ਨਵੀਂ ਦਿੱਲੀ, 8 ਅਗਸਤ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਲਈ 15 ਅਗਸਤ ਦਾ ਦਿਨ ਬੇਹੱਦ ਖਾਸ ਹੋਵੇਗਾ। ਲਾਲ ਕਿਲੇ ਦੇ ਫਸੀਲ ਤੋਂ ਦੇਸ਼ ਨੂੰ ਸੰਬੋਧਨ ਕਰਨ ਦਾ ਉਨ੍ਹਾਂ ਦਾ ਸੁਪਣਾ ਪੂਰਾ ਹੋ ਗਿਆ ਹੈ। ਅਜਾਦੀ ਦਿਵਸ ਮੌਕੇ ਉਨ੍ਹਾਂ ਲਈ ਇੱਕ ਖਾਸ ਭਾਸ਼ਣ ਤਿਆਰ ਕੀਤਾ ਜਾ ਰਿਹਾ ਹੈ। ਚਾਰ ਕੇਂਦਰੀ ਮੰਤਰੀਆਂ ਦੀ ਇੱਕ ਕਮੇਟੀ ਨੂੰ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਕਾਨੂੰਨ ਮੰਤਰੀ ਸ੍ਰੀ ਰਵੀ ਸ਼ੰਕਰ ਪ੍ਰਸਾਦ, ਮਨੁੱਖੀ ਸਰੋਤਾਂ ਬਾਰੇ ਮੰਤਰੀ ਸਿਮਰਤੀ ਇਰਾਨੀ, ਬਿਜਲੀ ਮੰਤਰੀ ਪਿਊਸ਼ ਗੋਇਲ ਅਤੇ ਰਸਾਇਣ ਮੰਤਰੀ ਅਨੰਤ ਕੁਮਾਰ ਸ਼ਾਮਲ ਹਨ। ਇਹ ਕਮੇਟੀ 15 ਅਗਸਤ ਦੇ ਬਲਿਊ ਪ੍ਰਿੰਟ ਲਈ ਸਾਰੇ ਮੰਤਰਾਲਿਆਂ ਨਾਲ ਸੰਪਰਕ ਕਰ ਰਹੀ ਹੈ। ਇਸ ਕੇਮਟੀ ਦੀ ਮੀਟਿੰਗ ਬੀਤੇ ਵੀਰਵਾਰ
ਨੂੰ ਹੋਈ ਸੀ। ਕਮੇਟੀ ਨੇ ਸਾਰੇ ਮੰਤਰਾਲਿਆਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ, ਨੀਤੀਆਂ ਅਤੇ ਲਾਗੂ ਹੋਣ ਵਾਲੀਆਂ ਯੋਜਨਾਵਾਂ ਬਾਰੇ ਸੂਚਨਾ ਦੇਣ ਲਈ ਆਖਿਆ ਹੈ।
ਪ੍ਰਧਾਨ ਮੰਤਰੀ ਦੇ ਖਾਸ ਭਾਸ਼ਣ ਵਿੱਚ ਬਜਟ ਦੌਰਾਨ ਕੀਤੇ ਗਏ ਵਾਅਦੇ, ਵੱਡੇ ਸੁਧਾਰ, ਅਤੇ ਚੰਗੇ ਸ਼ਾਸਨ ਲਈ ਉਠਾਏ ਗਏ ਕਦਮਾਂ ਦਾ ਜ਼ਿਕਰ ਹੋਵੇਗਾ। ਇਸ ਵਿੱਚ ਊਰਜ਼ਾ, ਸਿੱਖਿਆ ਅਤੇ ਰੁਜ਼ਗਾਰ ਲਈ ਲਏ ਗਏ ਫੈਸਲਿਆਂ ਦਾ ਵੀ ਐਲਾਨ ਕੀਤਾ ਜਾਵੇਗਾ। ਲੱਗਭੱਗ ਇੱਕ ਸਾਲ ਪਹਿਲਾਂ 14 ਅਗਸਤ ਦੀ ਸ਼ਾਮ ਸ੍ਰੀ ਮੋਦੀ ਨੇ ਗੁਜਰਾਤ ਦੇ ਸੀ ਐਮ ਹੁੰਦੇ ਹੋਏ ਇਹ ਆਖਿਆ ਸੀ ਕਿ ਆਉਣ ਵਾਲੇ ਸਾਲ 15 ਅਗਸਤ ਦੇ ਦਿਨ ਉਨ੍ਹਾਂ ਦਾ ਭਾਸ਼ਣ ਪੀ ਐਮ ਦੇ ਭਾਸ਼ਣ ਤੋਂ ਵੱਧ ਪ੍ਰਭਾਵੀ ਹੋਵੇਗਾ। ਪਿਛਲੇ ਸਾਲ 7 ਸਤੰਬਰ ਨੂੰ ਛੱਤੀਸਗੜ੍ਹ ਵਿਖੇ ਇੱਕ ਰੈਲੀ ਦੌਰਾਨ ਭਾਜਪਾ ਨੇ ਲਾਲ ਕਿਲੇ ਵਰਗਾ ਮੰਚ ਤਿਆਰ ਕੀਤਾ ਸੀ ਜਿਸ ਉਪਰ ਸ੍ਰੀ ਮੋਦੀ ਵੱਲੋਂ ਭਾਸ਼ਣ ਦਿੱਤਾ ਗਿਆ ਸੀ। ਉਸ ਸਮੇਂ ਵਿਰੋਧੀ ਪਾਰਟੀਆਂ ਨੇ ਇਹ ਵਿਅੰਗ ਕੱਸਿਆ ਸੀ ਕਿ ਸ੍ਰੀ ਮੋਦੀ ਦਾ ਸੁਪਨਾ ਕਦੇ ਸੱਚ ਨਹੀਂ ਹੋਵੇਗਾ ਪਰ ਹੁਮ ਉਨ੍ਹਾਂ ਦਾ ਉਹ ਸੁਪਨਾ ਹਕੀਕਤ ਵਿੱਚ ਬਦਲਣ ਜਾ ਰਿਹਾ ਹੈ।



