‘‘ਸਾਡੇ ਨਾਲੋਂ ਚੰਗੇ ਨੇ ਜਨੌਰ ਉਏ ਹਮੀਦਿਆ’’ ਇਹ ਗੀਤ ਹਜਾਰੀ ਲਾਲ ਹਜਾਰਾ ਦੇ ਦਿਲ ’ਚੋਂ ਹੁੰਦਾ ਹੋਇਆ ਕਲਮ ਦੇ ਰਾਹੀਂ ਸਿਕੰਦਰ ਦੀ ਕਮਾਲ ਦੀ ਅਵਾਜ਼ ’ਚ ਸੰਗੀਤ ਦੇ ਨਾਲ-ਨਾਲ ਹਿੰਦ-ਪਾਕਿ ਨੂੰ ਮੁਹੱਬਤ ਕਰਨ ਵਾਲਿਆਂ ਦੇ ਦਿਲਾਂ ਤਕ ਪਹੁੰਚਿਆ ਹੈ। ਦਿਲਾਂ ਨੂੰ ਝੰਜੋੜਨ ਦੇ ਨਾਲ-ਨਾਲ ਸਿਆਸਤ ਤੇ ਸਰਕਾਰਾਂ ’ਤੇ ਵੀ ਅਸਿੱਧੇ ਤੌਰ ’ਤੇ ਤਿੱਖਾ ਵਿਅੰਗ ਕਰਦਾ ਇਹ ਗੀਤ ਹਜਾਰੀ ਲਾਲ ਹਜਾਰਾ ਦੀਆਂ ਭਾਵਨਾਵਾਂ ਨੂੰ ਹੂ ਬ ਹੂ ਪੇਸ਼ ਕਰਦਾ ਹੈ। ਅਸਲ ਕਹਾਣੀ ’ਤੇ ਅਧਾਰਿਤ ‘ਹਮੀਦਾ’ ਗੀਤ ਹਿੰਦ-ਪਾਕਿ ਦੀ ਵੰਡ ਤੋਂ ਬਾਅਦ ਦੇ ਹਲਾਤਾਂ ਤੇ ਦਿਲੀ ਭਾਵਨਾਵਾਂ ਨੂੰ ਪੇਸ਼ ਕਰਦਾ ਹੈ ਕਿ ਕਿਸ ਤਰਾਂ ਹਜਾਰੀ ਲਾਲ ਹਜਾਰਾ ਦਾ ਮਿੱਤਰ ਹਮੀਦਾ ਉਧਰਲੇ ਪੰਜਾਬ ’ਚ ਰਹਿ ਜਾਂਦਾ ਹੈ ਤੇ ਹਜਾਰੀ ਲਾਲ ਉਸਨੂੰ ਕਹਿੰਦਾ ਹੈ ਕਿ ਸਾਡੇ ਨਾਲੋਂ ਤਾਂ ਜਾਨਵਰ ਹੀ ਚੰਗੇ ਨੇ ਜਿਹੜੇ ਬਿਨ੍ਹਾਂ ਕਿਸੇ ਰੋਕ ਟੋਕ ਤੇ ਵੀਜ਼ੇ ਦੇ ਇਧਰ ਉਧਰ ਆ ਜਾ ਸਕਦੇ ਹਨ। ਦੋ ਮਿੱਤਰਾਂ ਦੀ ਵੰਡ ਤੋਂ ਬਾਅਦ ਦੀ ਪੀੜਾ ਨੂੰ ਬਿਆਨ ਕਰਦਾ ਇਹ ਗੀਤ ਸਿਕੰਦਰ ਨੇ ਵੀ ਦਿਲੋਂ ਨਿਭਾਇਆ ਹੈ। ਭਾਵਨਾਵਾਂ ਤੇ ਜਜ਼ਬਾਤਾਂ ਨਾਲ ਲਬਰੇਜ਼ ਇਸ ਗੀਤ ਨੂੰ ਅਵਾਜ਼ ਦੇ ਕੇ ਸਿਕੰਦਰ ਨੂੰ ਮਕਬੂਲੀਅਤ ਵੀ ਹਾਸਿਲ ਹੋਈ ਤੇ ਉਹ ਇਸਦਾ ਹੱਕਦਾਰ ਵੀ ਹੈ।


