Skip to content
Independent perspectives. Global stories.
BREAKING

ਸਮੁੱਚੀਆਂ ਪੰਥਕ ਜਥੇਬੰਦੀਆਂ ਬੀਬੀ ਅਰਵਿੰਦਰ ਕੌਰ ਨਾਲ ਸਹਿਯੋਗੀ ਧਿਰ ਬਣਨ : ਕਲਕੱਤਾ

Share this story

ਅੰਮ੍ਰਿਤਸਰ, 22 ਜੁਲਾਈ (ਨਰਿੰਦਰ ਪਾਲ ਸਿੰਘ)-ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਿਖੇ ਇਕ ਪੱਤਰ ਵਿਚ ਪੰਜਾਬ ਦੇ ਸਾਬਕਾ ਮੰਤਰੀ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ ਕਿ ਸਮੁਚੀਆਂ ਪੰਥਕ ਜਥੇਬੰਦੀਆਂ ਨੂੰ ਆਦੇਸ਼ ਜਾਰੀ ਕੀਤਾ ਜਾਏ ਕਿ ਉਹ ਸੰਵਿਧਾਨ ਦੀ ਧਾਰਾ 25 (ਬੀ) ਵਿਚ ਸੋਧ ਕੀਤੇ ਜਾਣ ਬਾਰੇ ਸੁਪਰੀਮ ਕੋਰਟ ਵਿਚ ਰਿੱਟ ਪਟੀਸ਼ਨ ਪਾਉਣ ਵਾਲੀ ਬੀਬੀ ਅਰਵਿੰਦਰ ਕੌਰ ਨਾਲ ਸਹਿਯੋਗੀ ਧਿਰ ਬਨਣ। ਸ. ਕਲਕੱਤਾ ਨੇ ਲਿਖਿਆ ਹੈ ਕਿ ਦੇਸ਼ ਅਜਾਦੀ ਬਾਅਦ ਭਾਰਤ ਦਾ ਸੰਵਿਧਾਨ ਸਿਰਜਦਿਆਂ, ਇਸਦੀ ਧਾਰਾ 25 (ਬੀ) ਰਾਹੀਂ ਸਿੱਖ ਧਰਮ ਦੀ ਆਜਾਦ ਹਸਤੀ ਨੂੰ ਖੋਰਾ ਲਾਕੇ,ਸ਼ਬਦ ‘ਹਿੰਦੂ’ਨੂੰ ਪ੍ਰੀਭਾਸ਼ਤ ਕਰਦਿਆਂ ਹੋਇਆ ਸਿੱਖ ਕੌਮ ਨੂੰ ਹਿੰਦੂ ਦਰਸਾਇਆ ਗਿਆ ਸੀ ਲੇਕਿਨ ਉਸ ਵਕਤ ਲੁੱਟੀ-ਕੁੱਟੀ ਤੇ ਜ਼ਖਮੀ ਕੌਮ ਇਸ ਬੇਇਨਸਾਫੀ ਖਿਲਾਫ ਕੋਈ ਵੱਡਾ ਜਨਤਕ ਰੋਸ ਜਾਹਿਰ ਨਾ ਕਰ ਸਕੀ। ਸ. ਕਲਕੱਤਾ ਨੇ ਜਾਣੂ ਕਰਵਾਇਆ ਹੈ ਕਿ ਸਾਲ 1982 ਵਿਚ ਸ਼੍ਰੋਮਣੀ ਅਕਾਲੀ ਦਲ ਦੁਆਰਾ ਸ਼ੁਰੂ ਕੀਤੇ ਗਏ ਧਰਮ ਯੁੱਧ ਮੋਰਚੇ ਦੀ ਵੀ ਇਹ ਇਕ ਪ੍ਰਮੁਖ ਮੰਗ ਸੀ ਕਿ ਸੰਵਿਧਾਨ ਦੀ ਧਾਰਾ 25 (ਬੀ) ਵਿਚ ਸੋਧ ਕੀਤੀ ਜਾਏ ਅਤੇ ਇਸ ਮਕਸਦ ਦੀ ਪੂਰਤੀ ਲਈ ਫਰਵਰੀ 1984 ਵਿਚ ਵਿਧਾਨ ਦੀ ਇਸ ਧਾਰਾ 25 (ਬੀ) ਨੂੰ ਪਾੜ੍ਹਨ ਦਾ ਫੈਸਲਾ ਕੀਤਾ ਗਿਆ। ਸ. ਪ੍ਰਕਾਸ਼ ਸਿੰਘ ਬਾਦਲ ਇਕ ਟਰੱਕ ਡਰਾਇਵਰ ਦੇ ਭੇਸ ਵਿਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਜਣ ਵਿਚ ਸਫਲ ਹੋ ਗਏ। ਜਥੇਦਾਰ ਗੁਰਚਰਨ ਸਿੰਘ ਟੋਹੜਾ,ਸ੍ਰ ਸੁਖਜਿੰਦਰ ਸਿੰਘ ਅਤੇ ਸ. ਬਸੰਤ ਸਿੰਘ ਖਾਲਸਾ, ਸਰਕਾਰ ਵਲੋਂ ਵਰਤੀ ਸ਼ਕਤੀ ਕਾਰਣ ਦਿੱਲੀ ਵੱਲ ਨਾ ਵਧ ਸਕੇ ਲੇਕਿਨ ਚੰਡੀਗੜ੍ਹ ਵਿਖੇ ਸਕਤਰੇਤ ਦੇ ਸਾਹਮਣੇ ਧਾਰਾ 25 (ਬੀ) ਪਾੜ੍ਹ ਕੇ ਜੇਲ੍ਹ ਗਏ ।