ਪਲੇਠੀ ਰੈਲੀ ਦੌਰਾਨ ਜ਼ਿਲ੍ਹੇ ਦੇ ਸਾਰੇ ਅਕਾਲੀ ਆਗੂਆਂ ਨੇ ਇੱਕਜੁਟਤਾ ਨਾਲ ਜੁਨੇਜਾ ਨੂੰ ਵੱਡੀ ਜਿੱਤ ਦਿਵਾਉਣ ਦਾ ਕੀਤਾ ਪ੍ਰਣ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ-ਪਟਿਆਲਾ, 31 ਜੁਲਾਈ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਪਟਿਆਲਾ ਉਪ ਚੋਣ ਨੂੰ ਪਟਿਆਲਾ ਦੇ ਲੋਕ ਸਮਾਜ ਸੇਵਾ ਨੂੰ ਸਮੱਰਪਤ ਸ੍ਰੀ ਭਗਵਾਨ ਦਾਸ ਜੁਨੇਜਾ ਨੂੰ ਵੱਡੀ ਜਿੱਤ ਦਿਵਾ ਕੇ ‘ਰਜਵਾੜਾਸ਼ਾਹੀ’ ਦਾ ਅੰਤ ਕਰਨ ਦੇ ਮੌਕੇ ਵਜੋਂ ਲੈਣਗੇ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰੀ ਭਗਵਾਨ ਦਾਸ ਜੁਨੇਜਾ ਦੇ ਹੱਕ ’ਚ ਅੱਜ ਇਥੇ ਹੋਏ ਇੱਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਟਿਆਲਾ ਉੱਪ ਚੋਣ ਲਈ ਸ੍ਰੀ ਜੁਨੇਜਾ ਦੀ ਪਾਰਟੀ ਉਮੀਦਵਾਰ ਵਜੋਂ ਚੋਣ ਪਾਰਟੀ ਨੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਕੀਤੀ ਗਈ ਹੈ। ਉਨ੍ਹਾਂ
ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਾਂਗ ਚਾਹ ਦੀ ਦੁਕਾਨ ਤੋਂ ਆਪਣੇ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਸ੍ਰੀ ਜੁਨੇਜਾ ਜਿੱਥੇ ਸਖਤ ਮਿਹਨਤ ਕਰਦਿਆਂ ਬੁਲੰਦੀਆਂ ’ਤੇ ਪਹੁੰਚੇ ਉਥੇ ਉਹ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਂਦੇ ਰਹੇ। ਅਕਾਲੀ-ਭਾਜਪਾ ਉਮੀਦਵਾਰ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਤੁਲਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇੱਕ ਪਾਸੇ ਉਹ ਵਿਅਕਤੀ ਹੈ ਜੋ ਹਰ ਵਕਤ ਲੋਕਾਂ ਨਾਲ ਜੁੜਿਆ ਰਹਿੰਦਾ ਹੈ ਅਤੇ ਦੂਸਰੇ ਪਾਸੇ ਮਹਾਰਾਜਾ ਪਰਿਵਾਰ ਹੈ ਜੋ ਸਿਰਫ ਚੋਣਾਂ ਦੌਰਾਨ ਹੀ ਲੋਕਾਂ ਨੂੰ ਦਰਸ਼ਨ ਦਿੰਦਾ ਹੈ। ਕੈਪਟਨ ਅਮਰਿੰਦਰ ਸਿੰਘ ’ਤੇ ਸਿੱਧਾ ਹਮਲਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮਹਾਰਾਜਾ ਸਾਹਿਬ ਨੇ ਅੰਮ੍ਰਿਤਸਰ ਤੋਂ ਚੋਣ ਜਿੱਤ ਕੇ ਸਾਂਸਦ ਬਨਣ ਉਪਰੰਤ ਅੰਮ੍ਰਿਤਸਰ ਦੇ ਲੋਕਾਂ ਨੂੰ ਉਨ੍ਹਾਂ ਦੇ ਸਿਰਫ ਇੱਕ ਵਾਰ ਦਰਸ਼ਨ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਪਟਿਆਲਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਮਹਾਰਾਣੀ ਪ੍ਰਨੀਤ ਕੌਰ ਉਨ੍ਹਾਂ ਕੋਲ ਵੋਟ ਮੰਗਣ ਆਉਣ ਤਾਂ ਉਨ੍ਹਾਂ ਤੋਂ ਲੋਕ ਇੱਕ ਸਵਾਲ ਜ਼ਰੂਰ ਪੁੱਛਣ ਕਿ ਉਨ੍ਹਾਂ ਨੇ ਬੀਤੇ 10 ਸਾਲਾਂ ਦੌਰਾਨ ਪਟਿਆਲਾ ਦੇ ਵਿਕਾਸ ਲਈ ਕੇਂਦਰ ਤੋਂ ਕਿਹੜਾ ਪ੍ਰੋਜੈਕਟ ਲਿਆਂਦਾ ਹੈ। ਸ. ਬਾਦਲ ਨੇ ਕਿਹਾ ਕਿ ਸ੍ਰੀਮਤੀ ਪ੍ਰਨੀਤ ਕੌਰ ਨੇ ਕਾਂਗਰਸ ਦੀ ਯੂ.ਪੀ.ਏ ਸਰਕਾਰ ’ਚ ਮੰਤਰੀ ਹੁੰਦਿਆਂ ਹੋਇਆ ਵੀ ਪਟਿਆਲਾ ਦੇ ਵਿਕਾਸ ਲਈ ਕੋਈ ਪ੍ਰੋਜੈਕਟ ਜਾਂ ਯੋਜਨਾ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਭਗਵਾਨ ਦਾਸ ਜੁਨੇਜਾ ਨੇ ਰੈਲੀ ਨੂੰ ਕਾਮਯਾਬ ਬਨਾਉਣ ਲਈ ਹੋਏ ਇਕੱਠ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਤੋਂ ਆਮ ਲੋਕਾਂ ਦੀਆਂ ਮੁਸ਼ਕਲਾਂ ’ਚ ਕੰਮ ਆਉਣ ਦਾ ਯਤਨ ਕਰਦੇ ਰਹੇ ਹਨ ਅਤੇ ਉੱਪ ਚੋਣ ਜਿੱਤਣ ਨਾਲ ਉਨ੍ਹਾਂ ਨੂੰ ਇਹ ਸੇਵਾ ਹੋਰ ਵੱਧ-ਚੜ੍ਹ ਕੇ ਕਰਨ ਦਾ ਬਲ ਮਿਲੇਗਾ। ਰੈਲੀ ਦੌਰਾਨ ਸਟੇਜ ’ਤੇ ਹਾਜਰ ਪਟਿਆਲਾ ਦੀ ਸਮੂਹ ਅਕਾਲੀ-ਭਾਜਪਾ ਲੀਡਰਸ਼ਿਪ ਨੇ ਇੱਕਜੁਟਤਾ ਨਾਲ ਪ੍ਰਣ ਕੀਤਾ ਕਿ ਉਹ ਸ੍ਰੀ ਜੁਨੇਜਾ ਦੀ ਇਤਿਹਾਸਕ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਯੂਥ ਅਕਾਲੀ ਦਲ ਦੇ ਖਜ਼ਾਨਚੀ ਸ੍ਰੀ ਹਰਪਾਲ ਜੁਨੇਜਾ ਤੇ ਯੂਥ ਅਕਾਲੀ ਦਲ ਪਟਿਆਲਾ ਦੇ ਪ੍ਰਧਾਨ ਹਰਮੀਤ ਸਿੰਘ ਪਠਾਣਮਾਜਰਾ ਦੀ ਟੀਮ ਨੇ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਤ ਕੀਤਾ। ਰੈਲੀ ਤੋਂ ਪਹਿਲਾਂ ਸ੍ਰੀ ਭਗਵਾਨ ਦਾਸ ਜੁਨੇਜਾ ਨੇ ਸ. ਸੁਖਬੀਰ ਸਿੰਘ ਬਾਦਲ ਦੀ ਹਾਜਰੀ ’ਚ ਐਸ.ਡੀ.ਐਮ. ਸ. ਗੁਰਪਾਲ ਸਿੰਘ ਚਹਿਲ ਦੇ ਦਫਤਰ ਵਿਖੇ ਪਟਿਆਲਾ ਤੋਂ ਉਪ ਚੋਣ ਲਈ ਪਾਰਟੀ ਦੇ ਉਮੀਦਵਾਰ ਵਜੋਂ ਕਾਗਜ ਦਾਖਲ ਕਰਵਾਏ।
ਅੱਜ ਦੀ ਇਸ ਭਰਵੀਂ ਰੈਲੀ ’ਚ ਹੋਰਨਾਂ ਪ੍ਰਮੁੱਖ ਹਸਤੀਆਂ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ, ਸ੍ਰੀ ਸੁਰਜੀਤ ਸਿੰਘ ਰੱਖੜਾ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਸ੍ਰੀ ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, ਸ੍ਰੀ ਐਨ ਕੇ ਸ਼ਰਮਾ ਮੁੱਖ ਪਾਰਲੀਮਾਨੀ ਸਕੱਤਰ, ਵਨਿੰਦਰ ਕੌਰ ਲੂੰਬਾ ਤੇ ਹਰਪ੍ਰੀਤ ਕੌਰ ਮੁਖਮੇਲਪੁਰ ਦੋਵੇਂ ਵਿਧਾਇਕ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਸੁਰਜੀਤ ਸਿੰਘ ਕੋਹਲੀ, ਹਰਮੇਲ ਸਿੰਘ ਟੌਹੜਾ, ਰਾਜ ਖੁਰਾਣਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਬੀਬਾ ਅਮਰਜੀਤ ਕੌਰ ਸਾਬਕਾ ਐਮ ਪੀ, ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਐਮ ਪੀ, ਐਡਵੋਕੇਟ ਦੀਪਇੰਦਰ ਸਿੰਘ ਢਿੱਲੋਂ, ਜ਼ਿਲ੍ਹਾ ਅਕਾਲੀ ਜੱਥੇ ਦੇ ਪ੍ਰਧਾਨ ਫੌਜ ਇੰਦਰ ਸਿੰਘ ਮੁਖਮੇਲਪੁਰ, ਸ਼ਹਿਰੀ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਹਰਮੀਤ ਸਿੰਘ ਪਠਾਣਮਾਜਰਾ, ਸ਼ਹਿਰੀ ਪ੍ਰਧਾਨ ਕੈਪਟਨ ਪ੍ਰੀਤਇੰਦਰ ਸਿੰਘ, ਮੇਅਰ ਅਮਰਿੰਦਰ ਸਿੰਘ ਬਜਾਜ, ਸ਼੍ਰੋਮਣੀ ਕਮੇਟੀ ਕਾਰਜਕਾਰਨੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਮੈਂਬਰ ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਲਾਭ ਸਿੰਘ ਦੇਵੀਨਗਰ, ਸਵਿੰਦਰ ਸਿੰਘ ਸਭਰਵਾਲ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਸਪਾਲ ਸਿੰਘ ਪ੍ਰਧਾਨ ਸਾਬਕਾ ਮੇਅਰ, ਅਜੀਤਪਾਲ ਸਿੰਘ ਕੋਹਲੀ ਸਾਬਕਾ ਮੇਅਰ, ਵਿਸ਼ਨੂੰ ਸ਼ਰਮਾ ਸਾਬਕਾ ਮੇਅਰ, ਮੱਖਣ ਸਿੰਘ ਲਾਲਕਾ, ਜਸਜੀਤ ਸਿੰਘ ਬਨੀ ਸਾਬਕਾ ਵਿਧਾਇਕ, ਅਜੈ ਲਿਬੜਾ, ਬੀਬੀ ਅਨੂਪਇੰਦਰ ਕੌਰ, ਜਸਪਾਲ ਸਿੰਘ ਕਲਿਆਣ ਤੇ ਬਲਵਿੰਦਰ ਸਿੰਘ ਬਰਸਟ, ਸੁਰਿੰਦਰ ਸਿੰਘ ਪਹਿਲਵਾਨ ਤਿੰਨੋਂ ਚੇਅਰਮੈਨ, ਹਰਪ੍ਰੀਤ ਕੌਰ ਚੇਅਰਪਰਸਨ, ਸੁਖਵਿੰਦਰ ਸਿੰਘ ਬੌਬੀ, ਐਡਵੋਕੇਟ ਸਤਵੀਰ ਸਿੰਘ ਖੱਟੜਾ, ਹਰੀ ਸਿੰਘ ਐਮ ਡੀ ਪ੍ਰੀਤ ਐਗਰੋ, ਸੁਰਜੀਤ ਸਿੰਘ ਅਬਲੋਵਾਲ, ਰਣਧੀਰ ਸਿੰਘ ਰੱਖੜਾ, ਮੂਸਾ ਖਾਨ, ਗੁਰਵਿੰਦਰ ਸਿੰਘ ਸ਼ਕਤੀਮਾਨ, ਭਾਜਪਾ ਨੇਤਾ ਗੁਰਤੇਜ ਢਿੱਲੋਂ, ਕੌਂਸਲਰ ਸੁਖਵਿੰਦਰਪਾਲ ਸਿੰਘ ਮਿੰਟਾ, ਰੁਲਦਾ ਖੁਸ਼ਦਿਲ, ਜਸਪਾਲ ਸਿੰਘ ਬਿੱਟੂ ਚੱਠਾ, ਬਲਵੀਰ ਸਿੰਘ ਖਰੌੜ ਤੇ ਰਾਜਿੰਦਰ ਵਿਰਕ ਸਾਰੇ ਕੌਂਸਲਰ, ਜਸਵਿੰਦਰ ਸਿੰਘ ਚੀਮਾ, ਛੱਜੂ ਰਾਮ ਸੋਫਤ, ਜਸਪ੍ਰੀਤ ਝੰਬਾਲੀ, ਬੀਬਾ ਸਹਿਗਲ ਤੇ ਹੋਰ ਪਤਵੰਤੇ ਹਾਜ਼ਰ ਸਨ।



