ਸੁਨੀਲ ਕਟਾਰੀਆ
ਸੰਪਰਕ : 98768 53253
‘‘ਜਦੋਂ ਤੂੰ ਨਾਂ ਲਵੇਂ ਸਾਡਾ, ਇਹ ਦਿਲ ਕੁਰਬਾਨ ਹੋ ਜਾਂਦੈ, ਆਪਣੇ ਆਪ ’ਤੇ ਸੱਜਣਾ ਅਸਾਂ ਨੂੰ ਮਾਣ ਹੋ ਜਾਂਦੈ’’ ਇਹ ਗੀਤ ਸੰਗੀਤਕ ਹਲਕਿਆਂ ਦੇ ਨਾਲ ਨਾਲ ਸਾਹਿਤਕ ਹਲਕਿਆਂ ’ਚ ਵੀ ਬੇਹਦ ਪਸੰਦ ਕੀਤਾ ਗਿਆ ਹੈ। ਗਾਇਕ ਸਿਕੰਦਰ ਦੀ ਬਿਹਤਰੀਨ ਅਵਾਜ਼ ਤੇ ਦੀਪ ਕੰਡਿਆਰਾ ਦੇ ਲਿਖੇ ਇਸ ਗੀਤ ਦਾ ਰਸ ਸੰਗੀਤ ਪ੍ਰੇਮੀਆਂ ਤਕ ਪਹੁੰਚਿਆ ਤੇ ਸਿਕੰਦਰ ਦਾ ਨਾਂ ਚੰਗੀ ਪੰਜਾਬੀ ਗਾਇਕੀ ਦੇ ਹਵਾਲੇ ਤੋਂ ਹੋਰ ਉੱਚਾ ਹੋਇਆ। ਸਿਕੰਦਰ ਦੇ ਨਾਂ ਤੋਂ ਸੰਗੀਤ ਦੇ ਨਾਲ ਨਾਲ ਸਾਹਿਤਕ ਹਲਕਿਆਂ ਦੇ ਮਾਹਿਰ ਵੀ ਜਾਣੂ ਹਨ। ਸੰਗੀਤ ਦੀ ਦੁਨੀਆ ’ਚ ਉਸਦੀ ਆਪਣੀ ਇੱਕ ਥਾਂ ਹੈ ਤੇ ਉਸਨੇ ਆਪਣੇ ਨਾਂ ਹੇਠਾਂ ਹੀ ਆਪਣੀ ਪਹਿਲੀ ਐਲਬਮ ‘ਸਿਕੰਦਰ’ ਨੂੰ ਸੰਗੀਤ ਦੀ ਦੁਨੀਆ ’ਚ ਪੇਸ਼ ਕੀਤਾ। ਇਸ ਐਲਬਮ ਰਾਹੀਂ ਉਸਨੇ ਆਪਣੀ ਅਵਾਜ਼ ਤੇ ਬਿਹਤਰੀਨ ਅਲਫ਼ਾਜ਼ਾਂ ਨਾਲ ਲੋਕਾਂ ਦੇ ਦਿਲਾਂ ਤਕ ਆਪਣੀ ਪਹੁੰਚ ਕਾਇਮ ਕੀਤੀ ਹੈ।
ਸਿਕੰਦਰ ਨੂੰ ‘ਸਿਕੰਦਰ’ ਨਾਂ ਤੋਂ ਤਾਂ ਮੈਂ ਤੇ ਚੰਗੇ ਸੰਗੀਤ ਨੂੰ ਪਸੰਦ ਕਰਨ ਵਾਲਿਆਂ ਨੇ ਭਾਵੇਂ ਤਕਰੀਬਨ 2 ਸਾਲ ਪਹਿਲਾਂ ਹੀ ਸੁਣਿਆ ਹੋਵੇ, ਪਰ ਸਿਕੰਦਰ ਦੀ ‘ਸਿਕੰਦਰ’ ਨਾਂ ਤਕ ਪਹੁੰਚਣ ਪਿੱਛੇ ਸਖ਼ਤ ਘਾਲਣਾ ਤੇ ਲੰਮੀ ਕਹਾਣੀ ਹੈ। ਪਹਿਲੀ ਐਲਬਮ ਸਿਕੰਦਰ ’ਚ ਉਸਦੇ ਗਾਏ ਟੱਪਿਆਂ ਨੂੰ ਸੁਨਣ ਤੋਂ ਬਾਅਦ ਤੋਂ ਹੀ ਉਸਦੇ ‘ਪੱਕੇ’ ਸਰੋਤੇ ਵੀ ਬਣ ਗਏ ਹਨ। ਗੀਤਕਾਰ ਹਰਫ਼ ਚੀਮਾ ਦੇ ਗੀਤ ‘ਰੋਟੀ ਜੋਗੇ ਹੈਗੇ ਆਂ ਵੇ, ਗੋਲੀ ਮਾਰ ਕਮਾਈਆਂ ਨੂੰ’ ਗੀਤ ਨੇ ਸਿਕੰਦਰ ਨੇ ਅਜਿਹਾ ਨਿਭਾਇਆ ਕੇ ਹਰ ਇੱਕ ਨੂੰ ਧੁਰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ। ਸਿਕੰਦਰ ਐਲਬਮ ਨਾਲ ਸੰਗੀਤ ਦੀ ਦੁਨੀਆ ’ਚ ਨਵੇਂ ਤੇ ਨੌਜਵਾਨ ਗਾਇਕਾਂ ਦੇ ਨਾਲ ਨਾਲ ਸੁਨਣ ਵਾਲੀ ਨੌਜਵਾਨ ਪੀੜੀ ’ਚ ਵੀ ਸਿਕੰਦਰ ਦੇ ਨਾਂ ਤੇ ਗਾਇਕੀ ਦੀ ਚਰਚਾ ਹੈ।
ਤੇ ਹੁਣ ਗੱਲ ਕਰਦੇ ਆਂ ਸਲੀਮ ਅਖ਼ਤਰ ਦੀ। ਸਿਕੰਦਰ ਬਨਣ ਤੋਂ ਪਹਿਲਾਂ ‘ਸਿਕੰਦਰ’ ਸੰਗੀਤਕ ਤੇ ਸਾਹਿਤਕ ਦੁਨੀਆ ਲਈ ਸਲੀਮ ਅਖ਼ਤਰ ਹੋਇਆ ਕਰਦਾ ਸੀ। ਮੋਗੇ ਜਿਲੇ ਦੇ ਪਿੰਡ ਸੇਖਾਂ ਖੁਰਦ ਤੋਂ ਤੁਰਿਆ ਸਲੀਮ ਅੱਜ ਸਿਕੰਦਰ ਦੇ ਤੌਰ ’ਤੇ ਸਭ ਦੇ ਰੂ ਬ ਰੂ ਹੈ। ਪਿੰਡ ’ਚ ਹੀ ਸਕੂਲੀ ਪੜਾਈ ਕਰਦਿਆਂ ਹੋਇਆਂ ਪਿਤਾ ਮੇਹਰਦੀਨ ਹੋਰਾਂ ਦੀ ਹੱਲਾਸ਼ੇਰੀ ਨੇ ਸਲੀਮ ਨੂੰ ਸੰਗੀਤ ਵੱਲ ਤੋਰਿਆ ਤੇ ਤਾਲੀਮ ਵੀ ਦਿੱਤੀ।
ਸਲੀਮ ਦਾ ਪਿੰਡ ਕੋਟਕਪੂਰੇ ਦੇ ਨੇੜੇ ਹੋਣ ਕਰਕੇ ਉਸਨੇ ਅਗਲੀ ਪੜਾਈ ਲਈ ਕੋਟਕਪੂਰੇ ਦੇ ਹੀ ਸ਼ਹੀਦ ਭਗਤ ਸਿੰਘ ਕਾਲਜ ’ਚ ਬੀ.ਏ ਮਿਊੁਜ਼ਿਕ ’ਚ ਦਾਖਲਾ ਲੈ ਲਿਆ ਤੇ ਫਿਰ ਸ਼ੁਰੂ ਹੋਇਆ ਅਸਲ ਤੌਰ ਤੇ ਸਲੀਮ ਦਾ ਸੰਗੀਤਕ ਸਫ਼ਰ। ਕਾਲਜ ’ਚ ਪੜਦਿਆਂ ਸਲੀਮ ਨੇ ਯੂਥ ਫੈਸਟੀਵਲਾਂ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਸ਼ੁਰੂ ਹੋ ਗਿਆ ਉਸਦੇ ਗੋਲਡ ਮੈਡਲ ਹਾਸਿਲ ਕਰਨ ਦਾ ਸਿਲਸਿਲਾ। ਗਾਇਕੀ ਦੇ ਨਾਲ ਨਾਲ ਸਲੀਮ ਕਈ ਨਾਟਕਾਂ ਲਈ ਸੰਗੀਤ ਵੀ ਦਿੰਦਾ ਰਿਹਾ। ਇਸ ਦੌਰਾਨ ਉਸਨੇ ਪੰਜਾਬ ਦੇ ਕਈ ਨਾਮਵਰ ਨਾਟਕ ਨਿਰਦੇਸ਼ਕਾਂ ਨਾਲ ਕੰਮ ਕੀਤਾ, ਜਿੰਨ੍ਹਾਂ ’ਚ ਪਰਮ ਢਿੱਲੋਂ, ਸੈਮੁਅਲ ਜੋਹਨ, ਕੇਵਲ ਧਾਲੀਵਾਲ, ਅਨੀਤ ਸ਼ਬਦੀਸ਼ ਦੇ ਨਾਂ ਸ਼ਾਮਿਲ ਹਨ। ਸੰਗੀਤ ’ਚ ਸਲੀਮ ਮੈਡਮ ਅਰੁਣਾ ਰਣਦੇਵ ਤੇ ਫੂਲਜੀਤ ਕੌਰ ਹੋਰਾਂ ਨੂੰ ਆਪਣੇ ਉਸਤਾਦ ਮੰਨਦਾ ਹੈ। ਪਰਮ ਢਿੱਲੋਂ ਹੋਰਾਂ ਨੇ ਨਾਟਕਾਂ ’ਚ ਸਲੀਮ ਦਾ ਆਗਾਜ਼ ਕਰਵਾਇਆ ਸੀ। ਨਾਟਕਾਂ ’ਚ ਗਾਉਣ ਤੇ ਸੰਗੀਤ ਦੇਣ ਤੋਂ ਬਾਅਦ ਸਲੀਮ ਅੰਦਰ ਤਾਂਘ ਪੈਦਾ ਹੋਈ ਆਪਣੀ ਹੀ ਇੱਕ ਐਲਬਮ ਕਰਨ ਦੀ ਤੇ ਇਸ ਉੱਤੇ ਕੰਮ ਹੋਣਾ ਵੀ ਸ਼ੁਰੂ ਹੋ ਗਿਆ। ਆਖ਼ਿਰਕਾਰ ਉਹਨਾਂ ਦਿਨਾਂ ’ਚ ਕਰੜੀ ਮਿਹਨਤ ਤੇ ਮੁਸ਼ਕੱਤ ਤੋਂ ਬਾਅਦ ਸੰਗੀਤਕਾਰ ਸੁਰਿੰਦਰ ਬਚਨ ਦੇ ਸੰਗੀਤ ’ਚ ਐਲਬਮ ਤਿਆਰ ਹੋ ਗਈ, ਪਰ ਕਈ ਕਾਰਨਾਂ ਕਰਕੇ ਰੀਲੀਜ਼ ਨਾ ਹੋ ਸਕੀ।
ਖ਼ੈਰ, ਸਮਾਂ ਬੀਤਿਆ ਤੇ ਪੰਜਾਬ ਦੇ ਬਿਹਤਰੀਨ ਲੇਖਕਾਂ ਤੇ ਸਾਹਿਤਕ ਹਲਕਿਆਂ ਦੇ ਵੱਡੇ ਨਾਵਾਂ ਦਿਆਂ ਅਲਫ਼ਾਜ਼ਾਂ ਨੂੰ ‘ਪਰਵਾਜ਼’ ਦੇ ਨਾਂ ਹੇਠ ਇੱਕ ਐਲਬਮ ਦੇ ਤੌਰ ’ਤੇ ਰਿਕਾਰਡ ਕਰ ਲਿਆ ਗਿਆ। ਇਸ ਕੋਸ਼ਿਸ਼ ’ਚ ਪੀਪਲਜ਼ ਫੋਰਮ, ਬਰਗਾੜੀ ਤੇ ਗੁਰਜਿੰਦਰ ਮਾਹੀ ਨੇ ਸਲੀਮ ਦਾ ਭਰਪੂਰ ਸਾਥ ਦਿੱਤਾ। ਰਜਿੰਦਰ ਜੀਤ, ਸੁਖਵਿੰਦਰ ਅਮ੍ਰਿਤ ਤੇ ਸ਼ਿਵ ਕੁਮਾਰ ਬਟਾਲਵੀ ਹੋਰਾਂ ਦਿਆਂ ਗੀਤਾਂ ਤੇ ਗਜ਼ਲਾਂ ਨਾਲ ਸਜੀ ਐਲਬਮ ‘ਪਰਵਾਜ਼’ ਨੂੰ ਉਮੀਦ ਤੋਂ ਵੱਧ ਹੁੰਗਾਰਾ ਮਿਲਿਆ ਤੇ ਸਾਹਿਤਕ ਹਲਕਿਆਂ ’ਚ ਸਲੀਮ ਦਾ ਨਾਂ ਬੋਲਣ ਲੱਗਿਆ।
ਸਲੀਮ ਤੋਂ ਸਿਕੰਦਰ
