ਅੰਮ੍ਰਿਤਸਰ, 8 ਅਗਸਤ (ਪੀ. ਟੀ)- ਦਸੰਬਰ 2012 ‘ਚ ਆਪਣੀ ਧੀ ਦੀ ਆਬਰੂ ਬਚਾਉਣ ਖ਼ਾਤਰ ਕਤਲ ਕੀਤੇ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ‘ਕਤਲ ਕਾਂਡ‘ ਦੇ ਚਰਚਿਤ ਮਾਮਲੇ ‘ਚ ਅੱਜ ਅਦਾਲਤ ਵੱਲੋਂ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਸਮੇਤ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਫ਼ੈਸਲਾ ਇੱਥੇ ਵਧੀਕ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਵੱਲੋਂ ਸੁਣਾਇਆ ਗਿਆ। ਸਰਕਾਰੀ ਪੱਖ ਦੇ ਵਕੀਲ ਸ੍ਰੀ ਆਰ. ਕੇ. ਸਲਵਾਨ ਵਧੀਕ ਜ਼ਿਲ੍ਹਾ ਅਟਾਰਨੀ ਅਤੇ ਇਸਤਗਾਸਾ ਪੱਖ ਦੇ ਵਕੀਲ ਸ: ਅਮਰਪਾਲ ਸਿੰਘ ਰੰਧਾਵਾ ਨੇ ਇਸ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸਖਤ ਉਮਰ ਕੈਦ ਦੀ ਸਜ਼ਾ ‘ਚ ਦੋਸ਼ੀਆਂ ਨੂੰ ਸਾਰੀ ਉਮਰ ਜੇਲ੍ਹ ‘ਚ ਕਟਣੀ ਪਵੇਗੀ ਅਤੇ ਇਸ ਦੇ ਨਾਲ ਹੀ ਵੱਖ ਵੱਖ ਧਰਾਵਾਂ ਤਹਿਤ
ਹੋਰ ਸਜਾਵਾਂ ਤੇ ਜ਼ੁਰਮਾਨਾ ਵੀ ਕੀਤਾ ਹੈ। ਸਾਰੀਆਂ ਸਜਾਵਾਂ ਇਕੱਠੀਆਂ ਚੱਲਣਗੀਆਂ। ਕਤਲ ਹੋਏ ਥਾਣੇਦਾਰ ਰਵਿੰਦਰਪਾਲ ਸਿੰਘ ਦੀ ਧੀ ਰੋਬਨਜੀਤ ਕੌਰ ਨੇ ਇਸ ਮੌਕੇ ਆਪਣੀ ਨਾ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਸਾਬਕਾ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨਾਮਕ ਦੀ ਫਾਂਸੀ ਦੀ ਸਜ਼ਾ ਲਈ ਉੱਚ ਅਦਾਲਤ ‘ਚ ਜਾਣਗੇ। ਦੂਜੇ ਪਾਸੇ ਸਜਾ ਹੋਏ ਸਾਬਕਾ ਅਕਾਲੀ ਆਗੂ ਤੋਂ ਇਲਾਵਾ ਬਾਕੀ ਨੌਜਵਾਨਾਂ ਦੇ ਮਾਪਿਆਂ ਨੇ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਬੇਕਸੂਰ ਬੱਚਿਆਂ ਨੂੰ ਪੁਲਿਸ ਨੇ ਨਜਾਇਜ਼ ਫਸਾਇਆ ਹੈ। ਉਨ੍ਹਾਂ ਫ਼ੈਸਲੇ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਤੇ ਆਵਾਜਾਈ ਵੀ ਠੱਪ ਕੀਤੀ।



