ਬੇਸ਼ੱਕ ਉਸ ਨੇ ਅੱਠਵੀਂ ਪਹਿਲੇ ਦਰਜੇ ਵਿਚ ਪਾਸ ਕੀਤੀ ਸੀ। ਅੰਗਰੇਜ਼ੀ ਵੀ ਬਹੁਤ ਵਧੀਆ ਸੀ ਪਰ ਸਿਫਾਰਸ਼, ਪੈਸੇ ਅਤੇ ਉਚੇਰੀ ਵਿਦਿਆ ਦੀ ਘਾਟ ਕਾਰਨ, ਸਿਵਲ ਵਿਚ ਕਿਤੇ ਵੀ ਉਸ ਨੂੰ ਨੌਕਰੀ ਨਾ ਮਿਲੀ। ਕਮਾਈ ਦਾ ਕੋਈ ਸਾਧਨ ਨਹੀਂ ਸੀ। ਬੇਰੁਜ਼ਗਾਰੀ ਦੀ ਮਾਰ ਹੇਠ ਆਏ ਨੂੰ ਆਪਣੀ ਸੀਕਰੀ ਵਿਚਲੇ ਇਕ ਫੌਜੀ ਰਾਹੀਂ ਫੌਜ ਵਿਚ ਭਰਤੀ ਹੋਣਾ ਪਿਆ। ਫੌਜ ਦੀ ਨੌਕਰੀ ਭਾਵੇਂ ਉਸ ਨੂੰ ਉਂਝ ਬੁਰੀ ਮਹਿਸੂਸ ਨਹੀਂ ਹੁੰਦੀ ਸੀ ਪਰ ਫੇਰ ਵੀ ਉਸ ਨੂੰ ਸਿਵਲ ਵਿਚ ਨੌਕਰੀ ਨਾ ਮਿਲਣ ਦੀ ਸੋਚ ਸਤਾਉਂਦੀ। ਪੀ.ਟੀ.ਦੇ ਗਰਾਊਂਡ ਵਿਚੋਂ ਫੌਜੀ ਬੈਰਕ ਵਿਚ ਆਏ ਨੂੰ ਇਕ ਦਿਨ ਸਿਵਲ ਵਿਚ ਨੌਕਰੀ ਨਾ ਮਿਲਣ ਦੀ ਸੋਚ ਵਧੇਰੇ ਸਤਾਉਣ ਲੱਗੀ ਕਿਉਂਕਿ ਸਾਥੀ ਫੌਜੀਆਂ ਕੋਲੋਂ ਉਹ ਨੂੰ ਇਹ ਗਿਆਨ ਹੋਇਆ ਸੀ ਕਿ ਉਚੇਰੀ ਪੜ੍ਹਾਈ ਤੋਂ ਬਿਨਾ ਬੰਦਾ ਫੌਜ ਵਿਚ ਵੀ ਤਰੱਕੀ ਨਹੀਂ ਕਰ ਸਕਦਾ। ਬੈਰਕ ਵਿਚ ਆਪਣੇ ਬਿਸਤਰੇ ਤੇ ਪਿਆ ਪਿਆ ਉਹ ਸੋਚਣ ਲੱਗਿਆ।
‘‘ਮਨਾਂ..! ਪੜਨਾ ਤਾਂ ਚਾਹੁੰਦਾ ਸੀ.. ਪਰ ਗਰੀਬੀ ਕਾਰਨ ਅੱਠਵੀਂ ਵੀ ਮਸਾਂ ਕਰ ਸਕਿਆਂ। ਏਸੇ ਕਰਤੇ ਤਾਂ ਫੌਜ ਵਿੱਚ ਵੀ ਮੈਨੂੰ ਫੌਜੀ ਅਫਸਰਾਂ ਦੀ ਵਗਾਰ ਕਰਨੀ ਪੈ ਰਹੀ ਹੈ। ਪ੍ਰਮੋਸ਼ਨ ਵੀ ਨਹੀਂ ਹੋਣੀ.. ਮਨਾਂ! ਢੇਰੀ ਨਹੀਂ ਢਾਉਣੀ ਚਾਹੀਦੀ… ਚਲੋ! ਜੇ ਪਹਿਲਾ ਪੈਸੇ ਦੀ ਘਾਟ ਕਰਕੇ ਅੱਠਵੀਂ ਤੋਂ ਅਗਾਂਹਾਂ ਨਹੀਂ ਪੜ੍ਹ ਸਕਿਆ। ਹੁਣ ਤਾਂ ਤਨਖਾਹ ਵੀ ਮਿਲਦੀ ਐ.. ਟੈਮ ਵੀ ਹੁੰਦੈ.. ਫੇਰ ਕਿਉਂ ਨਹੀਂ ਮੈਂ ਪ੍ਰਾਈਵੇਟ ਤੌਰ ਤੇ ਅਗਾਂਹਾਂ ਪੜ੍ਹ ਸਕਦਾ? ਪੜਾਂਗਾ ਵੀ ਜ਼ਰੂਰ..’ ਅਜਿਹਾ ਸੋਚਦਿਆਂ ਉਸ ਨੇ ਵਿਹਲੇ ਸਮੇਂ ਵਿਚ ਪੜ੍ਹਨਾ ਸ਼ੁਰੂ ਕੀਤਾ। ਦਸਵੀਂ ਦੇ ਸਲੇਬਸ ਦੀਆਂ ਪੁਸਤਕਾਂ ਪੜ੍ਹਣ ਦੇ ਨਾਲ ਨਾਲ ਉਸ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਲੰਮੀ ਅਤੇ ਖੁਸ਼ਹਾਲ ਜ਼ਿੰਦਗੀ ਜਿਉਣ ਬਾਰੇ ਲਿਖੀਆਂ ਪੁਸਤਕਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਇਨ੍ਹਾਂ ਪੁਸਤਕਾਂ ਨੇ ਥਾਂ ਉਸ ਦੀ ਜ਼ਿੰਦਗੀ ਵਿਚ ਕਰਾਂਤੀ ਲਿਆਉਣੀ ਸ਼ੁਰੂ ਕਰ ਦਿੱਤੀ। ਦਸਵੀਂ ਪਾਸ ਕਰਨ ਬਾਅਦ ਅਤੇ ਬੀ.ਏ. ਦੀ ਪੜ੍ਹਾਈ ਕਰਨ ਦੌਰਾਨ ਉਸ ਦੀ ਸੋਚ, ਸਿਹਤ ਅਤੇ ਸਲੀਕੇ ਵਿਚ ਆ ਰਹੀਆਂ ਤਬਦੀਲੀਆਂ ਫੌਜੀ ਸਾਥੀਆਂ ਅਤੇ ਅਫਸਰਾਂ ਨੂੰ ਵੀ ਪ੍ਰਭਾਵਿਤ ਕਰਨ ਲੱਗ ਪਈਆਂ ਸਨ। ਉਹ ਉਸ ਨੂੰ ਨਾਮ ਲੈ ਕੇ ਬੁਲਾਉਣ ਦੀ ਥਾਂ ਗਿਆਨੀ ਜੀ! ਨਾਮ ਨਾਲ ਸੰਬੋਧਨ ਕਰਨ ਲੱਗੇ ਸਨ।
ਉਹ ਬੀ.ਏ. ਕਰਨ ਤੱਕ, ਸਿਪਾਹੀ ਤੋਂ ਫੌਜ ਦੇ ਅਹੁਦਿਆਂ ਦੀਆਂ ਪੌੜੀਆਂ ਚੜ੍ਹਦਾ ਚੜ੍ਹਦਾ ਸੂਬੇਦਾਰ ਦੇ ਅਹੁਦੇ ਤੱਕ ਪਹੁੰਚਿਆ। ਸੂਬੇਦਾਰ ਦੇ ਅਹੁਦੇ ਤੋਂ ਪੈਨਸ਼ਨ ਹੋਣ ਸਮੇਂ ਬੇਸ਼ੱਕ ਉਸ ਦੀ ਉਮਰ ਪੰਜਾਹ ਸਾਲ ਤੋਂ ਉਪਰ ਚਲੀ ਗਈ ਸੀ ਪਰ ਦਿਸਦਾ ਫੇਰ ਵੀ ਉਹ ਪੱਚੀ ਤੀਹ ਸਾਲ ਦੀ ਉਮਰ ਦਾ ਹੀ ਸੀ।
ਘਰ ਆ ਕੇ ਵੀ ਉਸ ਨੇ ਫੌਜ ਦੇ ਅਸੂਲ ਨਾ ਛੱਡੇ। ਉਹ ਸਵੇਰੇ ਚਾਰ ਵਜੇ ਜਾਗਦਾ। ਸਰਾਹਣੇ ਪਈ ਕਿੱਕਰ ਦੀ ਦਾਤਣ ਚੁੱਕਦਾ। ਬਿਸਤਰੇ ਨੂੰ ਛੱਡ, ਦਾਤਣ ਕਰਦਾ ਕਰਦਾ ਸਵੇਰ ਦੀ ਸੈਰ ਨੂੰ ਤੁਰਦਾ। ਤੁਰਦਾ ਤੁਰਦਾ ਅਤੇ ਦਾਤਣ ਕਰਦਾ ਕਰਦਾ, ਸਵਾ ਚਾਰ ਮੀਲ ਦੀ ਦੂਰੀ ਉਤਲੀ ਨਹਿਰ ਦੇ ਪੁੱਲ ’ਤੇ ਪਹੁੰਚਦਾ। ਉਥੇ ਲੱਗੇ ਨਲਕੇ ਨੂੰ ਗੇੜ ਕੇ ਕੁਰਲੀ ਕਰਦਾ। ਫੇਰ ਨਹਿਰ ਦੀ ਪਟੜੀ ਨੇੜਲੇ ਰੁੱਖਾਂ ਦੀ ਵਿਚਕਾਰਲੀ ਥਾਂ ’ਤੇ ਤਕਰੀਬਨ ਘੰਟਾ ਸਵਾ ਘੰਟਾ ਪੀ.ਟੀ. ਕਰਦਾ। ਸੂਰਜ ਚੜ੍ਹਦੇ ਚੜ੍ਹਦੇ ਘਰ ਆ ਕੇ, ਗਰਮੀ ਸਰਦੀ ਤਾਜ਼ੇ ਪਾਣੀ ਨਾਲ ਨਹਾਉਂਦਾ। ਸਫੈਦ ਕਮੀਜ਼ ਅਤੇ ਖਾਖੀ ਜੀਨ ਦੀ ਪੈਂਟ ਪਹਿਨਦਾ। ਫਿਰਸੋ ਲਾ ਕੇ ਦਾੜ੍ਹੀ ਨੂੰ ਚੇਪਦਾ ਅਤੇ ਮੁੱਛਾਂ ਨੂੰ ਖੜ੍ਹੀਆਂ ਕਰਦਾ। ਖਾਖੀ ਮਲਮਲ ਦੀ ਪੱਗ ਘੋਟ ਘੋਟ ਕੇ ਬੰਨ੍ਹਦਾ। ਤਿਆਰ ਬਰ ਤਿਆਰ ਹੋਣ ਬਾਅਦ ਦੁੱਧ ਨਾਲ ਤਿੰਨ ਪਰੌਂਠੇ ਖਾਂਦਾ। ਕੁਰਲੀ ਕਰਦਾ ਅਤੇ ਰੋਜ਼ਾਨਾ ਦੇ ਕੰਮਾਂ ਵਿਚ ਰੁਝਦਾ।
ਜੇ ਕਦੇ ਕਿਸੇ ਮਜ਼ਬੂਰੀ ਕਾਰਨ ਉਸਦੇ ਰੋਜ਼ਾਨਾ ਦੇ ਕੰਮਾਂ ਵਿਚ ਵਿਘਨ ਪੈ ਜਾਂਦਾ ਤਾਂ ਉਸ ਨੂੰ ਬਹੁਤ ਅਫਸੋਸ ਹੁੰਦਾ। ਸਮੇਂ ਦਾ ਹਮੇਸ਼ਾਂ ਪਾਬੰਦ ਰਹਿੰਦਾ। ਆਮ ਲੋਕਾਂ ਦੇ ਕੰਮ ਆ ਕੇ ਅਤੇ ਆਪਣੇ ਫੌਜੀ ਹੋਣ ਸਮੇਂ ਲੜੀਆਂ ਲੜਾਈਆਂ ਦੀਆਂ ਯਾਦਾਂ ਸਾਂਝੀਆਂ ਕਰਕੇ ਉਸ ਦੇ ਮਨ ਨੂੰ ਖੁਸ਼ੀ ਮਿਲਦੀ। ਲੋਕਾਂ ਨੇ ਉਸ ਦੀਆਂ ਚੰਗਿਆਈਆਂ ਕਰਕੇ ਉਸ਼ ਨੂੰ ਸਰਪੰਚ ਵੀ ਚੁਣਿਆ। ਕਈ ਸੈਸ਼ਨ ਉਹ ਲਗਾਤਾਰ ਸਰਪੰਚ ਬਣਦਾ ਰਿਹਾ। ਉਸ ਨੇ ਪਿੰਡ ਦੇ ਸਾਂਝੇ ਕੰਮ, ਗਰੀਬ-ਗੁਰਬਿਆਂ ਦੇ ਕੰਮ ਅਤੇ ਪਿੰਡ ਦੇ ਲੋਕਾਂ ਦੇ ਆਪਸੀ ਲੜਾਈ ਝਗੜੇ ਪਿੰਡ ਵਿਚ ਈ ਨਿਬੇੜਨੇ, ਅਜਿਹੇ ਹੋਰ ਕਿੰਨੇ ਹੀ ਨੇਕ ਕੰਮ ਖੂਬ ਕੀਤੇ ਪਰ ਰਿਸ਼ਵਤ ਦਿਵਾਉਣ ਅਤੇ ਲੋਕ ਵਿਰੋਧੀ ਕੰਮ ਕਰਨ ਵਾਲਿਆਂ ਦੇ ਹੱਕ ਵਿਚ ਭੁਗਤਣ ਤੋਂ ਹਮੇਸ਼ਾਂ ਕੰਨੀ ਕਤਰਾਈ।
ਆਪ ਪੇਂਡੂ ਲੋਕ ਉਸ ਨੂੰ ਦੇਵਤਾ ਸਰਪੰਚ ਕਹਿੰਦੇ।
ਦੇਵਤਾ ਸਰਪੰਚ ਆਪਣੀ ਪੜਪੋਤੀ ਨੂੰ ਨਰਸਿੰਗ ਕਾਲਜ ਦੀ ਜੀ ਐਨ.ਐਮ. ਜਮਾਤ ਵਿਚ ਦਾਖਲਾ ਦਵਾਉਣ ਗਿਆ। ਕਾਲਜ ਦੇ ਡਾਇਰੈਕਟਰ ਨੇ ਉਸ ਕੋਲੋਂ ਪੁੱਛਿਆ,
‘‘ਫੌਜੀ ਸਾਹਿਬ ! ਇਹ ਲੜਕੀ ਤੁਹਾਡੀ ਬੇਟੀ ਐ?’’
‘‘ਨਹੀ ਸਾਹਿਬ! ਮੇਰੀ ਪੜਪੋਤੀ ਐ.. ਮੇਰੇ ਪੋਤੇ ਦੀ ਲੜਕੀ ਐ। ’’
ਉਸ ਦਾ ਇਹ ਜਵਾਬ ਸੁਣ ਕੇ, ਉਸ ਦੀ ਚੇਪੀ ਦਾੜ੍ਹੀ, ਘੋਟ ਕੇ ਬੰਨ੍ਹੀ ਖਾਖੀ ਪੱਗ ਹੇਠਲੀ ਲਾਲ ਫਿਫਟੀ ਅਤੇ ਹੱਟੇ ਕੱਟੇ ਸਰੀਰ ਵੱਲ ਤੱਕਦੇ ਡਾਇਰੈਕਟਰ ਨੂੰ ਹੈਰਾਨੀ ਹੋਈ। ਉਸ ਦੀ ਹੈਰਾਨੀ ਨੇ ਉਦੋਂ ਹੋਰ ਵੀ ਜ਼ਰਬਾਂ ਖਾਧੀਆਂ ਜਦ ਉਸ ਨੇ ਉਸ ਵੱਲੋਂ ਆਪਣੀ ਪੜਪੋਤੀ ਦੇ ਦਾਖਲੇ ਲਈ ਲੋਹੜੇ ਦੀ ਸੁੰਦਰ ਅੰਗਰੇਜ਼ੀ ’ਚ ਲਿਖੀ ਅਰਜੀ ਦੇਖੀ,
‘‘ਤੁਸੀਂ ਪੜ੍ਹੇ ਕਿੰਨੇ ਹੋ?’’
‘‘ਫੌਜ ’ਚ ਭਰਤੀ ਹੋਣ ਸਮੇਂ ਤਾਂ ਸਾਹਿਬ! ਮੈਂ ਅਠ ਹੀ ਪੜਿਆ ਸੀ। ਪਰ ਪਿੱਛੋਂ ਪ੍ਰਾਈਵੇਟ ਤੌਰ ਤੇ ਬੀ.ਏ. ਕੀਤੀ ਸੀ।’’ ਫੌਜੀ ਸੂਬੇਦਾਰ, ਡਾਇਰੈਕਟਰ ਨੂੰ ਬੰਦਾ ਸਰੀਰਕ ਪੱਖੋਂ ਤਕੜਾ ਨਜ਼ਰ ਆਉਣ ਦੇ ਨਾਲ ਨਾਲ ਸੂਝ ਬੂਝ ਵਾਲਾ ਵੀ ਮਹਿਸੂਸ ਹੋਣ ਵੀ ਲੱਗਿਆ।
‘‘ਜੇ ਚਾਹੋਂ ਤਾਂ ਮੈਂ ਤੁਹਾਨੂੰ ਆਪਣੇ ਕਾਲਜ ਵਿਚ ਸੁਪਰਡੈਂਟ ਰੱਖ ਸਕਦਾਂ? ’’
‘ਡਰੈਕਟਰ ਸਾਹਿਬ ! ਜੇ ਮੈਂ ਤੁਹਾਡੀ ਸੁਪਰਡੈਂਟੀ ਦੇ ਪਿੰਜਰੇ ਵਿਚ ਬੰਦ ਹੋ ਗਿਆ ਤਾਂ ਪਿੰਡ ਦੇ ਗਰੀਬਾਂ ਦੇ ਕੰਮ ਕੌਣ ਕਰਿਆ ਕਰੂ।’’
‘‘ਸੂਬੇਦਾਰ ਸਾਹਿਬ ! ਸੁਪਰਡੈਂਟ ਲੱਗਣ ਨਾਲ ਤੁਸੀਂ ਪਿੰਜਰੇ ਵਿਚ ਨਹੀਂ ਪਉਗੇ ਸਗੋਂ ਥੋਡੀ ਆਰਥਕ ਹਾਲਤ ਸਾਉਂਡ ਹੋਊ।’’
‘ਡਰੈਕਟਰ ਸਾਹਿਬ! ਪਿੰਜਰੇ ਵਿਚਲਾ ਪੰਛੀ ਕਦੇ ਤੰਦਰੁਸਤ ਨਹੀਂ ਰਹਿੰਦਾ। ਮੈਂ ਤਾਂ ਪ੍ਰਮਾਤਮਾ ਕੋਲੋਂ ਸ਼ੁਭਾ-ਸ਼ਾਮ ਆਪਣੀ, ਆਪਣੇ ਪਰਿਵਾਰ ਅਤੇ ਕਾਮੇ ਲੋਕਾਂ ਦੀ ਤੰਦੁਰਸਤੀ ਮੰਗਦੈਂ.. ਪ੍ਰਮਾਤਮਾ ਦੀ ਕ੍ਰਿਪਾ ਨਾਲ ਮੇਰੇ ਘਰ ਦੀ ਆਰਥਕ ਹਾਲਤ ਸੋਹਣੀ ਐਂ। ਪੁੱਤ, ਪੋਤੇ, ਪੜੋਤੇ ਦਸਾਂ ਨੌਹਾਂ ਦੀ ਕਿਰਤ ਕਰਦੇ ਐ.. ਬਾਕੀ ਮੈਨੂੰ ਪੈਨਸ਼ਨ ਮਿਲਦੀ ਐ.. ਮੈਨੂੰ ਤਾਂ ਲੋਕਾਂ ਦੇ ਕੰਮ ਆ ਕੇ ਈ ਖੁਸ਼ੀ ਮਿਲਦੀ ਐ..’’ ਸੂਬੇਦਾ ਲਗਾਤਾਰ ਬੋਲੀ ਜਾ ਰਿਹਾ ਸੀ। ਡਾਇਰੈਕਟਰ ਮਨ ਈ ਮਨ ਸੋਚੀ ਜਾ ਰਿਹਾ ਸੀ,
‘‘ਵਾਕਿਆ ਈ ਇਹ ਮਨੁੱਖ ਚਾਨਣ-ਮੁਨਾਰਾਏ।….’’