ਤੇ ਫ਼ਿਰ 2 ਸਾਲ ਪਹਿਲਾਂ ਸਤੰਬਰ 2012 ’ਚ ਸਮਾਂ ਆਇਆ ਜਦੋਂ ਸਲੀਮ ਨੇ ਸਿੰਕਦਰ ਦੇ ਤੌਰ ’ਤੇ ਅਸਲ ’ਚ ਪੱਕੇ ਪੈਰੀਂ ਆਪਣੇ ਆਪ ਨੂੰ ਪੇਸ਼ ਕਰਨ ਬਾਰੇ ਵਿਚਾਰ ਕੀਤਾ। ਆਫ਼ੀਸ਼ਿਅਲ ਤੌਰ ’ਤੇ ਆਪਣੀ ਪਹਿਲੀ ਐਲਬਮ ਨੂੰ ਆਪਣੇ ਹੀ ਨਵੇਂ ਨਾਂ ਹੇਠਾਂ ਰੀਲੀਜ਼ ਕਰਨ ਦਾ ਫੈਸਲਾ ਲਿਆ ਗਿਆ ਤੇ ਸਲੀਮ ਅਖ਼ਤਰ ਦਾ ਨਾਂ ਸਿਕੰਦਰ ਹੋ ਗਿਆ। ਪਹਿਲੀ ਐਲਬਮ ’ਤੇ ਹੀ ਇੱਕ ਸਾਲ ਤਕ ਮਿਹਨਤ ਕਰਨ ਤੋਂ ਬਾਅਦ ਜੋ ਹੁੰਗਾਰਾ ਹਾਸਿਲ ਹੋਇਆ ਉਹ ਅਸਲ ’ਚ ਮਿਹਨਤ ਦੀ ਹੀ ਅਸਲ ਤਸਵੀਰ ਸੀ। ਇਸ ਐਲਬਮ ’ਚ ਸਿਕੰਦਰ ਦੇ ਆਪਣੇ ਲਿਖੇ ਗੀਤਾਂ ਤੋਂ ਅਲਾਵਾ ਦੀਪ ਕੰਡਿਆਰਾ, ਹਰਫ਼ ਚੀਮਾ, ਅਮਰੀਕ ਗਾਫ਼ਿਲ ਤੇ ਹਜਾਰੀ ਲਾਲ ਹਜਾਰਾ ਦੇ ਗੀਤ ਸ਼ਾਮਿਲ ਸਨ।
ਟੱਪੇ, ਰੋਟੀ ਜੋਗੇ ਤੇ ਕੁਰਬਾਨ ਗੀਤਾਂ ਨੂੰ ਤਾਂ ਬੇਹਦ ਪਸੰਦ ਕੀਤਾ ਗਿਆ ਤੇ ਇਹਨਾਂ ਗੀਤਾਂ ਨੇ ਪੰਜਾਬੀ ਜ਼ੁਬਾਨ ਤੇ ਪੰਜਾਬੀਅਤ ਦੇ ਹਵਾਲੇ ਤੋਂ ਸਿਕੰਦਰ ਨੂੰ ਇੱਕ ਵੱਖਰੀ ਪਛਾਣ ਦਿੱਤੀ। ਬਿਹਤਰੀਨ ਸੰਗੀਤ ਲਈ ਵੀ ਇਹ ਐਲਬਮ ਪੰਜਾਬੀ ਗੀਤ ਸੰਗੀਤ ’ਚ ਜਾਣੀ ਜਾਂਦੀ ਹੈ ਤੇ ਇਸ ਨੂੰ ਸੰਗੀਤਬਧ ਕੀਤਾ ਸੀ ਗੁਰਮੀਤ ਸਿੰਘ ਤੇ ਦਿਲਖੁਸ਼ ਹੋਰਾਂ ਨੇ। ਅੱਜ ਕੱਲ ਸਲੀਮ ਤੋਂ ਸਿਕੰਦਰ ਬਣੇ ਇਸ ਫ਼ਨਕਾਰ ਦੀ ਕਰਮ ਭੂਮੀ ਮੁਹਾਲੀ ਹੈ ਤੇ ਹਰ ਤਰ੍ਹਾਂ ਦੀ ਸੰਗੀਤਕ ਸ਼ੈਲੀ ਦਾ ਮਾਹਿਰ ‘ਸਿਕੰਦਰ’ ਗਜ਼ਲ, ਗੀਤ, ਸੂਫ਼ੀ ਸੰਗੀਤਕ ਮਹਿਫ਼ਲਾਂ ਤੋਂ ਅਲਾਵਾ ਪ੍ਰਾਈਵੇਟ ਸ਼ੋਅਜ਼ ਰਾਹੀਂ ਪੰਜਾਬੀਅਤ ਦਾ ਝੰਡਾ ਬੁਲੰਦ ਕਰ ਰਿਹਾ ਹੈ।