ਉਨ੍ਹਾਂ ਲਿਖਿਆ ਹੈ ਕਿ ਦੇਸ਼ ਦੇ ਸੰਵਿਧਾਨ ਵਿਚ ਸੋਧ ਤੇ ਵਿਚਾਰ ਕਰਨ ਲਈ ਕੇਂਦਰ ਸਰਕਾਰ ਦੁਆਰਾ ਗਠਿਤ ਜਸਟਿਸ ਵੈਂਕਟਚਲਈਆ ਕਮਿਸ਼ਨ ਨੇ ਵੀ ਆਪਣੀ ਰਿਪੋਰਟ ਵਿਚ ਸੰਵਿਧਾਨ ਦੀ ਧਾਰਾ 25 (ਬੀ) ਵਿਚ ਸੋਧ ਕੀਤੇ ਜਾਣ ਦੀ ਸਿਫਾਰਸ਼ ਕੀਤੀ। 1997 ਵਿਚ ਪੰਜਾਬ ਦੀ ਪੰਥਕ ਸਰਕਾਰ ਵੇਲੇ ਉਨ੍ਹਾ ਨੇ ਕੌਮ ਦੀ ਇਸ ਮੰਗ ਬਾਰੇ ਵਿਧਾਨ ਸਭਾ ਵਿਚ ਅਸੈਂਬਲੀ ਮੈਂਬਰ ਦੇ ਰੂਪ ਵਿਚ ਇਹ ਪ੍ਰਸਤਾਵ ਲਿਆਂਦਾ ਸੀ, ਕਾਂਗਰਸ ਰੋਸ ਵਜੋਂ ਵਾਕ ਆਊਟ ਕਰ ਗਈ, ਭਾਜਪਾ ਵੈਸੇ ਹੀ ਬਾਹਰ ਹੋ ਗਈ, ਸਾਰੇ ਅਕਾਲੀ ਮੈਂਬਰਾਂ ਨੇ ਪ੍ਰਸਤਾਵ ਦੀ ਹਮਾਇਤ ਕੀਤੀ  ਲੇਕਿਨ ਸਪੀਕਰ ਸ੍ਰ ਚਰਨਜੀਤ ਸਿੰਘ ਅਟਵਾਲ ਨੇ ਅਸੈਂਬਲੀ ਦਾ ਸਮਾਂ ਖਤਮ ਹੋਣ ਕਾਰਣ ਇਸ ਮਤੇ ਨੂੰ ਟਾਕ ਆਊਟ ਕਰਨ ਦਾ ਫੈਸਲਾ ਸੁਣਾ ਦਿੱਤਾ ਸੀ। ਸ. ਕਲਕੱਤਾ ਨੇ ਇਹ ਵੀ ਲਿਖਿਆ ਹੈ ਕਿ ਜਿਹੜਾ ਕਾਰਜ, ਪੰਥਕ ਕਹਾਉਣ ਵਾਲੇ ਅਕਾਲੀ, ਪ੍ਰਤੀਨਿੱਧ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਦਕ ਕਮੇਟੀਆਂ ਨੇ ਨਾ ਕੀਤਾ, ਸਤਿਗੁਰੂ ਦੀ ਕਿਰਪਾ ਸਦਕਾ ਇਹ ਕਾਰਜ ਇਕ ਸਿੱਖ ਬੀਬੀ ਅਰਵਿੰਦਰ ਕੌਰ ਨੇ ਕਰ, ਸੁਪਰੀਮ ਕੋਰਟ ਵਿਚ ਇਕ ਰਿੱਟ ਦਾਇਰ ਕਰਕੇ ਮੰਗ ਕੀਤੀ ਹੈ ਕਿ ਸੰਵਿਧਾਨ ਦੀ ਧਾਰਾ 25 (ਬੀ) ਵਿਚ ਸੋਧ ਕੀਤੀ ਜਾਵੇ। ਅਦਾਲਤ ਨੇ ਇਸ ਸਬੰਦ ਵਿਚ ਕੇਂਦਰ ਸਰਕਾਰ ਦੇ ਨਿਆਂ ਤੇ ਕਾਨੂੰਨ ਵਿਭਾਗ ਨੂੰ ਨੋਟਿਸ ਵੀ ਜਾਰੀ ਕੀਤਾ ਹੈ।ਉਨ੍ਹਾਂ ਮੰਗ ਕੀਤੀ ਹੈ ਕਿ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸਮੂੰਹ ਸਿੱਖ ਸੰਸਥਾਵਾਂ ਨੂੰ ਆਦੇਸ਼ ਜਾਰੀ ਕਰਨ ਕਿ ਉਹ ਸਭ ਬੀਬੀ ਅਰਵਿੰਦਰ ਕੌਰ ਨਾਲ ਸੁਪਰੀਮ ਕੋਰਟ ਵਿਚ ਇਕ ਸਹਿਯੋਗੀ ਧਿਰ ਵਜੋਂ ਖੜੇ ਹੋਣ ਤਾਂ ਜੋ ਸਿੱਖਾਂ ਦੀ ਅਜਾਦ ਹੋਂਦ ਹਸਤੀ ਬਰਕਰਾਰ ਰੱਖਣ ਲਈ ਕਾਰਵਾਈ ਤੇਜ ਹੋ ਸਕੇ।

WRITTEN BY