Skip to content
Independent perspectives. Global stories.
BREAKING

ਸਵਾ ਸੌ ਸਾਲ ਪੁਰਾਣੇ ਦੇਸੀ ਘਿਓ ਨੂੰ ਅੱਜ ਵੀ ਸਾਂਭਿਆ ਹੋਇਆ ਹੈ ਕੌਲਾ ਪਹਿਲਵਾਨ ਦੇ ਪਰਿਵਾਰ ਨੇ

Share this story

ਨਿਹਾਲ ਸਿੰਘ ਵਾਲਾ, 21 ਜੁਲਾਈ (ਸੁਖਜਿੰਦਰ ਫੌਜੀ)-ਕਿਸੇ ਸਮੇਂ ਦੀ ਫਰੀਦਕੋਟ ਰਿਆਸਤ ਵਿੱਚ ਪੈਂਦੇ ਪਹਿਲਵਾਨਾਂ ਦੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਸੈਦੋਕੇ ਦੇ ਪਹਿਲਵਾਨਾਂ ਦੀ ਮਾਲਾ ਦਾ ਇੱਕ ਹੀਰਾ ਸੀ ਪਹਿਲਵਾਨ ਹੀਰਾ ਸਿੰਘ ਸੈਦੋਕੇ, ਜਿਸ ਬਾਰੇ ਇਹ ਗੱਲ ਅੱਜ ਵੀ ਮਸ਼ਹੂਰ ਹੈ ਕਿ ਆਪਣੀ ਜਿੰਦਗੀ ਦੌਰਾਨ ਉਸ ਨੇ ਕਿਸੇ ਵੀ ਅਖਾੜੇ ਵਿੱਚ ਪਿੱਠ ਨਹੀਂ ਲਵਾਈ ਸੀ ਅਤੇ ਚੰਗੇ ਚੰਗੇ ਪਹਿਲਵਾਨ ਹੀਰਾ ਸਿੰਘ ਦਾ ਨਾਂਅ ਸੁਣ ਕੇ ਪਿੜ ਛੱਡ ਕੇ ਦੌੜ ਜਾਇਆ ਕਰਦੇ ਸਨ ਤਾਂ ਹੀਰਾ ਸਿੰਘ ਦੀ ਇਸ ਪ੍ਰਸਿੱਧੀ ਤੋਂ ਪ੍ਰਭਾਵਿਤ ਹੋ ਕੇ ਨਾਭਾ ਰਿਆਸਤ ਦੇ ਪਿੰਡ ਕੋਠੇ ਜੰਡਸਰ ਦੇ ਪਹਿਲਵਾਨ ਕੌਲਾ ਸਿੰਘ ਨੇ ਰਾਜੇ ਦੇ ਸ਼ਾਹੀ ਪਹਿਲਵਾਨ ਕਿੱਕਰ ਸਿੰਘ ਨੂੰ ਚਿੱਤ ਕਰਨ ਦੀ ਤਾਂਘ ਦਿਲ ਵਿੱਚ ਲੈ ਕੇ ਹੀਰਾ ਸਿੰਘ ਨੂੰ ਅਪਣਾ ਉਸਤਾਦ ਧਾਰਨ ਕੀਤਾ ਤਾਂ ਕਿ ਨਾਭੇ ਵਾਲੇ ਰਾਜੇ ਦੇ ਸ਼ਾਹੀ ਮੱਲ ਕਿੱਕਰ ਸਿੰਘ ਨੂੰ ਅਖਾੜੇ ਦੀ ਧੂੜ ਚੱਖਾ ਸਕੇ, ਕਿਉਂਕਿ ਪਹਿਲਵਾਨ ਕਿੱਕਰ ਸਿੰਘ ਨੂੰ ਢਾਹੁਣਾ ਕਿਸੇ ਵੀ ਪਹਿਲਵਾਨ ਲਈ ਖਾਲਾ ਜੀ ਦਾ ਵਾੜਾ ਨਹੀ ਸੀ।
150year
