ਆਲ੍ਹਣਿਓਂ ਡਿੱਗੇ ਬੋਟ
ਨਾਵਲਕਾਰ : ਚੰਨ ਮੋਮੀ
ਪ੍ਰਕਾਸ਼ਕ: ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫੇ : 272
ਚੰਨ ਮੋਮੀ ਜੀ ਹੁਣਾਂ ਦੀਆਂ ਅੱਠ ਪੁਸਤਕਾਂ ਛੱਪ ਚੁੱਕੀਆਂ ਹਨ ਅਤੇ ਇਹ ਨੌਵੀਂ ਪੁਸਤਕ ‘ਆਲ੍ਹਣਿਓਂ ਡਿੱਗੇ ਬੋਟ’ ਹੈ। ਮੋਮੀ ਜੀ ਨੇ ਅਨੇਕਾਂ ਗੀਤ, ਕਵਿਤਾਵਾਂ ਕਹਾਣੀਆਂ, ਨਾਵਲ ਲਿਖੇ ਹਨ। ਉਨ੍ਹਾਂ ਦੀਆਂ ਰਚਨਾਵਾਂ ਵੱਖ ਵੱਖ ਅਖਬਾਰਾਂ ਅਤੇ ਰਸਾਲਿਆਂ ਵਿਚ ਛੱਪਦੀਆਂ ਰਹਿੰਦੀਆਂ ਹਨ।
ਉਨ੍ਹਾਂ ਦਾ ਇਹ ਨਾਵਲ ਕਿਸਾਨ ਦੇ ਦੁੱਖਾਂ, ਦਰਦਾਂ , ਤਕਲੀਫਾਂ ਨੂੰ ਦਰਸਾਉਂਦਾ ਹੈ। ਇਹ ਨਾਵਲ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਹਰੀ ਕ੍ਰਾਂਤੀ ਤੋਂ ਪਹਿਲਾਂ ਕਿਸਾਨ ਦਾ ਜੀਵਨ ਅਤੇ ਖੇਤੀਬਾੜੀ ਦਾ ਕਿੱਤਾ ਕਿੰਨਾ ਔਖਾ ਤੇ ਤਕਲੀਫਦੇਹ ਵਾਲਾ ਹੁੰਦਾ ਹੈ। ਇਸ ਨਾਵਲ ਵਿਚ ਉਸ ਵੇਲੇ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਖੂਹਾਂ ਵਿਚੋਂ ਪਾਣੀ ਕੱਢਣ ਲਈ ਮਿੱਟੀ ਦੀਆਂ ਟਿੰਡਾਂ ਹੁੰਦੀਆਂ ਸਨ ਅਤੇ ਬਲਦਾਂ ਦੀਆਂ ਸਾਹਿਤਾਂ ਨਾਲ ਖੂਹਾਂ ਵਿਚੋਂ ਪਾਣੀ ਕੱਢ ਕੇ ਖੇਤਾਂ ਦੀ ਸਿੰਜਾਈ ਕੀਤੀ ਜਾਂਦੀ ਹੈ। ਉਸ ਵੇਲੇ ਦੀ ਗੱਲ ਕੀਤੀ ਗਈ ਹੈ ਜਦੋਂ ਖੇਤੀਬਾੜੀ ਕਰਨ ਲਈ ਕੋਈ ਮਸ਼ੀਨ ਨਹੀਂ ਹੁੰਦੀ ਸੀ। ਉਸ ਸਮੇਂ ਫਸਲਾਂ ਘੱਟ ਹੁੰਦੀਆਂ ਸਨ। ਪੈਸਾ ਵੀ ਘੱਟ ਹੁੰਦਾ ਸੀ ਅਤੇ ਗਰੀਬੀ ਲੋਹੜੇ ਦੀ ਸੀ।
