ਰਿਪੋਰਟ ’ਚ ਉਤਰ ਪ੍ਰਦੇਸ਼ ਦੇ ਹਾਲਾਤ ਦੀ ਤੁਲਨਾ ਇਰਾਕ, ਬੰਗਲਾਦੇਸ਼ ਅਤੇ ਸ਼ੀਰੀਆ ਨਾਲ
ਨਵੀਂ ਦਿੱਲੀ, 31 ਜੁਲਾਈ (ਪੀ. ਟੀ. ਲਾਇਵ)- ਧਰਮ ਅਜਾਦੀ ਬਾਰੇ ਹਰ ਸਾਲ ਜਾਰੀ ਹੋਣ ਵਾਲੀ ਅਮਰੀਕੀ ਰਿਪੋਰਟ ਵਿੱਚ ਇਸ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜ਼ਿਕਰ ਨਹੀਂ ਹੈ। ਇਸ ਸਬੰਧ ਵਿੱਚ ਅਮਰੀਕਾ ਦਾ ਦ੍ਰਿਸ਼ਟੀਕੋਣ ਬਦਲਿਆ ਹੋਇਆ ਹੈ। 2007 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਨੇ ਆਪਣੇ ਰੁੱਖ ਵਿੱਚ ਵੱਡੀ ਤਬਦੀਲੀ ਕਰਦੇ ਹੋਏ ਇਸ ਰਿਪੋਰਟ ਵਿੱਚ ਸ੍ਰੀ ਮੋਦੀ ਦੇ ਜ਼ਿਕਰ ਨੂੰ ਹਟਾ ਲਿਆ ਹੈ। ਉਥੇ ਇਸ ਰਿਪੋਰਟ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਦੇ ਅਧੀਨ ਉੱਤਰ ਪ੍ਰਦੇਸ਼ ਦੀ ਤੁਲਨਾ ਇਰਾਕ, ਬੰਗਲਾਦੇਸ਼ ਅਤੇ ਸ਼ੀਰੀਆ ਨਾਲ ਕੀਤੀ ਗਈ ਹੈ।ਆਪਣੀ ਸਾਲਾਨਾ ਕੌਮਾਂਤਰੀ ਧਾਰਮਿਕ ਅਜਾਦੀ ਰਿਪੋਰਟ ਵਿੱਚ ਗੁਜਰਾਤ ਦੰਗਿਆਂ ਬਾਰੇ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰੰਤੂ ਇਸ
ਵਿੱਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਅਤੇ ਵਰਤਮਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਾਰੇ ਥਾਵਾਂ ਤੋਂ ਜ਼ਿਕਰ ਹਟਾ ਦਿੱਤਾ ਗਿਆ ਹੈ। ਅਮਰੀਕਾ ਇਸ ਰਿਪੋਰਟ ਦੇ ਆਧਾਰ ਉਪਰ ਹੀ ਬੀਤੇ 7 ਸਾਲ ਤੋਂ ਸ੍ਰੀ ਮੋਦੀ ਨੂੰ ਵੀਜ਼ਾ ਦੇਣ ਤੋਂ ਇੰਨਕਾਰ ਕਰਦਾ ਰਿਹਾ ਹੈ। ਤਾਜ਼ਾ ਰਿਪੋਰਟ ਅਮਰੀਕੀ ਵਿਦੇਸ਼ ਮੰਤਰੀ ਸ੍ਰੀ ਜਾਨ ਕੈਰੀ ਦੀ ਭਾਰਤ ਯਾਤਰਾ ਤੋਂ ਠੀਕ ਪਹਿਲਾਂ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਤਬਦੀਲੀ ਨਾ ਕੇਵਲ ਮੋਦੀ ਬਲਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਲਿਹਾਜ ਨਾਲ ਅਮਰੀਕੀ ਨਜ਼ਰੀਏ ਵਿੱਚ ਇੱਕ ਵੱਡੀ ਤਬਦੀਲੀ ਮੰਨਿਆ ਜਾ ਸਕਦਾ ਹੈ। ਧਾਰਮਿਕ ਅਜਾਦੀ ਦੇ ਮੁੱਦੇ ਉਪਰ ਇਸ ਰਿਪੋਰਟ ’ਚ ਉਤਰ ਪ੍ਰਦੇਸ਼ ਦੀ ਤੁਲਨਾ ਇਰਾਕ ਅਤੇ ਸੀਰੀਆ ਨਾਲ ਕੀਤੀ ਗਈ ਹੈ। ਉਤਰ ਪ੍ਰਦੇਸ਼ ਸਰਕਾਰ ਦੀ ਇਸ ਗਲ ਦੀ ਨਿੰਦਾ ਕੀਤੀ ਗਈ ਹੈ ਕਿ ਉਸ ਨੇ ਧਰਮ ਅਤੇ ਅਸਹਿਨਸ਼ੀਲਤਾ ਦੇ ਅਧਾਰ ਉਪਰ ਹੋ ਰਹੇ ਭੇਦਭਾਵ ਨੂੰ ਮਿਟਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਰਿਪੋਰਟ ਆਖਦੀ ਹੈ ਕਿ ਧਰਮ ਦੇ ਆਧਾਰ ਉਪਰ ਭੇਦਭਾਵ ਦਾ ਮੁਕਾਬਲਾ ਕਰਨ ਵਿੱਚ ਉਤਰ ਪ੍ਰਦੇਸ਼ ਸਰਕਾਰ ਦੀ ਅਸਫਲਤਾ ਨਾਲ ਹੀ ਅਜਿਹਾ ਮਾਹੌਲ ਬਣਿਆ ਹੈ ਜਿਸ ਵਿੱਚ ਅਸਹਿਣਸ਼ੀਲ ਅਤੇ ਹਿੰਸਕ ਗੁੱਟਾਂ ਦੇ ਹੌਸਲੇ ਬੁਲੰਦ ਹੋ ਗਏ ਹਨ। ਇਥੇ ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਕੌਮਾਂਤਰੀ ਧਾਰਮਿਕ ਅਜਾਦੀ ਬਾਰੇ ਇਹ ਰਿਪੋਰਟ ਪਿਛਲੇ 16 ਸਾਲ ਤੋਂ ਜਾਰੀ ਹੋ ਰਹੀ ਹੈ। ਇਸ ਰਿਪੋਰਟ ਨੂੰ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਮਿਲੀ ਹੋਈ ਹੈ। ਇਹ ਦੁਨੀਆਂ ਭਰ ਦੇ ਦੇਸ਼ਾਂ ਅਤੇ ਖੇਤਰਾਂ ਲਈ ਤਿਆਰ ਕੀਤੀ ਜਾਂਦੀ ਹੈ।