ਸੈਦੋ ਵਾਲੇ ਪਹਿਲਵਾਨ ਹੀਰਾ ਸਿੰਘ ਨੇ ਕੌਲਾ ਸਿੰਘ ਨੂੰ ਪਹਿਲਵਾਨੀ ਦੇ ਅਜਿਹੇ ਗੁਰ ਦਿੱਤੇ ਕਿ ਇੱਕ ਦਿਨ ਫਤਿਹਗੜ੍ਹ ਛੰਨਾ ਵਿਖੇ ਰਾਜੇ ਦੀ ਹਾਜਰੀ ਵਿੱਚ ਹੋਈ ਪਹਿਲੀ ਕੁਸ਼ਤੀ ਵਿੱਚ ਹੀ ਕੌਲਾ ਸਿੰਘ ਨੇ ਅਜਿਹਾ ਧੋਬੀ ਪਟਕਾ ਮਾਰਿਆ ਕਿ ਕਿੱਕਰ ਸਿੰਘ ਨੂੰ ਮੈਦਾਨ ਛੱਡ ਕੇ ਭੱਜਣਾ ਪਿਆ। ਜਿਸ ਤੇ ਗੱਦ ਗੱਦ ਹੋਏ ਪਿੰਡ ਵਾਸੀਆਂ ਨੇ ਕੌਲਾ ਸਿੰਘ ਨੂੰ ਘਰ ਦੇ ਕੱਢੇ ਦੇਸ਼ੀ ਘਿਓ ਦਾ ਇੱਕ ਮਟਕਾ ਸਨਮਾਨ ਵਜੋਂ ਦਿੱਤਾ। ਰਾਜੇ ਦੇ ਰਾਜ ਵਿੱਚ ਦਿੱਤਾ ਗਿਆ ਇਹ ਸਨਮਾਨ ਪਿੰਡ ਦੇ ਲੋਕਾਂ ਵੱਲੋਂ ਰਾਜੇ ਨੂੰ ਇੱਕ ਤਰਾਂ ਦੀ ਚਣੌਤੀ ਸੀ ਕਿਉਕਿ  ਰਾਜੇ ਦੀ ਹਾਜਰੀ ‘ਚ ਇਸ ਤਰ੍ਹਾਂ ਕੀਤੇ ਜਾਂਦੇ ਕਿਸੇ ਦੇ ਮਾਣ ਸਨਮਾਨ ਨੂੰ ਰਾਜ ਘਰਾਣੇ  ਅਪਣਾ ਅਪਮਾਨ ਸਮਝਦੇ ਸਨ। 125 ਸਾਲ ਪਹਿਲਾਂ ਆਪਣੇ ਪੁਰਖੇ ਕੌਲਾ ਸਿੰਘ ਪਹਿਲਵਾਨ ਨੂੰ ਮਿਲਿਆ ਇਹ ਸਨਮਾਨ ਉਸ ਦੀ ਚੌਥੀ ਪੀੜ੍ਹੀ ਲਈ ਕਿਸੇ ਅਨਮੋਲ ਵਿਰਸਾਤ ਤੋਂ ਘੱਟ ਨਹੀਂ ਹੈ। ਜਿਸ ਨੂੰ ਪੂਰਾ ਪਰਿਵਾਰ ਜਿੱਥੇ ਅਦਬ ਤੇ ਸਤਿਕਾਰ ਨਾਲ ਸਿਰ ਝੁਕਾਉਦਾ ਹੈ, ਉੱਥੇ ਇਹ ਆਉਣ ਵਾਲੀਆਂ ਪੀੜੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਇਸ ਪੁਰਾਤਨ ਘਿਓ ਨੂੰ ਵੇਖਣ ਦੀ ਲਾਲਸਾ ਨਾਲ ਜਦੋਂ ਪੱਤਰਕਾਰਾਂ ਦੀ ਟੀਮ ਪਹਿਲਵਾਨ ਕੌਲਾ ਸਿੰਘ ਦੇ ਘਰ ਕੋਠੇ ਜੰਡਸਰ ਪਹੁੰਚੀ ਤਾਂ ਕੌਲਾ ਸਿੰਘ ਦੇ ਭਤੀਜੇ  ਅਮਰ ਸਿੰਘ ਦੇ ਤਿੰਨ ਪੁੱਤਰਾਂ ‘ਚੋਂ ਸਾਬਕਾ ਸਰਪੰਚ ਜਸਵੰਤ ਸਿੰਘ ਉਰਫ਼ ਲਾਲ ਸਿੰਘ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੌਲਾ ਸਿੰਘ ਆਪਣੀ ਜਵਾਨੀ ਵਿੱਚ ਬਹੁਤ ਹੀ ਜਰਵਾਣਾ ਮੱਲ ਸੀ ਅਤੇ ਉਹ ਹੀਰਾ ਸਿੰਘ ਸੈਦੋ ਵਾਲੇ ਪਹਿਲਵਾਨ ਦਾ ਚੇਲਾ ਸੀ। ਉਹਨਾ ਖੁਸ਼ੀ ਭਰੇ ਰੌਂਅ ‘ਚ ਦੱਸਿਆ ਕਿ ਉਸਦੀ ਵਿਸ਼ੇਸ਼ਤਾ ਇਹ ਸੀ ਕਿ ਉਹ  ਆਪਣੀ ਪਹਿਲਵਾਨੀ ਜਿੰਦਗੀ ਦੌਰਾਨ ਕਿਸੇ ਵੀ ਅਖਾੜੇ ਵਿੱਚ ਹਾਰਿਆ ਨਹੀਂ ਸੀ ਅਤੇ ਨਾ ਹੀ ਕਿਸੇ ਨੇ ਉਸ ਦੇ ਹੱਥੋਂ ਕਦੇ ਗੁਰਜ ਖੋਹਣ ਦੀ ਹਿੰਮਤ ਕੀਤੀ ਸੀ। 