਉਕਾ ਲਿਆ ਤੇ ਕਿਹਾ ਕਿ ਉਹ ਬਹੁਤ ਮਾੜਾ ਕੀਤਾ ਹੈ। ਛੋਟੀ ਉਮਰ ਵਿਚ ਹੀ ਉਹ ਮੁੰਡਾ ਭੈੜੀ ਬਿਮਾਰੀ ਨਾਲ ਮਰ ਗਿਆ।
ਮੇਰਾ ਇਥੇ ਲਿਖਣ ਤੋਂ ਭਾਵ ਹੈ ਕਿ ਵੈਸੇ ਤਾਂ ਹਰ ਦੂਸਰੇ ਦੀ ਭਾਵਨਾ ਨਾਲ ਖਿਆਲ ਰੱਖਣਾ ਚਾਹੀਦਾ ਹੈ। ਜੀਵਾਂ ਦਾ ਵੀ. ਹੱਤਿਆ ਭਾਵੇ ਕਿਸੇ ਦੀ ਹੋਵੇ ਚਾਹੇ ਜੀਵ ਦੀ ਹੋਵੇ.. ਬਹੁਤ ਬੁਰੀ ਹੈ.. ਸਾਧ ਦਾ ਮਤਲਬ ਸਾਫ ਸੁਥਰੇ ਇਨਸਾਨ ਦਾ ਹੈ।
ਗੱਲ ਜੀਵਾਂ ਦੀ ਕਰ ਰਹੇ ਸੀ.. ਇਨ੍ਹਾਂ ਸਾਰਿਆਂ ਗੱਲਾਂ ਤੋਂ ਭਾਵ ਇਹ ਮਿਲਦਾ ਹੈ ਕਿ ਕੁਦਰਤ ਦੇ ਜੀਵ ਪੰਛੀਆਂ ਦਾ ਸਾਡੇ ਨਾਲ ਨੇੜੇ ਦਾ ਸਬੰਧ ਹੈ ਕਿ ਇਸਤਰ੍ਹਾਂ ਦੇ ਗੀਤ ਰਚੇ ਗਏ। ਜੇ ਮੈਂ ਹੋਰ ਵਿਸਥਾਰ ਵਿਚ ਜਾਵਾਂ ਤਾਂ ਇਹ ਲੇਖ ਕਾਫੀ ਲੰਬਾ ਹੋ ਜਾਵੇਗਾ। ਮੈਂ ਇਹੀ ਕਹਾਂਗਾ ਕਿ ਹਰ ਮਨੁੱਖ ਪੰਛੀਆਂ, ਪੌਣਾ ਦਰੱਖਤਾਂ, ਹਵਾਵਾਂ, ਸੰਗੀਤ ਰਾਹੀਂ ਕੁਦਰਤ ਨਾਲ ਆਪਣੀ ਸਾਂਝ ਬਣਾਵੇ। ਜਿਸ ਘਰ ਵਿਚ ਪੰਛੀ ਨਹੀਂ ਬੋਲਦੇ, ਜਾਂ ਜਿਸ ਘਰ ਵਿਚ ਰੁੱਖ ਨਹੀਂ। ਉਸ ਨੂੰ ‘ਘਰ’ ਕੀ ਆਖਣਾ?

WRITTEN BY