ਇਸ ਨਾਵਲ ਵਿਚ ਸੰਤਾ ਸਿੰਘ ਤੇ ਚੰਦ ਕੌਰ ਦਾ ਪਰਿਵਾਰ ਨਾਵਲ ਦੇ ਬਿਰਤਾਂਤ ਵਿਚੋਂ ਉਭਰਦਾ ਹੈ ਅਤੇ ਸੰਤਾ ਸਿੰਘ ਦੇ ਦੋ ਭਤੀਜੇ ਗਿੰਦਰ, ਬਿੰਦਰ ਅਤੇ ਇਕ ਭਤੀਜੀ ਚਿੰਤੀ ਹੈ ਉਨਾਂ ਦਾ ਦੁੱਖ, ਤਕਲੀਫ ਅਤੇ ਕਠਿਨ ਭਰਿਆ ਜੀਵਨ ਨਾਵਲ ਦਾ ਹਿੱਸਾ ਬਣਦਾ ਹੈ। ਜਿਨ੍ਹਾਂ ਦੇ ਛੋਟੀ ਉਮਰੇ ਮਾਤਾ ਪਿਤਾ ਮਰ ਜਾਂਦੇ ਹਨ ਅਤੇ ਉਨ੍ਹਾਂ ਦੇ ਤਾਇਆ ਤਾਈ ਉਨ੍ਹਾਂ ਕੋਲੋਂ ਖੇਤੀ ਦਾ ਕੰਮ, ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਉਨ੍ਹਾਂ ਤੋਂ ਵੱਧ ਕਰਵਾਉਂਦੇ ਅਤੇ ਉਨ੍ਹਾਂ ਦਾ ਰੱਜ ਕੇ ਸ਼ੋਸ਼ਣ ਕਰਦੇ ਹਨ। ਉਨ੍ਹਾਂ ਦਾ ਤਾਇਆ ਸੰਤਾ ਸਿੰਘ ਤਿੰਨਾਂ ਭੈਣ ਭਰਾਵਾਂ ਦੀ ਜ਼ਿੰਦਗੀ ਨਰਕ ਵਰਗੀ ਬਣਾ ਦਿੰਦਾ ਹੈ। ਨਾਵਲਕਾਰ ਨੇ ਕਿਸਾਨ ਦੀ ਹੱਦੋਂ ਵੱਧ ਗਰੀਬੀ ਤੇ ਮਾੜੀ ਹਾਲਤ ਦਿਖਾਈ ਹੈ ਕਿ ਪਾਠਕ ਦੇ ਪੜ੍ਹਣ ਸਾਰਨ ਹੀ ਉਸਦੇ ਨੂੰ ਕੰਢੇ ਖੜੇ ਹੋ ਜਾਂਦੇ ਹਨ ਤੇ ਅੱਖਾਂ ਵਿਚੋਂ ਹੰਝੂ ਵਹਿਣ ਲੱਗ ਪੈਂਦੇ ਨੇ।
ਚਿੰਤੀ ਵਿਚਾਰੀ ਖੁੱਲ੍ਹੇ ਵਾਲ, ਮੈਲੇ ਕੱਪੜੇ ਪਾ ਕੇ ਸਾਰਾ ਦਿਨ ਘਰ ਵਿਚ ਕੰਮ ਕਰਦੀ ਅਤੇ ਉਸਦੇ ਤਾਇਆ ਤਾਈ ਗਿੰਦਰ, ਬਿੰਦਰ ਤੋਂ ਵੀ ਖੋਤਿਆਂ ਵਾਂਗ ਕੰਮ ਲੈਂਦੇ ਹਨ ਪਰ ਉਨ੍ਹਾਂ ਤਿੰਨਾਂ ਭੈਣ ਭਰਾਵਾਂ ਦੇ ਮਨ ਵਿਚ ਇਹ ਗੱਲਾਂ ਚਲਦੀਆਂ ਰਹਿੰਦੀਆਂ ਹਨ ਕਿ ਸਾਡਾ ਤਾਇਆ ਤਾਈ ਸਾਡੇ ’ਤੇ ਬੇਹੱਦ ਜ਼ੁਲਮ ਕਰਦੇ ਹਨ। ਸਾਡੀ ਜ਼ਮੀਨ ਵੀ ਸਾਡੇ ਤੋਂ ਖੋਹਣਾ ਚਾਹੁੰਦੇ ਹਨ। ਸਾਡੇ ਵਿਚ ਵਿਤਕਰਾ ਪਾਉਂਦੇ ਹਨ ਤੇ ਉਹ ਆਪਣੇ ਮੁੰਡੇ ਸ਼ਿੰਦੇ ਨੂੰ ਪੜ੍ਹਾਉਣਾ ਚਾਹੁੰਦੇ ਹਨ।
ਨਾਵਲ ਦਾ ਅੱਗੇ ਜਾ ਕੇ ਨਵਾਂ ਮੌੜ ਸ਼ੁਰੂ ਹੁੰਦਾ ਹੈ। ਸੰਤਾ ਸਿੰਘ ਦਾ ਮੁੰਡਾ ਵੱਡਾ ਹੋ ਕੇ ਨਸ਼ੇ-ਚੋਰੀ ਤੇ ਮਾੜੀ ਸੰਗਤ ਵਿਚ ਪੈ ਕੇ ਉਨ੍ਹਾਂ ਦੀ ਜ਼ਿੰਦਗੀ ਨਰਕ ਵਰਗੀ ਬਣਾ ਦਿੰਦਾ ਹੈ ਅਤੇ ਬਿੰਦਰ ਪੜ੍ਹ ਕੇ ਮਾਸਟਰ ਬਲਵਿੰਦਰ ਸਿੰਘ ਬਣ ਜਾਂਦਾ ਹੈ। ਇਸ ਦੌਰਾਨ ਚਿੰਤੀ ਦਾ ਕਿਸੇ ਵੱਡੇ ਉਮਰ ਦੇ ਬੰਦੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ।