140 ਘੁਮਾਂ ਜ਼ਮੀਨ ਦੇ ਮਾਲਕ ਕੌਲਾ ਸਿੰਘ ਹੁਰੀਂ ਦੋ ਭਰਾ ਸਨ ਅਤੇ ਅਸੀਂ ਸਾਰੇ ਕੌਲਾ ਸਿੰਘ ਦੇ ਭਰਾ ਦੀ ਔਲਾਦ ਹਾਂ ਕਿਉਂਕਿ ਉਹਨਾ ਦੇ ਘਰ ਕੋਈ ਸੰਤਾਨ ਨਹੀਂ ਸੀ। ਉਹਨਾ ਅੱਗੇ ਦੱਸਿਆ ਕਿ ਨਾਭੇ ਵਾਲੇ ਰਾਜੇ ਦੇ ਸਾਹੀ ਪਹਿਲਵਾਨ ਕਿੱਕਰ ਸਿੰਘ ਹਰਾਉਣ ਦੇ ਸਨਮਾਨ ਵਜੋਂ ਪਿੰਡ ਫਤਿਹਗੜ੍ਹ ਛੰਨਾ ਦੇ ਲੋਕਾਂ ਵੱਲੋਂ ਦਿੱਤਾ ਗਿਆ ਇਹ ਘਿਓ ਸਾਡੇ ਲਈ ਬੇਸਕੀਮਤੀ ਹੈ ਅਤੇ ਜਦੋਂ ਤੱਕ ਸਾਡੇ ਖਾਨਦਾਨ ਦਾ ਦੀਵਾ ਜਗਦਾ ਰਹੇਗਾ ਉਦੋਂ ਤੱਕ ਇਸ ਘਿਓ ਨੂੰ ਸੋਨੇ ਦੇ ਭਾਅ ਵੀ ਨਹੀਂ ਵੇਚਾਂਗੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਾਵੇਂ ਕੌਲਾ ਸਿੰਘ ਤੋਂ ਬਾਅਦ ਸਾਡੇ ਘਰ ਵਿੱਚ ਕੋਈ ਪਹਿਲਵਾਨੀ ਵੱਲ ਨਹੀਂ ਗਿਆ ਪਰ ਅਜੇ ਤੱਕ ਪਰਿਵਾਰ ਦੇ ਸਾਰੇ ਜੀਅ ਨਸ਼ੇ ਤੋ ਰਹਿਤ ਹਨ। ਜਦੋਂ ਅਸੀਂ ਇਸ ਘਿਓ ਨੂੰ ਸੁੰਘ ਕੇ ਵੇਖਿਆ ਤਾਂ ਇਸ ਵਿੱਚੋਂ ਤਾਜ਼ੇ ਘਿਓ ਵਾਂਗ ਖੁਸ਼ਬੂ ਆ ਰਹੀ ਸੀ ਜਿਸ ਤੋ ਸਿੱਧ ਹੁੰਦਾ ਹੈ ਕਿ ਸ਼ੁੱਧ ਘਿਓ ਸਦੀਆਂ ਦੀ ਮਾਰ ਹੇਠਾਂ ਆ ਕੇ ਵੀ ਅਪਣੀ ਸੁੱਧਤਾ ਨਹੀਂ ਗਵਾਉਂਦਾ। ਜ਼ਿਕਰਯੋਗ ਹੈ ਕਿ ਅਪਣੇ ਵੱਡ ਵਡੇਰਿਆਂ ਨੂੰ ਇਨਾਮ ‘ਚ ਮਿਲੇ ਸੋਨੇ ਚਾਂਦੀ ਦੇ ਮੈਡਲਾਂ ਅਤੇ ਹੋਰ ਕੀਮਤੀ ਵਸਤਾਂ ਸਾਂਭਣ ਵਾਲੀਆਂ ਪੀੜ੍ਹੀਆਂ ਤਾਂ ਪੰਜਾਬ ਵਿੱਚ ਬਹੁਤ ਮਿਲ ਜਾਣਗੀਆਂ ਪਰ ਕਿਸੇ ਪਰਿਵਾਰ ਦੀ ਚੌਥੀ ਪੀੜੀ ਵੱਲੋਂ ਸਵਾ ਸੌ ਸਾਲ ਪੁਰਾਣਾ ਘਿਓ ਸਾਂਭਣਾ ਆਪਣੇ ਆਪ ਵਿੱਚ ਇੱਕ ਵੱਡੀ ਮਿਸਾਲ ਹੈ।

WRITTEN BY