ਉਹ ਅਗਲੇ ਘਰ ਆਰਥਿਕ ਤੌਰ ’ਤੇ ਅਮਰੀ ਹੋ ਜਾਂਦੀ ਹੈ। ਦੋਵੇਂ ਭਰਾ ਗਿੰਦਰ ਅਤੇ ਬਿੰਦਰ ਦੁੱਖਾਂ ਤਕਲੀਫਾਂ ਦੇ ਵਿਚ ਹੀ ਲੰਘਦੇ ਹਨ ਤੇ ਫੇਰ ਦੋਵੇਂ ਆਪਣੇ ਤਾਏ ਤਾਈ ਤੋਂ ਸੁਚੇਤ ਹੋ ਕੇ ਕਈ ਮੁਸ਼ਕਲਾਂ ਦੇ ਵਿਚੋਂ ਦੀ ਲੰਘਦੇ ਹੋਏ, ਆਖਿਰ ਆਪਣੀ ਸਾਰੀ ਜ਼ਮੀਨ ਦਾ ਇੰਤਕਾਲ ਆਪਣੇ ਨਾਂ ਕਰਵਾ ਲੈਂਦੇ ਹਨ। ਨਾਵਲ ਦੇ ਅਖੀਰ ਵਿਚ ਸੰਤਾ ਸਿੰਘ ਗਰੀਬੀ, ਭੁੱਖਮਰੀ ਦੇ ਵਿਚ ਦੀ ਲੰਘਦਾ ਹੋਇਆ ਇਕ ਦਿਨ ਅਲਾਣਾ ਕਰ ਜਾਂਦਾ ਹੈ। ਗਿੰਦਰ, ਬਿੰਦਰ ਤੇ ਚਿੰਤੀ ਆਪਣੀ ਖੁਸ਼ਹਾਲ ਜ਼ਿੰਦਗੀ ਜਿਉਣਾ ਆਰੰਭ ਕਰਦੇ ਹਨ। ਮੋਮੀ ਜੀ ਹੁਣਾਂ ਨੇ ਨਾਵਲ ਦੇ ਅਖੀਰ ਵਿਚ ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਹੈ ਕਿ ਜੋ ਮਾੜਾ ਕਰਦਾ ਹੈ ਉਸ ਨਾਲ ਮਾੜਾ ਹੀ ਹੁੰਦਾ ਹੈ। ‘ਜੇਸੀ ਕਰਨੀ ਵੈਸੀ ਭਰਨੀ।’
ਉਨ੍ਹਾਂ ਨੇ ਦੁਆਬੇ ਦੇ ਪੁਰਾਣੇ ਖੂਬਸੂਰਤ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਨਾਵਲਕਾਰ ਦੇ ਕੋਲ ਸ਼ਬਦਾਂ ਦਾ ਭੰਡਾਰ ਹੈ। ਇਸ ਨਾਵਲ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਹ ਨਾਵਲ ਸ਼ਬਦ ਕੋਸ਼ ਦਾ ਕੰਮ ਵੀ ਦਿੰਦਾ ਹੈ। ਅਲੋਪ ਹੋ ਰਹੇ ਦੁਆਬੇ ਦੇ ਪੁਰਾਣੇ ਸ਼ਬਦ ਇਸ ਨਾਵਲ ਵਿਚ ਸਾਂਭੇ ਗਏ ਹਨ। ਇਹ ਨਾਵਲ ਪੜ੍ਹਨਯੋਗ ਹੈ। ਸਾਹਿਤ ਖੇਤਰ ਵਿਚ ਨਾਵਲ ‘ਆਲ੍ਹਣਿਓਂ ਡਿੱਗੇ ਬੋਟ’ ਦਾ ਸੁਆਗਤ ਹੈ ਅਤੇ ਨਾਵਲਕਾਰ ਦੀ ਕਲਮ ਨੂੰ ਸਲਾਮ।


